BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਸਾਰ ਪੱਧਰ 'ਤੇ ਹਰ ਦੋ ਸਕਿੰਟ ਵਿੱਚ ਇੱਕ ਬਾਲੜੀ ਹੁੰਦੀ ਹੈ ਬਾਲ ਵਿਆਹ ਦਾ ਸ਼ਿਕਾਰ-ਵਸ਼ਿਸ਼ਟ

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ)- ਸਮਾਜਿਕ ਸਰੋਕਾਰਾਂ ਪ੍ਰਤੀ ਜਨ ਚੇਤਨਾ ਅਤੇ ਇੱਕ ਲੋਕ ਮੱਤ ਬਣਾਉਣ ਹਿੱਤ ਵਿਸ਼ੇਸ਼ ਉਪਰਾਲੇ ਕਰਨ ਲਈ ਯਤਨਸ਼ੀਲ ਰਾਜ ਪੱਧਰੀ ਸਵੈ ਸੇਵੀ ਸੰਸਥਾ “ਆਰ.ਟੀ.ਆਈ. ਅਵੇਅਰ ਨੈੱਸ ਫ਼ਾਰਮ ਪੰਜਾਬ” ਵੱਲੋਂ “ਬਾਲ ਵਿਆਹ ਉਨਮੂਲਨ-ਦਰਪੇਸ਼ ਮੁਸ਼ਕਲਾਂ, ਕਾਰਣ ਅਤੇ ਨਿਵਾਰਣ” ਵਿਸ਼ੇ 'ਤੇ ਇੱਕ ਜ਼ਿਲਾ ਪੱਧਰੀ ਸੈਮੀਨਾਰ ਦਾ ਆਯੋਜਨ ਸੰਸਥਾ ਦੇ ਮੁੱਖ ਦਫ਼ਤਰ ਸੁਸ਼ੀਲਾ ਟਾਵਰ, ਪ੍ਰਭਾਤ ਚੌਂਕ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਸੰਸਥਾ ਦੇ ਸੰਸਥਾਪਕ, ਚੇਅਰਮੈਨ ਅਤੇ ਜ਼ਿਲਾ ਪੱਧਰੀ ਪੀ.ਸੀ. ਐਂਡ ਪੀ.ਐਨ.ਡੀ.ਟੀ.ਐਕਟ ਸਲਾਹ ਕਾਰ ਕਮੇਟੀ ਦੇ ਮੈਂਬਰ ਰਾਜੀਵ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਨਰੇਸ਼ ਗੁਪਤਾ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੇਮ ਸਿੰਘ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੇ ਭਾਗ ਲਿਆ। ਮੁੱਖ ਬੁਲਾਰੇ ਵਜੋਂ ਪ੍ਰਿੰ. ਧਰਮ ਪਾਲ ਸਾਹਿਲ ਮੈਂਬਰ ਜ਼ਿਲਾ ਬਾਲ ਸੁਰੱਖਿਆ ਕਮੇਟੀ, ਪ੍ਰਿੰ. ਅਸ਼ਵਨੀ ਕੁਮਾਰ ਦੱਤਾ ਅਤੇ ਉੱਘੇ ਸਮਾਜ ਸੇਵੀ ਮਾਸਟਰ ਦੀਪਕ ਕੁਮਾਰ ਵਸ਼ਿਸ਼ਟ ਨੇ ਭਾਗ ਲਿਆ। ਸਰਿਆਂ ਦਾ ਸਵਾਗਤ ਕਰਦਿਆਂ ਚੇਅਰਮੈਨ ਰਾਜੀਵ ਵਸ਼ਿਸ਼ਟ ਨੇ ਆਪਣੇ ਸੰਬੋਧਨ ਵਿੱਚ ਬਾਲ ਵਿਆਹ 'ਤੇ ਕਾਨੂੰਨੀ ਰੋਕ ਹੋਣ ਦੇ ਬਾਵਜੂਦ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਬਾਲ ਵਿਆਹ ਦੀ ਸ਼ਿਕਾਰ ਹੋਈ ਇੱਕ ਬਾਲੜੀ ਰਾਗਨੀ ਦੇਵੀ ਬਾਰੇ ਤਿਆਰ ਕੀਤੀ ਕੇਸ ਸਟੱਡੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸੰਸਾਰ, ਭਾਰਤ ਅਤੇ ਪੰਜਾਬ ਪੱਧਰ 'ਤੇ ਬਾਲ ਵਿਆਹ ਸਬੰਧੀ 'ਯੂਨੀਸੈੱਫ਼ ਸਟੇਟ ਆਫ਼ ਦਾ ਵਰਡਜ਼ ਚਿਲਡਰਨ-੨੦੧੫' ਦੇ ਆਂਕੜਿਆਂ ਦੇ ਹਵਾਲੇ ਨਾਲ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ । ਸ਼੍ਰੀ ਵਸ਼ਿਸ਼ਟ ਨੇ ਦੱਸਿਆ ਕਿ ਸੰਸਾਰ ਪੱਧਰ 'ਤੇ ੧੮ ਸਾਲ ਉਮਰ ਤੋਂ ਘੱਟ ਉਮਰ ਦੀ ਹਰ ਸਾਲ ੧.੫ ਕਰੋੜ ਬਾਲੜੀਆਂ, ਹਰ ਰੋਜ਼ ਤਰਤਾਲੀ ਹਜ਼ਾਰ ਬਾਲੜੀਆਂ ਅਤੇ ਹਰ ਦੋ ਸਕਿੰਟਾਂ ਵਿੱਚ ਇੱਕ ਬਾਲੜੀ ਇਸ ਧੱਕੇ ਦਾ ਸ਼ਿਕਾਰ ਹੋ ਰਹੀ ਹੈ । ਭਾਰਤ ਵਿੱਚ ਸਥਿਤੀ ਦੀ ਭਿਆਨਕਤਾ ਇਸ ਤੱਥ ਤੋਂ ਸਵੈ ਸਿੱਧ ਹੋ ਜਾਂਦੀ ਹੈ ਕਿ ਸਾਡੇ ਦੇਸ਼ ਵਿੱਚ ੧੫ ਸਾਲ ਉਮਰ ਤੋਂ ਘੱਟ ਉਮਰ ਦੀ ਹਰ ਸਾਲ ੧੮% ਅਤੇ ੧੮ ਸਾਲ ਉਮਰ ਤੋਂ ਘੱਟ ਉਮਰ ਦੀ ਹਰ ਸਾਲ ੪੭% ਬਾਲੜੀਆਂ ਇਸ ਗੈਰ ਇਖਲਾਕੀ ਕਾਰੇ ਦੀ ਸ਼ਿਕਾਰ ਹੋ ਰਹੀਆਂ ਹਨ । ਬਾਲ ਵਿਆਹ ਦੇ ਖੇਤਰ ਵਿੱਚ ਭਾਰਤ ਦਾ ਸੰਸਾਰ ਵਿੱਚ ੧੨ ਵਾਂ ਦਰਜ਼ਾ ਹੈ ਤੇ ੧੮ ਸਾਲ ਉਮਰ ਤੋਂ ਘੱਟ ਉਮਰ ਦੀ ਹਰ ਸਾਲ ਇੱਕ ਕਰੋੜ ਤਰੇਹਠ ਹਜ਼ਾਰ ਬਾਲੜੀਆਂ ਦੇ ਗੈਰ ਸੰਵਿਧਾਨਿਕ ਵਿਆਹਾਂ ਦਾ ਗਵਾਹ ਬਣਨ ਕਾਰਣ ਸੰਸਾਰ ਵਿੱਚ ਪਹਿਲੇ ਸਥਾਨ 'ਤੇ ਹੈ । ਸਾਡੇ ਰਾਜ ਪੰਜਾਬ ਵਿੱਚ ਵਿੱਚ ਵੀ ਇਹ ਕਾਰਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਬਾ ਦਸਤੂਰ ਜਾਰੀ ਹੈ । ਪੰਜਾਬ ਵਿੱਚ ੧੯.੭% ਬਾਲੜੀਆਂ ਆਪਣਾ ੧੮ ਵਾਂ ਜਨਮ ਦਿਨ ਮਨਾਉਣ ਤੋਂ ਪਹਿਲਾਂ ਸਹੁਰੇ ਘਰ ਲਈ ਰਵਾਨਗੀ ਪਾ ਚੁੱਕੀਆਂ ਹੁੰਦੀਆਂ ਹਨ। ਸ਼੍ਰੀ ਵਸ਼ਿਸ਼ਟ ਨੇ ਇਸ ਵਿਸ਼ੇ 'ਤੇ ਸਰਕਾਰਾਂ, ਸਿਵਲ, ਸਿਹਤ ਅਤੇ ਪੁਲਿਸ ਪ੍ਰਸ਼ਾਸਨ, ਸਵੈ ਸੇਵੀ ਜਥੇਬੰਦੀਆਂ ਦੇ ਅਵੇਸਲੇ ਪਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮਾਤਰ ਚਿੰਤਾ ਕੀਤੀਆਂ ਇਸ ਮਸਲੇ ਦਾ ਹੱਲ ਨਹੀਂ ਨਿਕਲੇਗਾ ਬਲਕਿ ਇਸ ਮਸਲੇ 'ਤੇ ਸਮਾਜ ਅਤੇ ਸਰਕਾਰ ਦੇ ਹਰ ਵਰਗ ਨੂੰ ਮਿਲ ਬੈਠ ਕੇ ਇੱਕ ਗੰਭੀਰ ਚਿੰਤਨ ਵੀ ਕਰਨਾ ਪਵੇਗਾ। ਸ਼੍ਰੀ ਵਸ਼ਿਸ਼ਟ ਨੇ ਸਾਰਿਆਂ ਨੂੰ ਚੇਤਨ ਕਰਦਿਆਂ ਦੱਸਿਆ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਸਾਲ ੨੦੫੦ ਤੱਕ ਸਥਿਤੀ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੋਵੇਗੀ ਜਦ ਸੰਸਾਰ ਵਿੱਚ ੧੨੦ ਕਰੋੜ ਬਾਲੜੀਆਂ ਤੇ ਹਰ ਤੀਜੀ ਬਾਲੜੀ ੧੮ ਸਾਲ ਦੀ ਉਮਰ ਤੋਂ ਪਹਿਲਾਂ ਇਸ ਗੈਰ ਕਾਨੂੰਨੀ ਕਾਰੇ ਦਾ ਸ਼ਿਕਾਰ ਹੋ ਚੁੱਕੀ ਹੋਵੇਗੀ । ਸ਼੍ਰੀ ਵਸ਼ਿਸ਼ਟ ਨੇ ਦੱਸਿਆ ਕਿ ਅੱਜ ਸੰਸਾਰ ਪੱਧਰ 'ਤੇ ੭੦ ਕਰੋੜ ਇਸਤਰੀਆਂ ਰਹਿ ਰਹੀਆਂ ਹਨ ਜੋ ੧੮ ਸਾਲ ਦੀ ਉਮਰ ਤੋਂ ਪਹਿਲਾਂ ਬਾਲੜੀ ਅਵਸਥਾ ਵਿੱਚ ਹੀ ਇਸ ਧੱਕੇ ਦਾ ਸ਼ਿਕਾਰ ਹੋਈਆਂ ਸਨ । ਸ਼zzੀ ਵਸ਼ਿਸ਼ਟ ਨੇ ਪ੍ਰਸ਼ਾਸਨ ਤੋਂ ਇਸ ਵਿਸ਼ੇ 'ਤੇ ਗੰਭੀਰ ਕਦਮ ਚੁੱਕਣ ਦੀ ਅਪੀਲ ਕਰਦਿਆਂ ਆਪਣੀ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਸਥਾਨਾਂ 'ਤੇ ਵਿਚਾਰ ਗੋਸ਼ਟੀਆਂ ਦਾ ਆਯੋਜਨ ਕਰਨ ਅਤੇ ਇਸ ਵਿਸ਼ੇ 'ਤੇ ਲਗਾਤਾਰਤਾ ਵਿੱਚ ਕੰਮ ਕਰਨ ਦੇ ਆਪਣੇ ਪ੍ਰਣ ਨੂੰ ਦੁਹਰਾਉਂਦਿਆਂ ਹੋਰ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ । ਸ਼੍ਰੀ ਵਸ਼ਿਸ਼ਟ ਨੇ ਕਿਹਾ ਕਿ ਬਾਲ ਵਿਆਹ ਖ਼ਿਲਾਫ਼ ਕਾਨੂੰਨੀ ਪਹਿਲ ਕਦਮੀਂ ਕਰਨ ਲਈ ਜ਼ਿੰਮੇਵਾਰ ਅਥਾਰਟੀਆਂ ਦਾ ਅਵੇਸਲ਼ਾਪਣ ਹੈਰਾਨੀਜਨਕ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ । ਭਵਿੱਖ ਵਿੱਚ ਸੰਸਥਾ ਅਜਿਹੀ ਅਥਾਰਟੀਆਂ ਨੂੰ ਕਾਨੂੰਨੀ ਚਾਰਾਜੋਈ ਅਤੇ ਲਗਾਤਾਰ ਗੰਭੀਰ ਯਤਨ ਕਰਨ ਲਈ ਚੇਤਨ ਕਰਨ ਹਿੱਤ ਆਪਣੀ ਪਹੁੰਚ ਬਣਾਵੇਗੀ । ਸਕੱਤਰ ਰੈੱਡ ਕਰਾਸ ਨਰੇਸ਼ ਗੁਪਤਾ ਅਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਨੇ ਆਪਣੇ ਸੰਬੋਧਨਾਂ ਵਿੱਚ ਕਿਹਾ ਕਿ ਸ਼੍ਰੀ ਵਸ਼ਿਸ਼ਟ ਵੱਲੋਂ ਇਸ ਵਿਸ਼ੇ 'ਤੇ ਕੀਤਾ ਗੰਭੀਰ ਚਿੰਤਨ, ਖੋਜ ਅਤੇ ਬਿਆਨੇ ਤੱਥ ਯਕੀਨੀ ਤੌਰ 'ਤੇ ਕਿਸੇ ਲੋਕਤਾਂਤਰਿਕ ਅਤੇ ਸੱਭਿਆ ਸਮਾਜ ਦੀ ਨਹੀਂ ਬਲਕਿ ਕਿਸੇ ਮੱਧ ਕਾਲੀਨ ਕਬੀਲਾ ਸਮਾਜ ਦੀ ਤਸਵੀਰ ਪੇਸ਼ ਕਰਦੇ ਹਨ ਜਿੱਥੇ ਅਜਿਹੇ ਕਾਰਿਆਂ ਦੀ ਪੁਸ਼ਤ ਪਨਾਹੀ ਇੱਕ ਆਮ ਸਰਵ ਸਹਿਮਤੀ ਵਾਲਾ ਕਾਰਾ ਰਿਹਾ ਹੈ । ਉਨਾਂ ਬਾਲੜੀ ਵਿਆਹ ਉਨਮੂਲਨ ਬਾਰੇ ਸ਼੍ਰੀ ਵਸ਼ਿਸ਼ਟ ਦੁਆਰਾ ਕੀਤੀ ਪਹਿਲ ਨੂੰ ਇੱਕ ਹਿੰਮਤ ਵਾਲਾ ਅਤੇ ਦਲੇਰਾਨਾ ਕਦਮ ਐਲਾਨ ਦਿਆਂ ਉਨਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਲਈ ਆਪਣੇ ਵੱਲੋਂ ਉਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ । ਮੁੱਖ ਬੁਲਾਰੇ ਵਜੋਂ ਪ੍ਰਿੰ. ਧਰਮ ਪਾਲ ਸਾਹਿਲ, ਪ੍ਰਿੰ. ਅਸ਼ਵਨੀ ਕੁਮਾਰ ਦੱਤਾ ਅਤੇ ਮਾਸਟਰ ਦੀਪਕ ਕੁਮਾਰ ਵਸ਼ਿਸ਼ਟ ਨੇ ਆਪਣੇ ਕੁੰਜੀ ਵਤ ਭਾਸ਼ਣਾਂ ਵਿੱਚ ਇਸ ਵਿਸ਼ੇ 'ਤੇ ਸਮਾਜਿਕ, ਧਾਰਮਿਕ ਰਿਵਾਜਾਂ, ਮੈਡੀਕਲ ਸਾਇੰਸ ਅਤੇ ਕਾਨੂੰਨੀ ਨੁਕਤਾ ਨਿਗਾਹ ਨਾਲ ਬਾਲ ਵਿਆਹ ਦੇ ਉਨਮੂਲਨ ਵਿੱਚ ਆ ਰਹੀ ਰੁਕਾਵਟ, ਇਸਦੇ ਕਾਰਣ ਅਤੇ ਇਸਦੇ ਨਿਵਾਰਣ ਦੇ ਉਪਾਅ ਬਾਰੇ ਵਿਸਥਾਰ ਪੂਰਵ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਾਰ ਪੱਧਰ 'ਤੇ ਮੱਧ ਕਾਲ ਤੋਂ ਤੋਂ ਹੀ ਬਾਲ ਵਿਆਹ ਵਰਗੀ ਪਰੰਪਰਾ ਚੱਲੀ ਆ ਰਹੀ ਅਤੇ ਇਸ ਕਾਰੇ ਲਈ ਕਿਸੇ ਵੀ ਰੂਪ ਵਿੱਚ ਜ਼ਿੰਮੇਵਾਰ ਜਾਂ ਭਾਈਵਾਲ ਅੱਜ ੨੧ ਸਦੀ ਦਾ ਮਨੁੱਖੀ ਮਨ ਵੀ ਕਿਤੇ ਮੱਧ ਕਾਲੀ ਸੋਚ ਤੋਂ ਮੁਤਾਸਰ ਜਾਪਦਾ ਹੈ ਜੋਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ । ਬਾਲ ਵਿਆਹ ਲਈ ਜਿੱਥੇ ਸਮਾਜਿਕ, ਆਰਥਿਕ, ਧਾਰਮਿਕ, ਜਾਤੀਗਤ ਪਰੰਪਰਾਵਾਂ, ਬਾਲੜੀਆਂ ਦੀ ਸੁਰੱਖਿਆ, ਲੜਕੀ ਇੱਕ ਬੋਝ ਜਿਹੇ ਚਿਰ ਕਦੀਮ ਕਾਰਣ ਹਨ ਉੱਥੇ ਹੀ ਰਾਜਨੀਤਿਕ ਅਤੇ ਸਮਾਜਿਕ ਪ੍ਰਤੀਬੱਧਤਾ ਦੀ ਘਾਟ ਵੀ ਮੌਜੂਦਾ ਮੁੱਖ ਕਾਰਕ ਹੈ । ਅੱਜ ਬਾਲ ਵਿਆਹ ਉਨਮੂਲਨ ਹਿੱਤ ਬਣੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਕਈ ਰਾਗਨੀਆਂ ਇਸ ਜ਼ਿਆਦਤੀ ਦਾ ਮੂਕ ਸ਼ਿਕਾਰ ਹੋ ਰਹੀਆਂ ਹਨ 'ਤੇ ਜ਼ਿੰਮੇਵਾਰ ਲੋਕ ਸਰੇ ਆਮ ਆਜ਼ਾਦ ਵਿਚਰਦਿਆਂ ਕਿਸੇ ਅਜਿਹੇ ਹੀ ਅਗਲੇ ਗੈਰ ਕਾਨੂੰਨੀ ਕਾਰੇ ਨੂੰ ਅੰਜਾਮ ਦੇਣ ਲਈ ਮਸ਼ਕਾਂ ਕਸ ਰਹੇ ਹਨ । ਬਾਲ ਵਿਆਹ ਉਨਮੂਲਨ ਲਈ ਬਣੇ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਸਮਾਜਿਕ ਚੇਤਨਾ ਨੂੰ ਮੁੱਖ ਉਪਾਅ ਐਲਾਨ ਦਿਆਂ ਬੁਲਾਰਿਆਂ ਨੇ ਸਾਰੇ ਮੌਜੂਦਾ ਹਾਜਰੀਨ ਪਾਸੋਂ ਇਸ ਬੁਰਾਈ ਖ਼ਿਲਾਫ਼ ਇੱਕ ਮਨੁੱਖੀ ਲੜੀ ਬਣਾਉਣ ਦਾ ਅਤੇ ਇੱਕ ਲੋਕ ਰਾਏ ਦੇ ਰੂਪ ਵਿੱਚ ਜ਼ਿਲਾ ਅਤੇ ਸਟੇਟ ਪ੍ਰਸ਼ਾਸਨ ਪਾਸ ਇਸ ਬੁਰਾਈ ਦੇ ਉਨਮੂਲਨ ਹਿੱਤ ਕੁੱਝ ਸਾਰਥਕ ਸੁਝਾਅ ਭੇਜੇ ਜਾਣ ਦਾ ਮਤਾ ਵੀ ਸਰਵ ਸੰਮਤੀ ਨਾਲ ਪਾਸ ਕਰਦਿਆਂ ਕਿਸੇ ਹੋਰ ਬਾਲੜੀ ਦਾ ਹਸ਼ਰ ਰਾਗਨੀ ਵਾਲਾ ਨਾ ਹੋਣ ਦੇਣ ਦਾ ਪ੍ਰਣ ਵੀ ਲਿਆ ।  ਇਸ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਸੰਸਥਾ ਦੇ ਸੀਨੀਅਰ ਉਪ ਪ੍ਰਧਾਨ ਸੰਜੀਵ ਵਸ਼ਿਸ਼ਟ, ਸਕੱਤਰ ਕਮਲ ਕਿਸ਼ੋਰ ਵਰਮਾ, ਉਪ ਪ੍ਰਧਾਨ ਸ਼ਸ਼ੀ ਬਾਲਾ,  ਮਾ. ਵਿਜੇ ਕਲਸੀ, ਮਾ. ਅਜੇ ਕੁਮਾਰ, ਚੀਫ਼ ਮੈਨੇਜਰ ਰਵਿੰਦਰ ਪਠਾਣੀਆਂ, ਪ੍ਰਧਾਨ ਲਾਇਨਜ਼ ਕਲੱਬ ਹਰਜਿੰਦਰ ਸਿੰਘ ਰਾਜਾ, ਚੇਅਰਮੈਨ ਲਾਇਨਜ਼ ਕਲੱਬ ਭੁਪਿੰਦਰ ਸਿੰਘ ਗੱਗੀ, ਭੁਵਨੇਸ਼ ਵਸ਼ਿਸ਼ਟ, ਜਾਸਮੀਨ, ਬਲਵਿੰਦਰ ਸਿੰਘ, ਉਂਕਾਰ ਸਿੰਘ, ਗੁਰਪ੍ਰੀਤ ਕੌਰ, ਜਗਬੀਰ ਕੌਰ, ਰੇਸ਼ਮਾਂ, ਰਾਹੁਲ ਕੁਮਾਰ, ਪ੍ਰੇਮ ਲਤਾ ਸਹਿਤ ਵੱਖ ਵੱਖ ਸਵੈ ਸੇਵੀ ਜਥੇਬੰਦੀਆਂ ਦੇ ਅਹੁਦੇ ਦਾਰਾਂ, ਚਿੰਤਕਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਸ਼ਿਰਕਤ ਕੀਤੀ । ਅੰਤ ਵਿੱਚ ਨਰੇਸ਼ ਗੁਪਤਾ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਹਿੱਤ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਮੰਚ ਸੰਚਾਲਨ ਮਾਸਟਰ ਦੀਪਕ ਕੁਮਾਰ ਵਸ਼ਿਸ਼ਟ ਨੇ ਖ਼ੁਸ਼ ਅਦੂਲੀ ਨਾਲ ਕਰਦਿਆਂ ਸਾਰਿਆਂ ਦਾ ਧੰਨਵਾਦ ਵੀ ਕੀਤੀ ।

No comments: