BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਭਾਰਤ ਵਿੱਚ ਸੁਧਾਰ ਗੱਲਬਾਤਾਂ ਤੱਕ ਹੀ ਸੀਮਿਤ-ਡਾ. ਸਰਦੂਲ ਸਿੰਘ

ਹੁਸ਼ਿਆਰਪੁਰ, 29 ਮਾਰਚ (ਤਰਸੇਮ ਦੀਵਾਨਾ)- ਅੱਜ ਸਾਰੇ ਸੰਸਾਰ ਵਿੱਚ ਜੋ ਮਹਿਲਾਵਾਂ ਦੀ ਸਥਿਤੀ ਹੈ ਉਸ ਬਾਰੇ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਅਜੇ ਵੀ ਇਸਤਰੀ ਨੂੰ ਇਨਸਾਨੀ ਰੂਪ ਵਿੱਚ ਪੁਰਸ਼ ਦੇ ਬਰਾਬਰ ਨਹੀਂ ਸਮਝਿਆ ਗਿਆ। ਸਭ ਤੋਂ ਮਾੜੀ ਸਥਿਤੀ ਇਸਤਰੀ ਦੀ ਭਾਰਤ ਵਿੱਚ ਹੈ ਜੋ ਸ਼ੁਰੂ ਤੋਂ ਰਹੀ ਹੈ ਜੋ ਹੁਣ ਤੱਕ ਵੀ ਕਾਇਮ ਹੈ। ਕੁੱਝ ਸਮੱਸਿਆਵਾਂ ਸੰਸਾਰ ਵਿੱਚ ਸਾਂਝੀਆਂ ਹਨ ਜਿਵੇਂ ਜਿਨਸੀ ਸ਼ੋਸ਼ਣ, ਆਰਥਿਕ ਨਾਬਰਾਬਰੀ, ਅਨਪੜਤਾ, ਅਸੁਰੱਖਿਆ ਆਦਿ ਸਾਂਝੀਆਂ ਹਨ ਪਰ ਕੁੱਝ ਪੱਛਮੀ ਦੇਸ਼ਾਂ ਨੇ ਕਾਨੂੰਨ ਬਣਾ ਕੇ ਜਿਨਸੀ ਸ਼ੋਸ਼ਣ ਨੂੰ ਰੋਕਣ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਉਥੇ ਭਾਰਤ ਵਿੱਚ ਇਹ ਸੁਧਾਰ ਕੇਵਲ ਗੱਲਬਾਤਾਂ ਤੱਕ ਹੀ ਸੀਮਤ ਹਨ। ਇਹ ਵਿਚਾਰ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਵੱਲੋਂ ਪਿੰਡ ਬਾਗਪੁਰ ਵਿਖੇ ਕਰਵਾਈ ਗਈ  ਪੀ.ਐਨ.ਡੀ.ਟੀ. ਐਕਟ ਅਧੀਨ ਬੇਟੀ ਬਚਾਓ ਵਰਕਸ਼ਾਪ ਦੌਰਾਨ ਸਾਂਝੇ ਕੀਤੇ। ਸੈਮੀਨਾਰ ਵਿੱਚ ਉਹਨਾਂ ਦੇ ਨਾਲ ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਬਲਜੀਤ ਸਿੰਘ ਹੈਲਥ ਇੰਸਪੈਕਟਰ, ਏ.ਐਨ.ਐਮ. ਸ਼੍ਰੀਮਤੀ ਕੁਲਵਿੰਦਰਜੀਤ ਕੌਰ, ਸਰਪੰਚ ਬੱਸੀ ਮੁੱਦਾ ਸ਼੍ਰੀਮਤੀ ਹਰਵਿੰਦਰ ਕੌਰ ਪਿੰਡ ਦੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਨਿਵਾਸੀ ਸ਼ਾਮਿਲ ਹੋਏ। ਇਸ ਦੌਰਾਨ ਭਰੂੱਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਸਰਦੂਲ ਸਿੰਘ ਜੀ ਨੇ ਕਿਹਾ ਕਿ ਯੁੱਗ ਪਰਿਵਰਤਨ ਨਾਲ ਹੋਏ ਸੱਭਿਅਤਾ ਦੇ ਵਿਕਾਸ ਨੇ ਘਰ ਦੀ ਚਾਰਦੀਵਾਰੀ ਵਿੱਚੋ ਕੱਢ ਕੇ ਔਰਤ ਦੇ ਖੰਭ ਖੁੱਲੇ ਆਕਾਸ਼ ਜਿੰਨੇ ਵਿਸ਼ਾਲ ਕਰ ਦਿੱਤੇ ਹਨ। ਇਸ ਸਭ ਦੇ ਬਾਵਜੂਦ ਕੁੱਲ ਮਿਲਾ ਕੇ ਔਰਤ ਵਿਚਾਰੀ ਦੀ ਵਿਚਾਰੀ ਕਿਉਂ ਹੈ? ਮਹਿਲਾ ਸਸ਼ਕਤੀਕਰਨ ਲਈ ਔਰਤ ਦੇ ਹੱਕ ਵਿੱਚ ਕਈ ਕਾਨੂੰਨ ਬਣਾਏ ਗਏਹਨ। ਉਸ ਲਈ ਵਿੱਦਿਆਂ ਪ੍ਰਾਪਤੀ ਤੋਂ ਲੈ ਕੇ ਨੌਕਰੀ ਲੈਣ ਲਈ ਬਰਾਬਰੀ ਦੇਹੱਕ ਸੁਰੱਖਿਅਤ ਹਨ ਪਰ ਇਸ ਸਭ ਦੇ ਬਾਵਜੂਦ ਔਰਤ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ, ਜਿਸ ਲਈ ਮੁੱਖ ਤੌਰ 'ਤੇ ਮਨੁੱਖੀ ਸੋਚ ਵਿੱਚ ਉਸ ਪ੍ਰਤੀ ਨਿਰਧਾਰਤ ਮਾਪਦੰਡਾਂ ਵਿੱਚ ਤਬਦੀਲੀ ਨਾ ਆਉਣਾ ਹੈ। ਭਾਵੇਂ ਪੜੀ ਲਿਖੀ ਔਰਤ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਪਰ ਭਰ ਦਾ ਸਾਇਆ ਹਮੇਸ਼ਾਂ ਉਸਦੇ ਸਿਰ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਮੰਡਰਾਉਂਦਾ ਰਹਿੰਦਾ ਹੈ। ਬਾਹਰੀ ਰੂਪ ਵਿੱਚ ਹੱਕਾਂ ਦੀ ਪ੍ਰਾਪਤੀ ਦੀ ਟੀਸੀ ਤਾਂ ਹੈ ਉਸ ਕੋਲ ਪਰ ਅੰਦਰੂਨੀ ਸਥਿਤੀ ਡੂੰਘੀ ਖਾਈ ਵਾਂਗ ਹੈ, ਜਿਸ ਵਿੱਚੋਂ ਉਭਰਨ ਲਈ ਸਮਾਜਿਕ ਮਾਨਸਿਕਤਾ ਦਾ ਬਦਲਾਅ ਹੀ ਇੱਕੋ ਇੱਕ ਬਦਲ ਹੈ। ਉਹਨਾਂ ਵਰਕਸ਼ਾਪ ਦੌਰਾਨ ਸਾਰਿਆਂ ਨੂੰ ਸਿਹਤ ਵਿਭਾਗ ਦੇ ਸਹਿਯੋਗ ਨਾਲ ਭਰੂਣ ਹੱਤਿਆ ਜਿਹੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਦਾ ਪ੍ਰਣ ਕਰਨ ਦੀ ਅਪੀਲ ਕੀਤੀ। ਡਾ. ਸਰਦੂਲ ਸਿੰਘ ਨੇ ਮਾਦਾ ਭਰੂਣ ਹੱਤਿਆਵਾਂ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ 1994 ਬਾਰੇ ਦੱਸਦਿਆਂ ਕਿਹਾ ਕਿ ਮਾਦਾ ਭਰੂਣ ਹੱਤਿਆ ਰੋਕਣ ਲਈ ਬਣਾਏ ਗਏ ਇਸ ਐਕਟ ਨੂੰ ਲਾਗੂ ਕਰਨ ਲਈ ਸਮਾਜ ਦੇ ਹਰ ਵਰਗ ਅਤੇ ਸਰਕਾਰੀ ਸਮੂਹ ਵਿਭਾਗਾਂ ਦਾ ਯੋਗਦਾਨ ਅਤੀ ਜਰੂਰੀ ਹੈ। ਮਨਜੀਤ ਸਿੰਘ ਹੈਲਥ ਇੰਸਪੈਕਟਰ ਨੇ ਕਿਹਾ ਕਿ ਇੱਕ ਔਰਤ ਮਾਂ, ਪਤਨੀ, ਬੇਟੀ ਦੇ ਰੂਪ ਵਿੱਚ ਸਮਾਜ ਵਿੱਚ ਸੰਤੁਲਣ ਬਣਾ ਕੇ ਰੱਖਦੀ ਹੈ। ਉਸ ਤੋਂ ਬਿਨਾਂ ਅਸੀਂ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਔਰਤ ਸਮਾਜਿਕ ਤੌਰ ਤੇ ਸਰਗਰਮ ਹੌਏ ਬਗੈਰ ਅਤੇ ਸਮਾਜ ਦੇ ਘੋਲਾਂ ਵਿੱਚ ਮਰਦ ਨਾਲ ਸ਼ਿਰਕਤ ਕੀਤੇ ਬਗੈਰ ਆਪਣੀ ਆਜ਼ਾਦੀ ਦੀ ਲੜਾਈ ਨੂੰ ਪ੍ਰਭਾਵੀ ਢੰਗ ਨਾਲ ਨਹੀਂ ਲੜ ਸਕਦੀ। ਅਸਲ ਵਿੱਚ ਆਜ਼ਾਦੀ ਨਾ ਤਾਂ ਸਮਾਜਿਕ ਬਰਾਬਰੀ ਹੈ ਤੇ ਨਾ ਰਾਜਨੀਤਿਕ ਜਾਂ ਆਰਥਿਕ। ਆਜ਼ਾਦੀ ਅਸਲ ਤਾਂ ਉਹ ਹੈ ਜਦ ਮਰਦ ਮਾਨਸਿਕ ਤੌਰ 'ਤੇ ਔਰਤ ਨੂੰ ਬਰਾਬਰ ਦੀ ਧਿਰ ਮੰਨ ਲਵੇ ਅਤੇ ਔਰਤ ਬੌਧਿਕ ਤੇ ਸਰੀਰਕ ਪੱਖੋਂ ਏਨੀ ਮਜ਼ਬੂਤ ਹੋਵੇ ਕਿ ਆਪਣੇ ਫੈਸਲੇ ਆਪ ਲੈ ਸਕੇ। ਬੀ.ਈ.ਈ. ਰਮਨਦੀਪ ਕੌਰ ਨੇ ਇਸ ਦੌਰਾਨ ਮਾਦਾ ਭਰੂਣ ਹੱਤਿਆ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਆਂਕੜਿਆਂ ਵਿੱਚ ਜਰੂਰ ਸੁਧਾਰ ਹੋ ਰਿਹਾ ਹੈ, ਪਰ ਅਜੇ ਵੀ ਸਾਡੇ ਸਮਾਜ ਵਿੱਚ ਬੇਟੀਆਂ ਪ੍ਰਤੀ ਸੋਚ ਬਦਲਣ ਦੀ ਜਰੂਰਤ ਹੈ। ਅਨਪੜ ਹੋਣ ਜਾ ਪੜੇ ਲਿਖੇ ਦੋਵੇ ਵਰਗ ਧੀਆਂ ਨੂੰ ਆਪਣੀ ਜਿੰਮੇਵਾਰੀ ਜਾਂ ਬੋਝ ਹੀ ਸਮਝਦੇ  ਹਨ। ਬੇਟੀ ਦੇ ਵਿਆਹ ਮੌਕੇ ਲੜਕੇ ਦੇ ਪਰਿਵਾਰ ਨੂੰ ਦਹੇਜ ਦੇਣਾ, ਅਨਪੜਤਾ, ਗਰੀਬੀ ਅਤੇ ਲੜਕੀ ਨੂੰ ਸਮਝਿਆਂ ਜਾਂਦਾ ਬੋਝ ਇੱਕ ਲੜਕੇ ਦੀ ਪ੍ਰਾਪਤੀ ਦੀ ਚਾਹਤ ਨੂੰ ਹੋਰ ਵੀ ਮਜਬੂਤ ਕਰ ਦਿੰਦੇ ਹਨ। ਇਸਦੇ ਲਈ ਸਾਡੀਆਂ ਔਰਤਾਂ ਨੂੰ ਹੀ ਲੜਕੀਆਂ ਨੂੰ ਪੂੰਜੀ ਬਣਾਉਣ ਦੀ ਲੋੜ ਹੈ। ਵਰਣਨਯੋਗ ਹੈ ਕਿ ਜੇਕਰ ਇੱਕ ਔਰਤ ਆਪਣੇ ਸਮਾਜਿਕ ਦਾਇਰੇ ਵਿੱਚ ਖੁਸ਼ ਰਹੇਗੀ ਤਾਂ ਕੁਦਰਤੀ ਹੀ ਉਹ ਅੱਗੇ ਵੀ ਲੜਕੀ ਰੂਪੀ ਆਪਣੀ ਪੂੰਜੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗੀ। ਜਦੋਂ ਲਿੰਗ ਭੇਦ ਮਿੱਟ ਜਾਵੇਗਾ ਤਾਂ ਔਰਤ ਦਾ ਸਮਾਜਿਕ ਅਤੇ ਆਰਥਿਕ ਰੁਤਬਾ ਵੀ ਵਧੇਗਾ। ਉਸ ਦਾ ਪਾਲਣ ਪੋਸ਼ਣ ਕਰਦੇ ਸਮੇਂ ਪਹਿਲੇ ਦਿਨੋਂ ਹੀ ਉਸ ਦੇ ਦਿਮਾਗ ਵਿੱਚ ਕਮਜ਼ੋਰੀ ਦੇ ਅੰਸ਼ ਭਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਬੱਚਿਆਂ ਦੀ ਪਰਵਰਿਸ਼ ਕੁੜੀ ਤੇ ਮੁੰਡਾ ਸਮਝ ਕੇ ਨਹੀਂ ਬੱਚਾ ਸਮਝ ਕੇ ਕਰਨੀ ਪਏਗੀ। ਸਮਾਜਿਕ ਵਹਿਸ਼ੀਆਂ ਦੇ ਖਿਲਾਫ ਡੱਟਣ ਲਈ ਬਚਪਣ ਤੋਂ ਹੀ ਬੱਚਿਆਂ ਨੂੰ ਤਿਆਰ ਕਰਨਾ ਪਵੇਗਾ। ਦੂਜਿਆਂ ਨੂੰ ਬਦਲਣ ਨਾਲੋਂ ਜੇਕਰ ਹਰ ਮਨੁੱਖ ਆਪਣੀ ਮਾਨਸਿਕਤਾ ਬਦਲਣ ਦੀ ਕੋਸ਼ਿਸ਼ ਕਰੇ, ਤਦ ਹੀ ਹਰ ਤਰਾਂ ਦੇ ਸ਼ੋਸ਼ਣ ਤੋਂ ਰਹਿਤ ਸਮਾਜ ਦੀ ਸਿਰਜਣਾ ਸੰਭਵ ਹੈ। ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਔਰਤ ਸੰਸਾਰ ਦੀ ਸਮੂਚੀ ਆਬਾਦੀ ਦਾ ਅੱਧਾ ਹਿੱਸਾ ਹੈ। ਵੱਖ-ਵਖੱ ਖੇਤਰਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਿੱਥੇ ਔਰਤਾਂ ਨੇ ਅਣੋਖੀ ਮਿਸਾਲ ਕਾਇਮ ਕੀਤੀ ਹੈ। ਵਿਕਾਸਵਾਦੀ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਸਾਂਝੇ ਸਮਾਜਿਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ ਤਾਂ ਜੋ ਇਸ ਬੁਰਾਈ ਨੂੰ ਸਮਾਜ ਵਿੱਚੋਂ ਹਮੇਸ਼ਾ ਲਈ ਦੂਰ ਕੀਤਾ ਜਾ ਸਕੇ।  ਉਹਨਾਂ ਆਏ ਹੋਏ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਚਾਇਤ ਵੱਲੋਂ ਅਤੇ ਸਮੂਹ ਪਿੰਡ ਨਿਵਾਸੀਆਂ ਵੱਲੋਂ ਭਰੁੱਣ ਹੱਤਿਆ ਦੇ ਖਿਲਾਫ਼ ਚੱਲ ਰਹੀ ਮੁਹਿੰਮ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

No comments: