BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਦੇ ਸ਼ਿਵਾਨੀ ਪਾਰਕ ਵਿਖੇ ਮਨਾਇਆ ਅੰਤਰ-ਰਾਸ਼ਟਰੀ ਯੋਗ ਦਿਵਸ

  • ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਯੋਗ ਸਭ ਤੋਂ ਵਧੀਆ ਸਾਧਨ-ਭੰਡਾਰੀ
  • ਵਿਦਿਆਰਥੀਆਂ ਤੇ ਔਰਤਾਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ
ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਜਲੰਧਰ ਜਿਲੇ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਅੱਜ ਸ਼ਿਵਾਨੀ ਪਾਰਕ, ਮਾਡਲ ਟਾਊਨ ਵਿਖੇ ਮਨਾਇਆ ਗਿਆ ਜਿਸ ਵਿਚ ਚੁਣੇ ਹੋਏ ਪ੍ਰਤੀਨਿਧੀਆਂ, ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ, ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਵਲੋਂ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਯੋਗ ਦਿਵਸ ਮੌਕੇ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ ਨੇ ਕਿਹਾ ਕਿ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ ਅਤੇ ਅਸੀਂ ਬਿਨਾਂ ਕੁੱਝ ਖਰਚ ਕੀਤਿਆਂ ਯੋਗ ਵਿਧੀ ਰਾਹੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨਾਂ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਦੀਆਂ ਪੁਰਾਣੀ ਵਿਕਸਤ ਕਿਰਿਆ ਹੈ। ਉਨਾਂ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਰੀਰ ਨੂੰ ਰੋਗ ਮੁਕਤ ਰੱਖਿਆ ਜਾ ਸਕਦਾ ਹੈ। ਉਨਾਂ ਯੁਵਾ ਪੀੜੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਜਿੱਥੇ ਯੋਗ ਦਿਵਸ ਮੌਕੇ ਭਾਗ ਲੈਣ ਵਾਲਿਆਂ ਨੂੰ ਰੋਜ਼ਾਨਾ ਜੀਵਨ ਵਿਚ ਇਸਨੂੰ ਅਪਣਾਉਣ ਦਾ ਸੰਕਲਪ ਦਿਵਾਇਆ ਉੱਥੇ ਹੀ ਉਨਾਂ ਕਿਹਾ ਅਜੋਕੀ ਦੌੜ-ਭੱਜ ਦੀ ਜ਼ਿੰਦਗੀ 'ਚ ਯੋਗ ਆਸਣਾਂ ਰਾਹੀਂ ਅਸੀਂ ਤਣਾਅ ਮੁਕਤ ਹੋ ਸਕਦੇ ਹਾਂ। ਇਸ ਮੌਕੇ ਨੌਜਵਾਨਾਂ, ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਸ਼ਹਿਰੀਆਂ ਵੱਲੋਂ ਸ਼ਾਮਿਲ ਹੋ ਕੇ ਯੋਗ ਆਸਣ ਕੀਤੇ ਗਏ। ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਲੋਕਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਕੇ ਦੇਸ਼ ਦਾ ਮਾਣ ਵਧਾਇਆ ਹੈ। ਜਿਲੇ ਵਿਚ ਇਸ ਸਮਾਗਮ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਯੋਗ ਦਿਵਸ ਮਨਾਇਆ ਗਿਆ, ਜਿਸ ਦੌਰਾਨ ਯੋਗ ਕਰਨ ਦੇ ਨਾਲ-ਨਾਲ ਇਸਦੇ ਲਾਭਾਂ ਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ, ਏ.ਡੀ.ਸੀ. ਗਿਰੀਸ਼ ਦਿਆਲਨ, ਮੇਅਰ ਨਗਰ ਨਿਗਮ ਸੁਨੀਲ ਜੋਤੀ, ਭਾਜਪਾ ਦੇ ਜਿਲਾ ਪ੍ਰਧਾਨ ਰਮੇਸ਼ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਭਾਜਪਾ ਆਗੂ ਮਹਿੰਦਰ ਭਗਤ ਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਆਦਿ ਹਾਜ਼ਰ ਸਨ।

No comments: