BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲਿਆਂ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਸੁਖਬੀਰ ਸਿੰਘ ਬਾਦਲ

  • 11 ਲੱਖ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ
  • ਕਿਸਾਨਾਂ ਨੂੰ ਮੁਫ਼ਤ ਬਿਜਲੀ ਸਹੁਲਤ ਤਹਿਤ ਸਲਾਨਾ ਦਿੱਤੀ ਜਾ ਰਹੀ ਹੈ 5600 ਕਰੋੜ ਦੀ ਸਬਸਿਡੀ
  • ਛੋਟੇ ਕਿਸਾਨਾਂ ਲਈ ਵਿਆਜ ਰਹਿਤ ਕਰਜ ਦੀ ਸਹੁਲਤ, ਕਿਸਾਨਾਂ ਲਈ ਸ਼ੁਰੂ ਹੋਵੇਗੀ ਪੈਨਸ਼ਨ ਸਕੀਮ
  • 1.2 ਲੱਖ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ
  • 1 ਲੱਖ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਹੁਨਰ ਸਿਖਲਾਈ
ਗੁਰੂਹਰਸਹਾਏ, (ਫਿਰੋਜ਼ਪੁਰ),  11 ਅਪ੍ਰੈਲ (ਮਨਦੀਪ ਸੋਢੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਸਰਹੱਦੀ ਜ਼ਿਲਿਆਂ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਅਕਾਲੀ ਭਾਜਪਾ ਸਰਕਾਰ ਇੰਨਾਂ ਜ਼ਿਲਿਆਂ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੁਲਤਾਂ ਉਪਲਬੱਧ ਕਰਵਾਉਣ ਲਈ ਦ੍ਰਿੜ ਸਕੰਲਪਿਤ ਹੈ।
ਅੱਜ ਇੱਥੋਂ ਦੇ ਰਿਜੀ ਰਿਜੋਰਟ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸੂਬੇ ਦੇ ਕਿਸਾਨਾਂ ਲਈ ਸ਼ੁਰੂਆਤ ਕਰਨ ਲਈ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਦੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੇ ਪਹੀਏ ਨੂੰ ਤੇਜ ਰੱਖਦੇ ਹੋਏ ਨਾਲ ਦੀ ਨਾਲ ਸਮਾਜ ਦੇ ਲੋੜਵੰਦ ਵਰਗਾਂ ਲਈ ਸਮਾਜ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨਾਂ ਨੇ ਕਿਹਾ ਕਿ ਇਸ ਸਿਹਤ ਬੀਮਾ ਯੋਜਨਾ ਤਹਿਤ ਰਾਜ ਦੇ 11 ਲੱਖ ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਇਹ ਕਿਸਾਨ ਪਰਿਵਾਰ ਇਸ ਯੋਜਨਾ ਤਹਿਤ ਜਾਰੀ ਸਮਾਰਟ ਕਾਰਡ ਰਾਹੀਂ ਸਲਾਨਾ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਤੋਂ ਬਿਨਾਂ ਕਿਸੇ ਦੁਰਘਟਨਾ ਵਿਚ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਤੇ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਵੀ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪ੍ਰੀਮਿਅਮ ਮੰਡੀ ਬੋਰਡ ਵਲੋਂ ਅਦਾ ਕੀਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਹੁਣ ਤੱਕ 153 ਮਾਰਕਿਟ ਕਮੇਟੀਆਂ ਵੱਲੋਂ 7 ਲੱਖ ਕਿਸਾਨਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਿਨਾਂ ਨੀਲਾ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ ਅਤੇ ਉਸਾਰੀ ਕਿਰਤੀਆਂ ਨੂੰ ਵੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭ ਦਿੱਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਭਲਾਈ ਸਕੀਮਾਂ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਆਦਿ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਹੀ ਤਰਾਂ ਰਾਜ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਸਲਾਨਾ 5600 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ 32 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬਿਜਲੀ ਦਿੱਤੀ ਜਾ ਚੁੱਕੀ ਹੈ। ਇਸੇ ਤਰਾਂ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿਚ ਫੈਸਲਾ ਕੀਤਾ ਗਿਆ ਹੈ ਕਿ ਛੋਟੇ ਕਿਸਾਨਾਂ ਨੂੰ 50 ਹਜਾਰ ਰੁਪਏ ਤੱਕ ਦਾ ਵਿਆਜ ਰਹਿਤ ਕਰਜ ਮੁਹਈਆ ਕਰਵਾਇਆ ਜਾਵੇਗਾ। ਇਸੇ ਤਰਾਂ ਉਨਾਂ ਨੇ ਕਿਹਾ ਕਿ 2.5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਲਈ ਸਰਕਾਰ ਵੱਲੋਂ ਟਿਊਬਵੇਲ ਕੁਨੈਕਸ਼ਨ ਖੋਲ ਦਿੱਤੇ ਗਏ ਹਨ। ਇਸ ਸਾਲ ਰਾਜ ਵਿਚ 1.65 ਲੱਖ ਤੋਂ ਜਿਆਦਾ ਟਿਊਬਵੇਲ ਕੁਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ। ਇਸੇ ਤਰਾਂ ਕਿਸਾਨਾਂ ਲਈ ਪੈਨਸ਼ਨ ਸਕੀਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਬੁਢਾਪੇ ਵਿਚ ਕਿਸਾਨਾਂ ਨੂੰ ਪੈਨਸ਼ਨ ਮਿਲ ਸਕੇਗੀ।
ਸ: ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮਾਜ ਭਲਾਈ ਦੇ ਨਾਲ ਨਾਲ ਰਾਜ ਦੇ ਵਿਕਾਸ ਨੂੰ ਵੀ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸ ਲਈ ਇਸ ਸਾਲ ਸੂਬੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਤੇ 10 ਹਜਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਹਰੇਕ ਵਿਧਾਨ ਸਭਾ ਹਲਕੇ ਵਿਚ 25 ਤੋਂ 30 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ।
ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਇਸ ਸਾਲ 1.20 ਲੱਖ ਸਰਕਾਰੀ ਨੌਕਰੀਆਂ ਦੀ ਭਰਤੀ ਕਰਨ ਜਾ ਰਹੀ ਹੈ ਜਦ ਕਿ ਨੌਜਵਾਨਾਂ ਨੂੰ ਸਵੈ ਰੁਜਗਾਰ ਦੇ ਯੋਗ ਬਣਾਉਣ ਲਈ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਜਿਸ ਤਹਿਤ ਇਸ ਸਾਲ 1 ਲੱਖ ਨੌਜਵਾਨਾਂ ਨੂੰ ਕਿੱਤਾ ਸਿਖਲਾਈ ਦਿੱਤੀ ਜਾਵੇਗੀ ਜਦ ਕਿ ਅਗਲੇ ਸਾਲ ਤੋਂ ਹਰ ਸਾਲ 2 ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇਗੀ। ਸਰਹੱਦੀ ਖੇਤਰ ਵਿਚ ਵਿਕਾਸ ਨੂੰ ਤਰਜੀਹ ਦੇਣ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਹੁਨਰ ਸਿਖਲਾਈ ਕੇਂਦਰ ਖੋਲਣ ਨੂੰ ਹੋਰ ਤਰਜੀਹ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਰਾਜ ਸਰਕਾਰ ਸਰਹੱਦੀ ਜ਼ਿਲਿਆਂ ਨੇ ਨਾਂਅ ਨਾਲੋਂ ਪਿਛੜੇ ਸ਼ਬਦ ਦਾ ਠੱਪਾ ਲਾਹ ਦੇਵੇਗੀ ਅਤੇ ਇੰਨਾਂ ਜ਼ਿਲਿਆਂ ਦੇ ਵਿਕਾਸ ਨੂੰ ਨਵੀਂਆਂ ਉਚਾਈਆਂ ਤੇ ਲਿਜਾਇਆ ਜਾਵੇਗਾ।
ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਹੁਣ ਵੀ ਪਿੱਛਲੇ 9 ਸਾਲਾਂ ਵਿਚ ਰਾਜ ਹਰ ਖੇਤਰ ਵਿਚ ਤਰੱਕੀ ਕਰਕੇ ਦੇਸ਼ ਵਿਚੋਂ ਮੋਹਰੀ ਸੂਬਾ ਬਣ ਕੇ ਉਭਰਿਆ ਹੈ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਆਪਣੇ ਕਰ ਕਮਲਾਂ ਨਾਲ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਤਕਸੀਮ ਕੀਤੇ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ: ਵਰਦੇਵ ਸਿੰਘ ਮਾਨ ਨੇ ਉਪ ਮੁੱਖ ਮੰਤਰੀ ਨੂੰ ਗੁਰੂਹਰਸਹਾਏ ਵਿਚ ਪੁੱਜਣ ਤੇ ਜੀ ਆਇਆਂ ਨੂੰ ਆਖਿਆ ਅਤੇ ਦੱਸਿਆ ਕਿ ਇਸ ਯੋਜਨਾ ਨਾਲ ਕਿਸਾਨਾਂ ਨੂੰ ਵੱਡੀ ਸਹੁਲਤ ਹੋਵੇਗੀ ਅਤੇ ਯੋਜਨਾ ਤਹਿਤ ਅਧਿਸੂਚਿਤ ਹਸਪਤਾਲਾਂ ਵਿਚ ਭਰਤੀ ਹੋ ਕੇ 50 ਹਜਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਰ ਕਰਵਾ ਸਕਣਗੇ। ਇਸ ਤੋਂ ਪਹਿਲਾਂ ਉਹ ਨੌਜਵਾਨਾਂ ਦੇ ਵੱਡੇ ਕਾਫਲੇ ਨਾਲ ਉਪ ਮੁੱਖ ਮੰਤਰੀ ਨੂੰ ਹੈਲੀਪੈਡ ਤੋਂ ਸਮਾਗਮ ਵਾਲੀ ਥਾਂ ਤੇ ਜੈਕਾਰਿਆਂ ਦੀ ਗੂੰਜ ਵਿਚ ਲੈਕੇ ਪੁੱਜੇ।
ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਵੱਡੇ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਿਧਾਇਕ ਸ: ਹਰੀ ਸਿੰਘ ਜ਼ੀਰਾ, ਐਡਵੋਕੇਟ ਗੁਰਸੇਵਕ ਸਿੰਘ ਮਾਨ, ਸ: ਸੰਤ ਸਿੰਘ ਬਰਾੜ, ਸ੍ਰੀ ਰੋਹਿਤ ਵੋਹਰਾ ਮੋਟੂੰ ਪ੍ਰਧਾਨ ਨਗਰ ਕੌਂਸਲ, ਹਰਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕਿਟ ਕਮੇਟੀ, ਸ: ਸੁਖਵੰਤ ਸਿੰਘ ਥੇਹ ਗੁੱਜਰ, ਸ੍ਰੀ ਬਲਦਵੇ ਰਾਜ ਕੰਬੋਜ ਚੇਅਰਮੈਨ ਜ਼ਿਲਾ ਪ੍ਰੀਸ਼ਦ, ਭੁਪਿੰਦਰ ਸਿੰਘ ਸੰਧੂ, ਸ: ਦਰਸ਼ਨ ਸਿੰਘ ਮੋਠਾਂ ਵਾਲਾ, ਦਰਸ਼ਨ ਸਿੰਘ ਬੇਦੀ ਚੇਅਰਮੈਨ ਪੀ.ਏ.ਡੀ.ਬੀ., ਇਕਬਾਲ ਸਿੰਘ ਚੇਅਰਮੈਨ ਬਲਾਕ ਸਮੰਤੀ, ਸ: ਸਤਿੰਦਰ ਸਿੰਘ ਸਵੀ ਕਾਠਪਾਲ, ਡਿਪਟੀ ਕਮਿਸ਼ਨਰ ਇੰਜ ਡੀ.ਪੀ.ਐਸ. ਖਰਬੰਦਾ, ਐਸ.ਐਸ.ਪੀ. ਮਨਮਿੰਦਰ ਸਿੰਘ, ਆਦਿ ਵੀ ਹਾਜਰ ਸਨ।

No comments: