BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖ ਨੌਜਵਾਨਾਂ ਵੱਲੋਂ ਨਿਊਜ਼ੀਲੈਂਡ ਵਿੱਚ ਮਨਾਇਆ ਗਿਆ 'ਆਕਲੈਂਡ ਟਰਬਨ ਡੇਅ'

250 ਤੋਂ ਵੱਧ ਪੱਗਾਂ ਸਜਾ ਕੇ ਲੋਕ ਲੈ ਗਏ ਘਰਾਂ ਨੂੰ ਨਿਸ਼ਾਨੀ
ਆਕਲੈਂਡ-29 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ 'ਏਓਟੀਆ ਸੁਕੇਅਰ' ਆਕਲੈਂਡ ਸਿਟੀ ਵਿਖੇ ਦੁਪਹਿਰ 12 ਤੋਂ 3 ਵਜੇ ਤੱਕ ਸਿੱਖ ਯੂਥ ਨਿਊਜ਼ੀਲੈਂਡ ਗਰੁੱਪ ਵੱਲੋਂ 'ਆਕਲੈਂਡ ਟਰਬਨ ਡੇਅ' ਮਨਾਇਆ ਗਿਆ। ਸਥਾਨਕ ਲੋਕਾਂ ਨੂੰ ਦਸਤਾਰ ਬਾਰੇ ਪਾਏ ਜਾਂਦੇ ਕਈ ਤਰਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਇਹ ਸਾਂਝਾ ਉਦਮ ਨੌਜਵਾਨ ਮੁੰਡਿਆਂ-ਕੁੜੀਆਂ ਵੱਲੋਂ ਕੀਤਾ ਗਿਆ ਸੀ, ਜਿਸ ਬਾਰੇ ਕਾਫੀ ਚਿਰ ਤੋਂ ਉਹ ਸੋਚ ਰਹੇ ਸਨ।  ਸਧਾਰਨ ਪੱਗਾਂ ਬੰਨਣ ਵਾਲੇ ਅਤੇ ਦੁਮਾਲੇ ਬੰਨਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਪੱਗਾਂ ਬੰਨਣ ਦੇ ਵਿਚ ਸਹਾਇਤਾ ਕਰ ਰਹੇ ਸਨ ਜੋ ਕਿ ਕਾਫੀ ਦੂਰੋਂ-ਦੂਰੋਂ ਪਹੁੰਚੇ ਹੋਏ ਸਨ। ਇਸ ਮੌਕੇ ਵੱਖ-ਵੱਖ ਫਿਰਕੇ ਦੇ ਲੋਕਾਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਸੀ। ਹਰ ਵਰਗ ਦੇ ਲੋਕ ਇਥੇ ਪਹੁੰਚ ਕੇ ਬੜੇ ਉਤਸ਼ਾਹ ਨਾਲ ਪਤਾ ਕਰ ਰਹੇ ਸਨ ਕਿ ਸਿਰ ਉਤੇ ਦਸਤਾਰ ਕਿਵੇਂ ਸਜਾਈ ਜਾਂਦੀ ਹੈ? ਦਸਤਾਰਾਂ ਵਿਚ ਰੰਗਾਂ ਦੀ ਕੀ ਮਹੱਤਤਾ ਹੈ? ਅਤੇ ਇਸਦਾ ਸਿੱਖ ਧਰਮ ਵਿਚ ਕੀ ਮਹੱਤਵ ਹੈ? ਨੋਜਵਾਨਾਂ ਵੱਲੋਂ ਇਸ ਮੌਕੇ ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਪੈਂਫਲੈਟ ਵੀ ਵੰਡੇ ਗਏ। ਤਿੰਨ ਘੰਟਿਆਂ ਦੇ ਵਿਚ ਹੀ ਜਿੱਥੇ ਸਿੱਖ ਭਾਈਚਾਰੇ ਤੋਂ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਪਹੁੰਚੇ ਉਥੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਤੇ ਜ਼ਿਲਾ ਏਥਨਿਕ ਸਰਵਿਸਜ਼ ਕੋਆਰਡੀਨੇਟਰ ਸਰਜਾਂਟ ਗੁਰਪ੍ਰੀਤ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਬਹੁਤ ਸਾਰੇ ਗੋਰੇ-ਗੋਰੀਆਂ ਨੇ ਬੜੇ ਚਾਅ ਨਾਲ ਆਪਣੇ ਸਿਰਾਂ ਉਤੇ ਦਸਤਾਰਾਂ ਸਜਾ ਕੇ ਆਪਣੇ ਸਮਾਟ ਫੋਨਾਂ ਤੋਂ ਸੈਲਫੀਆਂ ਅਤੇ ਵੀਡੀਓਜ਼ ਰਿਕਾਰਡ ਕਰਕੇ ਸ਼ੋਸ਼ਲ ਮੀਡੀਆ ਉਤੇ ਨਾਲੋ-ਨਾਲ ਪੂਰੀ ਦੁਨੀਆ ਨਾਲ ਸਾਂਝੀਆਂ ਕੀਤੀਆਂ। 250 ਦੇ ਕਰੀਬ ਪੱਗਾਂ ਵੱਖ-ਵੱਖ ਧਰਮਾਂ ਦੇ ਲੋਕ ਸਜਾ ਕੇ ਨਿਸ਼ਾਨੀ ਵਜੋਂ ਆਪਣੇ ਘਰਾਂ ਨੂੰ ਲੈ ਕੇ ਗਏ। ਦੇਸ਼ ਦਾ ਨੈਸ਼ਨਲ ਮੀਡੀਆ ਵੀ ਇਸ ਮੌਕੇ ਕਵਰੇਜ਼ ਕਰਨ ਵਾਸਤੇ ਪਹੁੰਚਿਆ ਹੋਇਆ ਸੀ। ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਪੱਗਾਂ ਦੀ ਸੇਵਾ ਵੀ ਕੀਤੀ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਕ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਜਿਸ ਨੇ ਉਸ ਸਮੇਂ ਗੋਲਾਕਾਰ ਪੱਗ ਬੰਨੀ ਹੋਈ ਸੀ, ਨੂੰ ਕੌਫੀ ਸ਼ਾਪ ਉਤੇ ਬੈਠਿਆਂ ਸ਼ੱਕੀ ਵਿਅਕਤੀ ਸਮਝ ਕੇ ਪੁਲਿਸ ਨੂੰ ਸੂਚਿਤ ਕਰ ਦਿੱਤੀ ਗਿਆ ਸੀ। ਇਕ ਔਰਤ ਨੇ ਉਸਦੇ ਬੈਗ ਦੇ ਵਿਚੋਂ ਹੈਡ ਫੋਨ ਦੀਆਂ ਬਾਹਰ ਨਿਕਲੀਆਂ ਤਾਰਾਂ ਨੂੰ ਵੇਖ ਕੇ ਬੰਬ ਸਮਝ ਲਿਆ ਸੀ। ਅੱਜ ਇਸ ਨੌਜਵਾਨ ਇਸ ਮੌਕੇ ਸਾਰੇ ਸਾਥੀਆਂ ਨਾਲ ਮਿਲ ਕੇ ਪੱਗ ਦੀ ਮਹਾਨਤਾ ਬਾਰੇ ਦੱਸਿਆ।
ਸਿੱਖ ਯੂਥ ਨਿਊਜ਼ੀਲੈਂਡ ਵੱਲੋਂ ਧੰਨਵਾਦ: ਸਮੂਹ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਸਾਰੇ ਸਿੱਖ ਭਾਈਚਾਰੇ, ਵਲੰਟੀਅਰਜ਼ ਅਤੇ ਪੰਜਾਬੀ-ਇੰਗਲਿਸ਼ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਦੇ ਸਹਿਯੋਗ ਸਦਕਾ ਇਹ ਉਦਮ ਸਫਲ ਰਿਹਾ ਅਤੇ ਹਰੇਕ ਸਾਲ ਅਜਿਹਾ ਉਦਮ ਕੀਤਾ ਜਾਵੇਗਾ।

No comments: