BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕਰਵਾਇਆ ਪੰਜਾਬ ਦਾ ਦੂਜਾ ਮੀਡੀਆ ਕਨਕਲੇਵ

'ਮੀਡੀਆ ਕਨਕਲੇਵ 2016' ਉੱਭਰਦੇ ਪੱਤਰਕਾਰਾਂ ਲਈ ਹੋਇਆ ਲਾਹੇਬੰਦ ਸਿੱਧ
ਜਲੰਧਰ 28 ਅਪ੍ਰੈਲ (ਬਿਊਰੋ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ਾਹਪੁਰ ਕੈਂਪਸ ਵਿੱਚ   ਪੰਜਾਬ ਦਾ ਦੂਜਾ ਮੀਡੀਆ ਕਨਕਲੇਵ ਕਰਵਾਇਆ ਗਿਆ। 'ਧਾਰਨਾ, ਨਵੀਨਤਾ ਅਤੇ ਵਿਕਾਸ' ਵਿਸ਼ੇ ਤਹਿਤ ਕਰਵਾਏ ਇਸ ਕਨਕਲੇਵ ਵਿੱਚ ਮੀਡੀਆ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਸ਼੍ਰੀ ਸਤੀਸ਼ ਜੈਕਬ, ਆਈ.ਬੀ.ਐਨ. 7 ਦੇ ਸੀਨੀਅਰ ਸੰਪਾਦਕ ਸ਼੍ਰੀ ਪ੍ਰਤੀਕ ਤ੍ਰਿਵੇਦੀ ਅਤੇ ਨਿਊਜ਼ ਐਕਸਪ੍ਰੈਸ ਦੀ ਸਾਬਕਾ ਸੰਪਾਦਕ ਅਲਕਾ ਸਕਸੈਨਾ ਨੇ ਪੱਤਰਕਾਰੀ ਅਤੇ ਜਨਸੰਚਾਰ ਦੇ ਵਿਦਿਆਰਥੀਆਂ ਨੂੰ ਮੀਡੀਆ ਖੇਤਰ ਵਿੱਚ ਸੰਭਾਵਨਾਵਾਂ ਅਤੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਬੀ.ਬੀ.ਸੀ.  ਸਮੇਤ ਹੋਰ ਸੰਸਥਾਵਾਂ ਵਿੱਚ ਕੰਮ ਕਰ ਚੁੱਕੇ ਸੀਨੀਅਰ ਪੱਤਰਕਾਰ ਸ਼੍ਰੀ ਸਤੀਸ਼ ਜੈਕਬ ਨੇ ਸਭ ਤੋਂ ਪਹਿਲੇ ਬੁਲਾਰੇ ਵਜੋਂ 'ਪੱਤਰਕਾਰੀ ਅਤੇ ਇਸਦੇ ਸਿਧਾਂਤ' ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਕਿਹਾ ਕਿ ਵਰਤਮਾਨ ਯੁੱਗ ਵਿੱਚ ਪੱਤਰਕਾਰੀ ਸਿਰਫ ਰਿਪੋਰਟਰਾਂ ਦੀ ਭਾਗੀਦਾਰੀ ਹੀ ਨਹੀਂ ਸਗੋਂ ਇਸ ਦੇ ਸਿਧਾਂਤਾਂ ਨੂੰ ਲਾਗੂ ਕਰਨਾ ਅਤੇ ਉਹਨਾਂ ਉੱਤੇ ਅਮਲ ਕਰਨਾ ਵੂੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਮੀਡੀਆ ਇਹਨਾਂ ਸਿਧਾਂਤਾਂ ਉੱਤੇ ਪਹਿਰਾ ਦੇਣ ਦੀ ਬਜਾਏ ਇਸ ਦੇ ਉਲਟ ਚੱਲਣ ਵਿੱਚ  ਭਾਗੀਦਾਰੀ ਰਿਹਾ ਹੈ। ਕਈ ਵਾਰ ਇਹਨਾਂ ਸਿਧਾਂਤਾਂ ਦਾ ਦੁਰਉਪਯੋਗ ਕਰਕੇ ਲੋਕਾਂ ਨੂੰ ਭੜਕਾਇਆ ਵੀ ਜਾਂਦਾ ਰਿਹਾ ਹੈ।
ਕਨਕਲੇਵ ਦੇ ਦੂਜੇ ਸੈਸ਼ਨ 'ਚ ਨਿਊਜ਼ ਐਕਸਪ੍ਰੈਸ ਦੀ ਸਾਬਕਾ ਸੰਪਾਦਕ, ਹਿੰਦੀ ਮੀਡੀਆ ਦੀ ਸੀਨੀਅਰ ਬਰੋਡਕਾਸਟ ਪੱਤਰਕਾਰ ਅਤੇ ਐਡੀਟਰਜ਼ ਗਿਲਡ ਆਫ ਇੰਡੀਆ ਦੀ ਮੈਂਬਰ ਅਲਕਾ ਸਕਸੈਨਾ ਨੇ 'ਸਮੇਂ ਦੇ ਨਾਲ ਪੱਤਰਕਾਰੀ ਵਿੱਚ ਤਬਦੀਲੀਆਂ'  ਵਿਸ਼ੇ 'ਤੇ  ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਪੱਤਰਕਾਰੀ ਖੇਤਰ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ। ਅੱਜ ਆਧੁਨਿਕ ਯੁਗ ਵਿੱਚ ਇੰਟਰਨੈਟ ਦੇ ਜ਼ਰੀਏ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨੂੰ ਕਾਫੀ ਸਹੂਲਤਾਂ ਮਿਲਦੀਆਂ ਹਨ। ਘਰ ਬੈਠਿਆਂ ਹੀ ਦੁਨੀਆ ਦੇ ਕੋਨੇ ਕੋਨੇ ਦੀ ਖ਼ਬਰ ਮਿਲ ਜਾਂਦੀ ਹੈ। ਰਹਿੰਦੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤੀ ਹੈ। ਪੁਰਾਤਨ ਸਮੇਂ ਵਿੱਚ ਖਬਰਾਂ ਮੁੱਖ ਦਫ਼ਤਰ ਵਿੱਚ ਪਹੁੰਚਾਉਣ ਲਈ ਕਈ ਤਰਾਂ ਦੇ ਤਰੱਦਦ ਕਰਨੇ ਪੈਂਦੇ ਸਨ। ਬੱਸ ਡਰਾਈਵਰਾਂ ਜਾਂ ਰੇਲ ਗੱਡੀਆਂ ਰਾਹੀਂ ਖਬਰਾਂ ਅਤੇ ਫੋਟੋਆਂ ਲਿੱਖ ਕੇ ਭੇਜੀਆਂ ਜਾਂਦੀਆਂ ਸਨ, ਜੋ ਕਈ ਵਾਰ ਤਾਂ ਉਸੇ ਦਿਨ ਮਿਲ ਜਾਂਦੀਆਂ ਜਾਂ ਖ਼ਬਰ ਪ੍ਰਕਾਸ਼ਿਤ ਹੋਣ ਨੂੰ ਕਈ ਕਈ ਦਿਨ ਲੱਗ ਜਾਂਦੇ। ਇਸੇ ਤਰਾਂ ਇਲੈਕਟ੍ਰੋਨਿਕ ਮੀਡੀਆ ਵਾਲੇ ਆਪਣੀ ਰਿਕਾਰਡਿੰਗ ਪਹੁੰਚਾਉਂਦੇ ਹੁੰਦੇ ਸਨ। ਪਰ ਹੁਣ ਇਹ ਚੀਜ਼ਾਂ ਕੁਝ ਸਕਿੰਟਾਂ ਦੀ ਖੇਡ ਬਣ ਗਈਆਂ ਹਨ।
ਸਮਾਰੋਹ ਦੇ ਤੀਜੇ ਸੈਸ਼ਨ 'ਚ ਆਈ.ਬੀ.ਐਨ. 7 ਦੇ ਸੀਨੀਅਰ ਸੰਪਾਦਕ ਸ਼੍ਰੀ ਪ੍ਰਤੀਕ ਤ੍ਰਿਵੇਦੀ ਨੇ ''ਸਟਰੀਟ ਸਮਾਰਟ ਦੀ ਧਾਰਨਾ ਮੁੱਦੇ'' 'ਤੇ  ਆਪਣੇ ਵਿਚਾਰ ਪ੍ਰਗਟ ਕਰਦਿਆਂ ਉਹਨਾਂ ਨੇ ਕਿਹਾ ਕਿ ਸਟਰੀਟ ਸਮਾਰਟ ਸਮਾਜ ਵਿੱਚ ਰਹਿੰਦੇ ਹਰ ਇੰਨਸਾਨ ਨੂੰ ਬਣਨਾ ਚਾਹੀਦਾ ਹੈ ਜਿਸ ਨੂੰ ਹਰ ਪੱਖ ਦੀ ਜਾਣਕਾਰੀ ਅਤੇ ਸਮਜ ਹੋਵੇ। ਉਹਨਾਂ ਨੇ ਮੀਡੀਆ ਵਜੋਂ ਆਮ ਜਨਤਾ ਨੂੰ ਸੂਚਿਤ ਅਤੇ ਜਾਗਰੂਕ ਤੇ ਵੀ ਜ਼ੋਰ ਦਿੱਤਾ।
ਇਸ ਕਨਕਲੇਵ ਵਿੱਚ ਉਤਰੀ ਭਾਰਤ ਦੇ ਵੱਖ ਵੱਖ ਕਾਲਜਾਂ ਤੋਂ ਭਵਿੱਖ ਦੇ ਪੱਤਰਕਾਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨਾਂ ਦੇ ਹੱਲ ਬਾਰੇ ਜਾਣਕਾਰੀ ਹਾਸਲ ਕਰਕੇ ਸੀਟੀ ਇੰਸਟੀਚਿਊਸ਼ਨਜ਼ ਦੇ ਇਸ ਉਪਰਾਲੇ ਦਾ ਭਰਪੂਰ ਫਾਇਦਾ ਉਠਾਇਆ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼  ਦੇ ਮੀਡੀਆ ਵਿਭਾਗ ਦੇ ਮੁੱਖੀ ਗੌਰਵ ਖੰਨਾ ਨੇ ਮੁੱਖ  ਬੁਲਾਰਿਆਂ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ 'ਮੀਡੀਆ ਆਮ ਆਦਮੀ ਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਈਵੈਂਟ ਨੇ ਮੀਡੀਆ ਜਗਤ ਵਿੱਚ ਆਉਣ ਦੇ ਚਾਹਵਾਨ ਲੋਕਾਂ ਲਈ ਇੱਕ ਬਹੁਤ ਵੱਡਾ ਪਲੈਟਫਾਰਮ ਮੁਹੱਈਆ ਕਰਵਾਇਆ ਹੈ।
ਇਸ ਮੌਕੇ ਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਮਕਸਦ ਇਸ ਖੇਤਰ ਵਿੱਚ ਸ਼ੁਮਾਰ ਕਰ ਰਹੇ ਨੌਜਵਾਨਾਂ ਨੂੰ ਜਿੱਥੇ ਸਹੀ ਰਾਹ ਦਰਸਾਉਣਾ ਹੈ ਉੱਥੇ ਉਨਾਂ ਨੂੰ ਇਸ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਔਕੜਾਂ ਬਾਰੇ ਪੂਰੀ ਜਾਣਕਾਰੀ ਮਿਲੇ। ਉਨਾਂ ਕਿਹਾ ਕਿ ਇਸ ਮੌਕੇ ਪ੍ਰੱਸਿੱਧ ਵਿਦਵਾਨਾਂ ਨੇ ਸੰਭਾਵਨਾਵਾਂ ਭਰਪੂਰ ਇਸ ਖੇਤਰ ਬਾਰੇ ਬੜੀ ਵਿਸਥਾਰਿਤ ਚਰਚਾ ਕੀਤੀ ਹੈ ਜਿਸ ਤੋਂ ਆਸ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਇਸਦਾ ਪੂਰਾ ਫਾਇਦਾ ਉਠਾਉਣਗੇ।
ਇਸ ਮੌਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਚੰਨੀ ਨੇ ਕਿਹਾ ਕਿ ਅਸੀਂ ਹਰ ਸਮੇਂ ਵਿਦਿਆਰਥੀਆਂ ਲਈ ਕੁਝ ਅਲੱਗ ਪਰ ਪ੍ਰੇਰਣਾਦਾਇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ।  ਇਹ ਮੀਡੀਆ ਕਨਕਲੇਵ ਉਭਰਦੇ ਪੱਤਰਕਾਰਾਂ ਲਈ ਆਪਣਾ ਟੀਚਾ ਪ੍ਰਾਪਤ ਕਰਨ ਲਈ ਮਦਦ ਕਰਨ ਦਾ ਯਤਨ ਹੈ। ਅਸੀਂ ਇਸ ਤਰਾਂ ਦੇ ਹੋਰ ਪ੍ਰੋਗਰਾਮ ਕਰਨਵਾਉਣ ਦਾ ਵਾਅਦਾ ਕਰਦੇ ਹਾਂ। ਇਸ ਕਨਕਲੇਵ ਨੇ ਸਾਡੇ ਪੱਤਰਕਾਰੀ ਅਤੇ ਜੰਨ ਸੰਚਾਰ ਦੇ ਵਿਦਿਆਰਥੀਆਂ ਨੂੰ ਵੀ ਮੀਡੀਆ ਦੇ ਨਵੇਂ ਖੇਤਰਾਂ ਬਾਰੇ ਜਾਣੂ ਕਰਵਾਇਆ ਹੈ।

No comments: