BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ, ਮੱਕੜ ਨੂੰ ਤਲਬ ਕਰੇ ਜਾਂ ਆਹੁਦੇ ਤੋ ਅਸਤੀਫਾ ਦੇਵੇ-ਸਰਨਾ

ਨਵੀ ਦਿੱਲੀ 21 ਅਪ੍ਰੈਲ (ਬਿਊਰੋ)- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਿਚਕਾਰ ਚੱਲਦੀ ਠੰਡੀ ਜੰਗ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਆਪਸੀ ਹਉਮੈ ਨੂੰ ਲੈ ਕੇ ਦੋਵੇ ਹੀ ਪੰਥ ਦੀ ਕਚਿਹਰੀ ਦੇ ਦੋਸ਼ੀ ਹਨ ਫਿਰ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਜਥੇਦਾਰ ਦੇ ਅਧਿਕਾਰਾਂ ਤੇ ਟਿੱਪਣੀ ਕਰਕੇ ਮਰਿਆਦਾ ਦੀ ਉਲੰਘਣਾ ਹੀ ਨਹੀ ਕੀਤੀ ਸਗੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦਿੱਤੀ ਹੈ ਜਿਸ ਨੂੰ ਲੈ ਕੇ ਜਥੇਦਾਰ ਨੂੰ ਚਾਹੀਦਾ ਹੈ ਕਿ ਮੱਕੜ ਨੂੰ ਬਿਨਾਂ ਕਿਸੇ ਦੇਰੀ ਤੋ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਸ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕਰੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਮੱਕੜ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਬਾਦਲਾਂ ਦੀਆ ਨਜ਼ਰਾਂ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰਦਿਆ ਆਪਸ ਵਿੱਚ ਉਲਝ ਕੇ ਤਖਤ ਸਾਹਿਬ ਦੀ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਮੱਕੜ ਵੱਲੋ ਦਿੱਤਾ ਗਿਆ ਬਿਆਨ ਕਿ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਤੇ ਮੈਨੇਜਰਾਂ ਦੀ ਮੀਟਿੰਗ ਬੁਲਾਉਣ ਦਾ ਕੋਈ ਅਧਿਕਾਰ ਨਹੀ ਹੈ, ਸਪੱਸ਼ਟ ਕਰਦਾ ਹੈ ਕਿ ਮੱਕੜ ਨੂੰ ਜਥੇਦਾਰ ਤੇ ਵਿਸ਼ਵਾਸ਼ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਿੱਚ ਨਾਕਾਮ ਰਿਹਾ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਆਪਣੇ ਅਧਿਕਾਰਾਂ ਦੀ ਵਰਤੋ ਕਰਕੇ ਬਿਨਾਂ ਕਿਸੇ ਦੇਰੀ ਤੋ ਜਥੇਦਾਰ ਨੂੰ ਆਹੁਦੇ ਤੋ ਲਾਂਭੇ ਕਰੇ।
ਉਹਨਾਂ ਕਿਹਾ ਕਿ ਮੱਕੜ ਵੱਲੋ ਦਿੱਤਾ ਗਿਆ ਬਿਆਨ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਿੱਧੀ ਚੁਨੌਤੀ ਹੈ ਕਿਉਕਿ ਜਥੇਦਾਰ ਸਰਵਉੱਚ ਹੈ ਤੇ ਉਸ ਨੂੰ ਆਦੇਸ਼ ਕਰਨ ਦੇ ਅਧਿਕਾਰ ਮਰਿਆਦਾ ਅਨੁਸਾਰ ਮਿਲੇ ਹਨ ਤੇ ਉਹ ਮੀਟਿੰਗ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਤੇ ਮੈਨੇਜਰਾਂ ਦੀ ਹੀ ਮੀਟਿੰਗ ਬੁਲਾਉਣ ਦਾ ਅਧਿਕਾਰ ਨਹੀ ਰੱਖਦਾ ਸਗੋ ਹੋਰ ਪੰਥਕ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਮੀਟਿੰਗ ਵੀ ਬੁਲਾ ਸਕਦਾ ਹੈ। ਉਹਨਾਂ ਕਿਹਾ ਕਿ ਮੱਕੜ ਇਹ ਵੀ ਸਪੱਸ਼ਟ ਕਰੇ ਜਿੰਨੇ ਵਿਅਕਤੀ ਵੀ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਗਏ ਹਨ ਕੀ ਉਹ ਸ਼੍ਰੋਮਣੀ ਕਮੇਟੀ ਕੋਲੋ ਇਜਾਜ਼ਤ ਲੈ ਕੇ ਕੀਤੇ ਗਏ ਹਨ? ਉਹਨਾਂ ਕਿਹਾ ਕਿ ਮੱਕੜ ਦਾ ਗੁਨਾਹ ਬਰਦਾਸ਼ਤ ਤੋ ਬਾਹਰ ਹੈ ਤੇ ਉਸ ਕੋਲੋ ਅਸਤੀਫਾ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਵਿੱਚ ਥੋੜੀ ਜਿਹੀ ਵੀ ਮਰਿਆਦਾ ਪ੍ਰਤੀ ਸੰਜੀਦਗੀ ਹੈ ਤਾਂ ਮੱਕੜ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਸ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕਰੇ ਨਹੀ ਤਾਂ ਆਪਣੇ ਆਹੁਦੇ ਤੋ ਅਸਤੀਫਾ ਦੇਵੇ। ਉਹਨਾਂ ਕਿਹਾ ਕਿ ਉਹਨਾਂ (ਸਰਨਾ ਭਰਾਵਾਂ) ਨੂੰ ਤਾਂ ਅੱਜ ਤੱਕ ਗਿਆਨੀ ਗੁਰਬਚਨ ਸਿੰਘ  ਬਾਦਲਾਂ ਨੂੰ ਖੁਸ਼ ਕਰਨ ਲਈ  ਮਰਿਆਦਾ ਦਾ ਢੰਡੋਰਾ ਪਿੱਟ ਕੇ ਕਰੀਬ ਇੱਕ ਦਰਜਨ ਵਾਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਚੁੱਕਾ ਹੈ ਪਰ ਮੱਕੜ ਨੂੰ ਛੋਟ ਕਿਉ ਦਿੱਤੀ ਜਾ ਰਹੀ? ਉਹਨਾਂ ਕਿਹਾ ਕਿ ਮੱਕੜ ਤੇ ਜਥੇਦਾਰ ਬਾਦਲਾਂ ਦੇ ਪੱਪਟ ਹਨ ਤੇ ਬਾਦਲ ਪਿੱਛੇ ਬੈਠਕੇ ਇਹਨਾਂ ਪੁਤਲੀਆ ਦਾ ਤਮਾਸ਼ਾ ਵੇਖ ਰਹੇ ਹਨ ਅਤੇ ਸਮਾਂ ਆਉਣ ਤੇ ਬਾਦਲਾਂ ਨੂੰ ਅਕਾਲ ਤਖਤ 'ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰਨਾ ਪਵੇਗਾ।

No comments: