BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਹ ਜੀਵਨ ਹੈ ਚਾਰ ਦਿਨਾਂ ਦਾ

ਇਹ ਜੀਵਨ ਜੋ ਅਸੀਂ ਜੀ ਰਹੇ ਹਾਂ, ਇਹ ਵਾਹਿਗੁਰੂ ਜੀ ਵੱਲੋਂ ਸਾਡੇ ਤੇ ਹੋਈ ਅਪਾਰ ਕਿਰਪਾ ਦੀ ਵਡਮੁੱਲੀ ਦਾਤ ਹੈ ਜਿਸਨੂੰ ਅਸੀਂ ਆਪਣੀ ਸੂਝ-ਬੂਝ ਨਾਲ ਮਨੁੱਖਤਾ ਦੀ ਭਲਾਈ ਦੇ ਲੇਖੇ ਲਾ ਕੇ ਵਾਹਿਗੁਰੂ ਜੀ ਅੱਗੇ ਜਵਾਬਦੇਹ ਹੋਣਾ ਹੈ ਕਿ ਦਾਤਾ ! ਤੇਰਾ ਦਿੱਤਾ ਇਹ ਜੀਵਨ ਸਾਡੇ ਲਈ ਇਕ ਚਾਨਣ ਦਾ ਛਿੱਟਾ ਹੈ ਜਿਸ ਨਾਲ ਅਸੀਂ ਆਪ ਵੀ ਨੂਰੋ-ਨੂਰ ਹੋਣਾ ਹੈ ਤੇ ਹੋਰਾਂ ਨੂੰ ਵੀ ਪ੍ਰਕਾਸ਼ ਮਈ ਕਰਨਾ ਹੈ ਤਾਂ ਜੋ ਇਸ ਧਰਤੀ ਤੇ ਵਿਚਰ ਰਿਹਾ ਸਾਰਾ ਜੰਨ-ਜੀਵਨ ਅਗੰਮੀ ਸੁਖ-ਖ਼ੁਸ਼ੀਆਂ ਅਤੇ ਆਤਮਿਕ ਸਕੂਨ ਨਾਲ ਮਾਲਾ ਮਾਲ ਹੋ ਕੇ ਆਪਜੀ ਦੀ ਮਿਹਰਬਾਨੀ ਦਾ ਪਾਤਰ ਬਣਿਆਂ ਰਹੇ ਪਰ ਅਸੀਂ ਬੇਸਮਝ ਤੇ  ਨਾਸ਼ੁਕਰੇ ਮਨੁੱਖ, ਇਸ ਬਹੁਮੁੱਲੇ ਤੇ ਕੀਮਤੀ ਜੀਵਨ ਨੂੰ ਆਪਣੇ ਆਪਣੇ ਲਾਲਚ ਤੇ ਸਵਾਰਥ ਦੇ ਲੇਖੇ ਲਾ ਕੇ ਕੀੜੇ-ਮਕੌੜਿਆਂ ਵਾਂਗ ਸਿਰਫ ਖਾਣਾ-ਪੀਣਾ,ਪਹਿਨਣਾ ਤੇ ਗੂਹੜੀ ਨੀਂਦ ਵਿੱਚ ਸੌਂ ਕੇ ਘੁਰਾੜੇ ਮਾਰਨ ਤੱਕ ਨੂੰ ਹੀ ਇਸ ਜੀਵਨ ਦਾ ਆਧਾਰ ਮੰਨਕੇ ਅੰਤ ਖਾਲੀ ਹੱਥ ਲਟਕਾਉਂਦੇ ਧਰਮਰਾਜ ਦੇ ਅੱਗੇ ਲੱਗੀ ਲੰਬੀ ਭੀੜ ਵਿੱਚ ਆਪਣੇ ਬਿਤਾਏ ਅਪਰਾਧੀ ਜੀਵਨ ਦਾ ਲੇਖਾ-ਜੋਖਾ ਦੇਣ ਲਈ ਸ਼ਾਮਿਲ ਹੋ ਜਾਂਦੇ ਹਾਂ।
ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥ ਮਨੁੱਖ-ਜਾਤ ਨੂੰ ਚੰਗੇ ਇਨਸਾਨ ਬਨਣ ਦੀ ਪ੍ਰਰੇਨਾ ਤੇ ਸਿੱਖਿਆ ਦੇਕੇ ਆਦਰਸ਼ਵਾਦੀ ਜੀਵਨ ਜੀਉਂਣ ਦਾ ਸਲੀਕਾ ਦੱਸਦੇ ਹਨ। ਇਹਨਾ ਧਾਰਮਿਕ ਗ੍ਰੰਥਾਂ ਵਿੱਚ ਕਿਸੇ ਵੀ ਗੱਲ ਪਿੱਛੇ ਕੋਈ ਵਾਦ-ਵਿਵਾਦ ਨਹੀਂ ਪਰ ਮਨੁੱਖ ਆਪਣੀ ਆਪਣੀ ਸੋਚ ਨੂੰ ਇਸਤੇਮਾਲ ਕਰਕੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਆਪਸੀ ਵਖਰੇਵੇਂ ਖੜੇ ਕਰਕੇ ਆਪਣੇ ਆਪਣੇ ਧਰਮ ਨੂੰ ਉੱਚਾ ਮੰਨਕੇ ਝਗੜੇ-ਝੇੜਿਆਂ ਨੂੰ ਜਨਮ ਦਿੰਦਾ ਆਇਆ ਹੈ।
ਦੁਨੀਆ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਹਨ ਉਸਦਾ ਆਧਾਰ ਹੱਦੋਂ ਵੱਧ ਗਏ ਕਾਮ-ਕਰੋਧ, ਲੋਭ, ਮੋਹ, ਹੰਕਾਰ ਦੀ ਹੀ ਦੇਣ ਹੈ ਅਤੇ ਧਰਮ ਪ੍ਰਤੀ ਪੂਰੀ ਸੋਝੀ ਦਾ ਨਾ ਹੋਣਾ ਵੀ ਲੜਾਈ ਦੀ ਹੀ ਵਜਾਹ ਬਣਦੀ ਆਈ ਹੈ। ਮਨੁੱਖ ਦੀ ਇਸ ਬੇਸਮਝੀ ਕਾਰਣ ਅਣਗਿਣਤ ਆਮ ਲੋਕਾਂ ਦਾ ਵਰਗ ਹੀ ਸਦੀਆਂ ਤੋਂ ਇਸਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਲੜਾਈਆਂ, ਬੀਮਾਰੀਆਂ ਅਤੇ ਕੁਦਰਤੀ ਆਫ਼ਤਾਂ ਨਾਲ ਅੱਜ ਤੱਕ ਐਨੇ ਲੋਕ ਨਹੀਂ ਮਰੇ ਹੋਣਗੇ ਜਿੰਨੇ ਧਰਮ ਦੀ ਕੱਟੜਤਾ ਦਾ ਸ਼ਿਕਾਰ ਹੋਏ ਹੋਣਗੇ।
ਊਂਚ-ਨੀਚ, ਜਾਤ-ਪਾਤ, ਅਮੀਰੀ-ਗਰੀਬੀ ਅਤੇ ਜਿਸਮਾਂ ਦੇ ਰੰਗਾਂ ਦੇ ਭੇਦ-ਭਾਵ ਨੂੰ ਪੈਸੇ ਵਾਲੇ ਚਲਾਕ ਲੋਕਾਂ ਨੇ ਆਪਣੀ ਵਾਕ-ਚਤੁਰਾਈ, ਦੌਲਤ ਦੇ ਬਲਬੂਤੇ ਅਤੇ ਸਿਆਸਤ ਦੇ ਵੱਲ-ਛਲ ਨਾਲ ਵੰਡੀਆਂ ਪਾਕੇ ਦੰਗੇ-ਫ਼ਸਾਦ ਕਰਵਾਕੇ ਸਦੀਆਂ ਤੋਂ ਹੀ ਰਾਜ-ਸੱਤਾ ਦਾ ਸੁਆਦ ਚੱਖਿਆ ਅਤੇ ਨਿੱਘ ਮਾਣਿਆਂ ਹੈ ਤੇ ਇਹੋ ਪ੍ਰਵਿਰਤੀ ਅੱਜ ਤੱਕ ਵੀ ਜਾਰੀ ਹੈ।
ਮਨੁੱਖ ਦੀ ਜ਼ਿੰਦਗੀ ਚਾਰ ਦਿਨਾਂ ਦੀ ਹੀ ਮੰਨੀ ਜਾਂਦੀ ਹੈ। ਇਸ ਚਾਰ ਦਿਨਾਂ ਦੇ ਜੀਵਨ ਨੂੰ ਕਿਉਂ ਨਾ ਲੋਕ-ਭਲੇ ਤੇ ਪਰਮਾਰਥ ਦੇ ਲੇਖੇ ਲਾ ਕੇ ਪ੍ਰਭੂ ਵੱਲੋਂ ਮਿਲੀ ਅਣਮੁੱਲੀ ਜੀਵਨ-ਦਾਤ ਨੂੰ ਮਾਣਿਆਂ ਅਤੇ ਜੀਵਿਆ ਜਾਵੇ?
ਕਿਸੇ ਨੂੰ ਮਾਰਨ-ਕੁੱਟਣ, ਲੁੱਟਣ, ਸਤਾਉਣ ਅਤੇ ਦਗਾ ਕਮਾਉਣ ਤੋਂ ਪਹਿਲਾਂ ਇਹ ਵਿਚਾਰ ਕਰ ਲਿਆ ਜਾਵੇ ਕਿ ਜੇਕਰ ਮੇਰੇ ਨਾਲ ਕੋਈ ਅਜਿਹਾ ਕਰੇ ਤਾਂ ਮੈਨੂੰ ਕਿੰਨਾ ਦੁੱਖ ਮਹਿਸੂਸ ਹੋਵੇਗਾ? ਜਿਵੇਂ ਸਾਨੂੰ ਆਪਣੇ ਸੁਖ-ਖ਼ੁਸ਼ੀ,ਆਰਾਮ,ਚੈਨ ਅਤੇ ਹੋਰ ਸੁਖ-ਸਾਧਨਾਂ ਦੀ ਲੋੜ ਹੈ ਉਸੇ ਤਰ੍ਹਾਂ ਦੁਜਿਆਂ ਦੀਆਂ ਲੋੜਾਂ ਵੀ ਸਾਡੀਆਂ ਲੋੜਾਂ ਵਾਂਗ ਹੀ ਹਨ। ਇਹੋ ਜਿਹੀ ਉਸਾਰੂ  ਸੋਚ  ਨਾਲ ਜੀਵਨ ਦੇ ਆਪਸ  ਵਿਰੋਧੀ ਸਾਰੇ ਵਾਦ-ਵਿਵਾਦ ਅਤੇ ਝਗੜੇ-ਝੇੜੇ ਖਤਮ ਹੋ ਜਾਣਗੇ ਤੇ ਇਹ ਧਰਤੀ  ਸਵਰਗ ਵਾਂਗ ਖ਼ੂਬਸੂਰਤ ਜਾਪਣ ਲੱਗੇਗੀ।
-ਗੁਰਦਰਸ਼ਨ ਬੱਲ, 36, Sunflower Circle, Burlington NJ-08016 U.S.A., Mob.No. 856-263-8313

No comments: