BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਂ ਖੁਦਕੁਸ਼ੀ ਕਿਉਂ ਕਰਾਂ?

ਅੱਜ-ਕੱਲ੍ਹ ਨਿੱਤ ਅਖ਼ਬਾਰਾਂ ਦੀ ਸੁਰਖੀ ਹੁੰਦੀ ਹੈ ਕਿ ਕਰਜੇ ਤੋਂ ਤੰਗ ਆ ਕੇ ਕਿਸਾਨ ਨੇ ਫਾਹਾ ਲੈ ਜਾਂ ਕੋਈ ਜ਼ਹਿਰ (ਸਪਰੇਅ) ਪੀ ਕੇ ਆਤਮ-ਹੱਤਿਆ ਕਰ ਲਈ ਹੈ। ਖ਼ਬਰ ਪੜ੍ਹਨ ਵਾਲੇ ਹਰ ਇਨਸਾਨ ਦੇ ਦਿਮਾਗ 'ਚ ਸਰਕਾਰ ਪ੍ਰਤੀ ਗੁੱਸਾ ਅਤੇ ਕਿਸਾਨ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ। ਕਿਸਾਨ ਤਰਸ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਕਿਸਾਨ ਯੂਨੀਅਨ ਦੀਆਂ ਜੱਥੇਬੰਦੀਆਂ ਵਲੋਂ ਧਰਨੇ ਦਿੱਤੇ ਜਾਂਦੇ ਹਨ। ਫਿਰ ਰੋਸ-ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਹਨਾਂ ਜੱਥੇਬੰਦੀਆਂ ਵਲੋਂ ਕਿਸਾਨ ਦਾ ਕਰਜਾ ਮਾਫ਼ੀ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਜਾਂਦੀਆਂ ਹਨ। ਕਿਸਾਨ ਦਾ ਪਰਿਵਾਰ ਦਾਣੇ-ਦਾਣੇ ਤੋਂ ਤਰਸ ਜਾਂਦਾ ਹੈ। ਕਈ ਵਾਰ ਤਾਂ ਜ਼ਮੀਨ ਘਰ ਵੀ ਨਿਲਾਮ ਹੋ ਜਾਂਦੇ ਹਨ। ਇਸ ਦੀ ਦੋਸ਼ੀ ਸਰਕਾਰ ਮੰਨੀ ਜਾਂਦੀ ਹੈ। ਜੇਕਰ ਇਕ ਨਜ਼ਰ ਨਾਲ ਵੇਖੀਏ ਤਾਂ ਆਪਣੀ ਮੌਤ ਦਾ ਜ਼ਿੰਮੇਵਾਰ ਕਿਸਾਨ ਖੁਦ ਹੁੰਦਾ ਹੈ।
ਜੇਕਰ ਕਿਸਾਨ ਨੇ ਬੈਂਕ ਵਲੋਂ ਕਰੁਕੀ ਲਈ ਹੁੰਦੀ ਹੈ ਤਾਂ ਹੀ ਆਉਂਦੇ ਹਨ। ਕਿਸਾਨ ਬੈਂਕਾਂ ਵਲੋਂ ਲੋਨ ਅਤੇ ਆੜਤੀਏ ਤੋਂ ਲੋੜ ਨਾਲੋਂ ਵੱਧ ਕਰਜ ਚੁੱਕ ਲੈਂਦਾ ਹੈ। ਆੜਤੀਆ ਮੱਲੋ-ਮੱਲੀ ਤਾਂ ਵੱਧ ਪੈਸੇ ਨਹੀਂ ਦਿੰਦਾ। ਪੈਸੇ ਦਾ ਲੈਣ ਦੇਣ ਧੁਰੋਂ ਚਲਦਾ ਆਇਆ ਹੈ। ਜੇਕਰ ਕੋਈ ਚਾਦਰ ਤੋਂ ਵੱਧ ਪੈਰ ਪਸਾਰਦਾ ਹੈ ਤਾਂ ਦੋਸ਼ ਚਾਦਰ ਦਾ ਨਹੀਂ ਪੈਰ ਪਸਾਰਨ ਵਾਲੇ ਦਾ ਹੁੰਦਾ ਹੈ।
ਵਿੱਤੋਂ ਵੱਧ ਖ਼ਰਚ, ਫੋਕੀ ਟੌਹਰ, ਦਿਖਾਵੇ ਭਰਪੂਰ ਜ਼ਿੰਦਗੀ ਕਿਸਾਨ ਦੇ ਪਤਨ ਦਾ ਕਾਰਨ ਬਣਦੀ ਹੈ। ਜੇਕਰ ਕਿਸਾਨ ਕਾਮੇ ਤੋਂ ਘੱਟ ਕੰਮ ਲੈ ਕੇ ਆਪ ਹੱਥੀਂ ਕੰਮ ਕਰੇ ਤਾਂ ਪੈਸੇ ਦੀ ਬੱਚਤ ਵੀ ਹੁੰਦੀ ਹੇੈ ਅਤੇ ਸਰੀਰਕ ਕਸਰਤ ਵੀ ਹੁੰਦੀ ਹੈ। 'ਆਪਣਾ ਕੰਮ ਕਰਦੀ ਰਾਣੀ ਨੌਕਰਾਣੀ ਨਹੀਂ ਕਹਾਉਂਦੀ' ਕਹਾਵਤ ਸਹੀ ਹੈ। ਇਹ ਮੰਨਦੇ ਹਾਂ ਕਿ ਮਹਿੰਗਾਈ ਬਹੁਤ ਵੱਧੀ ਹੈ ਪਰ ਕਿਸਾਨ ਘਰੇਲੂ ਖਾਣ-ਪੀਣ ਵਾਲੀਆਂ ਵਸਤਾਂ ਦੀ ਖੇਤੀ ਆਪ ਵੀ ਕਰ ਸਕਦਾ ਹੈ। ਜਿਸ ਨਾਲ ਨਾ ਤਾਂ ਮਿਲਾਵਟ ਦਾ ਖਤਰਾ ਅਤੇ ਨਾ ਹੀ ਜ਼ਿਆਦਾ ਖ਼ਰਚ ਹੂੰਦਾ ਹੈ। ਕੱਪੜੇ ਮਹਿੰਗੇ ਖ੍ਰੀਦਾਣ ਦੀ ਬਜਾਏ ਲੋੜ ਮੁਤਾਬਕ ਪਹਿਨਣ ਤਾਂ ਕਿ ਹਰਜ ਹੈ। ਅੱਜ-ਕੱਲ੍ਹ ਲੋਕ ਕੱਪੜੇ ਆਪਣਾ ਸਰੀਰ ਕੱੱਜਣ ਅਤੇ ਆਰਮ ਲਈ ਘੱਟ ਦਿਖਾਵੇ ਲਈ ਜ਼ਿਆਦਾ ਪਾਉਂਦੇ ਹਨ।
ਨਸ਼ਾ ਵੀ ਅੱਜ ਕਿਸਾਨੀ ਜੀਵਨ ਨੂੰ ਬਹੁਤ ਬਰਬਾਦ ਕਰ ਰਿਹਾ ਹੈ। ਨਸ਼ੇ ਕਿਸਾਨ ਨੂੰ ਅੰਦਰੋਂ ਅਤੇ ਬਾਹਰੋਂ ਦੋਵੇਂ ਤੌਰ ਤੇ ਖੋਖਲਾ ਕਰਦੇ ਹਨ। ਗੀਤਾਂ ਵਾਲੇ ਕਿੰਨੀ ਟੌਹਰ ਨਾਲ ਸ਼ਰਾਬ 'ਤੇ ਗੀਤ ਗਾ ਜਾਂਦੇ ਹਨ। ਪਰ ਉਹੀ ਬੋਤਲ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੀਂਦੀ ਨਜ਼ਰ ਕਿਉਂ ਨਹੀਂ ਆਉਂਦੀ? ਜਦਕਿ ਹਰ ਕੋਈ ਜਾਣਦਾ ਹੈ ਕਿ ਨਸ਼ਾ ਨਾ ਤਾਂ ਛੁਟਦਾ ਹੈ ਅਤੇ ਨਾ ਹੀ ਜ਼ਿੰਦਗੀ ਨੂੰ ਛੱਡਦਾ ਹੈ। ਫਿਰ ਕਿਉਂ ਕਿਸਾਨ ਫ਼ਸਲ ਵੇਚ ਕੇ ਮੰਡੀਓ ਘਰ ਜਾਣ ਦੀ ਬਜਾਏ ਸਿੱਧਾ ਠੇਕੇ ਜਾਂਦਾ ਹੈ? ਗ਼ਲ ਵਿਚ ਪਾਉਣ ਵਾਲੇ ਫਾਹੇ ਦਾ ਰੱਸਾ ਉਹ ਖੁਦ ਤਿਆਰ ਕਰਦਾ ਹੈ।
ਇਹ ਸੱਚ ਹੈ ਕਿ ਕਿਸਾਨ ਦਾ ਨੱਕ ਹੀ ਕਿਸਾਨ ਨੂੰ ਮੌਤ ਵੱਲ ਲੈ ਕੇ ਜਾਂਦਾ ਹੈ। ਵਿਆਹ-ਸ਼ਾਦੀਆਂ ਦੇ ਮੌਕੇ ਦਾਜ, ਪੇਲਸਾਂ ਦੀ ਬੁਕਿੰਗ, ਵਿਸ਼ੇਸ਼ ਗੱਡੀਆਂ, ਵੱਧ-ਤੋਂ-ਵੱਧ ਬਰਾਤ, ਸ਼ਰਾਬ-ਮੀਟ ਦਾ ਪ੍ਰਬੰਧ ਆਦਿ 'ਤੇ ਕਿੰਨਾ ਖ਼ਰਚ ਕਰਦਾ ਹੈ। ਸਿਰਫ਼ ਆਪਣੇ ਸ਼ਰੀਕੇ ਵਿਚ ਆਪਣਾ ਨੱਕ ਰੱਖਣ ਦੇ ਲਈ ਹੀ ਇਹ ਸਭ ਕਰਦਾ ਹੈ ਕਿ ਲੋਕ ਕਹਿਣਗੇ ਕਿ ਫਲ੍ਹਾਣੇ ਨੇ ਬਈ ਕਿੰਨਾ ਖ਼ਰਚ ਕਰ ਦਿੱਤਾ ਹੈ, ਬੱਲੇ-ਬੱਲੇ ਕਰਵਾ ਦਿੱਤੀ ਹੈ। ਪਰ ਜਦੋਂ ਕਿਸਾਨ ਕਰਜੇ ਦੇ ਬੋਝ ਥੱਲੇ ਦੱਬ ਜਾਂਦਾ ਹੈ ਤਾਂ ਫਿਰ ਉਹੀ ਸ਼ਰੀਕਾ ਕਿੱਤੇ ਨਜ਼ਰ ਨਹੀਂ ਆਉਂਦਾ। ਜੰਮਣ ਤੋਂ ਲੈ ਕੇ ਮਰਨ ਤੱਕ ਫਾਲਤੂ ਖ਼ਰਚ ਹੀ ਕਰਦਾ ਹੈ। ਭਾਵੇਂ ੮੦ ਸਾਲਾ ਬੁੱਢਾ ਮਰੇ ਜਾਂ ਨੌਜਵਾਨ ਮਰੇ, ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਲੋਕ ਵੀ ਕਹਿਣਗੇ, 'ਬਈ ਚਲੋ ਜਾਣ ਵਾਲਾ ਤਾਂ ਤੁਰ ਗਿਆ ਲੋਕ ਲਿਹਾਜ ਦਾ ਵਿਹਾਰ ਤਾਂ ਕਰਨਾ ਹੀ ਪਉ'। ਬੁੱਢਿਆਂ ਦਾ ਮਰਨਾ ਉਹਨਾਂ ਦੇ ਵਿਆਹ ਤੋਂ ਵੀ ਵੱਧ ਹੋ ਨਿਬੜਦਾ ਹੈ। ਜਲੇਬੀਆਂ, ਖੀਰਾਂ ਤੇ ਲਈ ਤਰ੍ਹਾਂ ਦੇ ਕੜਾਹ ਪ੍ਰਸ਼ਾਦ ਆਦਿ ਬਣਦੇ ਹਨ। ਬੁੱਢਾ ਭਾਵੇਂ ਪਾਣੀ ਵਲੋਂ ਤਿਹਾਇਆ ਮਰ ਜਾਵੇ ਪਰ ਮਹਿਮਾਨਾਂ ਨੂੰ ਭੋਗ ਤੇ ਕੋਲਡ-ਡਰਿੰਕ ਪੇਸ਼ ਕੀਤੇ ਜਾਂਦੇ ਹਨ। ਫਿਰ ਮਕਾਣਾਂ ਰਹਿੰਦੀ-ਖੁੰਹਦੀ ਬੱਸ ਕਰਵਾ ਦਿੰਦੀਆਂ ਹਨ। ਅਗਲਾ ਬੁੱਢੇ ਨੂੰ ਘੱਟ ਅਤੇ ਖ਼ਰਚ ਨੂੰ ਵੱਧ ਰੌਂਦਾ ਹੈ। ਸਭ ਕੁੱਝ ਸਾਦੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਕਿਸੇ ਦੀ ਰੀਸ ਕਰਕੇ ਆਪਣੀ ਬਰਬਾਦੀ ਖੁਦ ਸਹੇੜਦੇ ਹਾਂ। ਜੇਕਰ ਨਾ ਕਰੀਏ ਤਾਂ ਚਾਰ ਦਿਨ ਲੋਕ ਇਹੀ ਕਹਿਣਗੇ, 'ਆ ਨਹੀਂ ਕੀਤਾ, ਉਹ ਨਹੀਂ ਕੀਤਾ' ਪਰ ਜ਼ਿੰਦਗੀ ਜਿਉਣ ਦਾ ਸਹਾਰਾ ਰਹਿ ਸਕਦਾ ਹੈ।
ਜਿਹੜਾ ਕਿਸਾਨ ਸਾਰੇ ਪਿੰਡ ਨੂੰ ਰਜਾਉਂਦਾ ਹੋਇਆ ਮਰ ਜਾਂਦਾ ਹੈ, ਇਕ ਦਿਨ ਉਸੇ ਦੇ ਹੀ ਬੱਚੇ ਭੁੱਖੇ ਮਰਦੇ ਹਨ। ਇਹ ਸ਼ਰੀਕੇਬਾਜੀ ਦਾ ਕੋਈ ਵੀ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਦਾ। ਅਸੀਂ ਜਾਣਦੇ ਹਾਂ ਪਾਣੀ ਉਪਰ ਦੀ ਲੰਘ ਰਿਹਾ ਹੈ ਫਿਰ ਕਿਉਂ ਅੱਗੇ ਵੱਧਦੇ ਹਾਂ। ਪੁਰਾਣੇ ਸਮਿਆਂ 'ਚ ਕਦੀ ਨਹੀਂ ਸੀ ਸੁਣਿਆ ਕਿ ਕਿਸਾਨ ਕਰਜੇ ਤੋਂ ਤੰਗ ਆ ਕੇ ਮਰਿਆ ਹੋਵੇ। ਕਿਉਂਕਿ ਉਸ ਵੱਕਤ ਸਾਦੀ ਜ਼ਿੰਦਗੀ ਅਤੇ ਸੱਚਾ ਰਹਿਣ-ਸਹਿਣ ਸੀ।
ਆਓ! ਹਰ ਕਦਮ ਆਪਣੇ ਬੱਚਿਆਂ ਦੇ ਭਵਿੱਖ ਵੱਲ ਵੇਖ ਕੇ ਉਠਾਈਏ। ਪੈਸੇ ਦੀ ਵਰਤੋਂ ਸਹੀ ਅਤੇ ਸੰਭਾਲ ਕੇ ਕਰੀਏ। ਫੋਕੇ ਦਿਖਾਵਿਆਂ ਨੂੰ ਤਿਆਗੀਏ ਅਤੇ ਨਵੀਆਂ ਪੈੜਾਂ ਪਾਈਏ, ਨਾ ਕਿ ਖੁਦਕੁਸ਼ੀ ਕਰਕੇ ਆਪਣੇ-ਆਪ ਨੂੰ ਮਿਟਾ ਦੇਈਏ। ਜੇਕਰ ਅੱਜ ਸੰਭਲ ਕੇ ਤੁਰਾਂਗੇ ਤਾਂ ਹੀ ਕੱਲ੍ਹ ਦੇ ਰਾਹ ਸਾਫ਼ ਹੋਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ 'ਤੇ ਮਾਣ ਕਰ ਸਕਣ ਗਈਆਂ।
-ਸੁਖਵਿੰਦਰ ਕੌਰ 'ਹਰਿਆਓ', ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ

No comments: