BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੋਟਪਾ ਐਕਟ ਸਬੰਧੀ ਜ਼ਿਲਾ ਪੱਧਰੀ ਵਰਕਸ਼ਾਪ ਆਯੋਜਿਤ

ਹੁਸ਼ਿਆਰਪੁਰ, 11 ਮਈ (ਤਰਸੇਮ ਦੀਵਾਨਾ)- ਸਿਖਲਾਈ ਕੇਂਦਰ, ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਕੋਟਪਾ ਐਕਟ ਸਬੰਧੀ ਜ਼ਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਸਿਵਲ ਸਰਜਨ ਡਾ. ਰਿੰਪੀ ਪੁਰੇਵਾਲ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜ਼ਿਲੇ ਭਰ ਤੋਂ ਕੋਟਪਾ ਐਕਟ ਤਹਿਤ ਬਣਾਈਆਂ ਗਈਆਂ ਤੰਬਾਕੂ ਟਾਸਕ ਫੋਰਸ ਦੀ ਟੀਮਾਂ ਦੇ  ਇੰਚਾਰਜ ਮੈਡੀਕਲ ਅਫਸਰ ਅਤੇ ਹੈਲਥ ਇੰਸਪੈਕਟਰਾਂ ਨੇ ਸ਼ਮੂਲੀਅਤ ਕੀਤੀ। ਇਸ ਅਵਸਰ ਤੇ ਸੰਬੋਧਨ ਕਰਦਿਆਂ ਡਾ. ਰਿੰਪੀ ਪੁਰੇਵਾਲ ਨੇ ਕਿਹਾ ਕਿ ਜ਼ਿਲੇ ਨੂੰ ਤੰਬਾਕੂਨੋਸ਼ੀ ਮੁਕਤ ਜ਼ਿਲਾ ਬਣਾਏ ਰੱਖਣ ਲਈ ਬੇਹੱਦ ਜ਼ਰੂਰੀ ਹੈ ਕਿ ਤੰਬਾਕੂਨੋਸ਼ੀ ਵਿਰੁੱਧ ਬਣਾਏ ਗਏ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਨਾਲ ਹੀ ਨਾਲ ਆਮ ਜਨਤਾ ਵੀ ਇਸ ਐਕਟ ਦੇ ਸਮੂਹ ਨਿਯਮਾਂ ਅਤੇ ਧਾਰਾਵਾਂ ਦਾ ਪੂਰੀ ਤਰਾ ਪਾਲਣ ਕਰੇ। ਉਨਾਂ ਕਿਹਾ ਕਿ ਕੋਟਪਾ ਐਕਟ ਤਹਿਤ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ ਵੱਲੋਂ ਕੋਟਪਾ ਐਕਟ ਤਹਿਤ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪੂਰਨ ਪਾਬੰਦੀ ਅਤੇ ਸਮੂਹ ਜਨਤਕ ਥਾਵਾਂ ਸਹਿਤ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਤੰਬਾਕੂਨੋਸ਼ੀ ਵਿਰੁੱਧ ਲਗਾਏ ਜਾਣ ਵਾਲੇ ਸਾਈਨੇਜ਼ ਬੋਰਡਾਂ ਦੀ ਸਮੇਂ-ਸਮੇਂ ਤੇ ਜਾਂਚ ਕੀਤੀ ਜਾਵੇ। ਇਸਦੇ ਨਾਲ ਹੀ ਤੰਬਾਕੂ ਟਾਸਕ ਫੋਰਸ ਦੇ ਮੈਬਰਾਂ ਵੱਲੋਂ ਕੋਟਪਾ ਐਕਟ ਦੀਆਂ ਧਾਰਾਵਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਚਲਾਨ ਕੱਟੇ ਜਾਣ। ਡਾ. ਰਿੰਪੀ ਪੂਰੇਵਾਲ ਨੇ ਕਿਹਾ ਕਿ ਇਨਾਂ ਗਤੀਵਿਧੀਆਂ ਤੋਂ ਇਲਾਵਾ ਜ਼ਿਲੇ ਅੰਦਰ ਵੱਖ-ਵੱਖ ਸਥਾਨਾਂ ਅਤੇ ਖਾਸਕਰ ਸਿੱਖਿਅਕ ਅਦਾਰਿਆਂ ਵਿੱਚ ਨੋਜਵਾਨ ਵਰਗ ਨੂੰ ਤੰਬਾਕੂਨੋਸ਼ੀ ਅਤੇ ਸਿਗਰੇਟਨੋਸ਼ੀ ਕਾਰਣ ਵਾਤਾਵਰਣ ਅਤੇ ਸਿਹਤ ਤੇ ਪੈਂਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਆਉਣ ਵਾਲੀ ਪੀੜੀ ਨੂੰ ਇਸ ਬੁਰੀ ਆਦਤ ਤੋਂ ਦੂਰ ਰੱਖਿਆ ਜਾ ਸਕੇ। ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਜ਼ਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ-4 ਹੇਠ ਜਨਤਕ ਥਾਵਾਂ ਉਪੱਰ ਸਿਗਰੇਟਨੋਸ਼ੀ ਨਾਂ ਕਰਨ ਸਬੰਧੀ ਚਿਤਾਵਨੀ ਬੋਰਡਾਂ ਦਾ ਲੱਗੇ ਹੋਣਾ ਜ਼ਰੂਰੀ ਹੈ। ਧਾਰਾ 6-ਬੀ ਅਧੀਨ ਸਿੱਖਿਅਕ ਅਦਾਰਿਆੰ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ ਹੈ। ਇਸਦੇ ਨਾਲ ਹੀ ਨਵੀਂ ਨੋਟੀਫਿਕੇਸ਼ਨ ਅਨੁਸਾਰ ਤੰਬਾਕੂ ਉਤਪਾਦਾਂ ਦੇ ਪੈਕੇਟ ਦੇ 85 ਫੀਸਦੀ ਹਿੱਸੇ ਉਪਰ ਤੰਬਾਕੂ ਸੇਵਨ ਨਾਲ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਸੰਬਧੀ ਚਿਤਾਵਨੀ ਫੋਟੋ ਅਤੇ ਚਿਤਾਵਨੀ ਲਿਖਤ ਹੋਣੀ ਲਾਜ਼ਮੀ ਹੈ। ਇਸ ਵਿੱਚੋਂ 60 ਫੀਸਦੀ ਹਿੱਸਾ ਚਿਤਾਵਨੀ ਫੋਟੋ ਅਤੇ 25 ਫੀਸਦੀ ਚਿਤਾਵਨੀ ਲਿਖਤ ਹੋਣੀ ਚਾਹੀਦੀ ਹੈ। ਕੋਟਪਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਤੰਬਾਕੂਨੋਸ਼ੀ ਕਾਰਣ ਪੈਦਾ ਹੋਣ ਵਾਲੀਆਂ ਪੇਚਦੀਗੀਆਂ ਤੋਂ ਹੋਣ ਵਾਲੀਆਂ ਮੌਤਾਂ ਤੇ ਕਾਬੂ ਪਾਇਆ ਜਾ ਸਕੇ । ਇਸ ਤੋਂ ਇਲਾਵਾ ਸਕੂਲਾਂ, ਕਾਲਜ਼ਾਂ, ਬੈਂਕਾਂ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ, ਬੈਂਕਾਂ, ਮੈਰਿਜ਼ ਪੈਲੇਂਸਾਂ ਆਦਿ  ਪ੍ਰਮੁਖ ਜਨਤਕ ਥਾਵਾਂ ਤੇ ਸਾਈਨੇਜ਼ ਬੋਰਡ ਲਗਵਾਉਣੇ  ਲਾਜ਼ਮੀ ਹਨ। ਵਰਕਸ਼ਾਪ ਦੌਰਾਨ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ ਢਿੱਲੋਂ, ਤਰਸੇਮ ਲਾਲ, ਜਸਵਿੰਦਰ ਸਿੰਘ ਅਤੇ ਹਰਰੂਪ ਸ਼ਰਮਾ ਹਾਜ਼ਰ ਸਨ।

No comments: