BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਅਨਾਥ ਬੱਚਿਆਂ ਦੀ ਸਹਾਇਤਾ ਲਈ ਵਚਨਬੱਧ-ਖੰਨਾ

  • ਜ਼ਿਲੇ ਦੇ 105 ਅਨਾਥ ਬੱਚਿਆਂ ਨੂੰ ਮਿਲੇਗੀ ਪੈਨਸ਼ਨ ਦੀ ਸਹੂਲਤ
  • ਅਵਿਨਾਸ਼ ਰਾਏ ਖੰਨਾ ਨੇ ਜਾਰੀ ਕੀਤੇ ਪੈਨਸ਼ਨ ਸਰਟੀਫਿਕੇਟ
ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਰਾਜ ਸਭਾ ਮੈਂਬਰ ਅਤੇ ਵਾਈਸ ਚੇਅਰਮੈਨ ਇੰਡੀਅਨ ਰੈਡ ਕਰਾਸ ਸੁਸਾਇਟੀ ਅਵਿਨਾਸ਼ ਰਾਏ ਖੰਨਾ ਨੇ ਜ਼ਿਲਾ ਬਾਲ ਸੁਰੱਖਿਆ ਵਲੋਂ ਸਰਵੇ ਦੌਰਾਨ ਮਿਲੇ 105 ਅਨਾਥ ਬੱਚਿਆਂ ਨੂੰ ਪੈਨਸ਼ਨ ਜਾਰੀ ਕਰਨ ਦੇ ਸਰਟੀਫਿਕੇਟ ਜਾਰੀ ਕੀਤੇ। ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸ਼੍ਰੀ ਖੰਨਾ ਨੂੰ ਬੁੱਕੇ ਭੇਂਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੌਜੂਦ ਅਨਾਥ ਬੱਚਿਆਂ ਨਾਲ ਆਏ ਉਨਾਂ ਦੇ ਰਿਸ਼ਤੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਖੰਨਾ ਨੇ ਕਿਹਾ ਕਿ ਸਰਕਾਰ ਅਨਾਥ ਬੱਚਿਆਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਹੁਣ ਬੱਚਿਆਂ ਨੂੰ 500 ਰੁਪਏ ਪ੍ਰਤੀ ਮਹੀਨਾ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਕਿਹਾ ਕਿ ਇਸ ਰਾਸ਼ੀ ਦੇ ਨਾਲ ਜ਼ਿਆਦਾ ਤਾਂ ਨਹੀਂ, ਪਰ ਥੋੜਾ ਜਿਹਾ ਭਾਰ ਤਾਂ ਬੱਚਿਆਂ ਦੇ ਰਿਸ਼ਤੇਦਾਰਾਂ ਤੋਂ ਘਟੇਗਾ। ਉਨਾਂ ਕਿਹਾ ਕਿ ਸਰਕਾਰ ਹਰ ਤਰਾਂ ਦੇ ਨਾਲ ਇਨਾਂ ਅਨਾਥ ਬੱਚਿਆਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਅਨਾਥ ਬੱਚੇ ਦੇ ਰਿਸ਼ਤੇਦਾਰ ਨੂੰ ਇਹ ਲੱਗਦਾ ਹੈ ਕਿ ਬੱਚੇ ਦਾ ਪਾਲਣ-ਪੋਸ਼ਣ ਕਿਸੇ ਵੀ ਕਾਰਨ ਨਹੀਂ ਕਰ ਸਕਦਾ ਤਾਂ, ਬੇਝਿਜਕ ਹੋ ਕੇ ਦੱਸਿਆ ਜਾਵੇ। ਉਨਾਂ ਕਿਹਾ ਕਿ ਇਸ ਸਮੱਸਿਆ 'ਤੇ ਬੱਚੇ ਦਾ ਖਾਣ-ਪੀਣ, ਰਹਿਣ-ਸਹਿਣ ਅਤੇ ਪੜਾਈ ਦਾ ਖਰਚ ਸਰਕਾਰ ਵਲੋਂ ਚੁੱਕਿਆ ਜਾਵੇਗਾ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਇਸ ਤਰਾਂ ਦਾ ਬੱਚਾ ਮਿਲਦਾ ਹੈ ਤਾਂ ਇਸਦੀ ਸੂਚਨਾ ਜ਼ਿਲਾ ਬਾਲ ਸੁਰੱਖਿਆ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ। ਉਨਾਂ ਕਿਹਾ ਕਿ ਇਹ ਬੱਚੇ ਦੇਸ਼ ਦਾ ਧਨ ਹਨ ਅਤੇ ਇਨਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਹੈ। ਸ਼੍ਰੀ ਖੰਨਾ ਨੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਜੇ ਉਨਾਂ ਨੂੰ ਗੂੰਗੇ ਜਾਂ ਬੋਲੇ ਬੱਚੇ ਮਿਲਦੇ ਹਨ ਤਾਂ ਅਜਿਹੇ ਬੱਚਿਆਂ ਨੂੰ ਵਿਸ਼ੇਸ਼ ਪੜਾਈ ਦੀ ਲੋੜ ਹੁੰਦੀ ਹੈ, ਇਸ ਲਈ ਉਨਾਂ ਨੂੰ ਪਟਿਆਲਾ ਵਿਖੇ ਖੋਲੇ ਵਿਸ਼ੇਸ਼ ਸਕੂਲ ਵਿਚ ਭੇਜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਮੰਦਬੁੱਧੀ ਬੱਚਾ ਮਿਲਣ ਦੀ ਸੂਰਤ ਵਿਚ ਉਸਨੂੰ ਆਸ਼ਾ ਕਿਰਨ ਸਕੂਲ, ਹੁਸ਼ਿਆਪੁਰ ਵਿਖੇ ਭੇਜਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਵਿਭਾਗ ਵਲੋਂ ਪਿੰਡ ਘਾਗੋਂ ਦੇ ਇਕ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ, ਹਾਰਟਾ ਬੱਡਲਾ ਵਿਚ ਇਕ ਗੂੰਗੀ-ਬੋਲੀ ਬੱਚੀ ਨੂੰ ਸੁਣਨ ਵਾਲੀ ਮਸ਼ੀਨ ਦੀ ਸਹਾਇਤਾ, ਓਪ੍ਰੇਸ਼ਨ ਸਮਾਈਲ ਦੌਰਾਨ ਦੋ ਗੁਆਚੇ ਬੱਚਿਆਂ ਨੂੰ ਚਿਲਡਰਨ ਹੋਮ, ਪਿੰਡ ਚੱਕੇਵਾਲ ਦੇ ਲੋੜਵੰਦ ਬੱਚਿਆਂ ਨੂੰ ਪੈਨਸ਼ਨ ਲਗਾਉਣ ਤੋਂ ਇਲਾਵਾ ਐਨ.ਜੀ.ਓ ਬਾਲ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਤਿੰਨ ਬੱਚਿਆਂ ਨੂੰ ਸਟੇਸ਼ਨਰੀ ਦੀ ਸੁਵਿਧਾ, ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਦੋ ਬੱਚਿਆਂ ਨੂੰ ਵੈਸਟ ਬੰਗਾਲ ਅਤੇ ਯੂ.ਪੀ ਦੇ ਚਾਰ ਬੱਚਿਆਂ ਨੂੰ ਉਨਾਂ ਦੇ ਪਰਿਵਾਰਾਂ ਦੇ ਸਪੁਰਦ ਕੀਤਾ ਗਿਆ। ਉਨਾਂ ਕਿਹਾ ਕਿ ਜੇਲਾਂ ਵਿਚ ਲੰਬੀ ਸਜ਼ਾ ਕੱਟ ਰਹੇ ਕੈਦੀਆਂ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਈਮਰੀ) ਸ਼੍ਰੀ ਬਲਵੀਰ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਜਗਦੀਸ਼ ਮਿਤਰ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।

No comments: