BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਦਲ ਨੇ ਪਿਛਲੇ 10 ਸਾਲਾਂ ਵਿੱਚ ਨਿੱਜੀ ਸਵਾਰਥ ਨੂੰ ਮਹੱਤਵ ਦਿੱਤਾ-ਰਾਹੁਲ ਗਾਂਧੀ

  • ਧਾਰਮਿਕ ਗ੍ਰੰਥਾ ਦੀ ਬੇਅਦਬੀ ਦਾ ਹਿਸਾਬ ਲਿਆ ਜਾਵੇਗਾ-ਕੈਪਟਨ
  • 2017 ਵਿੱਚ ਅਕਾਲੀ ਦਲ ਖਾਲੀਦਲ ਬਣ ਕੇ ਰਹਿ ਜਾਵੇਗਾ-ਸਿੱਧੂ
ਜਲਾਲਾਬਾਦ, 28 ਜਨਵਰੀ (ਬਬਲੂ ਨਾਗਪਾਲ)- ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਉਮੀਂਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੱਖੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਅੱਜ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ, ਆਸ਼ਾ ਕੁਮਾਰੀ, ਗੁਰਕੰਵਲ ਕੌਰ, ਉਮੀਂਦਵਾਰ ਰਵਨੀਤ ਸਿੰਘ ਬਿੱਟੂ, ਦਵਿੰਦਰ ਘੁਬਾਇਆ, ਨੱਥੂ ਰਾਮ,  ਅਨੀਸ਼ ਸਿਡਾਨਾ, ਹੰਸ ਰਾਜ ਜੋਸਨ, ਗੋਲਡੀ ਕੰਬੋਜ, ਰਾਜ ਬਖਸ਼ ਕੰਬੋੋਜ, ਡਾ. ਬੀਡੀ ਕਾਲੜਾ ਅਤੇ ਹੋਰਨਾਂ ਵਲੋਂ ਵੱਡੇ ਇਕੱਠ ਨੂੰ ਸੰਬੋਧਨ ਕਰਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੇ ਹਿੰਦੂਸਤਾਨ ਨੂੰ ਆਪਣੀ ਖੂਨ-ਪਸੀਨੇ ਦੀ ਕਮਾਈ ਨਾਲ ਸ਼ਕਤੀ ਦਿੰਦੇ ਹਨ ਪਰ ਅੱਜ ਪੰਜਾਬ ਦਾ ਮਜਦੂਰ, ਛੋਟਾ ਕਿਸਾਨ, ਵਪਾਰੀ ਸਰਕਾਰ ਦੀ ਸਵਾਰਥੀ ਨੀਤੀ ਕਾਰਣ ਆਰਥਿਕ ਪੱਖੋਂ ਪੂਰੀ ਤਰਾਂ ਪਿਛੜ ਕੇ ਰਹਿ ਗਿਆ ਹੈ। ਪਿਛਲੇ 10 ਸਾਲਾਂ ਦੇ ਦੌਰਾਨ ਅਕਾਲੀ ਦਲ ਦੀ ਅੱਖ ਪੰਜਾਬ ਵਿੱਚ ਵਪਾਰ ਕਰਨ ਵਾਲੇ ਲੋਕਾਂ ਤੇ ਰਹੀ ਅਤੇ ਇਨਾਂ ਦੀ ਧੱਕੇਸ਼ਾਹੀ ਕਾਰਣ ਹਰ ਪਾਸੇ ਮੇਰਾ ਹੈ ਮੇਰਾ ਹੈ ਦੀ ਰਾਜਨੀਤੀ ਨੂੰ ਅੰਜਾਮ ਦਿੱਤਾ ਗਿਆ। ਜਿਸਦਾ ਨਤੀਜਾ ਇਹ ਹੋਇਆ ਕਿ ਅੱਜ ਪੰਜਾਬ ਦੀ ਇੰਡਸਟ੍ਰੀਜ ਦੂਜੇ ਸੂਬਿਆਂ ਵਿੱਚ ਪਲਾਇਨ ਕਰ ਗਈ ਅਤੇ ਪੰਜਾਬ ਦਾ ਨੌਜਵਾਨ ਬੇਰੁਜਗਾਰੀ ਦੀ ਮਾਰ ਹੇਠਾਂ ਆ ਕੇ ਸੜਕਾਂ ਦੀ ਖਾਕ ਛਾਨਣ ਲਈ ਮਜਬੂਰ ਹੋ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਪਰ ਪੂਰਾ ਪੰਜਾਬ ਜਾਣਦਾ ਹੈ ਕਿ ਸੁਖਬੀਰ ਬਾਦਲ ਭ੍ਰਿਸ਼ਟਾਚਾਰ ਵਿੱਚ ਪੂਰੀ ਤਰਾਂ ਲਿਪਤ ਹੈ ਅਤੇ ਫਿਰ ਵੀ ਨਰਿੰਦਰ ਮੋਦੀ ਜੀ ਉਨਾਂ ਨਾਲ ਸਟੇਜਾਂ ਸਾਂਝੀਆਂ ਕਰਕੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਉੱਲੂ ਬਣਾ ਰਹੇ ਹਨ। ਉਨਾਂ ਕਿਹਾ ਕਿ ਨੋਟਬੰਦੀ ਦਾ ਅਸਰ ਗਰੀਬ ਅਤੇ ਮਜਦੂਰ ਲੋਕਾਂ ਤੇ ਹੀ ਪਿਆ ਹੈ ਕਿਉਂਕਿ ਜਿਹੜੇ ਲੋਕ ਪੈਸਿਆਂ ਖਾਤਰ ਆਪਣੀ ਦਿਹਾੜੀ ਛੱਡ ਕੇ ਬੈਂਕਾਂ ਦੀਆਂ ਲਾਇਨਾਂ ਵਿੱਚ ਲੱਗਣ ਲਈ ਮਜਬੂਰ ਹੋ ਗਏ। ਉਨਾਂ ਕਿਹਾ ਕਿ ਨੋਟਬੰਦੀ ਦੀ ਪਾਲਿਸੀ ਦੇਸ਼ ਨੂੰ ਪਿੱਛੇ ਲੈ ਗਈ ਅਤੇ ਲੋਕਾਂ ਦੇ ਵਪਾਰ ਵੀ ਅੱਧੇ ਰਹਿ ਗਏ। ਉਨਾਂ ਕਿਹਾ ਕਿ ਆਪ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੀ ਅੱਖ ਪੰਜਾਬ ਤੇ ਟਿਕੀ ਹੋਈ ਹੈ ਅਤੇ ਇਹੀ ਕਾਰਣ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦਾ ਸੀਐਮ ਉਮੀਂਦਵਾਰ ਨਹੀਂ ਐਲਾਨਿਆ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਪੂਰੀ ਤਰਾਂ ਸਪੱਸ਼ਟ ਕਰਦੀ ਹੈ ਕਿ ਪੰਜਾਬ ਦਾ ਆਉਣ ਵਾਲਾ ਸੀਐਮ ਕੋਈ ਬਾਹਰੀ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਕਿਉਂਕਿ ਪੰਜਾਬ ਦੇ ਛੋਟੇ, ਮਜਦੂਰਾਂ ਅਤੇ ਵਪਾਰੀਆਂ ਦੇ ਬੇਹਤਰ ਭਵਿੱਖ ਦਾ ਏਜੰਡਾ ਸਿਰਫ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਬਾਦਲ ਦੇ ਪਰਿਵਾਰ ਦੇ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੰਬੀ ਵਿੱਚ ਬਾਦਲ ਨੂੰ ਮੈਂ ਸੂਤ ਕਰ ਲਉਂਗਾ ਅਤੇ  ਜਲਾਲਾਬਾਦ ਵਿੱਚ ਛੋਟੇ ਬਾਦਲ ਨੂੰ ਰਵਨੀਤ ਬਿੱਟੂ ਸੰਭਾਲ ਲਉਂ। ਉਨਾਂ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪਿੱਛੇ ਸਿੱਧਾ ਸਿੱਧਾ ਹੱਥ ਬਾਦਲਾਂ ਦਾ ਹੋਣਾਂ ਲਾਜਮੀ ਹੈ ਅਤੇ ਸਰਕਾਰ ਆਉਣ ਤੇ ਇੱਕ-ਇੱਕ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦਾ ਹਿਸਾਬ ਲਿਆ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਫਾਇਦੇ ਲਈ ਪੰਜਾਬ ਵਿੱਚ ਰੇਤ ਬਜਰੀ ਦੇ ਠੇਕੇ 35 ਕਰੋੜ ਰੁਪਏ ਵਿੱਚ ਆਪਣਿਆਂ ਦੇ ਹੱਥ ਹੀ ਸੌਂਪ ਦਿੱਤੇ ਅਤੇ ਇਸ ਵਿੱਚ ਕਰੀਬ 6 ਹਜਾਰ ਕਰੋੜ ਰੁਪਇਆ ਫਾਇਦਾ ਖੁੱਦ ਲੈ ਲਿਆ। ਉਨਾਂ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਪੂਰੀ ਤਰਾਂ ਮਾਂਜਾ ਫਿਰਨਾ ਲਾਜਮੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘੁਬਾਇਆ ਪਰਿਵਾਰ ਨੂੰ ਸਮਾਜਿਕ ਤੌਰ ਤੇ ਕੱਟਣ ਲਈ ਅਕਾਲੀ ਦਲ ਵਲੋਂ ਕੋਝੀ ਚਾਲ ਚੱਲੀ ਗਈ ਹੈ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਦੇ ਰੋਸ਼ ਵਜੋਂ ਉਨਾਂ ਦੀਆਂ ਦੋ ਬੇਟੀਆਂ ਅਤੇ ਬੇਟੇ ਨੂੰ ਰਾਹੁਲ ਗਾਂਧੀ ਜੀ ਦੀ ਰਹਿਨੁਮਾਈ ਹੇਠ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਅਤੇ ਪੂਰੀ ਬਾਰਡਰ ਪੱਟੀ ਦੇ ਲੋਕ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਦੀ ਹਿਮਾਇਤ ਲਈ ਖੜੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਖਾਲੀਦਲ ਬਣ ਕੇ ਰਹਿ ਜਾਵੇਗਾ ਅਤੇ ਲੋਕ ਅਕਾਲੀ ਦਲ ਦੀ ਬਦਮਾਸ਼ੀ ਨੂੰ ਕੱਢ ਕੇ ਬਾਹਰ ਸੁੱਟਣ ਲਈ ਤਿਆਰ ਬੈਠੇ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵਿਕਾਸ ਦੀਆਂ ਗੱਲਾ ਕਰਦਾ ਹੈ ਪਰ ਅਸਲ ਵਿੱਚ ਵਿਕਾਸ ਪੰਜਾਬ ਦਾ ਨਹੀਂ ਬਲਕਿ ਸੁਖਬੀਰ ਬਾਦਲ ਨੇ ਆਪਣਾ ਅਤੇ ਆਪਣੇ ਸਾਲੇ ਦਾ ਕੀਤਾ ਹੈ। ਉਨਾਂ ਕਿਹਾ ਕਿ ਲੋਕ ਚੰਗੀ ਤਰਾਂ ਜਾਣ ਚੁੱਕੇ ਹਨ ਕਿ ਅਕਾਲੀ ਦਲ ਦੀ ਸੋਚ ਪੰਜਾਬ ਨੂੰ ਤਬਾਹੀ ਵੱਲ ਲੈ ਕੇ ਜਾਣ ਲਈ ਖੜੀ ਹੈ ਕਿਉਂਕਿ ਅੱਜ ਪੰਜਾਬ ਵਿੱਚ ਲਗਭਗ ਸਮੁੱਚੀ ਇੰਡਸਟ੍ਰੀ ਅਤੇ ਵਪਾਰ ਖਤਮ ਹੋ ਚੁੱਕਿਆ ਹੈ ਅਤੇ ਕੋਈ ਵੀ ਵਪਾਰੀ ਬਾਹਰ ਤੋਂ ਆ ਕੇ ਪੰਜਾਬ ਵਿੱਚ ਪੈਸਾ ਲਗਾਉਣ ਲਈ ਤਿਆਰ ਨਹੀਂ ਕਿਉਂਕਿ ਇਨਾਂ ਨੂੰ ਪਹਿਲਾਂ ਆਪਣੇ ਹਿੱਸੇ ਚਾਹੀਦੇ ਹਨ। ਹਿੱਸੇਦਾਰੀ ਦੇ ਚੱਕਰ ਵਿੱਚ ਅੱਜ ਪੰਜਾਬ ਆਰਥਿਕ ਪੱਖੋਂ ਪਿਛੜ ਕੇ ਰਹਿ ਗਿਆ ਹੈ। ਆਪ ਪਾਰਟੀ ਦੇ ਕੇਜਰੀਵਾਲ ਤੇ ਵਰਦਿਆ ਕਿਹਾ ਕਿ ਉਨਾਂ ਕੋਲੋਂ ਦਿੱਲੀ ਤਾਂ ਅਜੇ ਸੰੰਭਾਲੀ ਨਹੀਂ ਜਾ ਰਹੀ ਅਤੇ ਹੁਣ ਪੰਜਾਬ ਤੇ ਨਜਰਾ ਟਿਕਾ ਕੇ ਬੈਠੇ ਹਨ ਤਾਂਕਿ ਉਹ ਪੰਜਾਬ ਤੇ ਵੀ ਕਬਜਾ ਕਰ ਲੈਣ ਅਤੇ ਇਹ ਹੀ ਕਾਰਣ ਹੈ ਕਿ ਆਮ ਪਾਰਟੀ ਪੰਜਾਬ ਵਿੱਚ ਸੀਐਮ ਦਾ ਉਮੀਂਦਵਾਰ ਨਹੀਂ ਐਲਾਨ ਕਰ ਰਹੀ ਹੈ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਅਤੇ ਫਾਜਿਲਕਾ ਤੋਂ ਉਮੀਂਦਵਾਰ ਦਵਿੰਦਰ ਘੁਬਾਇਆ ਨੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਾਲਾਬਾਦ ਅਤੇ ਫਾਜਿਲਕਾ ਹਲਕੇ ਦੇ ਲੋਕਾਂ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਦੇ ਦੇ ਪਿਆਰ ਸਦਕਾ ਦੋਹਾਂ ਹਲਕਿਆਂ ਦੀ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਇਆ ਜਾਵੇਗਾ।

ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਰਵਨੀਤ ਸਿੰਘ ਬਿੱਟੂ ਅਤੇ ਰੈਲੀ ਵਿੱਚ ਮੌਜੂਦ ਲੋਕ

No comments: