BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਲਾਤਕਾਰ ਅਤੇ ਕਤਲੋਗਾਰਦ ਖਿਲਾਫ਼ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਮੁਲਕ ਅੰਦਰ ਤੇਜ਼ੀ ਨਾਲ ਵਾਪਰ ਰਹੀਆਂ ਬਲਾਤਕਾਰ, ਕਤਲੋਗਾਰਦ, ਬੇਪਤੀਆਂ ਅਤੇ ਵਿਸ਼ੇਸ਼ ਕਰਕੇ ਬੱਚੀਆਂ ਨੂੰ ਅਗਵਾ ਕਰਕੇ ਉਹਨਾਂ ਦੀ ਪੱਤ ਲੁੱਟਣ ਅਤੇ ਮਾਰ ਮੁਕਾਉਣ ਦੀਆਂ ਹਿਰਦੇਵੇਦਕ ਘਟਨਾਵਾਂ ਖਿਲਾਫ਼ ਤਿੱਖਾ ਰੋਸ ਪ੍ਰਗਟ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਜਲੰਧਰ ਲੇਖਕ ਸਭਾ, ਫੁਲਕਾਰੀ ਸੰਸਥਾ, ਸਾਹਿਤ ਕਲਾ ਕੇਂਦਰ, ਪੀਪਲਜ਼ ਵੁਆਇਸ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਸਟੂਡੈਂਟ ਫੈਡਰੇਸ਼ਨ, ਇਸਤਰੀ ਜਾਗ੍ਰਿਤੀ ਮੰਚ ਆਦਿ ਸੰਸਥਾਵਾਂ ਅਤੇ ਨਾਮਵਰ ਲੇਖਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ 'ਤੇ ਜੁੜੇ ਇਕੱਠ ਵਿੱਚ ਔਰਤਾਂ ਨੇ ਵੀ ਪ੍ਰਭਾਵਸ਼ਾਲੀ ਸ਼ਮੂਲੀਅਤ ਕੀਤੀ। ਉਹਨਾਂ ਨੇ ਆਪਣੇ ਸਿਰਾਂ ਉਪਰ ਕਾਲੀਆਂ ਚੁੰਨੀਆਂ ਲਈਆਂ ਹੋਈਆਂ ਸਨ।
ਇਸ ਇਕੱਤਰਤਾ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਵਿਦਿਆਰਥੀ ਆਗੂ ਹਰਦੀਪ ਕੌਰ ਕੋਟਲਾ ਅਤੇ ਡਾ. ਜਗਜੀਤ ਸਿੰਘ ਚੀਮਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਠੋਸ ਤੱਥਾਂ ਸਹਿਤ ਕਿਹਾ ਕਿ ਵਾਪਰ ਰਹੀਆਂ ਘਟਨਾਵਾਂ ਕੋਈ ਸਧਾਰਣ ਵਰਤਾਰਾ ਨਹੀਂ। ਇਹ ਹਕੂਮਤੀ, ਗੁੰਡਾ ਅਨਸਰ ਅਤੇ ਪ੍ਰਸਾਸ਼ਨਿਕ ਗੱਠਜੋੜ ਦੀ ਮਿਲੀ ਭੁਗਤ ਦਾ ਪ੍ਰਮਾਣ ਹਨ। ਉਹਨਾਂ ਕਿਹਾ ਕਿ ਮੁਲਕ ਉਪਰ ਵਿਸ਼ੇਸ਼ ਕਿਸਮ ਦਾ ਫ਼ਿਰਕੂ ਫਾਸ਼ੀਵਾਦ ਠੋਸਣ ਲਈ ਅਜੇਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਆਪਣੇ ਸੌੜੇ ਹਾਕਮ ਜਮਾਤੀ ਮਨੋਰਥ ਹਾਸਲ ਕੀਤੇ ਜਾ ਸਕਣ।
ਹਾਲ ਵਿੱਚ ਹੋਈ ਇਕੱਤਰਤਾ ਅਤੇ ਹਾਲ ਤੋਂ ਪੰ. ਕਿਸ਼ੋਰੀ ਲਾਲ ਚੌਂਕ ਤੱਕ ਸ਼ਹਿਰ ਵਿੱਚ ਕੀਤੇ ਮਾਰਚ ਵਿੱਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਅਤੇ ਨਾਮਵਰ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ, ਮੰਗਤ ਰਾਮ ਪਾਸਲਾ, ਚਰੰਜੀ ਲਾਲ ਕੰਗਣੀਵਾਲ, ਹਰਬੀਰ ਕੌਰ ਬੰਨੋਆਣਾ, ਦੇਵ ਰਾਜ ਨਯੀਅਰ, ਸੀਤਲ ਸਿੰਘ ਸੰਘਾ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਦੇਸ ਰਾਜ ਕਾਲੀ, ਡਾ. ਸੈਲੇਸ਼, ਡਾ. ਸੁਰਜੀਤ ਜੱਜ, ਮਨਦੀਪ ਸਨੇਹੀ, ਹਰਮੇਸ਼ ਮਾਲੜੀ, ਡਾ. ਮੰਗਤ ਰਾਏ, ਕਸ਼ਮੀਰ ਘੁੱਗਸ਼ੋਰ, ਕੁਲਵਿੰਦਰ ਕੇਸਰ, ਮਨਜੀਤ ਕੇਸਰ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਮਹੇਸ਼ਵਰੀ, ਮੱਖਣ ਮਾਨ, ਤਸਕੀਨ, ਪ੍ਰੋ. ਵਾਹਦ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕ ਤੇ ਪੱਤਰਕਾਰ ਸ਼ਾਮਲ ਸਨ।

ਨਸ਼ੇ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਡਾਕਟਰ ਦਾ ਮੈਡੀਕਲ ਐਸੋਸੀਏਸ਼ਨ ਨਾਲ ਕੋਈ ਸਬੰਧ ਨਹੀਂ- ਡਾ. ਘਈ

ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੁਲਿਸ ਵੱਲੋਂ ਆਮ ਨਾਗਰਿਕ 'ਤੇ ਬਿਨ੍ਹਾਂ ਕਾਰਨ ਪਰਚਾ ਦਰਜ਼ ਕਰਨਾ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਨੂੰ ਡਾਕਟਰ ਕਹਿਣਾ ਗ਼ਲਤ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਨੇ ਜਾਰੀ ਇੱਕ ਪ੍ਰੈੱਸ ਬਿਆਨ 'ਚ ਕਿਹਾ। ਉਹਨਾਂ ਉਕਤ ਕਹੀ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਰਾਮਾਂ ਮੰਂਡੀ ਤੋਂ ਇੱਕ ਵਿਅਕਤੀ ਦਰਸ਼ਨ ਸਿੰਘ ਪੁੱਤਰ ਸ੍ਰੀ ਨੰਦ ਵਾਸੀ ਵਾਰਡ ਨੰਬਰ 9 ਦੇ ਖਿਲਾਫ ਪੁਲਿਸ ਨੇ ਜੋ 'ਆਰ. ਐੱਮ. ਪੀ ਝੋਲ਼ਾ ਛਾਪ ਡਾਕਟਰ' ਦਾ ਨਾਮ ਲੈ ਕੇ ਪਰਚਾ ਦਰਜ਼ ਕੀਤਾ ਹੈ ਉਸ ਵਿਅਕਤੀ ਦਾ ਡਾਕਟਰੀ ਕਿੱਤੇ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਇੱਕ ਪੇਂਡੂ ਮਜ਼ਦੂਰ ਹੈ ਅਤੇ ਉਸਦਾ ਮੈਡੀਕਲ ਐਸੋਸੀਏਸ਼ਨ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੋ ਡਾਕਟਰੀ ਕਿੱਤੇ ਨਾਲ ਸਬੰਧ ਨਹੀਂ ਰਖਦਾ ਹੈ ਜਾਂ ਡਾਕਟਰੀ ਕਿੱਤੇ ਦੀ ਆੜ 'ਚ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਅੱਗੇ ਤੋਂ ਅਜਿਹੇ ਵਿਅਕਤੀ ਦਾ ਨਾਮ ਉਹਨਾਂ ਦੀ ਐਸੋਸੀਏਸ਼ਨ ਨਾਲ ਨਾ ਜੋੜਨ। ਉਹਨਾਂ ਕਿਹਾ ਕਿ ਐਸੋਸੀਏਸ਼ਨ ਅੱਗੇ ਤੋਂ ਅਜਿਹੇ ਹੋਰ ਕੇਸ ਵਾਪਰਨ 'ਤੇ ਸੀਨੀਅਰ ਪੁਲਿਸ ਅਫਸਰਾਂ ਦੇ ਧਿਆਨ ਵਿੱਚ ਲਿਆਏਗੀ। ਉਕਤ ਜਾਣਕਾਰੀ ਦੇਣ ਸਮੇਂ ਸੁਖਵਿੰਦਰ ਮਾਨ ਪ੍ਰਧਾਨ ਸਰਕਲਾ ਰਾਮਾਂ ਦਿਹਾਤੀ, ਜਸਵੀਰ ਕੋਟ ਬਖਤੂ, ਡਾ. ਰਾਜ ਕੁਮਾਰ ਬੰਗੀ, ਵਿੱਕੀ ਸ਼ਰਮਾ, ਡਾ. ਮਹਿੰਦਰ ਪਾਲ ਕਾਲੜਾ, ਡਾ. ਕੁਲਵਿੰਦਰ ਰਾਮਾਂ ਪਿੰਡ ਆਦਿ ਮੌਜ਼ੂਦ ਸਨ।

ਖਰੀਦ ਏਜੰਸੀ ਦੇ ਘਟੀਆ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਨੇ ਧਰਨਾ ਲਾ ਕੇ ਕੀਤਾ ਚੱਕਾ ਜਾਮ

ਆਖਰ ਜਿਲ੍ਹੇ ਦੇ ਡੀ. ਸੀ. ਨੇ ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਦੋ ਹੋਰ ਖਰੀਦ ਏਜੰਸੀਆਂ ਦੀ ਖਰੀਦ ਸ਼ੁਰੂ ਕਰਵਾ ਮਾਮਲਾ ਕੀਤਾ ਸ਼ਾਂਤ
ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ) ਸਥਾਨਕ ਸ਼ਹਿਰ ਦੇ ਖਰੀਦ ਕੇਂਦਰ ਵਿੱਚ ਐੱਫ. ਸੀ. ਆਈ. ਖਰੀਦ ਏਜੰਸੀ ਦੇ ਘਟੀਆ ਅਤੇ ਢਿੱਲੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਰਵਿਦਾਸ ਚੌਂਕ 'ਤੇ ਧਰਨਾ ਲਾ ਕੇ ਚਾਰੇ ਪਾਸੇ ਤੋਂ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਬਹਿਮਣ ਨੇ ਐਫ. ਸੀ. ਆਈ. ਦੇ ਇੰਸਪੈਕਟਰ ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਨ੍ਹਾਂ ਹੋਰ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਦੀ ਮੰਗ ਨੂੰ ਲੈ ਚੱਕਾ ਜਾਮ ਕੀਤਾ ਹੈ ਜਿਸਨੂੰ ਦੇਖਦੇ ਹੋਏ ਜਿਲ੍ਹੇ ਦੇ ਡੀ. ਸੀ. ਦੀਪਰਵਾ ਲਾਕਰਾ ਧਰਨੇ ਵਾਲੀ ਥਾਂ 'ਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਐਫ. ਸੀ. ਆਈ. ਦੇ ਪ੍ਰਬੰਧਾਂ ਵਿੱਚ ਕੁੱਝ ਗੜਬੜੀ ਸੀ ਜਿਸ ਨੂੰ ਲੈ ਕੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਹੱਲ ਕਰਕੇ ਮਾਮਲਾ ਸ਼ਾਂਤ ਕਰ ਦਿੱਤਾ ਹੈ ਤੇ ਬਾਕੀ ਪਿੰਡਾਂ ਵਿੱਚ ਵੀ ਐਫ. ਸੀ. ਆਈ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਮੰਡੀਆਂ ਦੇ ਘਟੀਆ ਪ੍ਰਬੰਧਾਂ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਕਿਸਾਨ ਪੱਖੀ ਕੀਤੇ ਸਾਰੇ ਵਾਅਦੇ ਝੂਠੇ ਸਾਬਿਤ ਹੋ ਰਹੇ ਹਨ ਜਿਸ ਦੀ ਮਿਸਾਲ ਕਿਸਾਨਾਂ ਦੀ ਮੰਡੀਆਂ 'ਚ ਰੁਲ ਰਹੀ ਜਿਣਸ ਤੋਂ ਦੇਖੀ ਜਾ ਸਕਦੀ ਹੈ। ਉਹਨਾਂ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਕੈਪਟਨ ਵੱਲੋਂ ਵੋਟਾਂ ਦੌਰਾਨ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਸੀ ਉਹਨਾਂ ਦੀ ਜਿਣਸ ਮੰਡੀਆਂ ਵਿੱਚ ਰੁਲਣ ਨਹੀਂ ਦਿੱਤੀ ਜਾਵੇਗੀ ਪ੍ਰੰਤੂ ਅੱਜ ਕਿਸਾਨ ਦਸ ਦਸ ਦਿਨਾਂ ਤੋਂ ਮੰਡੀਆਂ ਵਿੱਚ ਫਸਲ ਦੀ ਤੁਲਾਈ ਦੀ ਉਡੀਕ ਕਰ ਰਹੇ ਹਨ ਅਤੇ ਉਹਨਾਂ ਦੀ ਕਣਕ ਦੀ ਬੋਲੀ ਤੱਕ ਨਹੀਂ ਹੋ ਰਹੀ।
ਉਧਰ ਐੱਫ. ਸੀ. ਆਈ. ਦੇ ਇੰਸਪੈਕਟਰ ਨੇ ਆੜ੍ਹਤੀਆਂ ਵੱਲੋਂ ਸਾਰੇ ਦੋਸ਼ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਰਿਸ਼ਵਤ ਨਹੀਂ ਮੰਗੀ ਜੋ ਇਹ ਕਹਿ ਰਿਹਾ ਹੈ ਉਹ ਸਬੂਤ ਦਿਖਾਵੇ ਜਿਸ ਸਬੰਧੀ ਉਨ੍ਹਾਂ ਡੀ. ਸੀ. ਨੂੰ ਜਾਣੂ ਕਰਵਾ ਦਿੱਤਾ ਹੈ। ਇਸ ਮੌਕੇ ਵਿਧਾਇਕਾ ਬਲਜਿੰਦਰ ਕੌਰ, ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਤਿੰਦਰ ਬਰੂਆ ਸਮੇਤ ਸਮੂਹ ਆੜ੍ਹਤੀਏ ਤੇ ਕਿਸਾਨ ਮੌਜੂਦ ਸਨ।

ਬੋਲੀ ਨਾ ਲੱਗਣ ਕਾਰਨ ਅਨਾਜ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ

ਕਿਸਾਨ ਵਿਗੜਦੇ ਮੌਸਮ ਕਾਰਨ ਚਿੰਤਿਤ
 
ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸੂਬੇ ਅੰਦਰ ਪਈ ਵਾਰਿਸ਼ ਨੇ ਜਿਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਸਨ ਉਥੇ ਸਬ ਡਵੀਜਨ ਦੇ ਪਿੰਡ ਨਥੇਹਾ ਦੀ ਅਨਾਜ ਮੰਡੀ ਵਿੱਚ ਕਣਕ ਦੇ ਲੱਗੇ ਅੰਬਾਰ ਅਤੇ ਦਸ ਦਿਨਾਂ ਤੋਂ ਮੰਡੀ ਵਿੱਚ ਵੇਚਣ ਲਈ ਲਿਆਂਦੀ ਕਣਕ ਦੀ ਰਾਖੀ ਕਰਦੇ ਕਿਸਾਨ ਕਣਕ ਦੀ ਤੁਲਾਈ ਨਾ ਹੋਣ ਕਾਰਨ ਡਾਹਢੇ ਪ੍ਰੇਸ਼ਾਨ ਹਨ। ਜਿਨ੍ਹਾਂ ਨੇ ਕਣਕ ਦੀ ਤੁਲਾਈ ਅਤੇ ਚੁਕਾਈ ਜਲਦੀ ਕਰਨ ਦੀ ਫੌਰੀ ਮੰਗ ਕੀਤੀ ਹੈ।
ਮੰਡੀ ਵਿੱਚ ਪ੍ਰੇਸ਼ਾਨੀ ਦਾ ਸਾਮਹਣਾ ਕਰ ਰਹੇ ਕਿਸਾਨ ਬਿੱਕਰ ਸਿੰਘ, ਮਿੱਠੂ ਸਿੰਘ, ਲੀਲਾ ਸਿੰਘ ਕਿਸਾਨ ਯੂਨੀਅਨ ਆਗੂ, ਸ਼ਿਕੰਦਰ ਸਿੰਘ, ਬਲਬੀਰ ਸਿੰਘ, ਸੱਤਪਾਲ ੰਿਘ ਗੋਰਖਾ ਆਦਿ ਨੇ ਦੱਸਿਆ ਕਿ ਉਹ ਪਿਛਲੇ ਦਸ ਦਿਨਾਂ ਤੋਂ ਮੰਡੀ 'ਚ ਕਣਕ ਲੈ ਕੇ ਬੈਠੇ ਹਨ ਜੋ ਕਿ ਬਿਲਕੁੱਲ ਸੁੱਕੀ ਪਈ ਹੈ ਪਰ ਖਰੀਦ ਏਜੰਸੀ ਐੱਫ. ਸੀ. ਆਈ. ਵੱਲੋਂ ਅਜੇ ਤੱਕ ਕਣਕ ਦੀ ਬੋਲੀ ਨਹੀਂ ਲਗਾਈ। ਕਿਸਾਨਾਂ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਾਵੇਂ ਇਸ ਮੰਡੀ ਦਾ ਦੌਰਾ ਕਰਨ ਦੇ ਮਕਸਦ ਨਾਲ ਕੁੱਝ ਇੱਕ ਕਿਸਾਨਾਂ ਦੀ ਕਣਕ ਦੀ ਬੋਲੀ ਸ਼ੁਰੂ ਕਰਵਾ ਦਿੱਤੀ ਸੀ ਪ੍ਰੰਤੂ ਅਜੇ ਤੱਕ ਮੰਡੀ ਅੰਦਰ ਬਾਰਦਾਨਾ ਨਾ ਆਉਣ ਕਾਰਨ ਕਿਸਾਨ 'ਉੱਠ ਦੇ ਬੁੱਲ ਵਾਂਗ' ਉਡੀਕ ਹੀ ਕਰ ਰਹੇ ਹਨ। ਹਾਲਾਂਕਿ ਅੱਜ ਮੰਡੀ ਦਾ ਦੌਰਾ ਕਰਨ ਆਏ ਡੀ ਸੀ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਸ਼ਾਮ ਚਾਰ ਵਜੇ ਤੱਕ ਮੰਡੀ ਚ' ਬਾਰਦਾਨਾ ਆ ਜਾਣ ਦਾ ਭਰੋਸਾ ਵੀ ਦਵਾਇਆ ਸੀ।
ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪਈ ਹੈ ਅਤੇ ਹੁਣ ਫਿਰ ਮੌਸਮ ਵਿਗੜ ਰਿਹਾ ਹੈ ਪ੍ਰੰਤੂ ਉਪਰੋਂ ਅਜੇ ਤੱਕ ਮੰਡੀਆਂ 'ਚ ਪਈ ਕਣਕ ਦੀ ਬੋਲੀ ਨਾ ਕਰਨ, ਬਾਰਦਾਨਾ ਨਾ ਆਉਣ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਣਕ ਦੀ ਬੋਲੀ ਜਲਦੀ ਸ਼ੁਰੂ ਨਹੀਂ ਹੁੰਦੀ ਅਤੇ ਸਮੇਂ ਸਿਰ ਚੁਕਾਈ ਨਹੀਂ ਕੀਤੀ ਜਾਂਦੀ ਤਾਂ ਕਿਸਾਨ ਸੜਕਾਂ 'ਤੇ ਉੱਤਰ ਆਉਣਗੇ। ਓਧਰ ਭਾਵੇਂ ਡੀ ਸੀ ਬਠਿੰਡਾ ਅਨੁਸਾਰ ਮੰਡੀ ਵਿੱਚ ਬਾਰਦਾਨਾ 4 ਵਜੇ ਤੱੱਕ ਆਉਣ ਦਾ ਭਰੋਸਾ ਦੁਆਇਆ ਗਿਆ ਸੀ ਪ੍ਰੰਤੂ ਖਬਰ ਲਿਖੇ ਜਾਣ ਤੱਕ ਕਿਸਾਨ ਬਾਰਦਾਨੇ ਦੀ ਉਡੀਕ ਵਿੱਚ ਸਨ।

ਟ੍ਰਿਨਿਟੀ ਕਾਲਜ ਜਲੰਧਰ ਵਿਖੇ ਐਨ. ਐਸ.ਐਸ. ਵਿੰਗ ਵਲੋਂ ਕੈਂਸਰ ਪ੍ਰਤੀ ਸੂਚੇਤ ਰਹਿਣ ਸਬੰਧੀ ਸੈਮੀਨਾਰ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਅੱਜ 19 ਅਪ੍ਰੈਲ 2018 (ਵੀਰਵਾਰ) ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਐਨ. ਐਸ.ਐਸ. ਵਿੰਗ ਕਲੱਬ ਵਲੋਂ ਕਾਲਜ ਦੇ ਡਾਇਰੈਕਟਰ ਰੈਵ. ਫਾਦਰ. ਪੀਟਰ ਜੀ ਦੀ ਅਗਵਾਹੀ ਅਧੀਨ ਵਿਦਿਆਰਥੀਆਂ ਲਈ ਕੈਂਸਰ ਦੀ ਬਿਮਾਰੀ ਪ੍ਰਤੀ ਸੂਚੇਤ ਰਹਿਣ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ  ਵਿਚ World Cancer Care Charitable Society ਦੇ ਪ੍ਰਧਾਨ ਸ਼੍ਰੀ ਕੁਲਵੰਤ ਸਿੰਘ ਧਾਰੀਵਾਲ ਜੀ ਵਿਸ਼ੇਸ ਤੋਰ ‘ਤੇ ਪਹੁੰਚੇ। ਇਹਨਾ ਤੋਂ ਇਲਾਵਾ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ, ਰੈਵ. ਫਾਦਰ ਜੋਂਸਨ, ਪ੍ਰਿੰਸੀਪਲ ਅਜੈ ਪਰਾਸ਼ਰ, ਸਮੂਹ ਅਧਿਆਪਕ ਸਹਿਬਾਨ ਅਤੇ ਕਾਲਜ ਦੇ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ।ਐਨ. ਐਸ.ਐਸ. ਵਿੰਗ ਦੇ ਸੰਚਾਲਕ ਪ੍ਰੋ ਨਵਦੀਪ ਸਿੰਘ ਅਤੇ ਪ੍ਰੋ. ਕਰਨਵੀਰ ਦਿਵੇਦੀ ਨੇ ਸਾਰਿਆ ਦਾ ਇਸ ਸੈਮੀਨਾਰ ਵਿਚ ਪਹੁੰਚਣ ਲਈ ਸਵਾਗਤ ਕੀਤਾ। ਸ਼੍ਰੀ ਕੁਲਵੰਤ ਸਿੰਘ ਧਾਰੀਵਾਲ ਜੀ ਨੇ ਵਿiਆਰਥੀਆਂ ਨੂੰ ਕੈਂਸਰ ਦੀਆਂ ਵੱਖ-ਵੱਖ ਕਿਸਮਾਂ, ਪੱਧਰਾਂ ਅਤੇ ਕੈਂਸਰ ਦੇ ਬਚਾਅ ਲਈ ਸੂਚੇਤ ਰਹਿਣ ਪ੍ਰਤੀ ਜਾਗਰੂਤ ਕੀਤਾ।ਉਹਨਾ ਨੇ ਆਪਣੇ ਭਾਸ਼ਣ ਰਾਹੀਂ ਸਾਦਾ ਜੀਵਨ ਅਪਣਾਉਣ ਅਤੇ ਮਨਵਤਾ ਦੀ ਸੇਵਾ ਕਰਨ ਲਈ ਸਮੂਚੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਰਾਸ਼ਟਰੀ ਗਾਇਨ ਉਪਰੰਤ ਇਹ ਪ੍ਰੋਗਰਾਮ ਆਪਣੀਆਂ ਅਬੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

ਸੇਂਟ ਸੋਲਜਰ ਜੀ.ਐੱਨ.ਐੱਮ ਵਿਦਿਆਰਥੀਆਂ ਨੇ ਮਨਾਇਆ ਵਰਲਡ ਲਿਵਰ ਡੇਅ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਵਿੱਚ ਜਾਗਰੂਕਤਾ ਫੈਲਾਣ ਦੇ ਮੰਤਵ ਨਾਲ ਵਰਲਡ ਲਿਵਰ ਡੇਅ ਮਨਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮਨਾਏ ਗਏ ਵਿਸ਼ਵ ਲਿਵਰ ਦਿਵਸ ਦਾ ਮੰਤਵ ਪਬਲਿਕ ਨੂੰ ਜਾਗਰੂਕ ਕਰਣਾ ਸੀ ਕਿਉਂਕਿ ਜੇਕਰ ਲਿਵਰ ਵਿੱਚ ਮੁਸ਼ਕਿਲ ਹੁੰਦੀ ਹੈ ਤਾਂ ਸਰੀਰ ਦੇ ਦੂਸਰੇ ਅੰਗ ਵੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੇ। ਜੇਕਰ ਸਰੀਰ ਵਿੱਚ ਲਗਾਤਾਰ ਅਜਿਹੀ ਹਾਲਤ ਬਣੀ ਰਹਿੰਦੀ ਹੈ ਤਾਂ ਇੱਕ ਸਮੇਂ ਦੇ ਬਾਅਦ ਲਿਵਰ ਕੰਮ ਕਰਣਾ ਬੰਦ ਕਰ ਦਿੰਦੇ ਹੈ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਦੱਸਿਆ ਕਿ ਲਿਵਰ ਕਿਸ ਪ੍ਰਕਾਰ ਸਰੀਰ ਵਿੱਚ ਕੰਮ ਕਰਦਾ ਹੈ ਅਤੇ ਭੋਜਨ ਦੇ ਪਾਚਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸਦਾ ਸ ਭਤੋਂ ਮਹੱਤਵਪੂਰਣ ਕਾਰਜ ਪਿੱਤ ਦਾ ਉਤਪਾਦਨ ਕਰਣਾ ਹੁੰਦਾ ਹੈ। ਜ਼ੀ.ਐੱਨ.ਐੱਮ ਵਿਦਿਆਰਥੀਆਂ ਨੀਤੂ, ਰਜਨੀ, ਸੋਨਿਆ, ਰੋਬਿਤ, ਅਮਨਦੀਪ, ਅਮਨਪ੍ਰੀਤ, ਸੁਖਦੀਪ, ਪ੍ਰਿਅੰਕਾ, ਨਵਦੀਪ, ਸੰਦੀਪ, ਪੂਜਾ ਆਦਿ ਨੇ ਲਿਵਰ ਦਾ ਆਕਰ ਬਣਾਕੇ ਸੰਤੁਲਿਤ ਦਿਨ ਅਪਨਾਉਣ ਅਤੇ ਸ਼ਰਾਬ, ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਅਮਰਦੀਪ ਕਾਲਜ ਦੇ ਐੱਮ.ਏ. ਪੰਜਾਬੀ ਦਾ ਨਤੀਜਾ 100% ਰਿਹਾ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਪਿਛਲੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐੱਮ.ਏ. ਪੰਜਾਬੀ ਸਮੈਸਟਰ ਸਹ;ੋਕ ਦਾ ਨਤੀਜਾ ਐਲਾਨਿਆ ਗਿਆ।ਜਿਸ ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਹਰਦੀਪ ਕੌਰ ਸਪੁੱਤਰੀ ਸ. ਰੂਪ ਲਾਲ ਨੇ 68.5% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ, ਨਰਿੰਦਰ ਕੌਰ ਸਪੁੱਤਰੀ ਸ. ਕੁਲਦੀਪ ਨੇ 66% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮੋਨਿਕਾ ਸਪੁੱਤਰੀ ਸ. ਕੁਲਵੰਤ ਨੇ 65% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਠ।ਭਥਖ ਦਗ਼ਡ;ਨਕ ਡੲ ਡਝ; ੲਬਕ; ਦਹ ਡਝਗ਼ੲ ਡਟਡਦਨਕੋਓਧ ਸ'ਅ ਡਝਬਕਟਕ ਪਕੲਹ ;ਕੋ/ ਡਟਡਦਨਕੋਓਹ ਚ;ਂ ਡਵਟਹੀਭ ਡਟਗ਼ੁ ਗਕ; ਜ'ਝ/.ਉਨ੍ਹਾਂ ਨੇ ਇਲਾਕੇ ਦੇ ਯੁਵਕਾਂ ਨੂੰ ਐੱਮ.ਏ.ਪੰਜਾਬੀ ਦੀ ਪੜ੍ਹਾਈ ਇਸ ਕਾਲਜ ਵਿੱਚ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਕਾਲਜ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਾਤ ਭਾਸ਼ਾ ਦੀ ਉੱਚ ਵਿੱਦਿਆ ਲਈ ਪੂਰੀ ਟਿਊਸ਼ਨ ਫੀਸ ਮੁਆਫ਼ ਹੈ ਅਤੇ ਸਾਰੇ ਸਾਲ ਦਾ ਖਰਚਾ ਸਿਰਫ 3400/- ਰੁਪਏ ਹੈ।ਇਸ ਪ੍ਰਾਪਤੀ ਲਈ ਉਨ੍ਹਾਂ ਨੇ ਵਿਭਾਗ ਦੇ ਪ੍ਰਾਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਕਾਲਜ ਦੇ ਬਾਨੀ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਸ. ਸੁਰਿੰਦਰ ਸਿੰਘ ਢੀਂਡਸਾ ਨੇ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।

ਖਾਲਸਾ ਰੂਪ ਖਾਸ ਧਾਰਮਿਕ ਟਰੈਕ ਰਿਲੀਜ : ਮਨਜੀਤ ਸਿੰਘ ਵਿੱਕੀ

ਜਲੰਧਰ 18 ਅਪ੍ਰੈਲ (ਜਸਵਿੰਦਰ ਆਜ਼ਾਦ)- ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ, ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੀਤਕਾਰ ਮਨਜੀਤ ਸਿੰਘ ਵਿੱਕੀ ਦਾ ਲਿਖਿਆ ਧਾਰਮਿਕ ਟਰੈਕ ਹੱਥ ਰਖਿਓ ਸਿਰ ਤੇ ਵਾਹਿਗੁਰੂ ਰੋਜ ਕਰਾ ਅਰਦਾਸ, ਸਿੰਘ ਸਜਣਾ ਗੁਰੂ ਗੋਬਿੰਦ ਸਿੰਘ ਦਾ ਜਿਹਦਾ ਰੂਪ ਖਾਲਸਾ ਖਾਸ। ਇਹ ਟਰੈਕ "ਖਾਲਸਾ ਰੂਪ ਖਾਸ " ਦੇ ਨਾਮ ਦੇ ਨਾਲ ਰਿੰਗ ਰਿਕਾਰਡਸ ਕੰਪਨੀ ਅਤੇ ਪ੍ਰੋਡਿਊਸਰ ਧਰਮਵੀਰ ਰਾਜੂ ਵਲੋਂ  ਰਿਲੀਜ ਕੀਤਾ ਗਿਆ ਹੈ। ਇਸ ਦੀ ਆਡੀਓ ਨੂੰ ਸੋਸ਼ਲ ਸਾਈਟਾਂ ਤੇ ਵੀਡੀਓ ਨੂੰ ਯ ਟਿਊਬ ਚੈਨਲ ਤੇ ਤੁਸੀਂ ਸੁਣ ਤੇ ਵੇਖ ਸਕਦੇ ਹੋ। ਮਨਜੀਤ ਸਿੰਘ ਵਿੱਕੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਰੈਕ ਨੂੰ ਬਹੁਤ ਹੀ ਸੁਰੀਲੇ ਗਾਇਕ ਜਸਵੀਰ ਮਾਹੀ ਨੇ ਗਾਇਆ ਹੈ। ਇਸ ਦਾ ਸੰਗੀਤ ਜਗਤਾਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਹੈ ਅਤੇ ਇਸ ਦੀ ਵੀਡੀਓ ਦਾ ਫਿਲਮਾਂਕਣ ਸੀਟੂ ਬਾਈ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਵਧੀਆ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਸੁੰਦਰ ਦ੍ਰਿਸ਼ ਅਤੇ ਚੰਗੇ ਆਰਟਿਸਟਾ ਦੀ ਪੇਸ਼ਕਾਰੀ ਵੀ ਵੇਖਣ ਨੂੰ ਮਿਲੇਗੀ। ਕੈਮਰਾਮੈਨ ਹਰਨੇਕ, ਮੈਕਅਪ  ਆਰਟਿਸਟ ਪ੍ਰੀਤ, ਐਡੀਟਰ ਬੰਟੀ ਬੋਸ, ਆਰਟਿਸਟ ਪ੍ਰਦੀਪ ਸਿੰਘ ਸ਼ੇਰਗਿੱਲ ਤੋ ਇਲਾਵਾ ਹੋਰਨਾਂ ਦਾ ਇਸ ਟਰੈਕ ਵਿੱਚ ਬਹੁਤ ਸਹਿਯੋਗ ਹੈ।ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਇਸ ਧਾਰਮਿਕ ਉਪਰਾਲੇ ਨੂੰ ਸਰੋਤੇ ਜਰੂਰ ਪਸੰਦ ਕਰਨਗੇ।

ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਕੀਤਾ ਹਾਈਵੇਅ ਜਾਮ, ਡੀ ਸੀ ਬਠਿੰਡਾ ਨੇ ਖੁਦ ਪਹੁੰਚ ਕੇ ਕਰਵਾਈ ਖਰੀਦ ਸ਼ੁਰੂ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਪਿਛਲੇ 10 ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਹਾਈਵੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਜਾਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਅਪ੍ਰੈਲ ਤੋ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਪਿੰਡ ਚੱਠੇਵਾਲਾ ਵਿਖੇ ਪਿੰਡ ਦੇ ਕਿਸਾਨ ਪਿਛਲੇ 10 ਦਿਨਾਂ ਤੋਂ ਆਪਣੀ ਛੇ ਮਹੀਨੇ ਦੀ ਮਿਹਨਤ ਨਾਲ ਪਾਲ਼ੀ ਕਣਕ ਦੀ ਫਸਲ ਨੂੰ ਵੇਚਣ ਲਈ ਬੈਠੇ ਹੋਏ ਹਨ ਪਰ ਕਿਸੇ ਵੀ ਅਧਿਕਾਰੀ ਨੇ ਮੰਡੀ ਵਿੱਚ ਆ ਕੇ ਕਿਸਾਨਾਂ ਦੀ ਸਾਰ ਨਹੀਂ ਲਈ।
ਉਹਨਾਂ ਦੱਸਿਆ ਕਿ ਕਈ ਵਾਰ ਕਿਸਾਨ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮਿਲੇ ਸਨ ਪਰ ਉਹਨਾਂ ਨੇ ਵੀ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ। ਕਿਸਾਨ ਆਗੂ ਗੰਗਾ ਸਿੰਘ ਚੱਠੇਵਾਲਾ, ਬਲਬੀਰ ਸਿੰਘ ਜੋਧਪੁਰ ਪਾਖਰ, ਜੈਮਲ ਸਿੰਘ ਸੀਂਗੋ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਸ਼ੁਰੂ ਨਹੀਂ ਕੀਤੀ ਜਾਂਦੀ ਓਨਾਂ ਸਮਾਂ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਜਦੋ ਕਿ ਸ਼ਾਮ ਸਮੇ ਆਖਰਕਾਰ ਪ੍ਰਸ਼ਾਸ਼ਨ ਨੇ ਕਿਸਾਨਾਂ ਦੇ ਰੋਸ ਅੱਗੇ ਝੁਕਦੇ ਹੋਏ ਚੱਠੇਵਾਲਾ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾ ਦਿੱਤੀ। ਖਰੀਦ ਸ਼ੁਰੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਖੁਦ ਪੁੱਜੇ ਜਿੰਨ੍ਹਾਂ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ ਦਿੱਤਾ।
ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਖਰੀਦ ਏਜੰਸੀ ਐਫ. ਸੀ. ਆਈ. ਦੇ ਇੰਸਪੈਕਟਰ ਮੰਡੀ ਵਿੱਚ ਕਣਕ ਦੀ ਬੋਲੀ ਲਗਾਉਣ ਪੁੱਜੇ ਤਾਂ ਉਹਨਾਂ ਇੱਕ ਢੇਰੀ ਦੀ ਬੋਲੀ ਲਗਾ ਕੇ ਬਾਕੀ ਵਿੱਚ ਨਮੀ ਜਿਆਦਾ ਹੋਣ ਕਰਕੇ ਕਣਕ ਦੀ ਬੋਲੀ ਲਗਾਉਣ ਤੋਂ ਇਨਕਾਰ ਦਿੱਤਾ ਜਿਸ ਕਰਕੇ ਭੜਕੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਇੰਸਪੈਕਟਰ ਦਾ ਘਿਰਾਓ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਕਿਸਾਨਾਂ ਨੂੰ ਅਗਲੇ ਦਿਨ ਕਣਕ ਦੀ ਖਰੀਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਉਕਤ ਇੰਸਪੈਕਟਰ ਛੱਡਿਆ ਗਿਆ ਸੀ।

ਨਜਾਇਜ ਸ਼ਰਾਬ ਸਮੇਤ ਸਾਬਕਾ ਮਹਿਲਾ ਪੰਚ ਗ੍ਰਿਫਤਾਰ ਅਤੇ ਇੱਕ ਹੋਰ ਤੋਂ 12 ਬੋਤਲਾਂ ਬਰਾਮਦ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਿਸ ਨੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਸਾਬਕਾ ਮਹਿਲਾ ਪੰਚਾਇਤ ਮੈਂਬਰ ਸਮੇਤ ਦੋ ਲੋਕਾਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸ਼ਰਾਬ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਦੇ ਏ.ਐਸ.ਆਈ ਗੁਰਮੇਜ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਇੱਕ ਔਰਤ ਨਜਾਇਜ ਸਰਾਬ ਵੇਚ ਰਹੀ ਹੈ ਤਾਂ ਪੁਲਿਸ ਨੇ ਛਾਪਾਮਾਰੀ ਕਰਕੇ ਉਸ ਦੇ ਘਰੋਂ 11 ਬੋਤਲਾਂ ਸ਼ਰਾਬ ਠੇਕਾ ਸ਼ਹਿਨਾਈ ਬਰਾਮਦ ਕੀਤੀ। ਪੁਲਿਸ ਨੇ ਕਥਿਤ ਦੋਸ਼ੀ ਔਰਤ ਸੁਖਪਾਲ ਕੌਰ ਨੂੰ ਗ੍ਰਿਫਤਾਰ ਕਰਕੇ ਸ਼ਰਾਬ ਆਪਣੇ ਕਬਜੇ ਵਿੱਚ ਲੈ ਲਈ। ਦੱਸਣਾ ਬਣਦਾ ਹੈ ਕਿ ਸੁਖਪਾਲ ਕੌਰ ਸਾਬਕਾ ਪੰਚਾਇਤ ਮੈਂਬਰ ਵੀ ਹੈ। ਪੁਲਿਸ ਨੇ ਸੁਖਪਾਲ ਕੌਰ ਖਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਦੂਜੇ ਮਾਮਲੇ ਵਿੱਚ ਸੀਂਗੋ ਚੋਕੀ ਦੇ ਇੰਚਾਰਜ ਮੇਜਰ ਸਿੰਘ ਨੇ ਗਧਤ ਦੌਰਾਨ ਇੱਕ ਨੌਜਵਾਨ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਦਮ ਕੀਤੀ ਗਈ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸ਼ਰਾਬ ਆਪਣੇ ਕਬਜੇ ਵਿੱਚ ਕਰ ਲਈ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਿਸ ਨੇ ਕਥਿਤ ਦੋਸ਼ੀ ਦੀ ਪਛਾਣ ਦਲਜੀਤ ਸਿੰਘ ਵਾਸੀ ਕਲਾਲਵਾਲਾ ਵਜੋਂ ਕੀਤੀ ਹੈ।

ਕਣਕ ਦੀ ਤੁਲਾਈ ਨਾ ਹੋਣ ਕਾਰਨ ਕਿਸਾਨਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ) ਵੱਲੋਂ ਕਿਸਾਨਾਂ ਦੀ ਮੰਡੀਆਂ ਵਿੱਚ ਰੁਲ ਰਹੀ ਕਣਕ ਨੂੰ ਨਾ ਖਰੀਦੇ ਜਾਣ 'ਤੇ ਅੱਜ ਭਾਰਤੀ  ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੇ ਖਜਾਨਚੀ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿੱਚ ਪਿੰਡ ਤਿਉਣਾ ਦੇ ਖਰੀਦ ਕੇਂਦਰ 'ਤੇ ਜਾ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਕਣਕ ਦੀ ਤੁਲਾਈ ਨਾ ਹੋਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਐਫ ਸੀ ਆਈ ਵੱਲੋਂ ਕਿਸਾਨਾਂ ਦੀ ਕਣਕ ਨੂੰ ਨਹੀਂ ਖਰੀਦਿਆ ਜਾ ਰਿਹਾ ਜਿਸ ਦੇ ਚਲਦਿਆਂ ਕਿਸਾਨ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਪ੍ਰੇਸ਼ਾਨੀ ਨੂੰ ਲੈ ਕੇ ਗ੍ਰਾਮ ਪੰਚਾਇਤ ਤਿਉਣਾ, ਤੰਗਰਾਲੀ ਤੇ ਸੰਗਤ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਕਿਸਾਨ ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ ਤੋਂ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਾਜਰ ਸਰਪੰਚ ਤਿਉਣਾ, ਸਰਪੰਚ ਸੰਗਤ, ਸਰਪੰਚ ਤੰਗਰਾਲੀ, ਜੱਗਰ ਸਿੰਘ ਤਿਉਣਾ, ਜੀਤ ਸਿੰਘ ਤਿਉਣਾ ਅਤੇ ਮਿੱਠੂ ਸਿੰਘ ਜੋਗੇਵਾਲਾ ਹਾਜਰ ਸਨ।

ਆਸਿਫਾ ਨੂੰ ਇਨਸਾਫ ਦਵਾਉਣ ਲਈ ਸੜਕਾਂ 'ਤੇ ਉੱਤਰੇ ਸ਼ਹਿਰ ਵਾਸੀ

ਵਿਸ਼ਾਲ ਰੋਸ ਮਾਰਚ ਵਿੱਚ ਧੜੇਬਾਜੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਈਆਂ ਸੰਸਥਾਵਾਂ
ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਕਠੂਆ ਵਿਖੇ ਗੈਂਗਰੇਪ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਚੁੱਕੀ ਅੱਠ ਸਾਲਾ ਬੱਚੀ 'ਆਸਿਫਾ' ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸਮੁੱਚੇ ਦੇਸ਼ ਵਾਂਗ ਅੱਜ ਤਲਵੰਡੀ ਸਾਬੋ ਨਗਰ ਅੰਦਰ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਰੱਖੇ ਗਏ ਰੋਸ ਮਾਰਚ ਵਿੱਚ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉੱਤਰੇ। ਵਿਸ਼ਾਲ ਰੋਸ ਮੁਜਾਹਰੇ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਾ ਕੇਵਲ ਆਮ ਲੋਕਾਂ ਸਗੋਂ ਮੋਹਤਬਰਾਂ ਅਤੇ ਸਿਆਸੀ ਆਗੂਆਂ ਨੇ ਵੀ ਸ਼ਮੂਲੀਅਤ ਕਰਦਿਆਂ ਇਨਸਾਨੀਅਤ ਦੇ ਨਾਂ 'ਤੇ ਆਸਿਫਾ ਲਈ ਇਨਸਾਫ ਦੀ ਮੰਗ ਕੀਤੀ।
ਤਖਤ ਸ੍ਰੀ ਦਮਦਮਾ ਸਾਹਿਬ ਦੀ ਡਿਉਢੀ ਤੋਂ ਆਰੰਭ ਹੋਏ ਇਸ ਰੋਸ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਕੂਲੀ ਬੱਚੀਆਂ ਤੋਂ ਇਲਾਵਾ ਤਕਰੀਬਨ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ, ਰਾਜਸੀ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਰੋਸ ਮਾਰਚ ਵਿੱਚ ਮਾਤਾ ਸਾਹਿਬ ਕੌਰ ਗਰਲਜ ਕਾਲਜ, ਖਾਲਸਾ ਸੈਕੰਡਰੀ ਸਕੂਲ (ਲੜਕੇ-ਲੜਕੀਆਂ), ਯੂਨੀਵਰਸਲ ਪਬਲਿਕ ਸਕੂਲ, ਟੈਗੋਰ ਪਬਲਿਕ ਸਕੂਲ, ਅਕਾਲ ਅਕੈਡਮੀ ਜਗਾ ਰਾਮ ਤੀਰਥ, ਗੁਰੂ ਗੋਬਿੰਦ ਸਿਸੰਘ ਸਟੱਡੀ ਸਰਕਲ, ਜਾਗੋ ਲੋਕੋ ਸਮਾਜ ਸੇਵੀ ਸੰਸਥਾ ਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮਾਰਚ ਨੂੰ ਸੰਬੋਧਨ ਹੁੰਦਿਆਂ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧ ਮੰਚ ਦੇ ਮੇਜਰ ਕਮਾਲੂ, ਰੁਪਿੰਦਰ ਸਿੰਘ ਇੰਸਪੈਕਟਰ, ਪ੍ਰੋ. ਸੁਪਨਦੀਪ ਕੌਰ ਮਾਤਾ ਸਾਹਿਬ ਕੌਰ ਕਾਲਜ, ਸੁਖਦੇਵ ਸਿੰਘ ਸਹਾਰਾ ਕਲੱਬ ਆਦਿ ਨੇ ਵਾਪਰੀ ਘਟਨਾ ਨੂੰ ਇਨਸਾਨੀਅਤ ਦੇ ਮੱਥੇ 'ਤੇ ਕਲੰਕ ਕਰਾਰ ਦਿੰਦਿਆਂ ਹਰ ਚੰਗੀ ਸੋਚ ਰੱਖਣ ਵਾਲੇ ਵਿਅਕਤੀ ਨੂੰ ਇਨਸਾਫ ਨਾ ਮਿਲਣ ਤੱਕ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਿਆ।
ਇਸ ਮਾਰਚ ਵਿੱਚ ਕਾਂਗਰਸ ਵੱਲੋਂ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ ਸਮੂਹ ਕੌਂਸਲਰਾਂ ਸਮੇਤ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਣਜੀਤ ਮਲਕਾਣਾ, ਸੁਰਜੀਤ ਸ਼ਿੰਦੀ, 'ਆਪ' ਆਗੂ ਐਡਵੋਕੇਟ ਸਤਿੰਦਰ ਸਿੱਧੂ ਕੌਂਸਲਰ ਤੇ ਤਰਸੇਮ ਸਿੰਗਲਾ, ਐੱਸ. ਓ. ਆਈ ਜਿਲ੍ਹਾ ਪ੍ਰਧਾਨ ਨਿੱਪੀ ਸਿੱਧੂ, ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਰਣਜੀਤ ਸਿੰਘ ਰਾਜੂ, ਕਾ. ਮੱਖਣ ਸਿੰਘ, ਸਹਾਰਾ ਕਲੱਬ ਦੇ ਸੁਖਦੇਵ ਸਿੰਘ ਤੇ ਬਰਿੰਦਰਪਾਲ ਮਹੇਸ਼ਵਰੀ, ਬਾਰ ਐਸੋਸੀਏਸ਼ਨ ਵੱਲੋਂ ਪ੍ਰਵੀਨ ਰੰਗਾ ਸਕੱਤਰ, ਸਮਾਜ ਸੇਵੀ ਆਗੂ ਕ੍ਰਿਸ਼ਨ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ, ਡਾ. ਰੇਸ਼ਮ ਸਿੰਘ ਦਾਦੂ, ਕਾ. ਮੱਖਣ ਸਿੰਘ, ਰਾਜੂ ਔਲਖ, ਸੁਖਪਾਲ ਬਹਿਮਣ, ਅਮਰਦੀਪ ਸਿੰਘ ਡਿੱਖ, ਜਸਵੀਰ ਸਿੰਘ ਚੱਠਾ, ਜਸਪਾਲ ਨੰਬਰਦਾਰ ਲਹਿਰੀ, ਜਸਵਿੰਦਰ ਜੈਲਦਾਰ ਜਗਾ ਰਾਮ ਤੀਰਥ, ਮੁਲਾਜਮ ਆਗੂ ਧੰਨਾ ਸਿੰਘ, ਹੈਪੀ ਸਰਪੰਚ ਜੀਵਨ ਸਿੰਘ ਵਾਲਾ, ਭਾਈ ਮਾਨ ਸਿੰਘ, ਗੁਰਦੀਪ ਤੂਰ ਆਦਿ ਆਗੂ ਹਾਜਰ ਸਨ।

ਸੇਂਟ ਸੋਲਜਰ ਵਿਦਿਆਰਥੀਆਂ ਨੇ ਸਾਇਕਲ ਦਿਵਸ ਮਨਾਉਂਦੇ ਹੋਏ ਕਿਹਾ ਸਾਈਕਿਲਿੰਗ ਕਰੋਗੇ ਤਾਂ ਰਹਾਗੇਂ ਫਿੱਟ

ਜਲੰਧਰ 18 ਅਪ੍ਰੈਲ (ਜਸਵਿੰਦਰ ਆਜ਼ਾਦ)- "ਹੇਲਦੀ ਅਪ, ਕਾਰ ਕਿਲ ਬਾਇਕ ਥਰਿਲ, ਰਿਡਿਊਸ ਸਟਰੇਸ ਗੋ ਫਾਰ ਸਾਇਕਿਲਿੰਗ, ਜੋ ਵੀ ਸਾਈਕਲ ਦਾ ਆਵਿਸ਼ਕਾਰਕਰਤਾ ਹੈ ਮਨੁੱਖਤਾ ਦਾ ਧੰਨਵਾਦ" ਆਦਿ ਸੰਦੇਸ਼ ਦਿੰਦੇ ਹੋਏ ਰੈਲੀ ਦਾ ਪ੍ਰਬੰਧ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਨ ਨਗਰ ਵਲੋਂ ਕਰ ਵਿਸ਼ਵ ਸਾਇਕਲ ਦਿਨ ਮਨਾਇਆ ਗਿਆ। ਇਸ ਰੈਲੀ ਨੂੰ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੁਜਾ ਨੇ ਫਲੈਗ ਆਫ ਕੀਤਾ। ਇਸ ਮੌਕੇ 'ਤੇ ਵਿਦਿਆਰਥੀਆਂ ਲਵਪ੍ਰੀਤ, ਗਗਨਪ੍ਰੀਤ, ਮਅੰਕ, ਦਿਸ਼ਾਂਤ, ਗੁਰਪ੍ਰੀਤ, ਦਿਵਾਂਸ਼, ਮਾਨਇਤਾ, ਗੁਰਦੀਪ ਸਿੰਘ, ਕੁਲਦੀਪ, ਅਰਸ਼ਦੀਪ, ਨੈਤਿਆ ਆਦਿ ਨੇ ਸਿਰ 'ਤੇ ਸੇਫਟੀ ਹੇਲਮੇਟ ਪਾਕੇ ਅਤੇ ਹੱਥਾਂ ਵਿੱਚ ਪਲਾਕਾਰਡ ਫੜ ਸਾਇਕਿਲਿੰਗ ਕਰਣ ਦਾ ਸੰਦੇਸ਼ ਦਿੱਤਾ ਤਾਂਕਿ ਲੋਕਾਂ ਦੀ ਸਿਹਤ, ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਹ ਰੈਲੀ ਸਕੂਲ ਕੈਂਪਸ ਤੋਂ ਮਾਰਕਿਟ, ਚੀਮਾ ਚੌਂਕ, ਪੀ.ਪੀ.ਆਰ ਮਾਲ ਤੋਂ ਹੁੰਦੇ ਹੋਏ ਵਾਪਸ ਸਕੂਲ ਕੈਂਪਸ ਪਹੁੰਚੀ। ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਹੇਲਦੀ ਅਤੇ ਫਿਟ ਲਾਇਫ ਲਈ ਸਾਇਕਿਲਿੰਗ ਦਾ ਸੰਦੇਸ਼ ਦਿੱਤਾ।

ਮੁਕੰਦਪੁਰ ਕਾਲਜ ਦੇੇ ਐੱਮ.ਐੱਸ.ਸੀ.-ਆਈ.ਟੀ. ਕੋਰਸ ਦੇ ਸ਼ਾਨਦਾਰ ਨਤੀਜੇ

ਜਲੰਧਰ 18 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2017 'ਚ ਲਈ ਗਈ ਐੱਮ.ਐੱਸ.ਸੀ. -ਆਈ.ਟੀ.(ਦੋ ਸਾਲਾਂ) ਸਮੈਸਟਰ - ਤੀਜਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪਿ੍ਰੰਸੀਪਲ ਡਾ. ਗੁਰਜੰਟ ਸਿੰਘ ਨੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪੋ੍ਰ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ  ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਸਾਕਸ਼ੀ ਸ਼ਰਮਾ ਸਪੁੱਤਰੀ ਸ੍ਰੀ. ਮੋਹਣ ਸ਼ਰਮਾ ਵਾਸੀ ਨਵਾਂਸ਼ਹਿਰ ਨੇੇ 61.83% ਅੰਕ ਲੈ ਕੇ ਕਲਾਸ ਵਿੱਚੋਂ ਪਹਿਲਾ, ਮਮਤਾ ਰਾਣੀ ਸਪੁੱਤਰੀ ਸ੍ਰੀ. ਧਰਮ ਪਾਲ ਵਾਸੀ ਗਰਚਾ ਨੇ 60.83% ਅੰਕ ਲੈ ਕੇ ਦੂਜਾ ਅਤੇ ਸੰਦੀਪ ਕੌਰ ਸਪੁੱਤਰੀ ਸ੍ਰੀ. ਦਵਿੰਦਰ ਸਿੰਘ ਵਾਸੀ ਲਸਾੜਾ ਨੇ 59.17% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ।ਇਸ ਲਈ  ਸਾਰਾ ਵਿਭਾਗ ਵਧਾਈ ਦਾ ਪਾਤਰ ਹੈ।ਸ. ਗੁਰਚਰਨ ਸਿੰਘ ਸ਼ੇਰਗਿਲ ਬਾਨੀ ਕਾਲਜ ਤੇ ਸ. ਸੁਰਿੰਦਰ ਸਿੰੰਘ ਢੀਂਡਸਾ ਵਾਈਸ ਚੇਅਰਮੈਨ ਕਾਲਜ ਪੀ.ਟੀ.ਏ ਨੇ ਵਿਭਾਗ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਮੁਬਾਰਕ ਦਿੰਦਿਆਂ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

ਜਲੰਧਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅਰਧ ਸੈਨਿਕ ਬਲਾਂ ਦੀਆਂ 8 ਟੁਕੜੀਆਂ ਤਾਇਨਾਤ

ਸੀ.ਪੀ.ਵਲੋਂ ਲੋਕਾਂ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ
ਜਲੰਧਰ 17 ਅਪ੍ਰੈਲ (ਜਸਵਿੰਦਰ ਆਜ਼ਾਦ)- ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਅੱਜ ਕਿਹਾ ਕਿ ਜ਼ਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ 'ਤੇ ਤਿੱਖੀ ਨਿਗਾ ਰੱਖਣ ਲਈ ਜਲੰਧਰ ਕਮਿਸ਼ਨਰੇਟ ਵਿੱਚ ਅਰਧ ਸੈਨਿਕ ਬਲਾਂ ਦੀਆਂ 8 ਕੰਪਨੀਆਂ ਸੂਬਾ ਪੁਲਿਸ ਦੇ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਹਰ ਹਾਲਤ ਵਿੱਚ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪਹਿਲਾਂ ਹੀ ਸੂਬਾ ਪੁਲਿਸ ਪੂਰੀ ਤਰਾਂ ਨਾਲ ਮੁਸਤੈਦ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਹੁਣ 8 ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ ਜਿਨਾਂ ਵਿੱਚ 2 ਕੰਪਨੀਆਂ ਦੰਗਾਂ ਰੋਕੂ ਪੁਲਿਸ ( ਐਂਟੀ ਰਾਇਟ) , 2 ਕੰਪਨੀਆਂ ਰੈਪਿਡ ਐਕਸ਼ਨ ਫੋਰਸ ਅਤੇ 4 ਕੰਪਨੀਆਂ ਸੀਮਾ ਸੁਰੱਖਿਆ ਬਲ ਦੀਆਂ ਸ਼ਾਮਿਲ ਹਨ।
ਉਨਾਂ ਕਿਹਾ ਕਿ ਜ਼ਿਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹੀ ਕਿਸੀ ਵੀ ਕੋਸ਼ਿਸ ਨੂੰ ਸ਼ਖਤੀ ਨਾਲ ਨਜਿੱਠਿਆ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਵਿੱਚ ਵੱਡੇ ਪ੍ਰੋਗਰਾਮਾਂ ਦੌਰਾਨ ਲਗਾਤਾਰ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦਾ ਯਤਨ ਕਰੇਗਾ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਖਿਲਾਫ਼ ਵੀ ਸਖਤੀ ਨਾਲ ਨਜਿੱਠੇਗੀ ਜੋ ਅਜਿਹਾ ਕਰਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ।
ਲੋਕਾਂ ਨੂੰ ਅਮਨ ਅਤੇ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਉਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ ਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਸ੍ਰੀ ਸਿਨਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜ਼ਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਨਾਲ ਸਹਿਯੋਗ ਕਰਨ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਗਲਤ ਜਾਂ ਸ਼ਰਾਰਤੀ ਅਨਸਰ  ਬਾਰੇ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਿਸ ਨੂੰ ਮੁਹੱਈਆ ਕਰਵਾਈ ਜਾਵੇ।

ਆਸਿਫਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ 18 ਨੂੰ

ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਦੇ ਕਠੂਆ ਖੇਤਰ ਵਿੱਚ 8 ਸਾਲ ਦੀ ਬੱਚੀ ਨਾਲ ਹੋਏ ਗੈਂਪਰੇਪ ਤੋਂ ਬਾਅਦ ਉਸਦੀ ਹੱਤਿਆ ਕੀਤੇ ਜਾਣ ਦੇ ਰੋਸ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ ਹਨ ਜਿਸ ਦੇ ਚਲਦਿਆਂ ਸਥਾਨਕ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ 18 ਅਪ੍ਰੈਲ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਨਸਾਫ ਦਿਵਾਊ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਰੋਸ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਰੁਪਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਦੀਆਂ ਇੱਜ਼ਤਾਂ ਸੁਰੱਖਿਅਤ ਨਹੀਂ ਹਨ। ਲੜਕੀਆਂ ਨਾਲ ਹਰ ਰੋਜ਼ ਹੋ ਰਹੇ ਸਮੂਹਿਕ ਬਲਾਤਕਾਰੀ ਦਾਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਲਈ ਅਤੇ ਸੁੱਤੀਆਂ ਪਾਈਆਂ ਸਰਕਾਰਾਂ ਨੂੰ ਜਗਾਉਣ ਲਈ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਜਿੱਥੇ ਸ਼ਹਿਰ ਦੀਆਂ ਸ਼ਮਾਜਿਕ ਸੰਸਥਾਂਵਾਂ ਸ਼ਮੂਲੀਅਤ ਕਰ ਰਹੀਆਂ ਹਨ ਉੱਥੇ ਸਕੂਲਾਂ, ਕਾਲਜਾਂ ਦੇ ਵਿਧਿਆਰਥੀ ਵੀ ਸ਼ਾਮਿਲ ਹੋ ਕੇ ਰੋਸ ਪ੍ਰਗਟ ਕਰ ਰਹੇ ਹਨ। ਉਹਨਾਂ ਦੱਸਿਆਂ ਕਿ ਇਹ ਰੋਸ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਵੇਰੇ 8:30 ਵਜੇ ਸ਼ੁਰੂ ਹੋਵੇਗਾ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰੋਸ ਮਾਰਚ 'ਚ ਵੱਧ ਤੋਂ ਗਿਣਤੀ 'ਚ ਸ਼ਾਮਿਲ ਹੋਣ ਤਾਂ ਕਿ ਸਰਕਾਰ ਨੂੰ ਬਲਾਤਕਾਰ ਮਾਮਲੇ ਵਿੱਚ ਸਖਤ ਤੋਂ ਸਖਤ ਕਾਨੂੰਨ ਲਿਆਉਣ ਲਈ ਮਜ਼ਬੂਰ ਕੀਤਾ ਜਾ ਸਕੇ।

ਕੰਬਾਈਨ 'ਚੋਂ ਨਿਕਲੀ ਚੰਗਿਆੜੀ ਨਾਲ ਕਿਸਾਨਾਂ ਦੀ ਅੱਠ ਏਕੜ ਕਣਕ ਸੜ ਕੇ ਸੁਆਹ

ਫਾਇਰ ਬ੍ਰਿਗੇਡ ਗੱਡੀਆਂ ਦੇਰੀ ਨਾਲ ਪਹੁੰਚਣ 'ਤੇ ਕਿਸਾਨਾਂ 'ਚ ਰੋਸ
ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਹੱਦ ਦੇ ਨਾਲ ਲਗਦੇ ਹਰਿਆਣਾ ਦੇ ਪਿੰਡ ਸੂਰਤੀਆ ਦੇ ਦੋ ਕਿਸਾਨਾਂ ਦੀ ਕੰਬਾਈਨ 'ਚੋਂ ਨਿੱਕਲੀ ਚੰਗਿਆੜੀ ਨਾਲ ਅੱਠ ਏਕੜ ਕਣਕ ਸੜ ਕੇ ਸੁਆਹ ਗਈ। ਪਿੰਡ ਸੂਰਤੀਆ (ਹਰਿਆਣਾ) ਦੇ ਕਿਸਾਨ ਜਸਪਾਲ ਸਿੰਘ ਪੁੱਤਰ ਟਹਿਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਗੋਲੇਵਾਲਾ ਪਿੰਡ ਵਾਲੇ ਪਾਸੇ 6 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਅੱਜ ਉਹ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕਰ ਰਹੇ ਸਨ ਕਿ ਅਚਾਨਕ ਕੰਬਾਈਨ ਦੇ ਅੰਦਰੋਂ ਅੱਗ ਨਿੱਕਲਣ ਕਰਕੇ ਉਹਨਾਂ ਦੀ ਪੁੱਤਾਂ ਵਾਂਗ ਪਾਲ਼ੀ 6 ਏਕੜ ਕਣਕ ਸੜ ਕੇ ਸੁਆਹ ਹੋ ਗਈ। ਦੂਜੇ ਪਾਸੇ ਇਸੇ ਹੀ ਪਿੰਡ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਉਸਦਾ ਖੇਤ ਕਿਸਾਨ ਜਸਪਾਲ ਸਿੰਘ ਦੇ ਨਾਲ ਲਗਦਾ ਹੋਣ ਕਾਰਨ ਉਸਦੀ ਵੀ ਦੋ ਏਕੜ ਪੱਕੀ ਹੋਈ ਕਣਕ ਸੜ ਕੇ ਰਾਖ ਬਣ ਗਈ।
ਪੀੜਿਤ ਕਿਸਾਨਾਂ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਵਿੱਚ ਅਨਾਊਂਸਮੈਟ ਹੋਣ ਉਪਰੰਤ ਹੀ ਪਿੰਡ ਗੋਲੇਵਾਲਾ, ਨਥੇਹਾ, ਫੱਤਾ ਬਾਲੂ, ਕਲਾਲਵਾਲਾ ਅਤੇ ਸੂਰਤੀਆ ਆਦਿ ਪਿੰਡਾਂ ਦੇ ਲੋਕ ਟਰੈਕਟਰ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸਾਧਨ ਲੈ ਕੇ ਮੌਕੇ 'ਤੇ ਪਹੁੰਚ ਗਏ ਜਿਹਨਾਂ ਨੇ ਭਾਰੀ ਮੁੱਸ਼ਕਤ ਨਾਲ ਅੱਗ ਦੀਆਂ ਲਾਟਾਂ 'ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਮਹਿਕਮੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਪੀੜਿਤਾਂ ਨੇ ਕਿਹਾ ਕਿ ਭਾਵੇਂ ਪਿੰਡਾਂ ਦੇ ਲੋਕਾਂ ਅਤੇ ਸੀਂਗੋ ਪੁਲਿਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਸੀ ਪ੍ਰੰਤੂ ਕਾਲਾਂਵਾਲੀ ਅਤੇ ਸਰਦੂਲਗੜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਤੋਂ ਕਾਫੀ ਸਮੇਂ ਬਾਅਦ ਪਹੁੰਚੀਆਂ। ਕਿਸਾਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚ ਜਾਂਦੀਆਂ ਤਾਂ ਉਹਨਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਣਾ ਸੀ।
ਇਸ ਸਬੰਧੀ ਜਦੋਂ ਮੀਡੀਆ ਨੇ ਫਾਇਰ ਬ੍ਰਿਗੇਡ ਕਾਲਾਂਵਾਲੀ ਦੇ ਕਰਮਚਾਰੀਆਂ ਤੋਂ ਦੇਰੀ ਨਾਲ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਕੁੱਝ ਦੇਰੀ ਹੋ ਗਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਫਾਇਰ ਬ੍ਰਿਗੇਡ ਮਹਿਕਮੇ ਨੂੰ ਕਸਬਾ ਰੋੜੀ ਅਤੇ ਸੀਂਗੋ ਮੰਡੀ ਵਿਖੇ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਅਣਸੁਖਾਵੀਂ ਘਟਨਾ ਤੇ ਜਲਦੀ ਕਾਬੂ ਪਾਇਆ ਜਾ ਸਕੇ।

ਭੋਗ ਅਤੇ ਵਿਆਹ ਸਮਾਗਮਾਂ 'ਤੇ ਕੀਤੇ ਜਾਂਦੇ ਫਾਲਤੂ ਖਰਚ ਪੰਜਾਬ ਅੰਦਰ ਖੁਦਕੁਸ਼ੀਆਂ ਦਾ ਵੱਡਾ ਕਾਰਨ-ਬੁਲਾਰੇ

ਸਾਾਦੇ ਵਿਆਹ, ਸਾਦੇ ਭੋਗ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
 
ਤਲਵੰਡੀ ਸਾਬੋ, 17 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਮਾਜ ਨੂੰ ਨਵੀਂ ਸੇਧ ਦੇਣ ਦੇ ਮਕਸਦ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸਮਾਜ ਸੇਵੀ ਆਗੂਆਂ ਵੱਲੋਂ ਸਮਾਜ ਸੁਧਾਰਕ ਮਾਟੋ ਅਤੇ ਚੋਲੇ ਪਾ ਕੇ ਸਮਾਜਿਕ ਕੁਰੀਤੀਆਂ ਅਤੇ ਫਾਲਤੂ ਰਸਮਾਂ ਰਿਵਾਜਾਂ 'ਤੇ ਕੀਤੇ ਜਾਂਦੇ ਵਾਧੂ ਦੇ ਖਰਚਿਆਂ ਤੋਂ ਬਚਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ।
ਇਸ ਸਬੰਧੀ ਉਕਤ ਸੰਸਥਾ ਦੇ ਸਰਪ੍ਰਸਤ ਸ. ਸਮਸ਼ੇਰ ਸਿੰਘ ਸਿੱਧੂ ਨੇ ਦੱਸਿਆ ਕਿ ਫੋਕੀ ਵਡਿਆਈ ਲਈ ਬਜ਼ੁਰਗਾਂ ਦੇ ਭੋਗ ਸਮਾਗਮਾਂ ਅਤੇ ਵਿਆਹਾਂ ਮੌਕੇ ਬਿਨ੍ਹਾਂ ਵਜ੍ਹਾ ਫੁਟਕਲ ਖਰਚੇ ਕਰਕੇ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ਾ ਚੜ੍ਹ ਜਾਣ ਕਾਰਨ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਉਹਨਾਂ ਵੱਲੋਂ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ ਵਿਸ਼ੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖਾਸ ਤੌਰ 'ਤੇ ਪੰਜਾਬ ਅੰਦਰ ਖੁਦਕੁਸ਼ੀਆਂ ਵਿੱਚ ਹੋ ਰਹੇ ਦਿਨੋ ਦਿਨ ਵਾਧੇ ਦਾ ਵੱਡਾ ਕਾਰਨ ਹੀ ਫਾਲਤੂ ਖਰਚੇ ਹਨ ਜਿਹਨਾਂ ਤੋਂ ਬਚਿਆ ਜਾ ਸਕਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫਾਲਤੂ ਖਰਚਿਆਂ ਨੂੰ ਰੋਕਣ ਲਈ ਮਤੇ ਪਾਏ ਜਾ ਰਹੇ ਹਨ ਅਤੇ ਸਾਦੇ ਸਮਾਗਮ ਕਰਨ ਦੇ ਇਸ ਸੁਨੇਹੇ ਨੂੰ ਅੱਗੇ ਵੀ ਪਹੁੰਚਾਇਆ ਜਾ ਰਿਹਾ ਹੈ। ਮੰਚ ਦੇ ਬੁਲਾਰਿਆਂ ਨੇ ਦੱਸਿਆ ਕਿ ਜਿੱਥੇ ਇਸ ਮੁਹਿੰਮ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਉਥੇ ਪੰਜਾਬ ਦੀ ਨੰਬਰਦਾਰ ਯੂਨੀਅਨ ਵੱਲੋਂ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਯੂਨੀਅਨ ਵੱਲੋਂ ਇਸ ਮੁਹਿੰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਬੁਲਾਰਿਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਮਾਜ ਦੇ ਸੁਧਾਰ ਲਈ ਵਿੱਢੀ ਗਈ ਇਸ ਮੁਹਿੰਮ ਦਾ ਹਿੱਸਾ ਬਣੋ ਤਾਂ ਕਿ ਸਮਾਜ ਅੰਦਰ ਫੈਲੀਆਂ ਸਮਾਜਿਕ ਕੁਰੀਤੀਆਂ ਅਤੇ ਫਾਲਤੂ ਦੀਆਂ ਰਸਮਾਂ ਵਿੱਚ ਅਟਕ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ।

ਸੇਂਟ ਸੋਲਜਰ ਐੱਮ.ਟੇਕ ਅਤੇ ਬੀ.ਟੇਕ ਦੇ ਵਿਦਿਆਰਥੀਆਂ ਦੇ ਨਤੀਜੇ ਰਹੇ ਸ਼ਾਨਦਾਰ

ਜਲੰਧਰ 17 ਅਪ੍ਰੈਲ (ਜਸਵਿੰਦਰ ਆਜ਼ਾਦ)- ਆਈ.ਕੇ.ਜੀ ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਐੱਮ.ਟੇਕ ਸੀ.ਐੱਸ.ਈ ਤੀਸਰਾ ਸੈਮੇਸਟਰ ਅਤੇ ਬੀ.ਟੇਕ ਸੀ.ਐੱਸ.ਈ ਸੱਤਵੇਂ ਸੈਮੇਸਟਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਅਤੇ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਸੰਸਥਾ ਅਤੇ ਮਾਪਿਆਂ ਦਾ ਨਾਮ ਚਮਕਾਇਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਐੱਮ.ਟੈਕ ਸੀ.ਐਸ.ਈ ਤੀਸਰੇ ਸੈਮੇਸਟਰ ਦੇ ਵਿਦਿਆਰਥੀਆਂ ਅਨੀਤਾ ਨੇ 8.56/10 ਸੀ.ਜੀ.ਪੀ.ਏ, ਭਾਵਨਾ ਨੇ 8.56/10 ਸੀ.ਜੀ.ਪੀ.ਏ, ਸੋਨਮ ਨੇ 8.56/10 ਸੀ.ਜੀ.ਪੀ.ਏ,  ਜਤਿੰਦਰਪਾਲ ਸਿੰਘ ਨੇ 8.33/10 ਸੀ.ਜੀ.ਪੀ.ਏ ਪ੍ਰਾਪਤ ਕੀਤੇ ਅਤੇ ਬੀ.ਟੇਕ ਸੀ.ਐੱਸ.ਈ ਸੱਤਵੇਂ ਸੈਮੇਸਟਰ ਦੇ ਵਿਦਿਆਰਥੀਆਂ ਅਮਨਦੀਪ ਨੇ 86.82 ਫ਼ੀਸਦੀ, ਅੰਜੂ ਨੇ 86.70ਫ਼ੀਸਦੀ, ਅਮ੍ਰਿਤਪ੍ਰੀਤ ਨੇ 85.76ਫ਼ੀਸਦੀ, ਸ਼ੈਲਜਾ ਨੇ 83.88 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ ਨੇ ਕਾਲਜ ਮੈਨੇਜਮੇਂਟ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰ ਭਵਿੱਖ ਵਿੱਚ ਚੰਗੇ ਇੰਜੀਨੀਅਰ ਬਣਨ ਨੂੰ ਕਿਹਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੇ ਐੱਮ.ਕਾਮ. ਸਮੈਸਟਰ ਤੀਸਰਾ ਅਤੇ ਐੱਮ.ਕਾਮ. ਸਮੈਸਟਰ ਪਹਿਲਾ ਦੇ ਨਤੀਜੇ ਉੱਤਮ ਰਹੇ

ਜਲੰਧਰ 17 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਵਿੱਚ ਐੱਮ.ਕਾਮ. ਸਮੈਸਟਰ ਤੀਸਰਾ ਦਾ ਨਤੀਜਾ 94.73 ਪ੍ਰਤੀਸ਼ਤ, ਜਿਲ੍ਹੇ ਭਰ 'ਚ ਉੱਤਮ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥਣ ਮਨਪ੍ਰੀਤ ਕੌਰ ਸਪੁੱਤਰੀ ਸ. ਗੋਰਖਾ ਰਾਮ ਵਾਸੀ ਗੁਣਾਚੌਰ ਨੇ 74.36 ਪ੍ਰਤੀਸ਼ਤ ਅੰਕ ਲੈ ਕੇ ਜਿਲ੍ਹੇ ਵਿੱਚ ਦੂਸਰਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਵਿਦਿਆਰਥਣ ਦਵਿੰਦਰ ਕੌਰ ਸਪੁੱਤਰੀ ਸ. ਮੱਖਣ ਰਾਮ ਵਾਸੀ ਗਹਿਲ ਮਜ਼ਾਰੀ ਨੇ 72.90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚ ਪੰਜਵਾ ਅਤੇ ਕਾਲਜ ਵਿੱਚ ਦੂਸਰਾ ਅਤੇ ਮਨੀਸ਼ਾ ਸਪੁਤਰੀ ਸ. ਪਰਮਜੀਤ ਪਾਲ ਵਾਸੀ ਨਗਰ ਨੇ 68.90 ਪ੍ਰਤੀਸ਼ਤ ਅੰਕ ਲੈ ਕੇ ਕਾਲਜਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਐੱਮ.ਕਾਮ. ਸਮੈਸਟਰ ਪਹਿਲਾ ਦਾ ਨਤੀਜਾ 83.33 ਪ੍ਰਤੀਸ਼ਤ ਰਿਹਾ।ਵਿਦਿਆਰਥਣ ਹਰਮਨਪ੍ਰੀਤ ਕੌਰ ਸਪੁੱਤਰੀ ਸ. ਗੁਰਚਰਨ ਸਿੰਘ ਵਾਸੀ ਰਟੈਂਡਾ ਨੇ 73.63 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚ ਪੰਜਵਾਂ ਅਤੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਦੀਪਤੀ ਲਾਖਾ ਸਪੁੱਤਰੀ ਸ.ਨਰੇਸ਼ ਕੁਮਾਰ ਵਾਸੀ ਸ਼ੇਖੂਪੁਰ ਨੇ 69.82 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜਵਿੱਚ ਦੂਜਾ ਸਥਾਨ ਅਤੇ ਸੋਨੀਆ ਰਾਣੀ ਸਪੁੱਤਰੀ ਸ. ਰੂਪ ਲਾਲ  ਵਾਸੀ ਅੱਪਰਾ ਨੇ 69.45 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਾਲਜ ਵਿੱਚ ਤੀਜਾ ਸਥਾਨ ਹਾਸਲ ਕੀਤਾ।ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਕਾਮਰਸ ਅਤੇ ਮੈਨੇਜ਼ਮੈਂਟ ਵਿਭਾਗ ਦੇ ਮੁਖੀ ਡਾ. ਕਰਮਜੀਤ ਕੌਰ ਅਤੇ ਸਾਰੇ ਪ੍ਰਾਧਿਆਪਕਾਂ ਨੂੰ ਵਧਾਈ ਦਿਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਕਾਲਜ ਬਾਨੀ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਸ. ਸੁਰਿੰਦਰ ਸਿੰਘ ਢੀਂਡਸਾ ਨੇ ਸਮੂਹ ਵਿਭਾਗ ਦੇ ਪ੍ਰਾਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਿਪਟੀ ਸਾਹਿਬ ਜਲੰਧਰ ਨੂੰ ਮਿਲੇ

ਜਲੰਧਰ 16 ਅਪ੍ਰੈਲ (ਜਸਵਿੰਦਰ ਆਜ਼ਾਦ)- ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਦੀ ਅਗਵਾਈ ਵਿੱਚ ਇਕ ਵਫ਼ਦ ਡਿਪਟੀ ਸਾਹਿਬ ਜਲੰਧਰ ਨੂੰ ਮਿਲੇ। ਕਮੇਟੀ ਦੇ ਅਹੁਦੇਦਾਰਾਂ ਨੇ ਡੀ. ਸੀ. ਸਾਹਿਬ ਦੇ ਧਿਆਨ ਦੁਆਇਆ ਕਿ ਪਠਾਨਕੋਟ ਬਾਈਪਾਸ ਚੌਂਕ, ਜਿਸ ਦਾ ਨਾਂ ਸਰਕਾਰੀ ਰਿਕਾਰਡ ਵਿਚ ਪਿੰਡ ਸੰਘਵਾਲ ਦੇ ਗ਼ਦਰੀ ਬਾਬਾ ਬੰਤਾ ਸਿੰਘ ਸੰਘਵਾਲ, ਗ਼ਦਰੀ ਬਾਬਾ ਡਾ. ਅਰੂੜ ਸਿੰਘ ਅਤੇ ਪਿੰਡ ਦੇ ਹੋਰ ਦੇਸ਼ ਭਗਤਾਂ ਦੇ ਨਾਂ 'ਤੇ ਦਰਜ ਕੀਤਾ ਗਿਆ ਹੈ ਅਤੇ ਚੌਕ ਦੇ ਪਿੱਲਰਾਂ 'ਤੇ ਉਪਰੋਕਤ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਅਤੇ ਉਦੇਸ਼ ਉੱਕਰੇ ਹੋਏ ਹਨ। ਕੁਝ ਸੰਸਥਾਵਾਂ ਉਪਰੋਕਤ ਚੌਕ ਦੇ ਪਿੱਲਰਾਂ 'ਤੇ ਲੱਗੀਆਂ ਤਸਵੀਰਾਂ ਮਿਟਾ ਕੇ ਆਪਣੀ ਮਸ਼ਹੂਰੀ ਦੇ ਅੱਖਰ ਲਿਖਵਾ ਰਹੀਆਂ ਹਨ। ਕਮੇਟੀ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਕੋਈ ਵੀ ਸੰਸਥਾ ਉਪਰੋਕਤ ਚੌਕ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤੋਂ ਵਿਚ ਨਾ ਲਿਆਵੇ। ਡੀ.ਸੀ. ਸਾਹਿਬ ਨੇ ਵਫ਼ਦ ਵੱਲੋਂ ਕੀਤੀ ਮੰਗ 'ਤੇ ਆਪਣੀ ਸਹਿਮਤੀ ਜਤਾਈ ਅਤੇ ਵਿਸ਼ਵਾਸ਼ ਦੁਆਇਆ ਕਿ ਇਹ ਚੌਂਕ ਗ਼ਦਰੀ ਬਾਬਿਆਂ ਦੇ ਨਾਂਅ 'ਤੇ ਹੀ ਜਾਰੀ ਰਹੇਗਾ।

ਡੀ.ਸੀ.ਅਤੇ ਐਸ.ਐਸ.ਪੀ.ਵਲੋਂ ਬਲਵੰਤ ਰਾਏ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਮਾਇਕ ਸਹਾਇਤਾ ਦਾ ਚੈਕ ਭੇਂਟ

ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ
ਜਲੰਧਰ 16 ਅਪ੍ਰੈਲ (ਜਸਵਿੰਦਰ ਆਜ਼ਾਦ)- ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਜ਼ਿਲਾ ਪੁਲਿਸ ਮੁਖੀ ਦਿਹਾਤੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇਰਾਕ ਵਿਖੇ ਮਾਰੇ ਗਏ ਪਿੰਡ ਢੱਡੇ ਦੇ ਵਸਨੀਕ ਸਵ : ਬਲਵੰਤ ਰਾਏ ਦੇ ਪਰਿਵਾਰ ਨੂੰ ਸੂਬਾ ਸਰਕਾਰ ਵਲੋਂ ਭੇਜੇ ਗਏ 5 ਲੱਖ ਰੁਪਏ ਦੀ ਰਾਹਤ ਰਾਸ਼ੀ ਦਾ ਚੈਕ ਦਿੱਤਾ। ਇਹ ਮਾਇਕ ਸਹਾਇਤਾ ਦਾ ਚੈਕ ਸਵ : ਬਲਵੰਤ ਰਾਏ ਦੀ ਪਤਨੀ ਗਿਆਨ ਕੌਰ ਨੂੰ ਸੌਂਪਦੇ ਹੋਏ ਡੀ.ਸੀ.ਅਤੇ ਐਸ.ਐਸ.ਪੀ.ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਪੂਰੀ ਤਰਾਂ ਨਾਲ ਇਸ ਪਰਿਵਾਰ ਦੇ ਨਾਲ ਖੜੀ ਹੈ। ਉਨਾਂ ਕਿਹਾ ਕਿ ਇਸੇ ਤਰਾਂ ਜ਼ਿਲਾ ਪ੍ਰਸ਼ਾਸਨ ਵੀ ਇਸ ਪਰਿਵਾਰ ਦੀ ਹਰ ਸਹਾਇਤਾ ਕਰਨ ਲਈ ਵਚਨਬੱਧ ਹੈ ਕਿਉਂਕਿ ਪਰਿਵਾਰ ਨੇ ਆਪਣਾ ਮੁੱਖੀ ਇਰਾਕ ਵਿਖੇ ਹੋਈ ਹਿੰਸਾ ਵਿੱਚ ਗੂਆ ਲਿਆ ਹੈ। ਉਨਾਂ ਕਿਹਾ ਕਿ ਪਰਿਵਾਰ ਕਦੇ ਵੀ ਜ਼ਿਲਾ ਪ੍ਰਸ਼ਾਸਨ ਨੂੰ ਕਿਸੇ ਵੀ ਤਰਾਂ ਦੀ ਮਦਦ ਲਈ ਸਿੱਧਾ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਦਿੱਤੀ ਜਾਂਦੀ ਕੋਈ ਵੀ ਸਹਾਇਤਾ ਇਸ ਪਰਿਵਾਰ ਨੂੰ ਪਹੁੰਚਾਈ ਜਾਵੇਗੀ। ਉਨਾਂ ਕਿਹਾ ਕਿ ਇਹ ਬੜੇ ਸੰਕਟ ਅਤੇ ਦੁੱਖ ਵਾਲੀ ਘੜੀ ਹੈ ਕਿ ਪਰਿਵਾਰ ਨੇ ਆਪਣਾ ਮੁਖੀ ਇਕ ਮੰਦਭਾਗੀ ਘਟਨਾ ਵਿੱਚ ਗੂੁਆ ਲਿਆ ਹੈ। ਉਨਾਂ ਕਿਹਾ ਕਿ ਇਸ ਸੰਕਟਕਾਲੀਨ ਸਥਿਤੀ ਵਿੱਚ ਜ਼ਿਲਾ ਪ੍ਰਸ਼ਾਸਨ ਇਸ ਪਰਿਵਾਰ ਨੂੰ ਹਰ ਸੰਭਵ ਮਦਦ ਦੇਵੇਗਾ।
ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਦੋਵੇਂ ਅਧਿਕਾਰੀਆਂ ਨੇ ਸਵ : ਬਲਵੰਤ ਰਾਏ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਅਤੇ ਸ਼ੌਕ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰਾ ਜ਼ਿਲਾ ਅਤੇ ਪੰਜਾਬ ਇਸ ਸੰਕਟ ਦੀ ਘੜੀ ਵਿੱਚ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਉਨਾਂ ਨੇ ਗੱਲਬਾਤ ਦੌਰਾਨ ਪਰਿਵਾਰ ਪਾਸੋਂ ਇਰਾਕ ਤੋਂ ਆਏ ਕਾਗਜ਼ਤਾਂ ਦੇ ਬਾਰੇ ਵੀ ਜਾਣਕਾਰੀ ਲਈ। ਦੋਵੇਂ ਅਧਿਕਾਰੀਆਂ ਨੇ ਕਿਹਾ ਕਿ ਉਨਾਂ ਦੇ ਦਰਵਾਜੇ ਇਸ ਪਰਿਵਾਰ ਲਈ ਹਰ ਵੇਲੇ ਖੁੱਲੇ ਰਹਿਣਗੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਰਾਜੀਵ ਵਰਮਾ, ਮਾਲ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

ਭਾਜਪਾ ਦਫਤਰ ਦੇ ਘਿਰਾਓ ਲਈ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਣਗੇ ਯੂਥ ਕਾਂਗਰਸੀ-ਗੋਲਡੀ ਗਿੱਲ

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਐੱਸ. ਸੀਫ਼ਅੇੈੱਸ. ਟੀ ਵਰਗ ਦੇ ਵਿਦਿਆਰਥੀਆਂ ਲਈ ਬਣੀ ਪੋਸਟ ਮੈ੍ਰਿਟਕ ਸਕਾਲਰਸ਼ਿਪ ਸਕੀਮ ਦੀ ਰਾਸ਼ੀ ਜਾਰੀ ਨਾ ਕਰਨ ਤਹਿਤ ਪੰਜਾਬ ਯੂਥ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦਫਤਰ ਦੇ 17 ਅਪ੍ਰੈਲ ਨੂੰ ਕੀਤੇ ਜਾ ਰਹੇ ਘਿਰਾਓ ਵਿੱਚ ਤਲਵੰਡੀ ਸਾਬੋ ਦੇ ਯੂਥ ਕਾਂਗਰਸੀ ਵਰਕਰ ਵੱਡੇ ਕਾਫਲੇ ਸਮੇਤ ਰਵਾਨਾ ਹੋਣਗੇ। ਉਕਤ ਜਾਣਕਾਰੀ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਗੋਲਡੀ ਗਿੱਲ ਨੇ ਇਸ ਸਬੰਧੀ ਕੀਤੀ ਇੱਕ ਮੀਟਿੰਗ ਉਪਰੰਤ ਪੱਤਰਕਾਰ ਵਾਰਤਾ ਦੌਰਾਨ ਕੀਤਾ।
ਗੋਲਡੀ ਗਿੱਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਉਕਤ ਸਕੀਮ ਤਹਿਤ 914132 ਵਿਦਿਆਰਥੀਆਂ ਨੂੰ ਮਿਲਣ ਵਾਲਾ ਸਕਾਲਰਸ਼ਿਪ ਦਾ 1615.79 ਕਰੋੜ ਰੁਪਏ ਅੱਜ ਤੱਕ ਜਾਰੀ ਨਹੀ ਕੀਤੇ ਜਿਸ ਕਾਰਣ ਐੱਸ.ਸੀਫ਼ਐੱਸ.ਟੀ ਵਰਗ ਦੇ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।ਉਨਾ ਕਿਹਾ ਕਿ ਕੇਂਦਰ ਦੀ ਸਰਕਾਰ ਦੀ ਕੁੰਭਕਰਨੀ ਨੀਂਦ ਖੋਲਣ ਲਈ ਪਿਛਲੇ ਦਿਨੀ ਯੂਥ ਕਾਂਗਰਸ ਨੇ ਸੂਬੇ ਭਰ ਅੰਦਰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਸਨ ਪਰ ਕੋਈ ਕਾਰਵਾਈ ਨਾ ਹੋਣ ਦੇ ਚਲਦਿਆਂ ਹੁਣ ਸੂਬਾਈ ਭਾਜਪਾ ਦਫਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ ਤੇ ਜੇ ਫਿਰ ਵੀ ਕੁਝ ਨਾ ਹੋਇਆ ਤਾਂ ਯੂਥ ਕਾਂਗਰਸ ਹਾਈਕਮਾਂਡ ਵੱਲੋਂ ਆਰੰਭੇ ਜਾਣ ਵਾਲੇ ਹਰ ਸੰਘਰਸ਼ ਵਿੱਚ ਹਲਕੇ ਦੇ ਯੂਥ ਕਾਂਗਰਸੀ ਵਧ ਚੜ ਕੇ ਯੋਗਦਾਨ ਪਾਉਣਗੇ। ਇਸ ਮੌਕੇ ਗੋਲਡੀ ਗਿੱਲ ਨਾਲ ਖੁਸ਼ਦੀਪ ਗਿੱਲ, ਪ੍ਰਦੀਪ ਸੰਧੂ, ਗੋਰਾ ਭਾਗੀਵਾਂਦਰ, ਮੰਨਾ ਸੰਧੂ, ਰਾਜੂ ਮਾਨ, ਹਿੰਮਤ ਸਿੰਘ, ਲਾਲੀ ਗਿੱਲ, ਵਿਕਾਸ ਤਲਵੰਡੀ, ਰਾਜਿੰਦਰ ਸਿੰਘ, ਨੌਟੀ ਧਾਲੀਵਾਲ, ਨੈਬ ਰਾਮਾਂ, ਅਵਤਾਰ ਲਹਿਰੀ, ਨਾਇਬ ਗੋਲੇਵਾਲਾ ਆਦਿ ਆਗੂ ਹਾਜਰ ਸਨ।

ਬਲਾਕ ਕਾਂਗਰਸ ਪ੍ਰਧਾਨ ਤੇ ਨਗਰ ਪੰਚਾਇਤ ਪ੍ਰਧਾਨ ਨੇ ਕਣਕ ਦੀ ਬੋਲੀ ਕਰਵਾਈ ਸ਼ੁਰੂ

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸੂਬਾ ਸਰਕਾਰ ਵੱਲੋਂ ਭਾਵੇਂ ਬੀਤੇ ਦਿਨਾਂ ਤੋਂ ਹੀ ਕਣਕ ਦੀ ਖਰੀਦ ਆਰੰਭ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਉਕਤ ਖਿੱਤੇ ਵਿੱਚ ਮੌਸਮ ਖਰਾਬ ਹੋਣ ਕਾਰਨ ਕਣਕ ਦੀ ਲੇਟ ਵਾਢੀ ਦੇ ਚਲਦਿਆਂ ਅਜੇ ਕਣਕ ਦੀ ਖਰੀਦ ਸ਼ੁਰੂ ਨਹੀਂ ਸੀ ਹੋ ਸਕੀ ਪ੍ਰੰਤੂ ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਸਥਾਨਕ ਅਨਾਜ ਮੰਡੀ ਵਿੱਚ ਪੁੱਜ ਕੇ ਕਣਕ ਦੀ ਖਰੀਦ ਰਸਮੀ ਤੌਰ 'ਤੇ ਸ਼ੁਰੂ ਕਰਵਾਈ। ਇਸ ਮੌਕੇ ਗੱਲਬਾਤ ਦੌਰਾਨ ਦੋਵਾਂ ਪ੍ਰਧਾਨਾਂ ਨੇ ਕਿਹਾ ਕਿ ਹਲਕਾ ਸੇਵਾਦਾਰ ਜਟਾਣਾ ਨੇ ਭਰੋਸਾ ਦੁਆਇਆ ਹੈ ਕਿ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਵਿਸ਼ੇਸ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਵੀ ਨਿਰਦੇਸ਼ ਦਿੱਤੇ ਗਏ ਹਨ। ਅੱਜ ਖਰੀਦ ਆਰੰਭ ਕਰਵਾਉਣ ਮੌਕੇ ਮਹਿਕਮੇ ਦੇ ਅਧਿਕਾਰੀਆਂ ਬਲਦੇਵ ਸਿੰਘ ਗਿੱਲ, ਬਾਜ ਸਿੰਘ ਤੋਂ ਇਲਾਵਾ ਹਰਬੰਸ ਸਿੰਘ ਕੌਂਸਲਰ, ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਹਾਜਰ ਸਨ।

ਆਸਿਫ਼ਾ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ, ਰੱਖਿਆ ਮੌਨ ਅਤੇ ਸਰਕਾਰ ਦਾ ਫੂਕਿਆ ਪੁਤਲਾ

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਦੇ ਕਠੂਆ ਜਿਲ੍ਹੇ ਵਿੱਚ ਅੱਠ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਤੋਂ ਬਾਆਦ ਜਿੱਥੇ ਪੂਰਾ ਦੇਸ਼ ਰੋਹ ਨਾਲ ਭਰ ਗਿਆ ਹੈ ਜਿਸ ਦੇ ਮੱਦੇ ਨਜ਼ਰ ਚਲਦੇ ਹੋਏ ਆਮ ਲੋਕ ਸੜਕਾਂ ਉੱਪਰ ਆ ਗਏ ਹਨ ਓੱਥੇ ਇਸ ਦਰਦਨਾਕ ਘਟਨਾ ਨੂੰ ਲੈ ਕੇ ਸੀਂਗੋ ਮੰਡੀ ਵਿਖੇ ਵੀ ਰੋਸ ਮਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਰੋਸ ਮਾਰਚ ਕੀਤਾ, ਧਰਨਾ ਲਗਾਇਆ ਫਿਰ ਦੋ ਮਿੰਟ ਦਾ ਮੌਨ ਧਾਰਿਆ ਅਤੇ ਅਖੀਰ ਵਿੱਚ ਸੰਘੀ ਸਰਕਾਰ ਭਾਜਪਾ ਦਾ ਪੁਤਲਾ ਸਾੜਿਆ ਗਿਆ। ਰੋਸ ਕਰਨ ਆਏ ਲੋਕਾਂ ਨੇ ਆਸਿਫਾ ਨੂੰ 'ਇਨਸਾਫ ਦਿਓ ਰਾਮ ਰਾਜ ਮੁਰਦਾਬਾਦ' ਦੇ ਨਾਅਰੇ ਲਗਾਏ।
ਦੱਸਣਯੋਗ ਹੈ ਕਿ ਜੰਮੂ ਰਾਜ ਵਿੱਚ ਸਥਿਤ ਕਠੂਆ ਜਿਲ੍ਹੇ ਦੇ ਮੰਦਰ ਵਿੱਚ ਅਤੇ ਯੂਪੀ ਦੇ ਉਮੈਦ ਵਿਖੇ ਮੰਦਰ ਵਿੱਚ ਵਾਪਰੀ ਬਲਾਤਕਾਰ ਦੀਆਂ ਦੋ ਘਟਨਾਵਾਂ ਨੇ ਦੇਸ਼ ਦੀ ਜਨਤਾ ਅੰਦਰ ਇੱਕ  ਵਾਰ ਫਿਰ ਸਹਿਮ ਪਾ ਦਿੱਤਾ ਹੈ। ਜਨਤਾ ਦਾ ਗੁੱਸਾ ਸੰਘ ਭਾਜਪਾ ਸਰਕਾਰ ਖਿਲਾਫ ਵਿਰੁੱਧ ਆਪ ਮੁਹਾਰਾ ਹੋ ਤੁਰਿਆ ਹੈ। ਇਸ ਮੌਕੇ ਧਰਨੇ ਨੂੰ ਬਸਪਾ ਵਰਕਰ ਰਛਪਾਲ ਸੀਂਗੋ, ਸਮਾਜ ਸੇਵਕ ਹਰਦੀਪ ਦਰਦੀ, ਪ੍ਰਗਟ ਸਿੰਘ, ਬੀਰਬਲ ਸਿੰਘ ਆਦਿ ਵਿਅਕਤੀਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸੇ ਰਾਜਨੀਤਿਕ ਧਿਰ ਵੱਲੋਂ ਨਹੀਂ ਬਲਕਿ ਇਨਸਾਫ ਪਸੰਦ ਵਿਆਕਤੀ ਖੁਦ-ਬ-ਖੁਦ ਸੰਪਰਕ ਕਰਕੇ ਇਕੱਠੇ ਹੋਏ ਸਨ। ਉਹਨਾਂ ਦੱਸਿਆ ਕਿ ਦੇਰ ਸ਼ਾਮ ਆਸਿਫਾ ਲਈ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਵੱਖ-ਵੱਖ ਬੁਲਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾਵਾਂ ਅਤੇ ਪੀੜਤ ਪਰਿਵਾਰਾਂ ਲਈ ਵੀਹ-ਵੀਹ ਲੱਖ ਰੁਪਏ ਪੀੜਤ ਰਾਸ਼ੀ ਦੇਣ ਦੀ ਮੰਗ ਕੀਤੀ। ਇਸ ਮੌਕੇ ਧਰਨੇ ਵਿੱਚ ਨਿਰਮਲ ਸਿੰਘ, ਬੂਟਾ ਖਾਨ ਗੁਰਚਰਨ ਸਿੰਘ, ਗਗਨਦੀਪ ਸੀਂਗੋ, ਵਿਕਰਮ ਸਿੰਘ ਵਿਕੀ, ਅਕਾਸ਼ਦੀਪ, ਮਸਜਿਦ ਦੇ ਮੌਲਬੀ, ਹੈੱਡ ਗ੍ਰੰਥੀ ਗੁਰੂਘਰ ਸੀਂਗੋ, ਕਰਨਦੀਪ ਸੋਨੀ, ਨਿੱਕੂ ਸਿੰਘ, ਬੀਰਬਲ ਖਾਨ, ਜੱਗਾ ਖਾਨ ਆਦਿ ਵਿਅਕਤੀ ਹਾਜਰ ਸਨ।