BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈਲੀਕੋਮ ਕੰਪਨੀਆਂ ਦੀ ਗੁੰਡਾਗਰਦੀ

ਪੁਰਾਣੇ ਸਮਿਆਂ ਵਿੱਚ ਚੋਰ ਹੁੰਦੇ ਸਨ, ਲੁਟੇਰੇ ਹੁੰਦੇ ਸਨ, ਜੋ ਸੁੰਨਸਾਨ ਰਾਹਾਂ 'ਤੇ ਜਾਂਦੇ ਮੁਸਾਫਰਾਂ ਨੂੰ ਲੁੱਟ ਲੈਂਦੇ ਸਨ। ਉਹ ਚੋਰ, ਠੱਗ, ਡਾਕੂ ਸ਼ਰਿਆਮ ਚੋਰੀ, ਡਕੈਤੀ ਕਰਦੇ ਸਨ। ਪਰ ਸਮਾਂ ਬਦਲ ਰਿਹਾ ਹੈ। ਬਦਲਦੇ ਸਮੇਂ ਦੇ ਨਾਲ ਨਾਲ ਗੁੰਡਾਗਰਦੀ, ਚੋਰੀ, ਠੱਗੀ ਦੇ ਤਰੀਕੇ ਵੀ ਬਦਲ ਰਹੇ ਹਨ। ਕਹਿੰਦੇ ਹਨ ਕਿ ਭਾਰਤ ਵਿੱਚ ਸਿੱਖਿਆ ਦਾ ਪਸਾਰ ਹੋ ਰਿਹਾ ਹੈ। ਪਤਾ ਨਹੀਂ ਕੀ ਹੋ ਰਿਹਾ ਹੈ ਕਿ ਸਿੱਖਿਆ ਦੇ ਨਾਲ ਨਾਲ ਅੱਜਕੱਲ੍ਹ ਇੱਕ ਨਵੇਂ ਤਰ੍ਹਾਂ ਦੀ ਸਿੱਖਿਅਕ ਗੁੰਡਾਗਰਦੀ ਚਲ ਪਈ ਹੈ, ਜਿਸ ਨੂੰ ਆਪਾਂ ਇੱਕ ਸੱਭਿਅਕ ਗੁੰਡਾਗਰਦੀ ਵੀ ਕਹਿ ਸਕਦੇ ਹਾਂ। ਹੁਣ ਤੁਹਾਨੂੰ ਮੈਂ ਇੱਕ ਬਿਲਕੁਲ ਸੱਚੀ ਗਲ ਸੁਣਾਵਾਂਗਾ। ਇੱਕ ਵਾਰ ਮੈਂ ਇੱਕ ਟੈਲੀਕਾਮ ਕੰਪਨੀ ਤੋਂ ਡੌਂਗਲ ਲਈ। ਡੌਂਗਲ ਵੇਚਣ ਵਾਲੇ ਨੇ ਮੈਨੂੰ ਇਹ ਨਹੀਂ ਕਿਹਾ ਕਿ ਜੋ ਡੌਂਗਲ ਦਾ ਸਿਮ ਹੈ, ਉਹ ਡੌਂਗਲ ਵਿੱਚ ਹੀ ਪਾ ਕੇ ਚਲਾਉਣਾ ਹੈ। ਮੈਨੂੰ ਇੰਜ ਲਗਿਆ ਕਿ ਇਹ ਸਿਮ ਕਿਤੇ ਵੀ ਪਾ ਕੇ ਮੈਂ ਵਰਤ ਸਕਦਾ ਹਾਂ। ਅਸੀਮਤ ਇੰਟਰਨੈੱਟ ਦਾ ਮੈਂ ਪਲੈਨ ਲੈ ਲਿਆ। ਕਿਹਾ ਗਿਆ ਸੀ ਕਿ ਚਾਰ ਜੀ.ਬੀ ਦਾ ਡੇਟਾ ਮੈਨੂੰ ਤੇਜ ਮਿਲੇਗਾ ਅਤੇ ਬਾਕੀ ੨ ਜੀ ਦੀ ਸਪੀਡ ਨਾਲ ਮਿਲੇਗਾ। ਮੈਂ ਡੌਂਗਲ ਵਰਤਣੀ ਸ਼ੁਰੂ ਕਰ ਦਿੱਤੀ। ਚਾਰ ਜੀ.ਬੀ. ਡੇਟਾ ਖਤਮ ਹੋਣ ਤੋਂ ਬਾਅਦ, ਉਹ ਡੌਂਗਲ ੨ ਜੀ ਦੀ ਸਪੀਡ ਨਾਲ ਤਾਂ ਕੀ ਚਲਣਾ ਸੀ। ਉਹ ਤਾਂ ਬਿਲਕੁਲ ਹੀ ਚਲਣੀ ਬੰਦ ਹੋ ਗਈ। ਇੰਟਰਨੈੱਟ 'ਤੇ ਗੂਗਲ ਵੀ ਨਹੀਂ ਖੁਲ੍ਹ ਰਿਹਾ ਸੀ। ਮੈਂ ਸੋਚਿਆ ਕਿ ਚਲੋ ਮੈਂ ਇਹ ਸਿਮ ਆਪਣੇ ਮੋਬਾਇਲ ਵਿੱਚ ਪਾ ਕੇ ਚਲਾ ਲੈਂਦਾ ਹਾਂ, ਸ਼ਾਇਦ ਡੌਂਗਲ ਹੀ ਖਰਾਬ ਹੋ ਗਈ ਹੋਣੀ ਹੈ। ਮੈਂ ਉਹ ਡੌਂਗਲ ਵਾਲਾ ਸਿਮ ਮੋਬਾਇਲ ਵਿੱਚ ਚਲਾ ਲਿਆ। ਨੈੱਟ ਵਧੀਆ ਚਲ ਪਿਆ। ਮੈਂ ਨੈੱਟ ਚਲਾਉਂਦਾ ਗਿਆ। ਫਿਰ ਇੱਕ ਦਿਨ ਅਚਾਨਕ ਮੇਰੇ ਡੌਂਗਲ ਵਾਲੇ ਸਿਮ 'ਤੇ ਨੈੱਟ ਚਲਣਾ ਬਿਲਕੁਲ ਹੀ ਬੰਦ ਹੋ ਗਿਆ। ਜਦ ਮੈਂ ਕੰਪਨੀ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਤਾਂ, ਉਹ ਕਹਿੰਦੇ ਤੁਹਾਡਾ ੩੪੦੦ ਰੁਪਏ ਬਿਲ ਬਣ ਗਿਆ ਹੈ ਕਿਉਂਕਿ ਮੈਂ ਇਹ ਸਿਮ ਆਪਣੇ ਮੋਬਾਈਲ ਵਿੱਚ ਪਾ ਕੇ ਵਰਤ ਲਿਆ ਹੈ। ਮੈਂ ਕੰਪਨੀ ਵਾਲਿਆਂ ਨੂੰ ਕਿਹਾ ਕਿ ਇਹ ਤਾਂ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ। ਮੈਨੂੰ ਤਾਂ ਦੱਸਿਆ ਹੀ ਨਹੀਂ ਗਿਆ ਕਿ ਇਹ ਸਿਮ ਸਿਰਫ ਡੌਂਗਲ ਵਿੱਚ ਹੀ ਵਰਤਣਾ ਹੈ। ਕੰਪਨੀ ਵਾਲਿਆਂ ਨੇ ਮੇਰੀ ਇੱਕ ਨਾਂ ਸੁਣੀ। ਫਿਰ ਮੈਨੂੰ ਰੋਜ਼ ਫੋਨ ਆਉਣੇ ਸ਼ੁਰੂ ਹੋ ਗਏ। ਫਿਰ ਅੰਤ ਇਹ ਫੈਸਲਾ ਹੋਇਆ ਕਿ ਕੰਪਨੀ ਵਾਲੇ ਮੈਨੂੰ ਕਹਿੰਦੇ ਮੈਨੂੰ ਕੁੱਝ ਪੈਸੇ ਦੇਣੇ ਪੈਣਗੇ, ਫਿਰ ਮੇਰਾ ਨੰਬਰ ਹੀ ਬੰਦ ਕਰ ਦਿੱਤਾ ਜਾਵੇਗਾ। ਇੱਕ ਹਜ਼ਾਰ ਰੁਪਏ 'ਤੇ ਸਮਝੋਤਾ ਹੋ ਗਿਆ। ਮੈਂ ਉਹਨਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਅਤੇ ਆਪਣਾ ਖਹਿੜਾ ਛੁਡਾਇਆ। ਪਰ ਗਲ ਇੱਥੇ ਹੀ ਖਤਮ ਨਹੀਂ ਹੋਈ। ਅਗਲੇ ਮਹੀਨੇ ਮੈਨੂੰ ਫਿਰ ਕੰਪਨੀ ਦੇ ਫੋਨ ਆਉਣੇ ਸ਼ੁਰੂ ਹੋ ਗਏ। ਮੈਂ ਉਹਨਾਂ ਨੂੰ ਬਹੁਤ ਕਿਹਾ ਕਿ ਆਪਣਾ ਸਮਝੋਤਾ ਹੋ ਚੁੱਕਾ ਸੀ, ਸੋ ਹੁਣ ਪੈਸੇ ਤੁਸੀਂ ਕਾਦੇ ਮੰਗ ਰਹੇ ਹੋਂ। ਕੰਪਨੀ ਵਾਲੇ ਪੂਰੀ ਤਰ੍ਹਾਂ ਮੁਕਰ ਗਏ। ਉਹਨਾਂ ਨੇ ਮੈਨੂੰ ਕਿਹਾ ਕਿ ਜਿਸ ਕੰਪਨੀ ਦੇ ਮੁਲਾਜਮ ਨਾਲ ਮੇਰਾ ਸਮਝੋਤਾ ਹੋਇਆ ਸੀ, ਕਿ ਮੈਂ ਉਸ ਮੁਲਾਜਮ ਤੋਂ ਲਿਖਤੀ ਰੂਪ ਵਿੱਚ ਲਿਆ ਸੀ ਕਿ ਮੇਰਾ ਨੰਬਰ ਬੰਦ ਕਰ ਦਿਓ। ਮੈਂ ਕਿਹਾ ਕਿ ਲਿਖਤੀ ਰੂਪ ਵਿੱਚ ਤਾਂ ਮੈਂ ਨਹੀਂ ਲਿਆ। ਉਹਨਾਂ ਨੇ ਇਸੇ ਗਲ ਨੂੰ ਪਕੜ ਕੇ ਫਿਰ ਮੇਰੇ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪਰ ਫਿਰ ਮੈਂ ਉਹਨਾਂ ਨੂੰ ਪੈਸੇ ਕੁੱਝ ਦਿਨ  ਨਹੀਂ ਦਿੱਤੇ। ਕੰਪਨੀ ਨੇ ਮੇਰੇ 'ਤੇ ਹੋਰ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ। ਮੈਨੂੰ ਰਿਕਵਰੀ ਏਜੰਟਾਂ ਦੇ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ। ਉਸਨੂੰ ਵੀ ਮੈਂ ਬਹੁਤ ਕਿਹਾ ਕਿ ਮੇਰਾ ਸਮਝੋਤਾ ਹਜ਼ਾਰ ਰੁਪਏ ਵਿੱਚ ਹੋ ਗਿਆ ਹੈ। ਮੇਰੇ ਕੋਲ ਹਜ਼ਾਰ ਰੁਪਏ ਦੀ ਰਸੀਧ ਵੀ ਪਈ ਹੈ। ਪਰ ਰਿਕਵਰੀ ਵਾਲੇ ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਅਤੇ ਉਹ ਮੇਰੇ ਘਰ ਆ ਰਹੇ ਹਨ, ਪੈਸੇ ਵਸੂਲ ਕਰਨ ਲਈ। ਇੰਝ ਹੀ ਹੋਇਆ ਕਿ ਉਹ ਮੇਰੇ ਘਰ ਆ ਵੀ ਗਏ। ਜੋ ਪੈਸੇ ਕੰਪਨੀ ਦੇ ਰਹਿੰਦੇ ਸੀ, ਮੈਂ ਉਹਨਾਂ ਨੂੰ ਇੱਕ ਸ਼ਰਤ 'ਤੇ ਦੇਣ ਲਈ ਤਿਆਰ ਹੋ ਗਿਆ। ਮੈਂ ਰਿਕਵਰੀ ਏਂਜੰਟ ਨੂੰ ਕਿਹਾ ਕਿ ਉਹ ਮੈਨੂੰ ਲਿਖਤੀ ਰੂਪ ਵਿੱਚ ਦੇਵੇ ਕਿ ਮੇਰਾ ਸਾਰਾ ਬਿਲ ਕਲੀਅਰ ਹੋ ਗਿਆ ਹੈ। ਉਸਨੇ ਮੇਰੇ ਤੋਂ ਪੈਸੇ ਲਏ, ਅਤੇ ਰਸੀਧ 'ਤੇ ਲਿਖ ਵੀ ਦਿੱਤਾ ਅਤੇ ਉਸਨੇ ਕਿਹਾ ਕਿ ਮੇਰਾ ਨੰਬਰ ਜਲਦ ਹੀ ਬੰਦ ਹੋ ਜਾਵੇਗਾ। ਇਸ ਸਾਰੀ ਗਲਾਂ ਅਤੇ ਸਬੂਤਾਂ ਬਾਰੇ, ਮੈਂ ਕੰਪਨੀ ਨੂੰ ਈੁਮੇਲਜ਼ ਵੀ ਭੇਜਦਾ ਰਿਹਾ। ਪਰ ਕਿਸੇ ਨੇ ਨਾਂ ਸੁਣੀ। ਇਸ ਗਲ ਪਿੱਛੋਂ ਇੱਕ ਦੋ ਮਹੀਨਿਆਂ ਬਾਅਦ ਫਿਰ ਮੈਨੂੰ ਫੋਨ ਆਉਣ ਲਗ ਗਏ ਕੰਪਨੀ ਦੇ। ਉਹ ਫਿਰ ਮੈਨੂੰ ਕਹਿਣ ਲੱਗੇ ਕਿ ਮੇਰੇ ਸਿਰ ਹਜ਼ਾਰ ਰੁਪਏ ਦਾ ਬਿਲ ਪੈ ਗਿਆ ਹੈ। ਮੈਂ ਸੋਚਿਆ ਇਹ ਤਾਂ ਪੂਰੀ ਤਰ੍ਹਾਂ ਗੁੰਡਾਗਰਦੀ ਕਰ ਰਹੇ ਹਨ। ਮੈਂ ਫਿਰ ਕੰਪਨੀ ਵਾਲਿਆਂ ਨਾਲ ਸੰਪਰਕ ਕੀਤਾ। ਕੰਪਨੀ ਵਾਲਿਆਂ ਨੇ ਜੋ ਮੈਨੂੰ ਕਿਹਾ ਉਹ ਬਹੁਤ ਹੀ ਘਟੀਆ ਅਤੇ ਹੈਰਾਨੀ ਭਰਿਆ ਸੀ। ਉਹ ਕਹਿੰਦੇ ਇਸ ਵਾਰ ਬਿਲ ਭਰ ਦਿਓ, ਅਸੀਂ ਤੁਹਾਡਾ ਨੰਬਰ ਬੰਦ ਕਰ ਦਿਆਂਗੇ। ਉਸ ਦਿਨ ਮੈਨੂੰ ਪੂਰੀ ਤਰ੍ਹਾਂ ਗਲ ਸਮਝ ਆ ਗਈ ਕਿ ਇਹ ਸਭਿਆਕ ਗੁੰਡਾਗਰਦੀ ਕਰ ਰਹੇ ਹਨ। ਇਹ ਮਸ਼ਹੂਰ ਕੰਪਨੀ ਨਹੀਂ, ਇਹ ਲੁਟੇਰੇ ਹੀ ਹਨ, ਜੋ ਬਿਲ ਦਾ ਬਹਾਨਾ ਬਣਾ ਕੇ ਲੋਕਾਂ ਦਾ ਪੈਸਾ ਲੁੱਟਦੇ ਹਨ। ਭਾਰਤ ਵਿੱਚ ਕੌਰਟ ਕਚਹਿਰੀਆਂ ਕੋਈ ਹੱਲ ਨਹੀਂ ਹੁੰਦੇ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ। ਸੋ ਕੋਰਟ ਜਾਣਾ ਵੀ, ਮੇਰੀ ਲਈ ਇੱਕ ਵਿਕਲਪ ਨਹੀਂ ਰਹਿ ਗਿਆ ਸੀ। ਜਦ ਵੀ ਮੈਂ ਕੰਪਨੀ ਨੂੰ ਕੌਰਟ ਜਾਣ ਦੀ ਧਮਕੀ ਦਿੰਦਾ ਤਾਂ ਉਹ ਕਹਿੰਦੇ ਕੋਈ ਨਹੀਂ, ਜਿੱਥੇ ਮਰਜੀ ਜਾ ਆਓ, ਇਹੋ ਜਿਹੇ ਕੌਰਟ ਅਸੀਂ ਕਈ ਦੇਖੇ ਹਨ। ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ, ਹੁਣ ਮੇਰੀ ਸਿਰਫ ਇੱਕੋ ਹੀ ਇਨਸਾਨ ਸਹਾਇਤਾ ਕਰ ਸਕਦਾ ਸੀ, ਉਹ ਸੀ ਮੈਂ ਖੁਦ। ਫਿਰ ਜਦੋਂ ਇਹ ਮੇਰੇ ਨਾਲ ਦੋਬਾਰਾ ਧੱਕਾ ਹੋਇਆ, ਤਾਂ ਇਸ ਵਾਰ ਰਿਕਵਰੀ ਏਜੰਟ ਨੇ ਮੈਨੂੰ ਫੌਨ ਨਹੀਂ ਲਾਇਆ, ਇਸ ਵਾਰ ਮੈਂ ਰਿਕਵਰੀ ਏਜੰਟ ਨੂੰ ਕਰੜੀ ਆਵਾਜ਼ ਵਿੱਚ ਫੋਨ ਕੀਤਾ, ਅਤੇ ਜੋ ਪਹਿਲਾਂ ਮੇਰੇ ਕੋਲੋਂ ਹਜ਼ਾਰ ਰੁਪਏ ਲੈ ਗਿਆ ਸੀ, ਉਸ ਨੂੰ ਵੀ ਮੈਂ ਕਰੜੇ ਸ਼ਬਦ ਬੋਲੇ। ਉਸ ਦਿਨ ਤੋਂ ਬਾਅਦ ਮੇਰੇ ਘਰ ਕੋਈ ਰਿਕਵਰੀ ਏਜੰਟ ਨਹੀਂ ਆਇਆ। ਇੱਕ ਮਹੀਨਾ ਸ਼ਾਂਤੀ ਰਹੀ। ਕੰਪਨੀ ਦੀ ਗੁੰਡਾਗਰਦੀ ਇੱਥੇ ਹੀ ਖਤਮ ਨਹੀਂ ਹੋਈ। ਫਿਰ ਇੱਕ ਦਿਨ ਕੰਪਨੀ ਵਾਲਿਆਂ ਦਾ ਮੈਨੂੰ ਫੋਨ ਆਇਆ ਕਿ ਉਹ ਮੇਰੇ 'ਤੇ ਕੇਸ ਕਰ ਰਹੇ ਹਨ। ਉਹਨਾਂ ਨੇ ਕਿਹਾ ਤੁਹਾਡੇ ਸੱਮਨ ਕੌਰਟ ਵਲੋਂ ਆਏ ਪਏ ਹਨ, ਤੁਸੀਂ ਇੱਥੇ ਆ ਕੇ ਆਪਣੇ ਸੰਮਨ ਲੈ ਜਾਵੇ। ਮੈਂ ਤੁਹਾਡਾ ਭਲਾ ਚਾਹੁੰਦਾ ਹਾਂ, ਮੈਂ ਤੁਹਾਡਾ ਰਾਜੀਨਾਮਾ ਕਰਵਾ ਦਿੰਦਾ ਹਾਂ ਕੁੱਝ ਲੈ ਦੇ ਕੇ। ਬਾਕੀ ਮੈਂ ਤੁਹਾਨੂੰ ਕੰਪਨੀ ਦੇ ਵਕੀਲ ਦਾ ਫੋਨ ਨੰਬਰ ਦੇ ਦਿੰਦਾ ਹਾਂ, ਤੁਸੀਂ ਉਸ ਨਾਲ ਆਪ ਹੀ ਇੱਕ ਵਾਰ ਗਲ ਕਰ ਲਵੋ। ਮੈਂ ਉਸ ਤੋਂ ਉਸਦੇ ਵਕੀਲ ਦਾ ਨੰਬਰ ਲਿਆ ਅਤੇ ਇਸ ਵਾਰ ਮੈਂ ਵਕੀਲ ਨੂੰ ਬੇਨਤੀ ਨਹੀਂ ਕੀਤੀ। ਮੈਂ ਸਿੱਧਾ ਹੀ ਉਸਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਤੂੰ ਜੋ ਕਰ ਸਕਦਾ ਹੈ ਕਰ ਲੈ। ਇਸ ਤੋਂ ਵੱਧ ਵੀ ਮੈਂ ਉਸਨੂੰ ਕਈ ਕਰੜੇ ਸ਼ਬਦ ਕਹੇ। ਉਸ ਦਿਨ ਤੋਂ ਬਾਅਦ ਕੰਪਨੀ ਨੇ ਮੇਰਾ ਨੰਬਰ ਵੀ ਬੰਦ ਕਰ ਦਿੱਤਾ ਅਤੇ ਨਾਂ ਹੀ ਕੋਈ ਕਾਰਵਾਈ ਉਹਨਾਂ ਨੇ ਕੀਤੀ। ਜਿੱਥੋਂ ਤਾਈਂ ਮੇਰਾ ਵਿਚਾਰ ਹੈ, ਉਹਨਾਂ ਨੇ ਕੋਈ ਵਕੀਲ ਵਗੈਰਾ ਨਹੀਂ ਕੀਤਾ ਸੀ, ਇਹ ਤਾਂ ਸਿਰਫ ਇਹ ਲੋਟੂ ਕੰਪਨੀਆਂ ਗਰੀਬ ਆਮ ਆਦਮੀਆਂ ਨੂੰ ਡਰਾ ਡਰਾ ਕੇ ਉਸ ਤੋਂ ਪੈਸੇ ਲੁੱਟਦੀਆਂ ਰਹਿੰਦੀਆਂ ਹਨ। ਇਹ ਤਿੰਨ ਕਦਮਾਂ ਰਾਂਹੀ ਗੁੰਡਾਗਰਦੀ ਕਰਦੀਆਂ ਹਨ। ਪਹਿਲਾ ਕਦਮ ਤਾਂ ਸਿਰਫ ਫੋਨ 'ਤੇ ਗਾਹਕ ਨੂੰ ਪਰੇਸ਼ਾਨ ਕਰਨਾ ਹੁੰਦਾ ਹੈ। ਦੂਜਾ ਕਦਮ ਰਿਕਵਰੀ ਏਜੰਟਾਂ ਤੋਂ ਧਮਕੀਆਂ ਦਵਾਉਣਾ ਹੁੰਦਾ ਹੈ। ਅਤੇ ਤੀਜਾ ਕਦਮ ਗਾਹਕ ਨੂੰ ਝੂਠੇ ਸੱਮਨ ਦਿਖਾ ਕੇ ਡਰਾਉਣ ਦਾ ਕਦਮ ਹੁੰਦਾ ਹੈ। ਜੋ ਆਦਮੀ ਇਹਨਾਂ ਦੀਆਂ ਤਿੰਨਾਂ ਧਮਕੀਆਂ ਤੋਂ ਨਹੀਂ ਡਰਦਾ, ਉਹਨਾਂ ਆਦਮੀਆਂ ਦਾ ਇਹੋ ਜਿਹੀਆਂ ਕੰਪਨੀਆਂ ਕੁੱਝ ਨਹੀਂ ਵਿਗਾੜ ਸਕਦੀਆਂ। ਅਤੇ ਜੋ ਡਰਦਾ ਰਹਿੰਦਾ ਹੈ, ਉਸਨੂੰ ਲੁੱਟਦੀਆਂ ਰਹਿੰਦੀਆਂ ਹਨ। ਇਹ ਸਾਰੀਆਂ ਚੀਜ਼ਾਂ ਨਿਆ ਪ੍ਰਣਾਲੀ ਦੀਆਂ ਕਮੀਆਂ ਨੂੰ ਦਰਸਾਉਂਦੀਆਂ ਹਨ। ਸੋ ਅਜਿਹੀਆਂ ਟੈਲੀਕਾਮ ਕੰਪਨੀਆਂ ਤੋਂ ਬੱਚਕੇ ਰਹੋ। ਜੇ ਤੁਸੀਂ ਆਪਣੀ ਜਗ੍ਹਾਂ ਸਹੀ ਹੋ ਤਾਂ ਅਜਿਹੀਆਂ ਕੰਪਨੀਆਂ ਦੀਆਂ ਧਮਕੀਆਂ ਤੋਂ ਨਾਂ ਡਰੋ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments: