BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੁਸਨ ਤੇ ਬਹੁ-ਕਲਾਵਾਂ ਦਾ ਸੁਮੇਲ-ਵਰਿੰਦਰ ਕੌਰ ਰੰਧਾਵਾ

ਪੰਜਾਬ ਦੇ ਸਰਹੱਦੀ-ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿਚ ਪੈਂਦੇ ਪਿੰਡ ਜੈਤੋ ਸਰਜਾ ਦੀ ਜੰਮਪਲ ਵਰਿੰਦਰ ਕੌਰ ਰੰਧਾਵਾ ਨੂੰ ਚਿੱਤਰਕਾਰਾ ਆਖਾਂ ਜਾਂ ਕਹਾਣੀਕਾਰਾ ? 'ਹੰਝੂਆਂ ਦੇ ਮੋਤੀ' ਅਤੇ 'ਬਹੁ-ਪੱਖੀ ਦਰਵੇਸ਼ ਹਸਤੀ ਬਲਵੰਤ ਸਿੰਘ ਮੁਸਾਫਿਰ' ਆਦਿ ਪੁਸਤਕਾਂ ਦੀ ਟਾਈਟਲ ਚਿੱਤਰਕਾਰੀ ਕਰਦਿਆਂ ਜਿੱਥੇ ਉਸ ਨੇ ਆਪਣੀ ਚਿੱਤਰਕਾਰੀ ਕਲਾ ਦੀ ਲਾ-ਜੁਵਾਬ ਛਾਪ ਛੱਡੀ ਹੈ, ਉਥੇ ਕਹਾਣੀ ਖੇਤਰ ਵਿਚ ਉੁਸ ਦੀਆਂ ਚਰਚਿਤ ਕਹਾਣੀਆਂ 'ਚੋਂ,  'ਦਲੇਰ ਰੇਸ਼ਮਾ' ਅਤੇ 'ਬਚਨੋ ਚੁੜੇਲ' ਨੇ ਉਸਨੂੰ ਵਧੀਆ ਕਹਾਣੀਕਾਰਾਂ ਦੀ ਲਿਸਟ ਵਿਚ ਲਿਜਾ ਖੜ੍ਹਾ ਕੀਤਾ ਹੈ। ਉਸ ਨੂੰ ਸ਼ਾਇਰਾ ਤੇ ਗੀਤਕਾਰਾ ਆਖਾਂ ਜਾਂ ਗਾਇਕਾ ? ਜਿੰਨੀ ਉਸਦੀ ਕਲਮ ਵਿਚ ਜਾਨ ਹੈ, ਉਤਨਾ ਹੀ ਸੁਰੀਲੀ ਤੇ ਮਿਠਾਸ ਭਰੀ ਅਵਾਜ ਵਾਲਾ, ਹਰਕਤਾਂ ਭਰਪੂਰ ਦਮਦਾਰ ਗਲਾ ਵੀ ਹੈ, ਉਸ ਕੋਲ। ਗਿੱਧੇ ਦੇ ਪਿੜ ਵਿਚ ਸਟੇਜ ਉਤੇ ਧਮਾਕਾ ਪਾਉਂਦੀ ਉਹ 'ਗਿੱਧਿਆਂ ਦੀ ਰਾਣੀ' ਅਖਵਾਂਉਂਦੀ ਹੈ। ਫਿਰ, ਸਮਾਜਿਕ ਸਰੋਕਾਰਾਂ ਨਾਲ ਓਤ-ਪੋਤ ਉਸ ਦਾ ਅਣ-ਛਪਿਆ ਨਾਵਲ ਵੇਖਾਂ ਤਾਂ ਸੋਚਦਾਂ ਕਿ ਉਸ ਨੂੰ ਨਾਵਲਕਾਰਾ ਦਾ ਦਰਜਾ ਦੇਵਾਂ। ਹੋਰ-ਤਾਂ-ਹੋਰ, ਅਨਪੜ੍ਹਤਾ ਦਾ ਹਨੇਰਾ ਦੂਰ ਕਰ ਕੇ ਵਿਦਿਆ ਦਾ ਚਾਨਣ ਫੈਲਾਉਣ ਵਾਲੇ ਪਾਸੇ ਵੀ ਅਹਿਮ ਰੋਲ ਅਦਾ ਕਰ ਰਹੀ ਹੈ, ਉਹ। ਸੱਚ ਤਾਂ ਇਹ ਹੈ ਕਿ ਇਕੋ ਸਮੇਂ ਇਨ੍ਹਾਂ ਸਭੇ ਖੂਬੀਆਂ ਭਰੀਆਂ ਕਲਾਵਾਂ ਦੀਆਂ ਮਹਿਕਾਂ ਵੰਡਦੀ, ਬੜੀ ਸ਼ਾਨੋ-ਸ਼ੌਕਤ ਨਾਲ ਸਫਲਤਾ ਭਰੇ ਕਦਮੀ ਮੰਜਲ ਵਲ ਵਧ ਰਹੀ ਬਹ-ਕਲਾਵਾਂ ਦੀ ਮਾਲਕਣ ਵਰਿੰਦਰ ਇਕ ਬਹੁ-ਪੱਖੀ ਸਖਸ਼ੀਅਤ ਹੈ।
ਸੱਤਪਾਲ ਸਿੰਘ ਰੰਧਾਵਾ (ਪਿਤਾ) ਅਤੇ ਬੀਬੀ ਜਤਿੰਦਰ ਕੌਰ ਰੰਧਾਵਾ (ਮਾਤਾ) ਦੀ ਲਾਡਲੀ  ਵਰਿੰਦਰ ਨੇ ਮੁਲਾਕਾਤ ਦੌਰਾਨ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, 'ਮੈਨੂੰ ਉਨ੍ਹਾਂ ਕਲਮਾਂ, ਅਵਾਜਾਂ ਅਤੇ ਸੁਰਾਂ ਪ੍ਰਤੀ ਸਖਤ ਗਿਲਾ ਹੈ ਜਿਹੜੇ ਆਪਣੇ ਬਣਦੇ ਫਰਜਾਂ ਨੂੰ ਨਾ ਸਮਝਣ ਦੀ ਬਿਜਾਏ ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਧੁੰਦਲਾ ਕਰਨ ਤੇ ਤੁਲੇ ਹੋਏ ਹਨ।' 
ਸਾਹਿਤਕ ਸਫਰ ਤੇ ਚੱਲਦਿਆਂ, ਹੁਸਨ ਤੇ ਬਹੁ-ਕਲਾਵਾਂ ਦੀ ਸੁਮੇਲ ਇਸ ਮੁਟਿਆਰ  ਨੂੰ ਦੂਰ-ਦਰਸ਼ਨ, ਜਲੰਧਰ ਦੇ  'ਨਵੀਆਂ ਕਲਮਾਂ'  ਪ੍ਰੋਗਰਾਮ ਦੇ ਕਵੀ-ਦਰਬਾਰ ਵਿਚ ਆਪਣੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲਿਆ, ਜਿਸ ਸਦਕਾ ਉਸ ਦਾ ਸਾਹਿਤਕ-ਦਾਇਰਾ ਹੋਰ ਵੀ ਵਿਸ਼ਾਲ ਹੋਇਆ। ਕਲਾ-ਪ੍ਰੇਮੀਆਂ ਦੇ ਦੇਸ਼-ਵਿਦੇਸ਼ ਤੋਂ ਆਏ ਅਨਗਿਣਤ ਫੋਨਾਂ ਨੇ ਹੋਰ ਵੀ ਉੱਚਾ ਉਡਣ ਲਈ ਉਸ ਦੇ 'ਪਰਾਂ' ਨੂੰ ਬੱਲ ਬਖਸ਼ਿਆ। 
ਵਰਿੰਦਰ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਦੀ ਕਦਰ ਪਾਉਂਦਿਆਂ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ, ਸ਼੍ਰੇਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵਲੋਂ ਉਸਨੂੰ 26 ਦਸੰਬਰ, 15 ਨੂੰ ਮੁਹਾਲੀ ਸ਼ਹਿਰ ਦੇ ਆਡੀਟੋਰੀਅਮ ਵਿਚ ਇਕ ਉਚ-ਪੱਧਰੀ ਸਮਾਗਮ ਦੌਰਾਨ 'ਹੋਣਹਾਰ ਧੀ ਪੰਜਾਬ ਦੀ- 2015 ਐਵਾਰਡ' ਦੇ ਕੇ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ।  ਸਨਮਾਨ ਦੀਆਂ ਰਸਮਾ ਊਸ਼ਾ ਆਰ. ਸ਼ਰਮਾ, ਆਈ. ਏ.ਐਸ. (ਰਿਟਾ:) ਅਤੇ ਜਨਾਬ ਆਰ. ਐਲ. ਕਲਸੀਆ, ਆਈ. ਏ.ਐਸ. (ਰਿਟਾ:) ਜੀ ਦੇ ਕਰ-ਕਮਲਾਂ ਦੁਆਰਾ ਨਿਭਾਈਆਂ ਗਈਆਂ। ਇਸ ਸੰਸਥਾ ਪ੍ਰਤੀ ਆਪਣੀਆਂ ਆਦਰ-ਸਤਿਕਾਰ ਭਾਵਨਾਵਾ ਦਾ ਪ੍ਰਗਟਾਵਾ ਕਰਦਿਆਂ ਉਸ ਕਿਹਾ, 'ਇਸ ਸੰਸਥਾ ਨੇ ਨਾ-ਸਿਰਫ ਮੈਨੂੰ ਸਨਮਾਨਿਤ ਕਰ ਕੇ ਹੀ ਮੇਰੇ ਉਪਰ ਪਰ-ਉਪਕਾਰ ਕੀਤਾ ਹੈ, ਬਲਕਿ ਸੰਸਥਾ ਦੇ ਪ੍ਰਧਾਨ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਦੇ ਨਾਲ-ਨਾਲ ਕ੍ਰਿਸ਼ਨ ਰਾਹੀ (ਨੈਸ਼ਨਲ ਅਵਾਰਡੀ), ਪਿਆਰਾ ਸਿੰਘ ਰਾਹੀ, ਸਮਸ਼ੇਰ ਸਿੰਘ ਪਾਲ, ਪ੍ਰਿੰ: ਬਲਬੀਰ ਛਿੱਬੜ, ਥੰਮਣ ਸਿੰਘ ਸੈਣੀ, ਐਮ. ਐਸ. ਕਲਸੀ ਅਤੇ  ਗੁਰਵਿੰਦਰ ਗੁਰੀ ਜੀ ਵਰਗੀਆਂ ਸਾਹਿਤਕ-ਸਖਸ਼ੀਅਤਾਂ ਪਾਸੋਂ ਸਿੱਖਣ ਨੂੰ ਵੀ ਕਾਫੀ ਕੁਝ ਮਿਲ ਰਿਹਾ ਹੈ, ਮੈਨੂੰ।' ਮਿਲੇ ਮਾਨ-ਸਨਮਾਨਾ ਦੀ ਲੜੀ ਵਿਚ ਵਰਿੰਦਰ ਨੂੰ ਉਸ ਦੇ ਆਪਣੇ ਜਿਲ੍ਹਾ ਗੁਰਦਾਸਪੁਰ ਵਿਚ 'ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ' ਵਲੋਂ ਹੁਣੇ-ਹੁਣ ਮਿਲੇ ਸਨਮਾਨ ਦਾ ਜਿਕਰ ਕਰਨਾ ਵੀ ਜਰੂਰੀ ਹੈ।
ਕਲ-ਕਲ ਵਗਦੇ ਪਹਾੜੀ ਝਰਨੇ ਦੀ ਤਰਾਂ ਇਸ ਮੁਟਿਆਰ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਦਾ ਝਰਨਾ ਵੀ ਨਿਰੰਤਰ ਵਗਦਾ, ਮੰਜਲਾਂ ਛੂੰਹਦਾ ਰਵ੍ਹੇ, ਓਸ ਪਰਵਰਦਗਾਰ ਦੇ ਦਰ ਤੇ ਜੋਦੜੀ, ਅਰਦਾਸ ਤੇ ਦੁਆਵਾਂ ਹਨ, ਮੇਰੀਆਂ! ਆਮੀਨ !!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ ਮੋ. 9876428641

No comments: