BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੂਬਾ ਸਰਕਾਰ ਵਲੋਂ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ ਮੀਨਾਰ-ਏ-ਬੇਗਮਪੁਰਾ ਯਾਦਗਾਰ

  • ਧਾਰਮਿਕ ਗੀਤਾਂ ਨਾਲ ਗਾਇਕ ਕਲੇਰ ਕੰਠ ਕਰਨਗੇ ਸੰਗਤਾਂ ਨੂੰ ਨਿਹਾਲ
  • ਸੰਗਤਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸ਼ਨ ਨੇ ਬਣਾਇਆ ਰੂਟ ਪਲਾਨ
ਹੁਸ਼ਿਆਰਪੁਰ, 31 ਮਾਰਚ (ਤਰਸੇਮ ਦੀਵਾਨਾ)- ਜ਼ਿਲੇ ਦੇ ਪਿੰਡ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਮੀਨਾਰ-ਏ-ਬੇਗਮਪੁਰਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਸ ਇਤਿਹਾਸਕ ਪਿੰਡ ਵਿਖੇ ਗੁਰੂ ਸਾਹਿਬ ਦੇ ਤਪ ਅਸਥਾਨ ਅਤੇ ਚਰਨ ਛੋਹ ਗੰਗਾ ਅਸਥਾਨ ਹਨ। 3 ਅਪ੍ਰੈਲ ਨੂੰ ਇਸ ਯਾਦਗਾਰ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਰੱਖਿਆ ਜਾ ਰਿਹਾ ਹੈ। ਰਾਜ ਪੱਧਰੀ ਇਸ ਸਮਾਗਮ ਵਿਚ ਗਾਇਕ ਕਲੇਰ ਕੰਠ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਬੰਧੀ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ, ਪੰਜਾਬ ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਮੀਨਾਰ-ਏ-ਬੇਗਮਪੁਰਾ ਸਥਾਪਿਤ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਉਨਾਂ ਦੱਸਿਆ ਕਿ ਕਰੀਬ 12 ਏਕੜ ਜ਼ਮੀਨ ਵਿਚ ਇਹ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਇਸ 'ਤੇ ਕਰੀਬ 110 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਦੱਸਿਆ ਕਿ ਇਸ ਸਬੰਧ ਵਿਚ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਸ਼ਿਆਰਪੁਰ ਅਤੇ ਨੇੜਲੇ ਜ਼ਿਲਿਆਂ ਤੋਂ ਪੁੱਜਣ ਵਾਲੀ ਸੰਗਤ ਲਈ ਵਿਸ਼ੇਸ਼ ਤੌਰ 'ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ੍ਰ. ਠੰਡਲ ਨੇ ਦੱਸਿਆ ਕਿ ਉਸਾਰੀ ਜਾ ਰਹੀ ਯਾਦਗਾਰ ਵਿਚ ਸੰਗਤ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਧਰ ਸਮਾਗਮ ਦੌਰਾਨ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਰੂਟ ਪਲਾਨ ਬਣਾ ਦਿੱਤਾ ਗਿਆ ਹੈ, ਤਾਂ ਜੋ ਸੰਗਤ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਨੰਗਲ ਤੋਂ ਆਉਣ ਵਾਲੀ ਸੰਗਤ ਨੰਗਲ ਤੋਂ ਵਾਇਆ ਪਿੰਡ ਬਾਥੜਈ ਤੋਂ ਖੁਰਾਲਗੜ, ਰੋਪੜ-ਸ਼੍ਰੀ ਆਨੰਦਪੁਰ ਸਾਹਿਬ ਤੋਂ ਆਉਣ ਵਾਲੀ ਸੰਗਤ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਿੰਡ ਸੇਖੋਵਾਲ ਤੋਂ ਖੁਰਾਲਗੜ ਪਹੁੰਚੇਗੀ। ਉਨਾਂ ਦੱਸਿਆ ਕਿ ਬਲਾਚੌਰ ਤੋਂ ਆਉਣ ਵਾਲੀ ਸੰਗਤ ਬਲਾਚੌਰ ਤੋਂ ਵਾਇਆ ਭੱਦੀ ਰੋਡ ਸਿੰਘਪੁਰ ਸੇਖੋਵਾਲ ਤੋਂ ਖੁਰਾਲਗੜ, ਲੁਧਿਆਣਾ-ਫਿਲੌਰ-ਨਵਾਂਸ਼ਹਿਰ ਤੋਂ ਆਉਣ ਵਾਲੀ ਸੰਗਤ ਸ਼੍ਰੀ ਆਨੰਦਪੁਰ ਸਾਹਿਬ ਚੌਕ ਗੜਸ਼ੰਕਰ ਤੋਂ ਵਾਇਆ ਪੋਜੇਵਾਲ ਤੋਂ ਖੁਰਾਲਗੜ ਜਾਵੇਗੀ। ਉਨਾਂ ਦੱਸਿਆ ਕਿ ਕਪੂਰਥਲਾ-ਜਲੰਧਰ-ਫਗਵਾੜਾ-ਬੰਗਾ ਤੋਂ ਆਉਣ ਵਾਲੀ ਸੰਗਤ ਸ਼੍ਰੀ ਆਨੰਦਪੁਰ ਸਾਹਿਬ ਚੌਕ ਗੜਸ਼ੰਕਰ ਤੋਂ ਵਾਇਆ ਪੋਜੇਵਾਲ ਤੋਂ ਖੁਰਾਲਗੜ, ਬੇਗੋਵਾਲ-ਭੁਲੱਥ-ਹੁਸ਼ਿਆਰਪੁਰ ਤੋਂ ਆਉਣ ਵਾਲੀ ਸੰਗਤ ਲਈ ਨੰਗਲ ਚੌਕ ਗੜਸ਼ੰਕਰ ਤੋਂ ਵਾਇਆ ਬੀਨੇਵਾਲ ਤੋਂ ਖੁਰਾਲਗੜ ਦਾ ਰਸਤਾ ਹੋਵੇਗਾ। ਸ਼੍ਰੀਮਤੀ ਮਿਤਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਿੱਜੀ ਕੰਮ-ਕਾਰ ਲਈ ਗੜਸ਼ੰਕਰ ਆਉਣ ਵਾਲੀ ਜਨਤਾ ਲਈ ਨੰਗਲ ਤੋਂ ਗੜਸ਼ੰਕਰ ਆਉਣ ਵਾਲੇ ਲੋਕ ਨੰਗਲ ਤੋਂ ਵਾਇਆ ਟਾਹਲੀਵਾਲ, ਜੇਜੋਂ ਤੋਂ ਗੜਸ਼ੰਕਰ, ਸ਼੍ਰੀ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਆਉਣ ਵਾਲੇ ਲੋਕ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੋਪੜ ਤੋਂ ਗੜਸ਼ੰਕਰ, ਹੁਸ਼ਿਆਰਪੁਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਲੋਕ ਹੁਸ਼ਿਆਰਪੁਰ ਤੋਂ ਵਾਇਆ ਊਨਾ, ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ, ਗੜਸ਼ੰਕਰ ਤੋਂ ਨੰਗਲ ਜਾਣ ਵਾਲੇ ਲੋਕ ਗੜਸ਼ੰਕਰ ਵਾਇਆ ਜੇਜੋਂ ਤੋਂ ਨੰਗਲ, ਨਵਾਂਸ਼ਹਿਰ-ਬੰਗਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਲੋਕ ਨਵਾਂਸ਼ਹਿਰ ਤੋਂ ਬਲਾਚੌਰ, ਰੋਪੜ ਤੋਂ ਸ਼੍ਰੀ ਆਨੰਦਪੁਰ ਸਾਹਿਬ, ਨਵਾਂਸ਼ਹਿਰ-ਬੰਗਾ ਤੋਂ ਨੰਗਲ ਜਾਣ ਵਾਲੇ ਲੋਕ ਗੜਸ਼ੰਕਰ ਵਾਇਆ ਜੇਜੋਂ ਤੋਂ ਨੰਗਲ ਜਾਣਗੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਸੰਗਤ ਅਤੇ ਆਮ ਲੋਕ 3 ਅਪ੍ਰੈਲ ਨੂੰ ਉਕਤ ਰਸਤਿਆਂ ਦੀ ਹੀ ਵਰਤੋਂ ਕਰਨ, ਤਾਂ ਜੋ ਉਹ ਆਸਾਨੀ ਨਾਲ ਆਪਣੀ ਮੰਜ਼ਿਲ 'ਤੇ ਪੁੱਜ ਸਕਣ।

No comments: