BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੁਸਨ ਅਤੇ ਖੂਬਸੂਰਤ ਕਲਮ ਦਾ ਸੁਮੇਲ- ਸਰੁੱਚੀ ਕੰਬੋਜ

ਖੂਬਸੂਰਤ ਦਿਲ ਤੇ ਖੂਬਸੂਰਤ ਦਿਮਾਗ ਨਾ-ਸਿਰਫ ਆਪਣੇ-ਆਪ ਦੇ 'ਅਕਸ'  ਤੇ 'ਨਕਸ਼'  ਨੂੰ ਨਿਖਾਰਨ ਅਤੇ ਉਭਾਰਨ ਦਾ ਹੀ ਕੰਮ ਕਰਦਾ ਹੈ, ਬਲਕਿ ਉਸ ਅੰਦਰ ਵਗਦੀ ਪਾਕਿ-ਪਵਿੱਤਰ, ਸਵੱਛ-ਵਿਚਾਰਧਾਰਾ ਆਪਣੇ ਖਾਨਦਾਨ, ਦੇਸ਼, ਕੌਮ ਅਤੇ ਸਮਾਜ ਵਿਚ ਨਵੀਆਂ ਸਲਾਹੁਣ-ਯੋਗ ਪਗਡੰਡੀਆਂ ਵਾਹਣ ਦਾ ਦਮ ਵੀ ਰੱਖਦੀ ਹੈ। ਇਹ ਵੀ ਇਕ ਸੱਚ ਹੈ ਕਿ ਜਿਤਨਾ ਅੰਦਰਲੀ ਸੁੰਦਰਤਾ ਉਚਾਈ ਦੀਆਂ ਸਦੀਵੀ-ਛੋਹਾਂ ਪ੍ਰਦਾਨ ਕਰਦੀ ਹੈ, ਉਤਨੀ ਬਾਹਰਲੀ ਸੁੰਦਰਤਾ ਨਹੀ। ਪਰ, ਜੇਕਰ ਅੰਦਰਲੀ ਤੇ ਬਾਹਰਲੀ ਖੂਬਸੂਰਤੀ, ਭਾਵ ਦੋਨੋ ਹੁਸਨ ਇਕੱਠੇ ਹੋ ਜਾਣ,  ਅਤੇ ਸਬੱਬੀ ਹੱਥ ਵਿਚ ਲਾ-ਜੁਵਾਬ ਕਲਮ ਵੀ ਆ ਜਾਵੇ, ਫਿਰ ਤਾਂ ਉਸ 'ਅਕਸ'  ਨੂੰ  'ਸੁਭਾਗਾ'  ਅਕਸ ਹੀ ਕਹਿਣਾ ਬਣਦਾ ਹੈ। ਹਾਂ ਜੀ : ਐਸੇ ਨਿਵੇਕਲੇ ਬਣੇ ਇਕ ਸ਼ਾਨਾ-ਮੱਤੇ  'ਅਕਸ'  ਦਾ ਨਾਂਉਂ ਹੈ- ਸਰੁੱਚੀ ਕੰਬੋਜ। 
ਜਿਲ੍ਹਾ ਫਾਜਿਲਕਾ ਦੇ ਪਿੰਡ ਚੱਕ ਬਨ ਵਾਲਾ ਦੀ ਜੰਮਪਲ ਸਰੁੱਚੀ ਨੂੰ ਸੱਭਿਆਚਾਰਕ ਗਤੀ-ਵਿਧੀਆਂ ਵਿਚ ਹਿੱਸਾ ਲੈਣ ਦਾ ਸ਼ੌਕ ਸਕੂਲ ਦੌਰਾਨ ਹੀ ਲੱਗ ਗਿਆ ਸੀ। ਉਸ ਨੇ ਸ਼ਹੀਦ ਭਗਤ ਸਿੰਘ ਇੰਜੀਨੀਰਿੰਗ ਕਾਲਜ, ਫਿਰੋਜਪੁਰ ਤੋਂ ਬੀ.-ਟੈਕ ਕਰਨ ਤੱਕ ਆਪਣਾ ਸੱਭਿਆਚਾਰਕ ਸ਼ੌਕ ਬਕਾਇਦਾ ਬਰਕਰਾਰ ਰੱਖਿਆ। ਜਿਉਂ-ਜਿਉਂ ਉਹ ਸੁਰਤ ਸੰਭਾਲਦੀ ਗਈ, ਤਿਉਂ-ਤਿਉਂ ਉਸ ਦੇ ਦਿਲ ਅਤੇ ਦਿਮਾਗ ਉਤੇ 'ਤਿੜਕਦੇ ਸਮਾਜੀ ਰਿਸ਼ਤੇ', ਹੋ ਰਹੇ ਵਿਤਕਰੇ, ਭ੍ਰਿਸ਼ਟਾਚਾਰ, ਨੇਤਾਵਾਂ ਦੇ ਕਿਰਦਾਰ ਆਦਿ ਸਬੰਧੀ ਇਕ ਤੋਂ ਬਾਅਦ ਇਕ ਸਵਾਲ ਭਾਰੂ ਹੁੰਦੇ ਗਏ। ਆਖਿਰ ਉਹ ਦਿਨ ਵੀ ਆ ਗਿਆ, ਜਦੋਂ ਸਵਾਲਾਂ ਦਾ ਇਹ 'ਲਾਵਾ' ਕਲਮ ਥਾਣੀ ਫੁਟ ਤੁਰਿਆ। ਕਲਮ 'ਚੋਂ ਨਿਕਲਦੇ ਸ਼ਬਦ, ਕਹਾਣੀ, ਕਵਿਤਾ ਅਤੇ ਲੇਖ ਦਾ ਰੂਪ ਧਾਰਨ ਲੱਗੇ। ਸਮਾਜ ਵਿਚ ਅਮੀਰੀ-ਗਰੀਬੀ ਦੇ ਪਾੜੇ ਦੌਰਾਨ ਗਰੀਬ ਨਾਲ ਉਸ ਬੇ-ਇਨਸਾਫੀ ਹੁੰਦੀ ਦੇਖੀ ਤਾਂ 'ਅਨੋਖਾ-ਇਨਸਾਫ' ਤੇ 'ਸੁੰਦਰਾਂ' ਕਹਾਣੀ ਨੇ ਜਨਮ ਲੈ ਲਿਆ। ਬੁਢਾਪੇ 'ਚ ਸੰਤਾਨ ਵਲੋਂ ਮਾਂ-ਬਾਪ ਦੀ ਹੁੰਦੀ ਬੇ-ਅਦਬੀ ਅਤੇ ਬੁਢਾਪੇ ਦੀ ਡਗੋਰੀ ਖੁੱਸਦੀ ਵੇਖ ਕੇ  'ਸਹਾਰਾ' ਅਤੇ 'ਬੁੱਢੀ ਦਾਦੀ'  ਕਹਾਣੀਆਂ ਬਣ ਗਈਆਂ। ਇਵੇਂ ਹੀ ਬਾਪ ਅਤੇ ਪੁੱਤਰ ਦੇ ਆਪਸੀ ਪਿਆਰ, ਮੋਹ ਅਤੇ ਅਪਣੱਤ ਦੀ ਸੋਚਣੀ ਵਿਚ ਜਿੰਮੀ-ਅਸਮਾਨ ਦਾ ਆ ਗਿਆ ਅੰਤਰ ਨਜਰੀ ਆਇਆ ਤਾਂ 'ਫਰਕ'  ਕਹਾਣੀ ਬਣ ਨਿਕਲੀ। ਜਮਾਨੇ ਦੀ ਹਰ ਪੱਖ ਤੋਂ ਬਦਲ ਗਈ ਸੋਚ ਵੇਖ ਕੇ 'ਦੁਨੀਆਂ ਬਦਲ ਗਈ', ਹਰ ਚੀਜ ਵਿਚ ਹੋ ਰਹੀ ਮਿਲਾਵਟ ਤੋਂ ਚਿੰਤਤ ਹੋ ਕੇ 'ਜਮਾਨਾ ਮਿਲਾਵਟ ਦਾ'  ਅਤੇ ਕਿਸੇ ਉਤੇ ਤਰਸ ਖਾ ਕੇ ਉਸ ਦੀ ਮਦਦ ਕਰਨ ਬਦਲੇ ਅਚਾਨਕ ਖੁਦ ਨੂੰ ਕੁੜਿੱਕੀ 'ਚ ਫਸਾ ਲੈਣ ਦਾ ਨਤੀਜਾ ਭੁਗਤਣ ਵਜੋਂ 'ਸਫੈਦ ਖੂਨ' ਆਦਿ ਅਨਗਿਣਤ ਕਹਾਣੀਆਂ ਕਲਮ ਚੋਂ ਟਪਕ-ਟਪਕ ਬਾਹਰ ਨਿਕਲਣ ਲੱਗੀਆਂ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਪਿਤਾ ਸ੍ਰੀ ਦਰਸ਼ਨ ਲਾਲ ਅਤੇ ਮਾਤਾ ਸ੍ਰੀਮਤੀ ਮੀਰਾਂ ਜੀ ਦੀ ਲਾਡਲੀ ਸਰੁੱਚੀ ਨੇ ਕਿਹਾ, 'ਮੈਂ ਇਕ ਆਮ ਸ਼੍ਰੈਣੀ ਦੀ ਲਿਖਣ ਵਾਲੀ ਸਾਹਿਤ ਦੀ ਵਿਦਿਆਰਥਣ ਹਾਂ| ਰੱਬ ਨੇ ਮੇਰੇ ਹੱਥ ਕਲਮ ਫੜਾ ਦਿੱਤੀ ਤੇ ਮੈਂ ਲਿਖਣ ਲੱਗ ਪਈ|'  ਉਨ੍ਹਾਂ ਅੱਗੇ ਦੱਸਿਆ ਕਿ ਅਜੇ ਉਹ ਇਕ ਹੀ ਕਹਾਣੀ ਲਿਖ ਰਹੀ ਹੁੰਦੀ ਹੈ ਕਿ ਉਸ ਦੇ ਜਿਹਨ ਵਿਚ ਕਈ ਹੋਰ ਕਹਾਣੀਆਂ ਉਸਲ-ਵੱਟੇ ਲੈਣ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਜਦ ਤਕ ਉਹ ਕਲਮ ਦਾ ਇੰਜੈਕਸ਼ਨ ਲਗਾ ਕੇ ਕੋਰੇ ਕਾਗਜ ਦੀ ਹਿੱਕੜੀ ਉਤੇ ਕੱਢ ਨਹੀਂ ਦਿੰਦੀ, ਉਤਨੀ ਦੇਰ ਸਕੂਨ ਨਹੀ ਮਿਲਦਾ ਉਸਨੂੰ।
ਮਾਨ-ਸਨਮਾਨ ਦੀ ਗੱਲ ਛਿੜੀ ਤਾਂ ਸਰੁੱਚੀ ਨੇ ਕਿਹਾ, 'ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.), ਜਿਸ ਦੀ ਕਿ ਮੈਂਬਰ ਹੋਣ ਦਾ ਵੀ ਮੈਨੂੰ ਗੌਰਵ ਹੈ, ਨੇ ਮੈਨੂੰ 26 ਦਸੰਬਰ, 15 ਨੂੰ 'ਉਭਰਦੀ ਕਵਿੱਤਰੀ' ਅਤੇ  'ਗਿੱਧਿਆਂ ਦੀ ਰਾਣੀ' ਦੇ ਸਨਮਾਨ-ਪੱਤਰ ਨਾਲ ਸਨਮਾਨਿਤ ਕੀਤਾ ਹੈ, ਜਿਸ ਦੇ ਲਈ ਸੰਸਥਾ ਦੀ ਮੈਂ ਰਿਣੀ ਹਾਂ।'
ਹੁਸਨ, ਉਚ-ਵਿਦਵਤਾ ਅਤੇ ਖੂਬਸੂਰਤ ਕਲਮ ਦਾ ਸੁਮੇਲ ਬਣੀ ਇਸ ਹੋਣਹਾਰ ਮੁਟਿਆਰ ਤੋਂ ਕਵਿਤਾ ਅਤੇ ਕਹਾਣੀ-ਜਗਤ ਨੂੰ ਭਰਵੀਆਂ ਆਸਾਂ ਹਨ। ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)

No comments: