BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾ-ਜੁਵਾਬ ਕਲਮ ਦਾ ਮਾਲਕ-ਜਸਪਾਲ ਕੌਰੇਆਣਾ

ਲਾ-ਜੁਵਾਬ ਕਲਮ ਦਾ ਮਾਲਕ ਜਸਪਾਲ ਕੌਰੇਆਣਾ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀ। ਦਹਾਕਿਆਂ ਬੱਧੀ ਕੀਤੀ ਉਸਦੀ ਕਲਮੀ-ਤਪੱਸਿਆ ਨੇ ਰੰਗ ਵਿਖੇਰਦਿਆਂ ਸਿਰਨਾਂਵਾ ਵਾਹਕੇ ਰੱਖ ਦਿੱਤਾ ਹੈ, ਉਸਦਾ। ਉਸਦੀ ਕਲਮ ਵਿਚ ਦਮ ਹੈ। ਗੱਲ ਕਹਿਣ ਲਈ ਸ਼ਬਦਾਵਲੀ ਦਾ ਭੰਡਾਰ ਵੀ ਹੈ, ਉਸ ਕੋਲ।
ਜਿਲ੍ਹਾ ਬਠਿੰਡਾ ਦੇ ਪਿੰਡ ਕੌਰੇਆਣਾ ਦੇ ਵਸਨੀਕ ਡਾਕਟਰ ਨੱਥਾ ਸਿੰਘ ਜੀ (ਹੱਡੀਆਂ ਦੇ ਮਾਹਿਰ) ਦੇ ਗ੍ਰਹਿ ਵਿਖੇ ਸੁਰਿੰਦਰ ਕੌਰ ਜੀ (ਮਾਤਾ) ਦੀ ਪਾਕਿ ਕੁੱਖ ਨੂੰ 11 ਜੁਲਾਈ, 1974 ਨੂੰ ਭਾਗ ਲਾਉਣ ਵਾਲੇ ਜਸਪਾਲ ਨੂੰ ਬਚਪਨ ਤੋਂ ਹੀ ਲਿਖਣ ਤੇ ਗਾਉਣ ਦੀ ਚੇਟਕ ਲੱਗ ਗਈ ਸੀ। ਉਸ ਦੱਸਿਆ ਕਿ ਸਕੂਲ ਚ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਉਹ ਸਟੇਜ ਉਤੇ ਖੜ੍ਹਾ ਹੋ ਕੇ ਸਵਰਗੀ ਕੁਲਦੀਪ ਮਾਣਕ ਜੀ ਦੀ ਕਲੀ 'ਤੇਰੇ ਟਿੱਲੇ ਤੋਂ  ਔਹ ਸੂਰਤ ਦਿਸਦੀ ਹੀਰ ਦੀ' ਗਾਉਂਦਾ ਤਾਂ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਉਸ ਨੂੰ ਤਾਲੀਆਂ ਦੀ ਖੂਬ ਹੱਲਾ-ਸ਼ੇਰੀ ਮਿਲਦੀ। ਫਿਰ, ਚਲਦੇ-ਚਲਦੇ ਇੱਕ ਦਿਨ ਸਕੂਲ ਦੇ ਅਧਿਆਪਕ ਸਵ: ਗੁਰਚਰਨ ਸਿੰਘ ਜੀ ਨੇ ਜਸਪਾਲ ਨੂੰ ਕੋਈ ਕਵਿਤਾ ਜਾਂ ਗੀਤ ਲਿਖਣ ਲਈ ਪ੍ਰੇਰਿਆ। ਜਸਪਾਲ ਨੇ ਅਗਲੇ ਹੀ ਦਿਨ ਇੱਕ ਕਵਿਤਾ 'ਮੈਨੂੰ ਮੇਰਾ ਪਿੰਡ ਬਹੁਤ ਪਿਆਰਾ ਲੱਗਦਾ' ਲਿਖ ਲਿਆਂਦੀ। ਅਧਿਆਪਕ ਨੇ ਕਵਿਤਾ ਪੜ੍ਹੀ ਅਤੇ ਜਸਪਾਲ ਨੂੰ ਸ਼ਾਬਾਸ਼  ਦਿੰਦਿਆਂ ਇੱਕ ਡਾਇਰੀ ਤੇ ਇੱਕ ਪੈੱਨ ਇਨਾਮ ਵਜੋਂ ਦਿੱਤਾ। ਬਸ, ਫਿਰ ਤਾਂ ਜਸਪਾਲ ਨੇ ਪਿੱਛੇ ਮੁੜ ਕੇ ਨਹੀ ਦੇਖਿਆ ਤੇ ਉਸੇ ਪੈੱਨ ਨਾਲ ਉਸ ਡਾਇਰੀ ਨੂੰ ਆਪਣੀਆਂ ਕਵਿਤਾਵਾਂ-ਗੀਤਾਂ ਨਾਲ ਸ਼ਿੰਗਾਰਨਾ ਸ਼ੁਰੂ  ਕਰ ਦਿੱਤਾ। ਅੱਜ ਵੀ ਜਸਪਾਲ ਆਪਣੇ ਉਸਤਾਦ ਦੀ ਉਸ ਡਾਇਰੀ ਨੂੰ ਵੱਡਮੁੱਲੇ ਸਰਮਾਏ ਵਜੋਂ ਸੰਭਾਲ ਕੇ ਸੀਨੇ ਨਾਲ ਲਾਈ ਬੈਠਾ ਹੈ।
ਸਕੂਲ ਚੋਂ ਸ਼ੁਰੂ ਹੋਈ ਇਨਾਮਾਂ-ਸਨਮਾਨਾਂ ਦੀ ਇਸ ਲੜੀ ਨੂੰ  ਜਸਪਾਲ ਨੇ ਡੀ. ਏ. ਵੀ. ਕਾਲਜ ਬਠਿੰਡਾ ਤੋਂ ਬੀ. ਏ. ਕਰਦਿਆਂ ਤੱਕ ਬੜੀ ਸ਼ਾਨੋ-ਸ਼ੌਕਤ ਨਾਲ ਬਰਕਰਾਰ ਰੱਖਿਆ। ਇਸ ਕਾਲਜ ਵੱਲੋ ਪ੍ਰਕਾਸ਼ਿਤ ਮੈਗਜੀਨ ਚ ਆਪਣੀਆਂ ਸਾਹਿਤਕ ਰਚਨਾਵਾਂ ਛਪਵਾ ਕੇ ਅਤੇ ਕਾਲਜ ਵੱਲੋਂ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਚ ਪੇਸ਼ਕਾਰੀਆਂ ਦੇ ਕੇ ਉਸ ਨੇ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ। ਇਸ ਸਮੇਂ ਦੌਰਾਨ ਬਠਿੰਡਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਮਾਗਮ ਦੇ ਮੌਕੇ ਦੇ ਮੁੱਖ ਮਹਿਮਾਨ ਸ੍ਰ: ਸੁਖਪਾਲ ਸਿੰਘ, ਆਈ.ਏ. ਐਸ. ਜੀ ਵੱਲੋਂ ਜਸਪਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਣਾ ਉਸ ਲਈ ਕਾਲਜ ਦੀ ਮਹਾਨ ਪ੍ਰਾਪਤੀ ਸੀ। ਕਾਲਜ ਸਮੇਂ ਦੌਰਾਨ ਜਿਨਾਂ ਨੇ ਜਸਪਾਲ ਦੀ ਲਿਖਣ-ਸ਼ੈਲੀ ਨੂੰ ਹੋਰ ਵੀ ਸ਼ਿੰਗਾਰਿਆ ਅਤੇ ਅੱਗੇ ਵਧਣ ਲਈ ਪ੍ਰੇਰਿਆ ਉਹਨਾਂ ਚ ਉੱਘੇ ਸਾਹਿਤਕਾਰ ਅਤੇ ਗੀਤਕਾਰ ਅਮਰਦੀਪ ਗਿੱਲ, ਸਵਰਗੀ ਰਾਜਵਿੰਦਰ ਸਿੱਧੂ ਅਤੇ ਗੁਰਮੀਤ ਮਾਨ ਨੂੰ ਜਸਪਾਲ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ। ਹੋਰਾਂ ਤੋਂ ਇਲਾਵਾ ਉਹ ਆਪਣੇ ਗੁਆਂਢ ਵਿਚ ਵਸਦੇ ਕਾਮੇਡੀ-ਬਾਦਸ਼ਾਹ  ਸਰੂਪ ਪਰਿੰਦਾ ਜੀ ਉਤੇ ਮਾਣ ਕਰਦਾ ਨਹੀ ਥੱਕਦਾ, ਜਿਨਾ ਤੋਂ ਹਰ ਪਲ ਅਤੇ ਹਰ ਕਦਮ ਉਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ ਰਿਹਾ ਹੈ, ਉਸ ਨੂੰ।
ਜਸਪਾਲ ਦਾ ਕਹਿਣਾ ਹੈ ਕਿ ਲੱਚਰਤਾ ਤੋਂ ਦੂਰ ਰਹਿ ਕੇ ਚੰਗੀਆ ਰਚਨਾਵਾਂ ਪਾਠਕਾਂ ਦੇ ਸਨਮੁੱਖ ਕੀਤੀਆਂ ਜਾਣੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾਣਾ ਸਮੇ ਦੀ ਜੋਰਦਾਰ ਮੰਗ ਹੈ। ਇਕ ਮੁਲਾਕਾਤ ਦੌਰਾਨ ਉਸ ਨੇ ਕਿਹਾ, 'ਪੁਸਤਕ-ਪ੍ਰਕਾਸ਼ਨਾ ਦੇ ਮਾਮਲੇ ਵਿਚ ਮੈਂ ਬਹੁਤ ਸੁਸਤ ਰਿਹਾ ਹਾਂ। ਮੈਂ ਆਪਣੇ ਦੋ ਕਾਵਿ-ਸੰਗ੍ਰਹਿ ਦੇ ਖਰੜੇ ਕਈ ਵਰ੍ਹਿਆਂ ਤੋਂ ਹਿੱਕ ਨਾਲ ਲਾਈ ਬੈਠਾ ਹਾਂ। ਪਰ, ਹੁਣ ਮੈਂ ਪੱਕਾ ਮਨ ਬਣਾ ਲਿਆ ਹੈ ਕਿ ਇਨ੍ਹਾਂ ਨੂੰ ਪਾਠਕਾਂ ਤੱਕ ਜਲਦੀ ਹੀ ਅੱਪੜਦੇ ਕਰਾਂ। ਅਜੇ ਤਕ ਮੈ ਸਿਰਫ ਪੰਜ ਵੱਖ-ਵੱਖ ਸੰਸਥਾਵਾਂ ਦੀਆਂ ਸਾਂਝੀਆਂ ਪੁਸਤਕਾਂ ਵਿਚ ਹੀ ਛਪਿਆ ਹਾਂ: ਜਿਨ੍ਹਾਂ ਵਿਚੋਂ  ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਪੰਜਾਬ ਦੇ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਜੀ ਦੀ ਰਹਿਨੁਮਾਈ ਹੇਠ 287 ਕਲਮਾਂ ਦੇ ਛਪੇ ਮਹਾਂ ਕਾਵਿ-ਸੰਗ੍ਰਹਿ  'ਕਲਮਾਂ ਦੇ ਸਿਰਨਾਂਵੇਂ' ਵਿਚ ਛਪਣ ਦਾ ਮਾਣ ਹਾਸਲ ਹੋਣਾ ਅਤੇ ਫਿਰ, ਸੰਸਥਾ ਵਲੋਂ ਮੈਨੂੰ ਸਨਮਾਨ-ਪੱਤਰ ਨਾਲ ਸਨਮਾਨਿਆ ਜਾਣਾ, ਕਿਸੇ ਵੀ ਵੱਡੇ ਤੋਂ ਵੱਡੇ ਸਨਮਾਨ ਤੋਂ ਘੱਟ ਮਾਣ ਵਾਲੀ ਗੱਲ ਨਹੀ ਹੈ, ਮੇਰੇ ਲਈ।'
ਸ਼ਾਲ੍ਹਾ ! ਕਲਮ ਦਾ ਪੁਜਾਰੀ ਜਸਪਾਲ ਕੌਰੇਆਣਾ ਆਪਣੀ ਉਸਾਰੂ ਸੋਚ ਵਾਲੀ ਕਲਮ ਦੇ ਬੱਲ-ਬੂਤੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਸਾਹਿਤ ਦੀਆਂ ਬੁਲੰਦੀਆਂ ਨੂੰ ਛੂਹਵੇ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641

No comments: