BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਜਰੀਵਾਲ ਅਬਦਾਲੀ-ਇੰਦਰਾ ਦੇ ਰਾਹ 'ਤੇ ਚਲ ਕੇ ਸਿੱਖ ਕੌਮ ਤੇ ਸ੍ਰੀ ਦਰਬਾਰ ਸਾਹਿਬ ਨੂੰ ਬਣਾ ਰਿਹਾ ਨਿਸ਼ਾਨਾ-ਸੰਤ ਸਮਾਜ

  • ਕੇਜਰੀਵਾਲ ਪੰਥ ਦੀ ਕੀਤੀ ਤੌਹੀਨ ਲਈ ਤੌਬਾ ਕਰਦਿਆਂ ਮੁਆਫ਼ੀ ਮੰਗੇ ਨਹੀਂ ਤਾਂ ਸਿੱਖ ਪੰਥ ਦੇ ਵਿਆਪਕ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ-ਸੰਤ ਹਰਨਾਮ ਸਿੰਘ ਖ਼ਾਲਸਾ
  • ਸਮਸਤਪੁਰ ਵਿਖੇ ਸੰਤ ਸਮਾਜ ਨੇ ਕੀਤੀ ਹੰਗਾਮੀ ਮੀਟਿੰਗ। ਕਿਹਾ, ਸਿੱਖ ਵਿਰੋਧੀ ਕਦਮ ਬਰਦਾਸ਼ਤ ਨਹੀਂ।
ਸੰਤ ਸਮਾਜ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸੰਤ ਸਮਾਜ ਦੇ ਸਕਤਰ ਜਨਰਲ ਬਾਬਾ ਸੁਖਚੈਨ ਸਿੰਘ ਧਰਮਪੁਰਾ ਤੇ ਹੋਰ।
ਸਰਮਸਤਪੁਰ / ਜਲੰਧਰ 15 ਜੁਲਾਈ (ਬਿਊਰੋ)- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਸਹਿਯੋਗੀਆਂ ਨੇ ਪੰਥ ਦੀ ਕੀਤੀ ਤੌਹੀਨ ਲਈ ਮੁਆਫ਼ੀ ਮੰਗ ਦਿਆਂ ਅੱਗੇ ਤੋਂ ਤੌਬਾ ਨਾ ਕੀਤੀ ਤਾਂ ਉਹਨਾਂ ਨੂੰ ਸਿੱਖ ਪੰਥ ਦੇ ਵਿਆਪਕ ਰੋਸ ਦਾ ਸਾਹਮਣਾ ਕਰਨਾ ਪਵੇਗਾ, ਕੇਜਰੀਵਾਲ ਪੰਥ ਵੱਲੋਂ ਦਿੱਤੇ ਜਾਣ ਵਾਲੇ ਮੂੰਹ ਤੋੜ ਜਵਾਬ ਤੇ ਨਿਕਲਣ ਵਾਲੇ ਸਿੱਟਿਆਂ ਲਈ ਖੁਦ ਜ਼ਿੰਮੇਵਾਰ ਹੋਵੇਗਾ। 
ਅੱਜ ਇੱਥੇ ਗੁਰਦਵਾਰਾ ਬਾਬੇ ਸ਼ਹੀਦਾਂ, ਸਰਮਸਤਪੁਰ ਵਿਖੇ ਸੰਤ ਸਮਾਜ ਦੀ ਕੀਤੀ ਗਈ ਇੱਕ ਹੰਗਾਮੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਪੰਥ ਵਿਰੋਧੀ ਹਰਕਤਾਂ ਕਰਕੇ ਨਾ ਕੇਵਲ ਸਿੱਖ ਪੰਥ ਨੂੰ ਚੁਨੌਤੀ ਦੇ ਰਿਹਾ ਹੈ ਸਗੋਂ ਪੰਜਾਬ ਦੀ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਸਥਿਤੀ 'ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਉਹਨਾਂ ਰਾਜ ਸਰਕਾਰ ਨੂੰ ਉਕਤ ਮੁੱਦੇ ਵਲ ਖਾਸ ਤਵੱਜੋਂ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਭਾਂਬੜ ਬਾਲਣ ਦੀ ਤਾਕ ਵਿੱਚ ਬੈਠੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਤੁਰੰਤ ਕੀਤੀ ਜਾਣੀ ਚਾਹੀਦੀ ਹੈ।
ਸੰਤ ਸਮਾਜ ਦੇ ਮੁਖੀ ਨੇ ਮੀਟਿੰਗ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਮਤੇ ਸਬੰਧੀ ਦੱਸਿਆ ਕਿ ਕੇਜਰੀਵਾਲ ਅਤੇ ਸਾਥੀਆਂ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਸਿੱਖ ਪੰਥ ਉੱਪਰ ਕੀਤੇ ਜਾ ਰਹੇ ਹਮਲਿਆਂ ਨਾਲ ਉਹ ਅਬਦਾਲੀ ਅਤੇ ਇੰਦਰਾ ਗਾਂਧੀ ਵਾਂਗ ਸਿੱਖ ਪੰਥ ਦਾ ਵੱਡਾ ਦੁਸ਼ਮਣ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਰਾਤਨ ਸਮਿਆਂ ਦੌਰਾਨ ਸਿੱਖੀ ਅਤੇ ਸਿੱਖੀ ਸੋਚ ਨੂੰ ਖਤਮ ਕਰਨ ਲਈ ਮੁਗਲਾਂ - ਅਬਦਾਲੀਆਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ। ਜਿਸ ਨੂੰ ਕਾਂਗਰਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਾਰੀ ਰੱਖਦਿਆਂ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਾਇਆ। ਇਸੇ ਲੜੀ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਸ਼ਾਹਿਦ ਹੁਣ ਕੇਜਰੀਵਾਲ ਨੇ ਸੰਭਾਲ ਲਈ ਹੈ । ਉਹਨਾਂ ਕਿਹਾ ਕਿ ਸਿੱਖੀ ਦਾ ਨੁਕਸਾਨ ਕਰਨ ਹਿਤ ਉਹ ਸਿੱਖ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਰਿਹਾ ਹੈ।ਨੌਜਵਾਨਾਂ ਨੂੰ ਲੁਭਾਉਣ ਲਈ ਜਾਰੀ ਚੋਣ ਮੈਨੀਫੈਸਟੋ ਦੇ ਕਵਰ ਪੇਜ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਉਂਦਿਆਂ ਉਸ ਨਾਲ ਝਾੜੂ ਨੂੰ ਦਰਸਾ ਕੇ ਉਸ ਨੇ ਮਹਾਨ ਅਸਥਾਨ ਦਾ ਅਪਮਾਨ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਸੇ ਤਰਾਂ ਮੈਨੀਫੈਸਟੋ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਣਾ ਕਰਨਾ ਇਸੇ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਸੰਤ ਸਮਾਜ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਨਿਹੰਗ ਸਿੰਘ ਦੇ ਬਾਣੇ ਨਾਲ ਉਸ ਦੀ ਤਸਵੀਰ ਛਾਪਣ ਵਾਲੇ ਮੈਗਜ਼ੀਨ ਦੇ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੋਂ ਉਸ ਦੀ ਬਦ-ਨੀਯਤ ਸਪਸ਼ਟ ਹੋ ਜਾਂਦੀ ਹੈ।
ਸੰਤਾਂ ਮਹਾਂਪੁਰਖਾਂ ਨੇ ਕੇਜਰੀਵਾਲ ਨੂੰ ਪੰਥ ਦੋਖੀਆਂ ਦੀ ਕਤਾਰ ਵਿੱਚ ਖੜਾ ਕਰਦਿਆਂ ਕਿਹਾ ਕਿ ਕੇਜਰੀਵਾਲ ਆਪਣੀ ਪੂਰੀ ਵਜ਼ਾਰਤ ਨਾਲ ਸਿੱਖ ਪੰਥ ਦੇ ਦੋਖੀ ਨਰਕਧਾਰੀਆਂ (ਨਕਲੀ ਨਿਰੰਕਾਰੀਆਂ) ਦੇ ਵੱਡੇ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਉਹਨਾਂ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦਾ ਅਹਿਦ ਕਰਨਾ ਸਿੱਖਾਂ ਦੇ ਅੱਲੇ ਜ਼ਖ਼ਮਾਂ 'ਤੇ ਮਿਰਚਾਂ ਪਾਉਣ ਤੁਲ ਕਰਾਰ ਦਿੱਤਾ।
ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਮੌਕੇ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਦਿਲੀ ਕਮੇਟੀ ਵੱਲੋਂ ਮਹਿਰੌਲੀ ਦੇ ਕੁਤਬ ਮੀਨਾਰ ਨੇੜੇ 7.5 ਏਕੜ 'ਤੇ ਵਿਕਸਤ ਕੀਤੇ ਗਏ ਮੈਮੋਰੀਅਲ ਪਾਰਕ ਵਿਖੇ ਬੰਦਾ ਸਿੰਘ ਬਹਾਦਰ ਦਾ ਵਿਸ਼ਾਲ ਬੁੱਤ ਲਗਾਉਣ ਤੋਂ ਕੇਜਰੀਵਾਲ ਸਰਕਾਰ ਵੱਲੋਂ ਰੋਕਣ ਦੀ ਵੀ ਨਿਖੇਧੀ ਕੀਤੀ ਹੈ।
ਸੰਤ ਸਮਾਜ ਨੇ ਕੇਜਰੀਵਾਲ ਸਰਕਾਰ ਵੱਲੋਂ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਬਣੇ ਪਿਆਓ ਨੂੰ ਤੋੜਨ, ਦਿਲੀ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਛੁੱਟੀ ਬੰਦ ਕਰਨ, ਆਪ ਆਗੂ ਕੁਮਾਰ ਵਿਸ਼ਵਾਸ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਭਸਮਾ ਸੁਰ ਕਹਿਣ, ਭਗਵੰਤ ਮਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣ ਅਤੇ ਕੇਜਰੀਵਾਲ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਆਪਣੇ ਨਾਲ ਲਗਾ ਕੇ ਸੰਤਾਂ ਦੀ ਸ਼ਹੀਦੀ ਨੂੰ ਛੁਟਿਆਉਣ ਦੀ ਕੀਤੀ ਗਈ ਕੋਸ਼ਿਸ਼ ਦਾ ਵੀ ਸਖ਼ਤ ਨੋਟਿਸ ਲਿਆ।
ਅਖੀਰ ਵਿੱਚ ਸੰਤ ਸਮਾਜ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਸਿੱਖ ਪੰਥ ਦੇ ਸਬਰ ਦਾ ਇਮਤਿਹਾਨ ਨਾ ਲਵੇ, ਤੇ ਉਕਤ ਸਮੁੱਚੀਆਂ ਗਲਤੀਆਂ ਲਈ ਪੰਥ ਤੋਂ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਲਲਕਾਰਨ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਰਗੇ ਅਜਿਹੇ ਕਾਰਿਆਂ ਨੂੰ ਖ਼ਾਲਸਾ ਪੰਥ ਖ਼ਾਲਸਾਈ ਰਵਾਇਤਾਂ ਪਰੰਪਰਾਵਾਂ ਅਨੁਸਾਰ ਠਲ ਪਾਉਣ ਲਈ ਸਮਰੱਥ ਹੈ।
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸੰਤ ਸਮਾਜ ਦੇ ਸਕਤਰ ਜਨਰਲ ਬਾਬਾ ਸੁਖਚੈਨ ਸਿੰਘ ਧਰਮਪੁਰਾ,  ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵੱਲੋਂ ਭਾਈ ਰਣਜੀਤ ਸਿੰਘ, ਬੁੱਢਾ ਦਲ ਵੱਲੋਂ ਜਥੇਦਾਰ ਬਾਬਾ ਸਰਵਨ ਸਿੰਘ ਰਸਾਲਦਾਰ ਬੁੱਢਾ ਦਲ ਮਾਛੀਵਾੜਾ, ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁਮਣਾਂ ਵਾਲੇ, ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ ਵਲੋਂ ਸ੍ਰੀਮਾਨ ਬਾਬਾ ਸੁਰਜੀਤ ਸਿੰਘ ਜੀ, ਸੰਤ ਨਿਰਮਲਦਾਸ ਜੀ ਜੌੜੇਵਾਲੇ, ਸੰਤ ਬਾਬਾ ਕਰਮਜੀਤ ਸਿੰਘ ਤੇ ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਬਾਬਾ ਗੁਰਮੀਤ ਸਿੰਘ ਤਰਲੋਕੇਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇਵਾਲਿਆਂ ਵਲੋਂ ਬਾਬਾ ਬਲਜੀਤ ਸਿੰਘ, ਸੰਤ ਬਾਬਾ ਹਰਦੀਪ ਸਿੰਘ ਅਨੰਦਪੁਰ ਸਾਹਿਬ, ਬਾਬਾ ਸਤਨਾਮ ਸਿੰਘ ਵਲੀਆ, ਬਾਬਾ ਸੁਲਖਣ ਸਿੰਘ ਮੁਰਾਦਪੁਰਾ,ਸੰਤ ਸੁਖਤੇਜ ਸਿੰਘ ਡੁਮੇਲੀਵਾਲੇ,  ਸੰਤ ਬਾਬਾ ਦਰਸ਼ਨ ਸਿੰਘ ਘੋੜੇਵਾਹ ਗੁਰਦਾਸਪੁਰ, ਸੰਤ ਬਾਬਾ ਸਤਨਾਮ ਸਿੰਘ ਜ਼ਫਰਵਾਲ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ, ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਸੁਰਜੀਤ ਸਿੰਘ ਘਨੁੜਕੀਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸਵਰਨਜੀਤ ਸਿੰਘ ਨਿਹੰਗ ਸਿੰਘ, ਸੰਤ ਬਾਬਾ ਹਰੀ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਪ੍ਰਤਾਪ ਸਿੰਘ ਦੇ ਸਪੁੱਤਰ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਜਥੇਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਮਨਮੋਹਨ ਸਿੰਘ ਬਾਬਾ ਬੀਰ ਸਿੰਘ ਭੰਗਾਲੀ ਕਲਾਂ, ਸੰਤ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ,ਭਾਈ ਅੱਜੈਬ ਸਿੰਘ ਅਬਿਆਸੀ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਭਾਈ ਜੀਵਾ ਸਿੰਘ, ਬਾਬਾ ਲੱਖਾ ਸਿੰਘ ਰਾਮ ਥੰਮਣ, ਭਾਈ ਪਰਨਾਮ ਸਿੰਘ, ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ ਬੁਟਰ,ਭਾਈ ਸੁਖਵਿੰਦਰ ਸਿੰਘ ਅਗਵਾਣ, ਗਿਆਨੀ ਪਲਵਿੰਦਰਪਾਲ ਸਿੰਘ ਬੁਟਰ, ਭਾਈ ਜਗਤਾਰ ਸਿੰਘ ਰੋਡੇ ਮੈਬਰ ਸ੍ਰੋਮਣੀ ਕਮੇਟੀ, ਗਿਆਨੀ ਬਲਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

No comments: