BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਆਪ' ਆਗੂ ਗੁੰਮਰਾਹ ਅਤੇ ਏਜੰਡਾ ਰਹਿਤ-ਸੁਖਬੀਰ ਸਿੰਘ ਬਾਦਲ

  • ਕੈਪਟਨ ਅਮਰਿੰਦਰ ਸਿੰਘ ਨਿਰਾਸ਼ ਨੇਤਾ
  • ਪੰਜਾਬ ਵਿਚ ਉਦੋਂ ਹੀ ਤਰੱਕੀ ਹੋਈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਸੰਭਾਲੀ
  • ਸੰਗਤ ਦਰਸ਼ਨ ਦੌਰਾਨ ਉੜਮੁੜ ਖੇਤਰ ਦੀਆਂ 70 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ

ਹੁਸ਼ਿਆਰਪੁਰ 30 ਜੂਨ (ਤਰਸੇਮ ਦੀਵਾਨਾ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੇ ਹਮੇਸ਼ਾਂ ਹੀ ਸਾਰੇ ਵਰਗਾਂ ਦੀ ਭਲਾਈ ਨੂੰ ਤਵੱਜੋਂ ਦਿੱਤੀ ਹੈ ਅਤੇ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਪ੍ਰਮੁੱਖ ਪਹਿਲ ਰਹੀ ਹੈ। ਇੱਥੇ ਦੋ ਦਿਨਾਂ ਸੰਗਤ ਦਰਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗੁੰਮਰਾਹ ਅਤੇ ਏਜੰਡਾ ਰਹਿਤ ਦੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਐਸਵਾਈਐਲ ਦੇ ਮੁੱਦੇ 'ਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਕੇਜਰੀਵਾਲ ਨੇ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਆ ਕੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕਹੀ ਅਤੇ ਦਿੱਲੀ ਜਾਂਦਿਆਂ ਹੀ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ। ਉਨਾਂ ਕਿਹਾ ਕਿ ਹੁਣ ਦਿੱਲੀ ਦੇ ਲੋਕ ਵੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂ ਕਿ ਕੇਜਰੀਵਾਲ ਨੇ ਉਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਨਿਭਾਇਆ ਇਕ ਵੀ ਨਹੀਂ। ਉਨਾਂ ਕਿਹਾ ਕਿ 'ਆਪ' ਦਿੱਲੀ ਵਿਚ ਲਗਾਤਾਰ ਆਪਣਾ ਆਧਾਰ ਖੋ ਰਹੀ ਹੈ ਅਤੇ ਹਾਲ ਹੀ ਵਿਚ ਦਿੱਲੀ ਨਿਗਮ ਚੋਣਾਂ ਦੇ ਨਤੀਜਿਆਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਜਿੱਥੇ ਆਪ ਦੇ ਵੋਟ ਪ੍ਰਤੀਸ਼ਤ ਵਿਚ ਭਾਰੀ ਕਮੀ ਆਈ ਹੈ।  ਕਾਂਗਰਸ ਨੂੰ ਵੀ ਆੜੇ ਹੱਥੀਂ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਕ ਨਿਰਾਸ਼ ਆਗੂ ਹੈ ਕਿਉਂ ਕਿ ਸੱਤਾ ਪ੍ਰਾਪਤੀ ਦਾ ਉਸਦਾ ਸੁਪਨਾ ਦੋ ਵਾਰ 2007 ਤੇ 2012 ਵਿਚ ਬੁਰੀ ਤਰਾਂ ਟੁੱਟ ਚੁੱਕਾ ਹੈ ਅਤੇ 2017 ਵਿਚ ਵੀ ਉਸ ਨੂੰ ਕਰਾਰੀ ਹਾਰ ਝੱਲਣੀ ਪਵੇਗੀ। ਉਨਾਂ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਮੁੱਖ ਮੰਤਰੀ ਹੁੰਦਿਆਂ ਉਹ ਆਪਣੇ ਕਾਰਜਕਾਲ ਦਾ ਇਕ ਵੀ ਵਿਕਾਸ ਪ੍ਰੋਜੈਕਟ ਗਿਣਾ ਕੇ ਵਿਖਾ ਦੇਵੇ ਜਦਕਿ ਇਸ ਦੇ ਉਲਟ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਉਨਾਂ ਕਾਂਗਰਸ-ਆਪ ਨੂੰ ਪੰਜਾਬ ਵਿਰੋਧੀ ਪਾਰਟੀਆਂ ਦੱਸਦਿਆਂ ਕਿਹਾ ਕਿ ਇਨਾਂ ਦੋਵੇਂ ਪਾਰਟੀਆਂ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਉਨਾਂ ਦੱਸਿਆ ਕਿ 5 ਜੁਲਾਈ ਤੋਂ ਪੁਲਿਸ ਭਰਤੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਅਤੇ ਡਰੱਗ ਟੈਸਟਾਂ ਦੇ ਨਤੀਜਿਆਂ ਤੋਂ ਬਾਅਦ ਪੂਰੀ ਦੁਨੀਆਂ ਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਵਿਚ ਕੋਈ ਨਸ਼ਾ ਨਹੀਂ ਕਿਉਂ ਕਿ ਉਨਾਂ ਨੂੰ ਯਕੀਨ ਹੈ ਕਿ ਸਾਰੇ ਉਮੀਦਵਾਰ ਇਸ ਟੈਸਟ ਵਿੱਚੋਂ ਸਾਫ-ਸੁਥਰੇ ਬਾਹਰ ਆਉਣਗੇ। ਉਨਾਂ ਕਿਹਾ ਕਿ ਡੇਢ ਸਾਲ ਪਹਿਲਾਂ ਪਟਿਆਲਾ ਵਿਖੇ ਫੌਜ ਦੀ ਭਰਤੀ ਦੌਰਾਨ ਇਕ ਵੀ ਪੰਜਾਬੀ ਨੌਜਵਾਨ ਨਸ਼ੱਈ ਨਹੀਂ ਪਾਇਆ ਗਿਆ ਸੀ ਜੋ ਕਿ ਸੱਤਾ ਦੇ ਭੁੱਖੇ ਉਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਹੈ ਜੋ ਕਿ ਸੱਤਾ ਲਈ ਪੰਜਾਬ ਨੂੰ ਬਦਨਾਮ ਕਰ ਰਹੇ ਹਨ।     ਇਸ ਦੌਰਾਨ ਆਪਣੇ ਸੰਬੋਧਨ ਵਿਚ ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸਾਰੇ ਸ਼ਹਿਰਾਂ ਵਿਚ ਸੀਵਰੇਜ ਅਤੇ ਸਾਫ ਪੀਣ ਵਾਲੇ ਪਾਣੀ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਉਦੋਂ ਹੀ ਹੋਇਆ ਹੈ ਜਦੋਂ-ਜਦੋਂ ਪੰਜਾਬ ਦੀ ਸੇਵਾ ਪ੍ਰਕਾਸ਼ ਸਿੰਘ ਬਾਦਲ ਨੇ ਸੰਭਾਲੀ ਹੈ। ਉਨਾਂ ਅੱਗੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਕਾਲੀ-ਭਾਜਪਾ ਸਰਕਾਰ ਨੇ ਬਹੁਤ ਅਹਿਮ ਨੀਤੀਆਂ ਲਾਗੂ ਕੀਤੀਆਂ ਅਤੇ ਵੱਖ-ਵੱਖ ਵਰਗਾਂ ਦੀਆਂ ਭਲਾਈ ਸਕੀਮਾਂ ਜਿਵੇਂ ਕਿ ਕਿਸਾਨਾਂ ਤੇ ਵਪਾਰੀਆਂ ਲਈ ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ. ਪਰਿਵਾਰਾਂ ਨੂੰ ਬਿਜਲੀ ਦੇ ਮੁਫਤ 200 ਯੂਨਿਟ, ਆਟਾ-ਦਾਲ ਸਕੀਮ ਆਦਿ ਅਹਿਮ ਯੋਜਨਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ। ਭਾਰੀ ਇਕੱਠ ਨੂੰ ਭਰੋਸਾ ਦਿੰਦਿਆਂ ਉਨਾਂ ਕਿਹਾ ਕਿ ਵਿਕਾਸ ਦੇ ਚੱਲ ਰਹੇ ਇਹ ਕਾਰਜ ਇਸੇ ਤਰਾਂ ਜਾਰੀ ਰਹਿਣਗੇ ਅਤੇ ਤੀਜੀ ਵਾਰ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਵਿਕਾਸ ਦੀ ਗੱਡੀ ਹੋਰ ਗਤੀ ਫੜੇਗੀ। ਇਸ ਤੋਂ ਪਹਿਲਾਂ ਉੜਮੁੜ ਇਲਾਕੇ ਦੇ ਬੁੰਗਾ ਬਲਾਕ ਦੀਆਂ 70 ਪੰਚਾਇਤਾਂ ਨੂੰ ਉੱਪ ਮੁੱਖ ਮੰਤਰੀ ਨੇ 10 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਉਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਵਿਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਐਲਾਨ ਕੀਤਾ ਕਿ ਦੋ ਦਿਨਾਂ ਦੇ ਸੰਗਤ ਦਰਸ਼ਨ ਦੌਰਾਨ ਕੁੱਲ 30 ਕਰੋੜ ਰੁਪਏ ਦੀ ਰਾਸ਼ੀ ਵੱਖ-ਵੱਖ ਵਿਕਾਸ ਕਾਰਜਾਂ ਲਈ ਉੜਮੁੜ ਖੇਤਰ ਨੂੰ ਦਿੱਤੀ ਜਾਵੇਗੀ। ਸ. ਬਾਦਲ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਇਲਾਕੇ ਦੇ ਜਿਨਾਂ ਪਿੰਡਾਂ ਵਿਚ ਪਾਣੀ ਦੀ ਕਮੀ ਪਾਈ ਜਾਵੇਗੀ ਉੱਥੇ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮੋਹਿੰਦਰ ਕੌਰ ਜੋਸ਼ ਅਤੇ ਸੁਖਜੀਤ ਕੌਰ ਸ਼ਾਹੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੀਕਸ਼ਣ ਸੂਦ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਡਿਪਟੀ ਕਮਿਸ਼ਨਰ ਅਨੰਦਿਤਾ ਮਿਤਰਾ, ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਵਾਹਰਲਾਲ ਖੁਰਾਣਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

No comments: