BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਣ ਜਾਨਲੇਵਾ ਬਣਿਆ ਨੈਸ਼ਨਲ ਹਾਈਵੇ 'ਚ ਪਿਆ ਹੋਇਆ ਡੂੰਘਾ ਟੋਆ ਤੇ ਸੜਕ ਖਸਤਾ ਹਾਲਤ

ਨਗਰ ਨਿਗਮ ਦੇ ਸੰਬੰਧਿਤ ਵਿਭਾਗ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੱਢਿਆ-ਕੌਂਸਲਰ ਕਲਸੀ
ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਭਾਵੇਂ ਹੁਸ਼ਿਆਰਪੁਰ ਸ਼ਹਿਰ ਨੂੰ ਪਿਛਲੇ ਕੁੱਝ ਹੀ ਸਾਲਾਂ ਵਿੱਚ ਨਗਰ ਨਿਗਮ ਦਾ ਦਰਜਾ ਪ੍ਰਾਪਤ ਹੋ ਗਿਆ ਹੈ ਪਰ ਅਜੇ ਵੀ ਲੋਕਾਂ ਨੂੰ ਉਹ ਸਹੂਲਤਾਂ ਨਹੀਂ ਪ੍ਰਾਪਤ ਹੋ ਰਹੀਆਂ ਜਿਸ ਦੇ ਉਹ ਹੱਕਦਾਰ ਹਨ।ਇੰਜ ਪ੍ਰਤੀਤ ਹੁੰਦਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਅਜੇ ਵੀ ਆਪਣੇ ਆਪ ਨੂੰ ਨਗਰ ਕੌਂਸਲ ਦੇ ਹੀ ਅਧੀਨ ਮੰਨੀ ਬੈਠੇ ਹਨ, ਘੱਟੋ-ਘੱਟ ਉਨਾਂ ਦੀ ਕਾਰਗੁਜ਼ਾਰੀ ਤਾਂ ਇਹੋ ਹੀ ਦਰਸਾ ਰਹੀ ਹੈ। ਜਿਸ ਕਾਰਣ ਸ਼ਹਿਰ ਵਾਸੀਆਂ ਨੂੰ ਰੱਤੀ ਭਰ ਵੀ ਇਹ ਅਹਿਸਾਸ ਨਹੀਂ ਹੋ ਰਿਹਾ ਕਿ ਉਨਾਂ ਦੇ ਸ਼ਹਿਰ ਦਾ ਰੁਤਬਾ ਵੱਧ ਗਿਆ ਹੈ। ਨਗਰ ਨਿਗਮ ਦੀ ਅਸਲ ਕਾਰਜਪ੍ਰਣਾਲੀ ਦੀ ਝਲਕ ਹੁਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇ 'ਤੇ ਗੋਕਲ ਨਗਰ ਦੀ ਗਲੀ ਨੰਬਰ 1 ਦੇ ਸਾਹਮਣੇ ਸੜਕ ਦੀ ਖਸਤਾ ਹਾਲਤ ਤੋਂ ਲਈ ਜਾ ਸਕਦੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਅਤੇ ਨਜ਼ਦੀਕ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ।ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੇ ਐਨ ਵਿੱਚਕਾਰ ਵਾਟਰ ਸਪਲਾਈ ਦੀ ਲਾਈਨ ਵਿੱਚ ਸਥਾਈ ਤੌਰ 'ਤੇ ਲੀਕੇਜ ਹੋ ਰਹੀ ਹੈ।ਜਿਸ ਕਾਰਣ ਇਸ ਥਾਂ ਤੋਂ ਸੜਕ ਦਾ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ।ਹਰ ਵੇਲੇ ਪਾਣੀ ਲੀਕ ਹੁੰਦਾ ਰਹਿਣ ਕਾਰਣ ਇਸ ਜਗਾ 'ਤੇ ਡੂੰਘੇ ਟੋਏ ਪਏ ਹੋਏ ਹਨ ਅਤੇ ਸੜਕ ਤੋਂ ਬਜੱਰੀ ਨਿਕਲ ਕੇ ਆਲੇ ਦੁਆਲੇ ਖਿੱਲਰੀ ਰਹਿੰਦੀ ਹੈ।ਜਿਸ ਨਾਲ ਵਾਹਨ ਚਾਲਕਾਂ ਦੀ ਜਾਨ ਦੀ ਜਾਨ ਸੂਲੀ 'ਤੇ ਟੰਗੀ ਰਹਿੰਦੀ ਹੈ।ਉਨਾਂ ਦੱਸਿਆ ਕਿ ਰੁਟੀਨ ਵਿੱਚ ਲੰਘਣ ਵਾਲੇ ਰਾਹਗੀਰਾਂ ਨੂੰ ਤਾਂ ਇਸ ਖਸਤਾ ਹਾਲਤ ਦਾ ਪਤਾ ਹੋਣ ਕਾਰਣ ਉਹ ਆਪਣਾ ਬਚਾਅ ਕਰ ਲੈਂਦੇ ਹਨ ਪਰ ਬਾਹਰੋਂ ਆਉਣ ਵਾਲੇ ਵਾਹਨ ਚਾਲਕ ਅਕਸਰ ਦੁਰਘਟਨਾ ਗ੍ਰਸਤ ਹੁੰਦੇ ਹੀ ਰਹਿੰਦੇ ਹਨ।ਇਸ ਤੋਂ ਇਲਾਵਾ ਗੋਕਲ ਨਗਰ ਦੀ ਆਬਾਦੀ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸਮੱਸਿਆ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸੜਕ ਦੀ ਖਸਤਾ ਹਾਲਤ ਤੋਂ ਸਥਾਨਕ ਲੋਕ ਵੀ ਬਹੁਤ ਦੁਖੀ ਹਨ।ਮੁੱਹਲਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੀ ਮਾੜੀ ਹਾਲਤ ਅਤੇ ਪਾਣੀ ਦੀ ਲੀਕੇਜ ਬਾਰੇ ਕਈ ਵਾਰ ਨਗਰ ਨਿਗਮ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਨੂੰ ਸਮੇਂ ਸਮੇਂ 'ਤੇ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਪਰ ਇਸ ਮਸਲੇ ਦਾ ਕੋਈ ਸਥਾਈ ਹੱਲ ਨਾ ਹੋਣ ਕਾਰਣ ਥੋੜੇ ਸਮੇਂ ਬਾਅਦ ਹੀ ਪਾਣੀ ਦੀ ਲੀਕੇਜ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਅਤੇ ਸੜਕ ਦੀ ਸਹੀ ਢੰਗ ਨਾਲ ਮੁਰੰਮਤ ਨਾ ਹੋਣ ਕਾਰਣ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਕੀ ਕਹਿੰਦੇ ਨੇ ਸੰਬੰਧਿਤ ਕੌਂਸਲਰ:
ਇਸ ਸੰਬੰਧੀ ਸੰਪਰਕ ਕਰਨ 'ਤੇ ਇਸ ਵਾਰਡ ਨੰਬਰ 24 ਦੇ ਕੌਂਸਲਰ ਸ. ਬਿਕਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਇਹ ਸੜਕ ਬੇਸ਼ੱਕ ਲੋਕ ਨਿਰਮਾਣ ਵਿਭਾਗ ਅਧੀਨ ਆਉਂਦੀ ਹੈ ਪਰੰਤੂ ਪਾਣੀ ਦੀ ਲੀਕੇਜ ਨੂੰ ਠੀਕ ਕਰਨ ਅਤੇ ਸੜਕ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੀ ਹੀ ਹੈ।ਇਲਾਕੇ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਹ ਪੂਰੀ ਤਰਾਂ ਗੰਭੀਰ ਹਨ।ਉਨਾਂ ਦੱਸਿਆ ਕਿ ਇਸ ਸੰਬੰਧੀ ਉਹ ਖੁਦ ਕਈ ਵਾਰ ਨਗਰ ਨਿਗਮ ਦੇ ਸੰਬੰਧਿਤ ਵਿਭਾਗ ਦੇ ਮੁਖੀ ਨੂੰ ਕਹਿ ਚੁੱਕੇ ਹਨ।ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਰਿਹਾ।
ਹੋਲੇ ਮੱਹਲੇ ਦੇ ਮੇਲੇ ਦੇ ਮੱਦੇਨਜ਼ਰ ਸੜਕ ਜਲਦੀ ਠੀਕ ਕਰਵਾਉਣ ਦੀ ਮੰਗ:
ਜ਼ਿਕਰਯੋਗ ਹੈ ਕਿ ਕੁੱਝ ਹੀ ਦਿਨਾਂ ਵਿੱਚ ਹੋਲੇ ਮਹੱਲੇ ਦੇ ਮੇਲੇ ਸ਼ੁਰੂ ਹੋ ਜਾਣ ਕਾਰਣ ਸੀ੍ਰ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਆਮਦ ਕਾਰਣ ਇਸ ਸੜਕ 'ਤੇ ਆਵਾਜਾਈ ਬਹੁਤ ਵੱਧ ਜਾਣੀ ਹੈ। ਜਿਸ ਨੂੰ ਵੇਖਦਿਆਂ ਲੋਕਾਂ ਨੇ ਮੰਗ ਕੀਤੀ ਕਿ ਇਸ ਪਾਣੀ ਦੀ ਲੀਕੇਜ ਨੂੰ ਸਥਾਈ ਤੌਰ 'ਤੇ ਬੰਦ ਕਰਕੇ ਸੜਕ ਦੀ ਤੁਰੰਤ ਰਿਪੇਅਰ ਕੀਤੀ ਜਾਵੇ।

No comments: