BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ ਲੱਖਾਂ ਰੁਪਏ ਗਵਾ ਬੈਠਣ ਵਾਲੇ ਪੀੜਤਾਂ ਨੇ ਕੀਤਾ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ

ਪੀੜਤਾਂ ਨੇ ਜ਼ਿਲਾ ਪੁਲਿਸ ਮੁਖੀ ਪਾਸੋਂ ਕੀਤੀ ਇਨਸਾਫ ਦੀ ਮੰਗ
ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਸਥਾਨਕ ਗੌਰਮਿੰਟ ਕਾਲਜ ਰੋਡ 'ਤੇ ਸਥਿਤ ਇੱਕ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ ਲੱਖਾਂ ਰੁਪਏ ਗਵਾ ਬੈਠਣ ਵਾਲੇ ਪੀੜਤਾਂ ਨੇ ਟਰੈਵਲ ਏਜੰਟ ਦੇ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀਆਂ ਸੰਦੀਪ ਸਿੰਘ, ਦੀਦਾਰ ਸਿੰਘ, ਕੇਵਲ ਸਿੰਘ, ਗੁਰਪਾਲ, ਅਮਰੀਕ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਨਜ਼ਦੀਕ ਇੱਕ ਨਿੱਜੀ ਬਿਲਡਿੰਗ 'ਚ ਅਰਮਾਨ ਟਰੈਵਲ ਨਾਮਕ ਆਪਣਾ ਦਫਤਰ ਬਣਾ ਕੇ ਬੈਠੇ ਟਰੈਵਲ ਏਜੰਟ ਨੇ ਕੁਵੈਤ ਭੇਜਣ ਦੇ ਨਾਮ ਹੇਠ ਕਥਿਤ ਤੌਰ 'ਤੇ ਲੱਖਾਂ ਰੁਪਏ ਬਟੋਰ ਲਏ, ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੀੜਤ ਲੋਕਾਂ ਨੇ ਦੱਸਿਆ ਕਿ ਉਨਾਂ ਨੂੰ ਉਕਤ ਟਰੈਵਲ ਏਜੰਟ ਵੱਲੋਂ ਕੰਬਾਈਨ ਗਰੁੱਪ ਦੇ ਵੀਜ਼ੇ ਦਿਖਾ ਕੇ ਝਾਂਸੇ ਵਿੱਚ ਲਿਆ ਗਿਆ ਅਤੇ ਐਗਰੀਮੈਂਟ ਕਰਵਾਉਣ ਦੇ ਨਾਮ 'ਤੇ ਅਤੇ ਮੈਡੀਕਲ ਕਰਵਾਉਣ ਦੇ ਨਾਮ 'ਤੇ ਵੀ ਵੱਡੀਆਂ ਰਕਮਾਂ ਬਟੋਰੀਆਂ। ਪੀੜਤਾਂ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਵੱਲੋਂ ਹੁਸ਼ਿਆਰਪੁਰ ਦੇ ਕ੍ਰਿਸ਼ਨਾ ਨਗਰ ਸਥਿਤ ਇੱਕ ਲੈਬ ਵਿੱਚੋਂ ਵੀ ਮੈਡੀਕਲ ਕਰਵਾਉਣ ਦੇ ਨਾਮ 'ਤੇ 5000 ਰੁਪਏ ਅਤੇ ਫਿਰ ਦਿੱਲੀ ਤੋਂ ਮੈਡੀਕਲ ਕਰਵਾਉਣ ਦੇ ਨਾਮ 'ਤੇ 13000 ਰੁਪਏ ਅਤੇ ਫਿਰ ਐਗਰੀਮੈਂਟ ਵੱਜੋਂ 7000 ਰੁਪਏ ਵੱਖਰੇ ਤੌਰ 'ਤੇ ਵਸੂਲ ਕੀਤੇ। ਇੰਜ ਹੁਣ ਤੱਕ ਇਹ ਟਰੈਵਲ ਏਜੰਟ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਚੂਨਾ ਲਗਾ ਕੇ ਆਪਣਾ ਦਫਤਰ ਬੰਦ ਕਰਕੇ ਗਾਇਬ ਹੋ ਗਿਆ ਹੈ। ਇਸ ਵਿਅਕਤੀ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਵੀ ਹੁਣ ਬੰਦ ਆ ਰਹੇ ਹਨ ਅਤੇ ਉਕਤ ਟਰੈਵਲ ਏਜੰਟ ਦਾ ਕੋਈ ਪੱਕਾ ਐਡਰੈਸ ਵੀ ਕਿਸੇ ਨੂੰ ਨਹੀਂ ਪਤਾ। ਇਸ ਸੰਬੰਧੀ ਉਕਤ ਬਿਲਡਿੰਗ ਪੁਰੀ ਕੰਪਲੈਕਸ ਦੇ ਮਾਲਕ ਨਾਲ ਸੰਪਰਕ ਕਰਨ 'ਤੇ ਉਨਾਂ ਦੱਸਿਆ ਕਿ ਉਨਾਂ ਨੇ ਪੂਰਾ ਐਡਰੈਸ ਪਰੂਫ ਲੈ ਕੇ ਹੀ ਆਪਣੀ ਦੁਕਾਨ ਉਕਤ ਟਰੈਵਲ ਏਜੰਟ ਨੂੰ 3 ਸਾਲ ਦੇ ਐਗਰੀਮੈਂਟ ਨਾਲ ਕਿਰਾਏ 'ਤੇ ਦਿੱਤੀ ਸੀ ਅਤੇ ਉਹ ਉਕਤ ਏਜੰਟ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੇ। ਇਨਾਂ ਐਡਰੈਸ ਪਰੂਫ ਮੁਤਾਬਿਕ ਇਹ ਦੁਕਾਨ ਸੁਖਵੰਤ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਪਿੰਡ ਕੋਟ ਈਸੇ ਖਾਨ ਜ਼ਿਲਾ ਮੋਗਾ ਦੇ ਨਾਮ 'ਤੇ ਕਿਰਾਏ 'ਤੇ ਲਈ ਗਈ ਸੀ। ਹੁਣ ਇਹ ਤਾਂ ਪੁਲਿਸ ਵੈਰੀਫੀਕੇਸ਼ਨ ਵਿੱਚ ਹੀ ਪਤਾ ਲੱਗ ਸਕੇਗਾ ਕਿ ਉਕਤ ਐਡਰੈਸ ਪਰੂਫ ਸਹੀ ਹਨ ਜਾਂ ਗਲਤ। ਪੀੜਤਾਂ ਨੇ ਦੱਸਿਆ ਕਿ ਆਪਣੇ ਨਾਲ ਹੋਈ ਠੱਗੀ ਬਾਰੇ ਜ਼ਿਲਾ ਪੁਲਿਸ ਮੁਖੀ ਨੂੰ ਪਹਿਲਾਂ ਵੀ ਦਰਖਾਸਤ ਦੇ ਚੁੱਕੇ ਹਨ ਅਤੇ ਅੱਜ ਫਿਰ ਯਾਦ ਪੱਤਰ ਦੇਣ ਜਾ ਰਹੇ ਹਨ। ਉਨਾਂ ਜ਼ਿਲਾ ਪੁਲਿਸ ਮੁਖੀ ਪਾਸੋਂ ਇਨਸਾਫ ਦੀ ਮੰਗ ਕੀਤੀ।

No comments: