BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤ ਆਗੂ ਨੂੰ ਜ਼ਲੀਲ ਕਰਨ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਨਾ ਕਰਨ 'ਤੇ ਬੇਗਮਪੁਰਾ ਟਾਈਗਰ ਫੋਰਸ ਨੇ ਅੱਡਾ ਸਰਾਂ ਵਿਖੇ ਫੂਕਿਆ ਪੰਜਾਬ ਪੁਲਿਸ ਦਾ ਪੁਤਲਾ

ਹੁਸ਼ਿਆਰਪੁਰ 19 ਅਪ੍ਰੈਲ (ਤਰਸੇਮ ਦੀਵਾਨਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਦਲਿਤ ਵਰਗ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਪੁਲਿਸ ਦੀ ਸਹਾਇਤਾ ਨਾਲ ਦਲਿਤ ਆਗੂਆਂ ਨੂੰ ਦਬਾਉਣ ਦੀ ਨੀਤੀ ਦਾ ਵਿਰੋਧ ਕਰਦਿਆਂ ਅੱਜ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਡਾ ਸਰਾਂ ਵਿਖੇ ਪੰਜਾਬ ਪੁਲਿਸ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਪੁਤਲਾ ਫੂਕਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰ ਟਾਈਗਰ ਫੋਰਸ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੰਧੀ ਤੇ ਜ਼ਿਲਾ ਇੰਚਾਰਜ ਸੋਮ ਦੇਵ ਸੰਧੀ ਨੇ ਦੱਸਿਆ ਕਿ ਪੰਜਾਬ ਵਿੱਚ ਦਲਿਤ ਵਰਗ ਨਾਲ ਅਕਾਲੀ ਭਾਜਪਾ ਸਰਕਾਰ ਦੀ ਸ਼ਹਿ 'ਤੇ ਹੋ ਰਹੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰਨ ਵਾਲੇ ਦਲਿਤ ਆਗੂਆਂ ਨੂੰ ਜ਼ਲੀਲ ਕਰਨ ਦੀ ਨੀਤੀ ਤਹਿਤ ਕਰੀਬ ਸੱਤ ਮਹੀਨੇ ਪਹਿਲਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਤਾਇਨਾਤ ਸਬ ਇੰਸਪੈਕਟਰ ਰੈਂਕ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਅਮਨਜੋਤ ਸੰਧੂ ਨੇ ਫੋਰਸ ਦੇ ਕੌਮੀ ਚੇਅਰਮੈਨ ਸ਼੍ਰੀ ਤਰਸੇਮ ਦੀਵਾਨਾ ਨਾਲ ਦੁਰਵਿਹਾਰ ਕਰਦੇ ਹੋਏ ਜ਼ਲੀਲ ਕੀਤਾ। ਜਿਸ ਖਿਲਾਫ ਪੁਲਿਸ ਵੱਲੋਂ ਵਾਰ-ਵਾਰ ਸਮਾਂ ਲੈਣ ਦੇ ਬਾਵਜੂਦ ਵੀ ਕੋਈ ਕਾਰਵਾਈ ਕਰਨ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਅੱਡਾ ਸਰਾਂ ਵਿਖੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕੌਮੀ ਚੇਅਰਮੈਨ ਸ਼੍ਰੀ ਤਰਸੇਮ ਦੀਵਾਨਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਰੈਂਕ ਦੀ ਅਧਿਕਾਰੀ ਅਮਨਜੋਤ ਸੰਧੂ ਵੱਲੋਂ ਪ੍ਰਭਾਤ ਚੌਂਕ ਵਿਖੇ ਕਰੀਬ ਸੱਤ ਮਹੀਨੇ ਪਹਿਲਾਂ ਉਨਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਦੀ ਸ਼ਿਕਾਇਤ ਜ਼ਿਲਾ ਪੁਲਿਸ ਮੁਖੀ ਨੂੰ ਵੀ ਮੌਕੇ 'ਤੇ ਹੀ ਕਰ ਦਿੱਤੀ ਗਈ ਜਿਸ ਦੀ ਵੀ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਕੋਈ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਈ ਕਾਰਵਾਈ ਕੀਤੀ। ਜਿਸ ਕਾਰਣ ਇਸ ਦੀ ਲਿਖਤੀ ਸ਼ਿਕਾਇਤ ਡੀ.ਜੀ.ਪੀ. ਪੰਜਾਬ, ਆਈ. ਜੀ. ਅਤੇ ਡੀ.ਆਈ.ਜੀ ਪ੍ਰਸ਼ਾਸਨ ਨੂੰ ਕਰਨ 'ਤੇ ਇੱਕ ਹੌਲਦਾਰ ਰੈਂਕ ਦੇ ਕਰਮਚਾਰੀ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪਰੰਤੂ ਇੰਨੇ ਮਹੀਨੇ ਬੀਤਣ ਦੇ ਬਾਵਜੂਦ ਵੀ ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਤੰਗ ਆ ਕੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਦੋ ਵਾਰ ਸੰਬੰਧਿਤ ਥਾਣੇ ਦਾ ਘਿਰਾਓ ਕੀਤਾ ਅਤੇ ਚੱਕਾ ਜਾਮ ਵਰਗਾ ਸਖਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਿਆ। ਸ਼੍ਰੀ ਤਰਸੇਮ ਦੀਵਾਨਾ ਨੇ ਦੱਸਿਆ ਕਿ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਖੀ ਦੀ ਮਹਾਂ ਨਲਾਇਕੀ ਕਾਰਣ ਹੀ ਇਹ ਮਾਮਲਾ ਲਗਾਤਾਰ ਵਿਗੜਦਾ ਜਾ ਰਿਹਾ ਹੈ ਅਤੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਉਨਾਂ 'ਤੇ ਕੇਸ ਵਾਪਸ ਲੈਣ ਲਈ ਦਬਾਓ ਪਾਇਆ ਜਾ ਰਿਹਾ ਹੈ। ਉਨਾਂ ਦੋਸ਼ ਲਾਇਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਛੱਤਰ ਛਾਇਆ ਹੇਠ ਪੁਿਲਸ ਵੱਲੋਂ ਆਮ ਲੋਕਾਂ ਅਤੇ ਖਾਸ ਕਰਕੇ ਸਰਕਾਰ ਦੀਆਂ ਵਧੀਕੀਆਂ ਖਿਲ਼ਾਫ ਆਵਾਜ਼ ਬੁਲੰਦ ਕਰਨ ਵਾਲੇ ਦਲਿਤ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਫੋਰਸ ਦੇ ਆਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਉਕਤ ਸਬ ਇੰਸਪੈਕਟਰ ਰੈਂਕ ਦੀ ਮਹਿਲਾ ਪੁਲਿਸ ਅਧਿਕਾਰੀ ਅਮਨਜੋਤ ਸੰਧੂ ਦੇ ਖਿਲਾਫ ਵਿਭਾਗੀ ਕਾਰਵਾਈ ਨਾ ਕੀਤੀ ਗਈ ਅਤੇ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਵਾਲੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਖੀ ਨੂੰ ਲਾਈਨ ਹਾਜ਼ਿਰ ਨਾ ਕੀਤਾ ਗਿਆ ਤਾਂ ਸੱਮੁਚੇ ਜ਼ਿਲੇ ਵਿੱਚ ਪੰਜਾਬ ਪੁਲਿਸ ਦੇ ਪੁਤਲੇ ਫੂਕੇ ਜਾਣਗੇ। ਜੇਕਰ ਫਿਰ ਵੀ ਕੋਈ ਅਸਰ ਨਾ ਹੋਇਆ ਤਾਂ ਦੋਬਾਰਾ ਫਿਰ 4 ਮਈ ਨੂੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੌਕ ਸੱਲਣ, ਅਵਤਾਰ ਬੱਸੀ ਖਵਾਜੂ ਜਨਰਲ ਸਕੱਤਰ, ਪੰਜਾਬ ਪ੍ਰਧਾਨ ਤਾਰਾ ਚੰਦ, ਇੰਦਰ ਡਗਾਣਾ, ਕਾਲੂ ਬਾਬਾ ਰਹੀਮਪੁਰ, ਬੱਬੂ ਸਿੰਗੜੀਵਾਲ, ਸਤਨਾਮ ਸਿੰਘ, ਮਹਿੰਦਰਪਾਲ ਬੱਧਣ, ਸੁਖਦੇਵ ਚੱਕ ਗੁੱਜਰਾਂ, ਸੋਨੂੰ, ਅਸ਼ਵਨੀ, ਰਕੇਸ਼, ਮੁਲਖ ਰਾਜ, ਬੰਨੀ, ਸੁੱਖਾ, ਰੋਹਿਤ, ਬੰਟੀ, ਮੰਗਾ, ਰਿੱਕੀ, ਬਲਵਿੰਦਰ ਸਿੰਘ, ਅਵਤਾਰ ਸਿੰਘ, ਪ੍ਰਦੀਪ ਕੁਮਾਰ, ਸੋਹਣ ਮਿਰਜ਼ਾਪੁਰ, ਮਨਜਿੰਦਰ ਟਾਂਡਾ, ਅਸ਼ੋਕ ਦਸ਼ਮੇਸ਼ ਨਗਰ, ਸੁਖਜਿੰਦਰ ਕੰਧਾਲਾ ਆਦਿ ਸਮੇਤ ਫੋਰਸ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

No comments: