BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਲੀ ਵੇਈਂ ਵਿਚ ਗੰਦਾ ਪਾਣੀ ਪੈਣ ਤੋਂ ਰੋਕਣ ਦਾ ਪ੍ਰਾਜੈਕਟ 20 ਦਿਨਾਂ ਵਿਚ ਮੁਕੰਮਲ ਹੋਵੇਗਾ-ਕੋਹਾੜ

  • ਵੇਈਂ ਨਾਲ ਲਗਦੇ 73 ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਸੋਧਕੇ ਸਿੰਚਾਈ ਲਈ ਵਰਤਿਆ ਜਾਵੇਗਾ
  • ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰਾਂ ਤੇ ਸਬੰਧਿਤ ਵਿਭਾਗੀ ਮੁਖੀਅਾਂ ਨਾਲ ਮੀਟਿੰਗ
ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਪਵਿੱਤਰ ਕਾਲੀ ਵੇਈਂ ਵਿਚ ਗੰਦਾ ਪਾਣੀ ਪੈਣ ਤੋਂ ਰੋਕਕੇ ਇਸਦੀ ਪਵਿੱਤਰਤਾ ਬਣਾਈ ਰੱਖਣ ਬਾਰੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਹੁਕਮਾਂ ਨੂੰ ਲਾਗੂ ਕਰਨ ਬਾਰੇ ਕੈਬਨਿਟ ਮੰਤਰੀ ਸ, ਅਜੀਤ ਸਿੰਘ ਕੋਹਾੜ ਵਲੋਂ ਦੁਆਬੇ ਦੇ 3 ਜਿਲਿਆਂ ਦੇ ਡਿਪਟੀ ਕਮਿਸ਼ਨਰਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ਼ ਬੋਰਡ, ਪੰਚਾਇਤੀ ਰਾਜ ਵਿਭਾਗ, ਬਿਜਲੀ ਬੋਰਡ , ਭੂਮੀ ਸੰਭਾਲ,  ਖੇਤੀਬਾੜੀ ਵਿਭਾਗੀ ਅਧਿਕਾਰੀਆਂ ਸਮੇਤ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੱਖੋ-ਵੱਖਰੇ ਤੌਰ 'ਤੇ ਅੱਜ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਹੁਸ਼ਿਆਰਪੁਰ , ਕਪੂਰਥਲਾ ਤੇ ਜਲੰਧਰ ਜਿਲਿਆਂ ਵਿਚ ਵੇਈਂ ਕਿਨਾਰੇ ਪੈਂਦੇ 73 ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਲਈ ਵਰਤਣ ਸਬੰਧੀ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲੈਂਦੇ ਹੋਏ ਉਨਾਂ ਮਨਪ੍ਰੀਤ ਸਿੰਘ ਛਤਵਾਲ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਕਿ ਬੋਰਡ ਨੋਡਲ ਏਜੰਸੀ ਦੇ ਤੌਰ 'ਤੇ ਇਸ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਨੇਪਰੇ ਚਾੜੇ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ ਵੇਈਂ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਇਸ ਵਿਚ ਗੰਦਾ ਪਾਣੀ ਬਿਲਕੁਲ ਨਹੀਂ ਪੈਣ ਦਿੱਤਾ ਜਾਵੇਗਾ।
ਉਨਾਂ ਪ੍ਰਸ਼ਾਸ਼ਨਿਕ ਤੇ ਵਿਭਾਗੀ  ਅਧਿਕਾਰੀਆਂ ਕੋਲੋਂ ਇਸ ਪ੍ਰਾਜੈਕਟ ਸਬੰਧੀ ਹੁਣ ਤੱਕ ਕੀਤੇ ਕੰਮ ਦਾ ਵੇਰਵਾ ਲੈਂਦੇ ਹੋਏ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ ਸਾਰੇ ਪ੍ਰਾਜੈਕਟ ਨੂੰ 20 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰਨ। ਉਨਾਂ ਇਹ ਵੀ ਕਿਹਾ ਕਿ ਜਿਨਾਂ ਕਿਸਾਨਾਂ ਦੀ ਜ਼ਮੀਨ ਵੇਈਂ ਦੇ ਕਿਨਾਰੇ ਉੱਪਰ ਸਥਿਤ  ਹੈ, ਨਾਲ ਵਿਸ਼ੇਸ਼ ਤੌਰ 'ਤੇ ਸੰਪਰਕ ਕਰਕੇ ਉਨਾਂ ਨੂੰ ਵੀ ਵੇਈਂ ਵਿਚ ਗੰਦਾ ਪਾਣੀ ਨਾ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡਾਂ ਦੀ ਪੰਚਾਇਤਾਂ ਨਾਲ ਵੀ ਰਾਬਤਾ ਕਾਇਮ ਕਰਕੇ ਉਨਾਂ ਕੋਲੋਂ ਵੇਈਂ ਦੀ ਪਵਿੱਤਰਤਾ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸਹਿਯੋਗ ਲਿਆ ਜਾਵੇ। ਜ਼ਿਕਰਯੋਗ ਹੈ ਕਿ ਵੇਈਂ ਕਿਨਾਰੇ ਹੁਸ਼ਿਆਰਪੁਰ ਜਿਲੇ ਦੇ 18 ਪਿੰਡਾਂ, ਕਪੂਰਥਲਾ ਜਿਲੇ ਦੇ 53 ਅਤੇ ਜਲੰਧਰ ਦੇ 2 ਪਿੰਡਾਂ ਤੋਂ ਇਲਾਵਾ ਜਲੰਧਰ ਸ਼ਹਿਰ ਦੇ ਗੰਦੇ ਪਾਣੀ ਨੂੰ ਵੇਈਂ ਵਿਚ ਪੈਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਪ੍ਰਾਜੈਕਟ ਤਹਿਤ ਛੱਪੜਾਂ ਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਕਮਲ ਕਿਸ਼ੋਰ ਯਾਦਵ,  ਮਨਪ੍ਰੀਤ ਸਿੰਘ ਛਤਵਾਲ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਨੀਅਰ ਇੰਜੀਨੀਅਰ ਸੰਦੀਪ ਵਾਹਲ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

No comments: