BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਨੇ 401 ਕਰੋੜ ਰੁਪਏ ਤੋਂ ਵੱਧ ਖਰਚਕੇ ਕੈਂਸਰ ਪੀੜਤ ਮਰੀਜ਼ਾਂ ਦਾ ਇਲਾਜ ਕਰਵਾਇਆ-ਜਿਆਣੀ

  • ਇੰਟੈਂਸਿਫਾਇਡ ਦਸਤ ਕੰਟਰੋਲ ਪੰਦਰਵਾੜਾ ਦੀ ਕੀਤੀ ਸ਼ੁਰੂਆਤ
  • ਕਿਹਾ, ਸਰਕਾਰੀ ਹਸਪਤਾਲਾਂ 'ਤੇ ਲੋਕਾਂ ਦਾ ਵਿਸ਼ਵਾਸ਼ ਵਧਿਆ
  • ਵਿਸ਼ਵ ਅਬਾਦੀ ਦਿਵਸ 'ਤੇ ਅਬਾਦੀ ਨੂੰ ਕੰਟਰੋਲ ਕਰਨ ਦਾ ਦਿੱਤਾ ਸੰਦੇਸ਼

ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ)- ਕੈਬਨਿਟ ਮੰਤਰੀ, ਪੰਜਾਬ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 401 ਕਰੋੜ 52 ਲੱਖ ਰੁਪਏ ਖਰਚ ਕਰਕੇ ਕੈਂਸਰ ਨਾਲ ਪੀੜਤ 32 ਹਜ਼ਾਰ 228 ਮਰੀਜ਼ਾਂ ਦਾ ਇਲਾਜ ਕਰਵਾਇਆ ਗਿਆ ਹੈ। ਉਹ ਅੱਜ ਵਿਸ਼ਵ ਅਬਾਦੀ ਦਿਵਸ 'ਤੇ ਕਰਵਾਏ ਰਾਜ ਪੱਧਰੀ ਸਮਾਰੋਹ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ਼੍ਰੀ ਤੀਕਸ਼ਨ ਸੂਦ ਅਤੇ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਉਨਾਂ ਕਿਹਾ ਕਿ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਜ ਵਿਚ 19 ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ ਇਨਾਂ ਹਸਪਤਾਲਾਂ ਵਿਚ 118 ਪ੍ਰਕਾਰ ਦੀਆਂ ਮਹਿੰਗੀਆਂ ਦਵਾਈਆਂ ਸਸਤੀਆਂ ਦਰਾਂ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ 95 ਕਰੋੜ ਰੁਪਏ ਦੀ ਦਵਾਈ ਇਕ ਸਾਲ ਵਿਚ ਕੈਂਸਰ ਪੀੜਤਾਂ ਨੂੰ ਮੁਹੱਈਆ ਕਰਵਾਈ ਗਈ ਹੈ। ਸ਼੍ਰੀ ਜਿਆਣੀ ਨੇ ਕਿਹਾ ਕਿ ਕੈਂਸਰ ਪੀੜਤਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਿਛਲੇ ਦਿਨੀਂ ਬਠਿੰਡਾ ਵਿਖੇ 130 ਕਰੋੜ ਰੁਪਏ ਦੀ ਲਾਗਤ ਨਾਲ 100 ਬੈਡ ਦਾ ਹਸਪਤਾਲ ਵੀ ਖੋਲਿਆ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਬੀਕਾਨੇਰ ਜਾਣਾ ਪੈਂਦਾ ਸੀ। ਉਨਾਂ ਕਿਹਾ ਕਿ ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿਚ ਹੋਰ ਵਿਸ਼ਵਾਸ਼ ਵਧਿਆ ਹੈ ਅਤੇ ਰਾਜ ਦੇ ਹਸਪਤਾਲਾਂ ਵਿਚ 1 ਕਰੋੜ 80 ਲੱਖ ਡਿਲੀਵਰੀਆਂ ਹੋਈਆਂ ਹਨ। ਉਨਾਂ ਕਿਹਾ ਕਿ ਹਸਪਤਾਲਾਂ ਵਿਚ ਸਟਾਫ ਦੀ ਕੋਈ ਕਮੀ ਨਹੀਂ ਹੈ ਅਤੇ ਮਾਹਿਰ ਡਾਕਟਰਾਂ ਦੀ ਭਰਤੀ ਵੀ ਸਮੇਂ-ਸਮੇਂ 'ਤੇ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਸਿਹਤ ਸੇਵਾਵਾਂ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਹੈਲਪਲੈਈਨ ਨੰਬਰ 104 ਸ਼ਿਕਾਇਤ ਅਤੇ ਸੁਝਾਅ ਦਰਜ ਕਰਵਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਨਾਂ 'ਤੇ ਬਦਨਾਮ ਕੀਤਾ ਜਾ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਯੂਨੀਵਰਸਿਟੀ, ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ ਵਿਖੇ ਵਿਸ਼ਵ ਅਬਾਦੀ ਦਿਵਸ 'ਤੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਅੰਦਰ ਵੱਧ ਰਹੀ ਅਬਾਦੀ ਇਕ ਚਿੰਤਾ ਦਾ ਵਿਸ਼ਾ ਹੈ। ਉਨਾਂ ਚਿੰਤਾ ਪ੍ਰਗਟਾਈ ਕਿ ਭਾਰਤ ਦੀ ਅਬਾਦੀ ਇਕ ਅਰਬ 32 ਕਰੋੜ ਹੋ ਚੁੱਕੀ ਹੈ, ਇਸ ਲਈ ਵੱਧ ਰਹੀ ਅਬਾਦੀ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇ ਦੁਨੀਆਂ ਦੀ ਅਬਾਦੀ ਇਸ ਤਰਾਂ ਵਧਦੀ ਰਹੀ ਤਾਂ ਮਨੁੱਖ ਦਾ ਇਸ ਧਰਤੀ 'ਤੇ ਰਹਿਣਾ ਸੰਭਵ ਨਹੀਂ ਹੋ ਸਕੇਗਾ। ਉਨਾਂ ਕਿਹਾ ਕਿ ਅਬਾਦੀ 'ਤੇ ਕੰਟਰੋਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਲੜਕਾ ਪੈਦਾ ਕਰਨ ਦੀ ਲਾਲਸਾ ਵਿਚ ਕਈ ਲੋਕ ਅਬਾਦੀ ਨੂੰ ਬੜਾਵਾ ਦਿੰਦੇ ਹਨ, ਜਦਕਿ ਅੱਜ ਦੇ ਦੌਰ ਵਿਚ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਇਸ ਮੌਕੇ ਇੰਟੈਂਸਿਫਾਇਡ ਦਸਤ ਕੰਟਰੋਲ ਪੰਦਰਵਾੜਾ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਜਿਆਣੀ ਨੇ ਕਿਹਾ ਕਿ ਮਾਨਸੂਨ ਦੇ ਮੌਸਮ ਵਿਚ ਦਸਤ ਦੀ ਬਿਮਾਰੀ ਛੋਟੀ ਉਮਰ ਦੇ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ, ਇਸ ਲਈ ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਰਾਜ ਵਿੱਚ 11 ਤੋਂ 23 ਜੁਲਾਈ ਤੱਕ ਦਸਤ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਬੱਚੇ ਨੂੰ ਦਸਤ ਲੱਗਣ 'ਤੇ ਡਾਕਟਰਾਂ ਦੀ ਸਲਾਹ ਅਨੁਸਾਰ ਓ.ਆਰ.ਐਸ ਦਾ ਘੋਲ ਸਮੇ-ਸਮੇਂ ਸਿਰ ਪਿਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਮੌਸਮ ਵਿਚ ਸਾਫ ਪਾਣੀ ਅਤੇ ਸਾਫ-ਸਫਾਈ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਨਾਟਕ ਦਾ ਮੰਚਨ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੇਅਰ ਨਗਰ ਨਿਗਮ ਸ਼ਿਵ ਸੂਦ, ਜ਼ਿਲਾ ਪ੍ਰਧਾਨ ਭਾਜਪਾ ਡਾ. ਰਮਨ ਘਈ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਐਚ.ਐਸ.ਬਾਲੀ, ਡਾ. ਧਰਮਪਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਰਿਜ਼ਨਲ ਸੈਂਟਰ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਐਚ.ਐਸ. ਬੈਂਸ, ਸਿਵਲ ਸਰਜਨ ਡਾ. ਸੰਜੀਵ ਬਬੂਟਾ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਜਗਦੀਸ਼ ਮਿਤਰ, ਸਟੇਟ ਮਾਸ ਮੀਡੀਆ ਅਫ਼ਸਰ ਮੈਡਮ ਜਸਵਿੰਦਰ ਕੌਰ, ਜ਼ਿਲਾ ਮਾਸ ਮੀਡੀਆ ਅਫ਼ਸਰ ਬਲਬੀਰ ਸਿੰਘ, ਜਨਰਲ ਸਕੱਤਰ ਭਾਜਪਾ ਜਗਤਾਰ ਸਿੰਘ ਸੈਣੀ, ਜਿਲਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ, ਆਯੂਰਵੈਦਿਕ ਅਫ਼ਸਰ ਡਾ. ਨਰੇਸ਼ ਕੁਮਾਰ ਮਾਹੀ, ਆਰ.ਟੀ.ਆਈ ਅਵੇਅਰਨੈਸ ਫੋਰਮ ਦੇ ਫਾਉਂਡਰ ਚੇਅਰਮੈਨ ਰਾਜੀਵ ਵਸ਼ਿਸ਼ਟ, ਨਿਪੁੰਨ ਸ਼ਰਮਾ, ਨਿਤਿਨ ਗੁਪਤਾ, ਸੁਰੇਸ਼ ਭਾਟੀਆ ਸਮੇਤ ਵਿਦਿਆਰਥੀ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

No comments: