BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਧਾਨ ਸਭਾ ਹਲਕਾ ਗੁਰੂਹਰਸਹਾਏ ਲਈ 100 ਕਰੋੜ ਖਰਚ ਕੀਤੇ ਜਾ ਰਹੇ ਹਨ-ਮੋਂਟੂ ਵੋਹਰਾ

ਰੋਹਿਤ ਕੁਮਾਰ ਮੋਂਟੂ ਵੋਹਰਾ ਦੀ ਫਾਇਲ ਫ਼ੋਟੋ।
ਗੁਰੂਹਰਸਹਾਏ, 1 ਅਪ੍ਰੈਲ (ਮਨਦੀਪ ਸਿੰਘ ਸੋਢੀ) : ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਉਪਰ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ, ਜਿਸ ਨਾਲ ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜ ਪੂਰੀ ਤਰਾਂ ਮੁਕੰਮਲ ਹੋ ਜਾਣਗੇ। ਇਹ ਸ਼ਬਦ ਰੋਹਿਤ ਕੁਮਾਰ ਮੋਂਟੂ ਵੋਹਰਾ ਕੋਆਰਡੀਨੇਟਰ ਸ਼ੋ੍ਰਮਣੀ ਅਕਾਲੀ ਦਲ ਜ਼ਿਲਾ ਫਿਰੋਜ਼ਪੁਰ ਅਤੇ ਪ੍ਰਧਾਨ ਨਗਰ ਕੌਂਸਲ ਗੁਰੂਹਰਸਹਾਏ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨਾਂ ਕਿਹਾ ਕਿ 2016 ਨੂੰ ਵਿਕਾਸ ਦੇ ਵਰੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵਿਕਾਸ ਦੇ ਮੁੱਦੇ 'ਤੇ ਲੜੇਗਾ ਅਤੇ ਤੀਸਰੀ ਵਾਰ ਜਿੱਤ ਦਰਜ ਕਰੇਗਾ। ਉਨਾਂ ਕਿਹਾ ਕਿ ਨਗਰ ਕੌਂਸਲ ਗੁਰੂਹਰਸਹਾਏ ਦਾ ਅਕਾਲੀ ਸਰਕਾਰ ਸਮੇਂ ਹੀ ਪਹਿਲਾਂ ਵੀ ਵਿਕਾਸ ਹੋਇਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਕਰੋੜਾਂ ਰੁਪਏ ਦੀ ਰਾਸ਼ੀ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਨਾਲ ਕਸਬਾ ਗੁਰੂਹਰਸਹਾਏ ਅੰਦਰ ਸੀਵਰੇਜ਼, ਗਲੀਆਂ ਨਾਲੀਆਂ ਦੀਆਂ ਮੁਸ਼ਕਲਾਂ ਮੁਕੰਮਲ ਤੌਰ 'ਤੇ ਹੱਲ ਹੋ ਜਾਣਗੀਆਂ। ਪੰਜਾਬ ਦੇ ਵੱਡੇ ਸ਼ਹਿਰਾਂ ਦੀ ਤਰਾਂ ਕਸਬਾ ਗੁਰੂਹਰਸਹਾਏ ਅੰਦਰ ਵੀ ਕਰੋੜਾਂ ਦੀ ਲਾਗਤ ਨਾਲ ਬਣਿਆ ਏ.ਸੀ.ਬੱਸ ਅੱਡਾ ਬਹੁਤ ਜਲਦ ਜਨਤਾ ਦੇ ਸਪੁਰਦ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਰਨਗੇ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ ਅਤੇ ਸਮੂਹ ਅਕਾਲੀ ਲੀਡਰਸ਼ਿਪ ਵੱਲੋਂ ਹਲਕੇ ਦੇ ਵਿਕਾਸ ਵਾਸਤੇ ਵਿਸ਼ੇਸ਼ ਪਲਾਨਿੰਗ ਕਰਕੇ ਵਿਕਾਸ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਜ਼ਿਲਾ ਕੁਆਰਡੀਨੇਟਰ ਹੋਣ ਦੇ ਨਾਤੇ ਉਹ ਜ਼ਿਲੇ ਦੀ ਪੂਰੀ ਅਕਾਲੀ ਲੀਡਰਸ਼ਿਪ ਨੂੰ ਲਾਮਬੰਦ ਕਰਕੇ ਸਮੁੱਚੇ ਜ਼ਿਲੇ ਦੇ ਵਿਕਾਸ ਲਈ ਇਕ ਜੁਟ ਹੋ ਕੇ ਕੰਮ ਕਰਨ ਲਈ ਮੀਟਿੰਗਾਂ ਕਰ ਰਹੇ ਹਨ, ਜਿਸ ਵਿਚ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਅਕਾਲੀ ਭਾਜਪਾ ਗਠਜੋੜ ਵੱਡੇ ਅੰਤਰ ਨਾਲ ਜਿੱਤੇਗਾ ਕਿਉਂਕਿ ਕਾਂਗਰਸ ਪਾਰਟੀ ਕੋਲ ਕੋਈ ਚੋਣ ਮੁੱਦਾ ਨਹੀਂ ਹੈ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦੀ ਬੁਨਿਆਦ 'ਤੇ ਚੱਲ ਰਹੀ  ਪਾਰਟੀ ਹੈ, ਜਿਸ ਦਾ ਪੰਜਾਬ ਸੂਬੇ ਵਿਚ ਕੋਈ ਵਜੂਦ ਨਹੀਂ।

No comments: