BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ

ਸੂਬਾ ਸਰਕਾਰ ਸਰਬਪੱਖੀ ਵਿਕਾਸ ਲਈ ਵਚਨਬੱਧ
ਖੁਰਾਲਗੜ (ਹੁਸ਼ਿਆਰਪੁਰ), 3 ਅਪਰੈਲ: (ਤਰਸੇਮ ਦੀਵਾਨਾ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਪਵਿੱਤਰ ਇਤਿਹਾਸਕ ਨਗਰ ਖੁਰਾਲਗੜ ਨੂੰ ਵਿਸ਼ਵ ਪੱਧਰੀ ਤੀਰਥ ਅਸਥਾਨ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਗੁਰੂ ਜੀ ਵੱਲੋਂ ਆਪਣੇ ਮਹਾਨ ਜੀਵਨ, ਫਿਲਾਸਫੀ ਅਤੇ ਕਾਰਜਾਂ ਰਾਹੀਂ ਦਿੱਤੀ ਸਿੱਖਿਆ ਅਨੁਸਾਰ ਫਿਰਕੂ ਸਦਭਾਵਨਾ, ਅਮਨ ਸ਼ਾਂਤੀ, ਦਇਆ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਦਾ ਪਾਸਾਰ ਕੀਤਾ ਜਾ ਸਕੇ। ਅੱਜ ਇੱਥੇ ਉਪ ਮੁੱਖ ਮੰਤਰੀ, ਸੰਤਾਂ-ਮਹਾਪੁਰਖਾਂ ਤੇ ਧਾਰਮਿਕ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਉਪਰੰਤ ਮੁੱਖ ਮੰਤਰੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਨੇ ਆਪਣੇ ਅਮੀਰ ਵਿਰਸੇ ਨੂੰ ਮੂਰਤੀਮਾਨ ਕਰਨ ਲਈ ਬਹੁਤ ਵੱਡੇ ਪੱਧਰ 'ਤੇ ਯਾਦਗਾਰਾਂ ਦਾ ਨਿਰਮਾਣ ਕਰਵਾਇਆ ਹੈ ਜਿਨਾਂ ਵਿਚ ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕ ਤੀਰਥ ਵਰਗੀਆਂ ਮਹੱਤਵਪੂਰਨ ਯਾਦਗਾਰਾਂ ਸ਼ਾਮਲ ਹਨ। ਉਨਾਂ ਕਿਹਾ ਕਿ ਪੰਜਾਬੀਆਂ ਦਾ ਬਹੁਤ ਅਮੀਰ ਵਿਰਸਾ ਹੈ ਅਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਪੰਜਾਬੀਆਂ ਦੀ ਬਹੁਤ ਵੱਡੀ ਦੇਣ ਸਦਕਾ ਅਤੇ ਮੁਲਕ ਦੀ ਰੱਖਿਆ ਲਈ ਸਾਡੇ ਬਹਾਦਰ ਸੈਨਿਕਾਂ ਦੇ ਮਹਾਨ ਯੋਗਦਾਨ ਨੂੰ ਸਮਰਪਿਤ ਕਰਤਾਰਪੁਰ (ਜਲੰਧਰ) ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਜੰਗੀ ਨਾਇਕ ਯਾਦਗਾਰ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਅਮੀਰ ਵਿਰਸੇ ਦੀ ਸੰਭਾਲ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ। ਸ. ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸਭਿਆਚਾਰ ਅਤੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਹਨ, ਅਜਿਹੀਆਂ ਕੌਮਾਂ ਦਾ ਨਾਮੋ-ਨਿਸ਼ਾਨ ਹੀ ਮਿਟ ਜਾਂਦਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਯਾਦਗਾਰ ਸ੍ਰੀ ਗੁਰੂ ਰਵਿਦਾਸ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨਾਂ ਦਾ ਮਹਾਨ ਜੀਵਨ ਤੇ ਸਿੱਖਿਆਵਾਂ ਲੋਕਾਈ ਲਈ ਚਾਨਣ ਮੁਨਾਰੇ ਵਾਂਗ ਹਨ। ਸ. ਬਾਦਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਨ ਅਧਿਆਤਮਕ ਦੂਤ ਅਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਸਨ ਜਿਨਾਂ ਨੇ ਸਾਨੂੰ ਨੇਕ ਜੀਵਨ ਜਿਉਣ ਦਾ ਮਾਰਗ ਦਿਖਾਇਆ ਅਤੇ ਉਨਾਂ ਦਾ ਜੀਵਨ ਤੇ ਫਿਲਾਸਫੀ ਬਰਾਬਰੀ ਵਾਲੇ ਸਮਾਜ ਬਾਰੇ ਮਾਨਵਤਾ ਨੂੰ ਸੇਧ ਦੇਣ ਲਈ ਅਜੋਕੇ ਸਮੇਂ ਵਿੱਚ ਵੀ ਉਨੀਂ ਹੀ ਸਾਰਥਕ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯਾਦਗਾਰ ਸ਼ਿਲਪਕਾਰੀ ਦਾ ਅਚੰਭਾ ਹੋਵੇਗੀ ਜਿਸ ਵਿਚ 10,000 ਸ਼ਰਧਾਲੂਆਂ ਦੀ ਸਮਰਥਾ ਦੀ ਇਕੱਤਰਤਾ ਵਾਲਾ ਇਕ ਹਾਲ ਅਤੇ ਉੱਚ ਦਰਜੇ ਦਾ ਆਡੀਟੋਰੀਅਮ ਵੀ ਹੋਵੇਗਾ ਜਿਸ ਵਿਚ ਹਰੇਕ ਤਰਾਂ ਦੀ ਆਧੁਨਿਕ ਤਕਨੀਕ ਮੁਹੱਈਆ ਹੋਵੇਗੀ ਜਿਸ ਰਾਹੀਂ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਤੇ ਸਿੱਖਿਆਵਾਂ ਨੂੰ ਮੂਰਤੀਮਾਨ ਕੀਤਾ ਜਾਵੇਗਾ। ਆਡੀਟੋਰੀਅਮ ਵਿਚ ਕਿਸੇ ਵੀ ਸਮਾਗਮ ਦੌਰਾਨ 500 ਸ਼ਰਧਾਲੂਆਂ ਦੇ ਬੈਠਣ ਦੀ ਜਗਾ ਹੋਵੇਗੀ। ਇਸ ਵਿਸ਼ਵ ਪੱਧਰੀ ਯਾਦਗਾਰ ਦੀ ਖਾਸੀਅਤ 151 ਫੁੱਟ ਉਚਾ 'ਮਿਨਾਰ-ਏ-ਬੇਗਮਪੁਰਾ' ਦਾ ਢਾਂਚਾ ਹੋਵੇਗਾ। ਸਮਾਜ ਦੇ ਗਰੀਬ ਤੇ ਕਮਜ਼ੋਰ ਤਬਕਿਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਿਰਫ ਅਕਾਲੀ-ਭਾਜਪਾ ਗਠਜੋੜ ਸਰਕਾਰ ਹੀ ਇਨਾਂ ਲੋਕਾਂ ਦੇ ਹੱਕਾਂ ਦੀ ਸਹੀ ਮਾਅਨਿਆਂ ਵਿਚ ਤਰਜ਼ਮਾਨੀ ਕਰਨ ਵਾਲੀ ਸਰਕਾਰ ਹੈ। ਉਨਾਂ ਕਿਹਾ ਕਿ ਗਰੀਬ ਲੋਕਾਂ ਨੂੰ ਮਿਆਰੀ ਜੀਵਨ ਦੇਣ ਲਈ ਸਰਕਾਰ ਨੇ ਆਟਾ-ਦਾਲ, ਸ਼ਗਨ ਸਕੀਮ, ਪੈਨਸ਼ਨ ਅਤੇ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਰਗੇ ਗਰੀਬ ਪੱਖੀ ਉਪਰਾਲੇ ਸ਼ੁਰੂ ਕੀਤੇ ਹਨ। ਸ. ਬਾਦਲ ਨੇ ਕਿਹਾ ਕਿ ਦੂਜੇ ਪਾਸੇ ਕਾਂਗਰਸ ਵਰਗੀਆਂ ਸਿਆਸੀ ਪਾਰਟੀਆਂ ਨੇ ਇਨਾਂ ਵਰਗਾਂ ਨੂੰ ਸਿਰਫ ਆਪਣੇ ਵੋਟ ਬੈਂਕ ਵਜੋਂ ਵਰਤ ਕੇ ਸੋਸ਼ਣ ਕੀਤਾ ਹੈ ਜਦਕਿ ਇਨਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੱਖ ਵੀ ਨਹੀਂ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਯਾਦਗਾਰ ਦੀ ਸਥਾਪਨਾ ਕਰਨੀ ਸੂਬਾ ਸਰਕਾਰ ਵੱਲੋਂ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਜਿਨਾਂ ਨੇ 'ਬੇਗਮਪੁਰਾ' (ਚਿੰਤਾਵਾਂ ਤੋਂ ਮੁਕਤ ਨਗਰ) ਦਾ ਸੰਕਲਪ ਲਿਆ ਸੀ। ਸ. ਬਾਦਲ ਨੇ ਪਿੰਡ ਖੁਰਾਲਗੜ ਅਤੇ ਬੱਸੀ ਵਿਚ ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੜਕਾਂ ਅਤੇ ਸੀਵਰੇਜ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ  ਲਈ ਦੋ ਕਰੋੜ ਰੁਪਏ ਵਿਕਾਸ ਗ੍ਰਾਂਟ ਵਜੋਂ ਦੇਣ ਦਾ ਐਲਾਨ ਕੀਤਾ। ਸ. ਬਾਦਲ ਨੇ ਆਖਿਆ ਕਿ ਗੁਰੂ ਰਵਿਦਾਸ ਜੀ ਨੇ ਇਸ ਪਵਿੱਤਰ ਅਸਥਾਨ 'ਤੇ ਚਾਰ ਸਾਲ ਤੇ ਦੋ ਮਹੀਨੇ ਤੋਂ ਵੱਧ ਸਮਾਂ ਭਗਤੀ ਕੀਤੀ। ਉਨਾਂ ਕਿਹਾ ਕਿ ਇਸ ਅਸਥਾਨ ਨੂੰ ਵਿਸ਼ਵ ਪੱਧਰ ਦੇ ਕੇਂਦਰ ਵਜੋਂ ਵਿਕਸਤ ਕਰਨਾ ਹੈ ਤਾਂ ਕਿ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਫਿਲਾਸਫੀ ਦਾ ਪ੍ਰਚਾਰ ਅਤੇ ਪਾਸਾਰ ਕੀਤਾ ਜਾ ਸਕੇ। ਸ. ਬਾਦਲ ਨੇ ਉਮੀਦ ਪ੍ਰਗਟਾਈ ਕਿ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਇਸ ਅਸਥਾਨ 'ਤੇ ਇਕੱਠੇ ਹੋ ਕੇ ਮਹਾਨ ਅਧਿਆਤਮਕ ਦੂਤ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਿਆ ਕਰਨਗੇ ਜਿਨਾਂ ਨੇ ਸਮੁੱਚੀ ਮਨੁੱਖਤਾ ਨੂੰ ਸਮਾਜ ਵਿਚੋਂ ਛੂਤ-ਛਾਤ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਪਰਮਾਤਮਾ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ ਸੀ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਾਜ ਅੰਦਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਨਾਉਣ ਲਈ ਅਤੇ ਪੰਜਾਬ ਦੇ ਮਾਣਾਮੱਤੇ ਤੇ ਧਰਮ ਨਿਰਪੱਖ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਉਨਤੀ ਲਈ ਸੂਬੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਇਤਿਹਾਸ ਉਨਾਂ ਕੌਮਾਂ ਨੂੰ ਭੁਲਾ ਦਿੰਦਾ ਹੈ ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿੱਥੇ ਸੂਬੇ ਅੰਦਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਰਾਜ ਅੰਦਰ ਅਮਨ, ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਿਆ ਹੈ ਉਥੇ ਹਰੇਕ ਧਰਮ ਅਤੇ ਫਿਰਕੇ ਦੇ ਲੋਕਾਂ ਨਾਲ ਸਬੰਧਤ ਮੌਕਿਆਂ ਅਤੇ ਤਿਉਹਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਨਾਇਆ ਹੈ ਉਨਾਂ ਕਿਹਾ ਕਿ ਜਿਸ ਤਰਾਂ ਦੀ ਸਹੂਲਤਾਂ ਮੁੱਖ ਮੰਤਰੀ ਬਾਦਲ ਸਾਹਿਬ ਨੇ ਕਿਸਾਨਾਂ, ਵਪਾਰੀਆਂ ਅਤੇ ਹੋਰ ਲੋੜਵੰਦਾਂ ਨੂੰ ਦਿੱਤੀਆਂ ਹਨ ਉਹੋ ਜਿਹੀਆਂ ਯੋਜਨਾਵਾਂ ਕੋਈ ਹੋਰ ਸੂਬਾ ਆਪਣੇ ਮਿਹਨਤਕਸ਼ ਅਤੇ ਲੋੜਵੰਦ ਨਾਗਰਿਕਾਂ ਲਈ ਸ਼ੁਰੂ ਵੀ ਨਹੀਂ
ਕਰ ਸਕਿਆ।
ਉਪ ਮੱਖ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦਾ ਨਿਰਮਾਣ 110 ਕਰੋੜ ਰੁਪਏ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੋਣ ਉੱਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇਥੇ  ਆ ਕੇ ਸਰਬਵਿਆਪੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਲੈ ਸਕਣਗੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਲਈ ਕਈ ਸਮਾਰਕ ਤੇ ਯਾਦਗਾਰਾਂ ਸਥਾਪਤ ਕਰਦਿਆਂ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਰਮਾਂ ਤੇ ਫਿਰਕਿਆਂ ਦੇ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਮੁਖ ਮੰਤਰੀ ਤੀਰਥ ਦਰਸ਼ਨ ਯਾਤਰਾ ਰਾਹੀਂ ਸ਼ਰਧਾਲੂਆਂ ਨੂੰ ਮੁਫ਼ਤ ਵਿੱਚ ਉਨਾਂ ਦੇ ਦੂਰ-ਦਰਾਡੇ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਅਤੇ ਇਸ ਦੌਰਾਨ ਉਨਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਤਰਫੋਂ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋੜਵੰਦਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦੇਣ, ਆਟਾ-ਦਾਲ ਯੋਜਨਾ, ਸ਼ਗਨ ਸਕੀਮ ਆਦਿ ਤੋਂ ਇਲਾਵਾ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਲੀ ਮੁਫਤ ਸਿਹਤ ਤੇ ਜੀਵਨ ਬੀਮਾ ਦੀ ਸਹੂਲਤ ਦਿੱਤੀ ਗਈ ਹੈ ਜਿਸ ਤਹਿਤ 50000 ਰੁਪਏ ਤੱਕ ਦਾ ਇਲਾਜ ਅਤੇ 1 ਲੱਖ ਰੁਪਏ ਦਾ ਜੀਵਨ ਬੀਮਾ ਮੁਹੱਈਆ ਕੀਤਾ ਜਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਆਪਣੀ ਤਰਾਂ ਦੇ ਪਹਿਲੇ ਉਪਰਾਲੇ ਤਹਿਤ ਪੰਜਾਬ ਦੇਸ਼ ਦਾ ਇਕਲੌਤਾ ਐਸਾ ਸੂਬਾ ਹੈ ਜੋ ਆਪਣੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਤੋਂ ਇਲਾਵਾ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਅਖਵਾਉਣ ਦਾ ਮਾਣ ਹਾਸਿਲ ਕਰਦਾ ਹੈ ਨੌਜਵਾਨਾਂ ਦੇ ਹੁਨਰ ਵਿਕਾਸ ਉੱਤੇ ਜੋਰ ਦਿੰਦਿਆਂ, ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਭਰ ਵਿੱਚ 200 ਹੁਨਰ ਸਿਖਲਾਈ ਕੇਂਦਰ ਸਥਾਪਤ ਕਰਨ ਜਾ ਰਹੀ ਹੈ ਅਤੇ ਹਰੇਕ ਬਲਾਕ ਵਿੱਚ ਸਥਾਪਤ ਹੋਣ ਵਾਲੇ ਇਸ ਹੁਨਰ ਵਿਕਾਸ ਕੇਂਦਰ ਵਿੱਚ 1000 ਦੇ ਕਰੀਬ ਨੌਜਵਾਨ ਸਿਖਲਾਈ ਹਾਸਿਲ ਕਰ ਸਕਣਗੇ ਉਨਾਂ ਕਿਹਾ ਕਿ ਇੰਨਾ ਸਿਖਲਾਈ ਕੇਂਦਰਾਂ ਵਿੱਚ ਆਧੁਨਿਕ ਸਨਅਤ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਖਲਾਈ ਦਿੱਤੀ ਜਾਵੇਗੀ ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਉਂਦੇ 6 ਮਹੀਨਿਆਂ ਵਿੱਚ 1.20 ਲੱਖ ਸਰਕਾਰੀ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ।
ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਆਖਿਆ ਕਿ ਸਮੁੱਚਾ ਦਲਿਤ ਭਾਈਚਾਰਾ ਸੂਬਾ ਸਰਕਾਰ ਦਾ ਹਮੇਸ਼ਾ ਰਿਣੀ ਰਹੇਗਾ ਕਿਉਂ ਜੋ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਿਲਾਸਫੀ ਦੇ ਪਾਸਾਰ ਲਈ ਇਹ ਇਤਿਹਾਸਕ ਕਦਮ ਚੁੱਕਿਆ ਹੈ। ਉਨਾਂ ਕਿਹਾ ਕਿ ਕੇਂਦਰ ਵਿਚ ਐਨ.ਡੀ.ਏ ਸਰਕਾਰ ਅਤੇ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਨਿਵੇਕਲੇ ਉਪਰਾਲੇ ਲਈ ਸਮੁੱਚਾ ਦਲਿਤ ਭਾਈਚਾਰਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਅਤੇ ਆਉਂਦੀਆਂ ਚੋਣਾਂ ਵਿਚ ਭਾਈਚਾਰੇ ਵੱਲੋਂ ਗਠਜੋੜ ਦੀ ਹਮਾਇਤ ਕਰਕੇ ਇਹ ਕਰਜ਼ ਲਾਇਆ ਜਾਵੇਗਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਗੁਰੂ ਜੀ ਨੇ ਧਰਮ ਨਿਰਪੱਖ ਤੇ ਬਰਾਬਰੀ ਵਾਲੇ ਸਮਾਜ ਦਾ ਸੰਕਲਪ ਲਿਆ ਸੀ। ਉਨਾਂ ਕਿਹਾ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਅਤੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲੀਹੋਂ ਹਟਵੇਂ ਕਦਮ ਚੁੱਕੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਕਈ ਯਾਦਗਾਰਾਂ ਦੀ ਸਥਾਪਨਾ ਕਰਕੇ ਮੁੱਖ ਮੰਤਰੀ ਨੇ ਪੰਜਾਬ ਦੇ ਅਮੀਰ ਵਿਰਸੇ ਦੇ ਪਾਸਾਰ ਲਈ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਨਤਮਸਤਕ ਹੋਏ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਤੇ ਸ. ਜਨਮੇਜਾ ਸਿੰਘ ਸੇਖੋਂ, ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਅਵਿਨਾਸ਼ ਚੰਦਰ, ਚੌਧਰੀ ਨੰਦ ਲਾਲ, ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼ ਤੇ ਸ੍ਰੀ ਸੋਮ ਪ੍ਰਕਾਸ਼, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਵਿਧਾਇਕ ਹਲਕਾ ਗੜਸ਼ੰਕਰ ਸ. ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਵਿਧਾਇਕ ਸ. ਹਰਪ੍ਰੀਤ ਸਿੰਘ, ਬੀਬੀ ਜਗੀਰ ਕੌਰ, ਸ੍ਰੀ ਮਨੋਰੰਜਨ ਕਾਲੀਆ, ਸ. ਸਰਵਣ ਸਿੰਘ ਫਿਲੌਰ, ਬੀਬੀ ਸੁਖਜੀਤ ਕੌਰ ਸਾਹੀ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ, ਪ੍ਰਮੁੱਖ ਸਕੱਤਰ ਸੈਰ ਸਪਾਟਾ ਸ੍ਰੀਮਤੀ ਅੰਜਲੀ ਭਾਵੜਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਦਲਿਤ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਦਾਨਵ, ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਤੀਕਾਏ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਲਾਲ ਭਗਤ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ, ਜ਼ਿਲਾ ਪੁਲਿਸ ਮੁਖੀ ਸ੍ਰੀ ਕੇ.ਐਸ. ਚਾਹਲ ਅਤੇ ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸ. ਸਰਬਜੋਤ ਸਿੰਘ ਸਾਬੀ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਵਿੰਦਰ ਠੰਡਲ ਤੋਂ ਇਲਾਵਾ ਹੋਰ ਵੀ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

No comments: