BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੇਸਟਿੰਗਜ਼ ਵਿਖੇ ਸਿੱਖ ਭਾਈਚਾਰੇ ਵੱਲੋਂ ਪਹਿਲੀ ਵਾਰ ਸਜਾਇਆ ਗਿਆ 'ਨਗਰ ਕੀਰਤਨ'

  • ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੁੰਦਰ ਸਜਾਏ ਗਏ ਵੱਡੇ ਟਰੱਕ ਦੇ ਵਿਚ ਬਿਰਾਜਮਾਨ ਕੀਤਾ ਗਿਆ
  • ਇਕ ਅੰਦਾਜ਼ੇ ਮੁਤਾਬਿਕ 1300 ਤੋਂ 1500 ਦੇ ਕਰੀਬ ਸੰਗਤ ਸ਼ਾਮਿਲ ਹੋਈ

ਹੇਸਟਿੰਗਜ਼ ਸ਼ਹਿਰ ਵਿਖੇ ਸਜਾਏ ਗਏ ਨਗਰ ਕੀਰਤਨ ਦੇ ਵਿਚ ਅਗਵਾਈ ਕਰਦੇ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ। (ਹੇਠਾਂ) ਨਗਰ ਕੀਰਤਨ ਦੇ ਵਿਚ ਸ਼ਾਮਿਲ ਸੰਗਤਾਂ
ਆਕਲੈਂਡ 21 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)- ਆਕਲੈਂਡ ਸ਼ਹਿਰ ਤੋਂ ਲਗਪਗ 430 ਕਿਲੋਮੀਟਰ ਦੂਰ  70,000 ਦੀ ਆਬਾਦੀ ਤੋਂ ਵੱਧ ਵਾਲੇ ਸ਼ਹਿਰ ਦੇ ਵਿਚ ਸਿੱਖ ਭਾਈਚਾਰੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਵਾਰ ਨਗਰ ਕੀਰਤਨ ਸਜਾ ਕੇ ਸਿੱਖ ਧਰਮ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਸਾਲ 1999 ਦੇ ਵਿਚ ਇਥੇ 1100 ਵਰਗ ਮੀਟਰ ਇਮਾਰਤ ਦੇ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ 'ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼' ਵੱਲੋਂ ਕੀਤੀ ਗਈ ਸੀ। ਅੱਜ ਸੁਸਾਇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਨਗਰ ਕੀਰਤਨ (ਸਿੱਖ ਪ੍ਰੇਡ) ਦੀ ਸ਼ੁਰੂਆਤ ਕੀਤੀ ਗਈ। ਸਵੇਰੇ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜਾਏ ਇਕ ਵੱਡੇ ਟਰੱਕ ਉਪਰ ਬੜੇ ਸੁਚੱਜੇ ਤਰੀਕੇ ਨਾਲ ਬਿਰਾਜਮਾਨ ਕਰਕੇ ਸਰਪ੍ਰਸਤੀ ਲਈ ਗਈ। ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਖਾਲਸਈ ਬਾਣੇ ਦੇ ਸਜ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਬਹੁਤ ਸਾਰੇ ਬੱਚੇ ਵੀ ਜਿੱਥੇ ਖਾਲਸਈ ਬਾਣੇ ਦੇ ਆਏ ਉਥੇ 'ਸੇਂਟ ਸੋਲਜ਼ਰ ਗਤਕਾ ਪਾਰਟੀ' ਦੇ ਮੈਂਬਰਾਂ ਨੇ ਗਤਕੇ ਦੇ ਜੌਹਰ ਵਿਖਾ ਕੇ 'ਸਿੱਖ ਮਾਰਸ਼ਲ ਆਰਟ' ਦੀ ਝਲਕ ਵਿਖਾਈ। ਨਗਰ ਕੀਰਤਨ ਦੇ ਮੂਹਰੇ-ਮੂਹਰੇ ਜਲ ਦਾ ਛਿੜਕਾਅ ਕੀਤਾ ਗਿਆ। ਲੋਕਲ ਅਤੇ ਬੇਅ ਆਫ ਪਲੇਂਟੀ ਤੋਂ ਬਹੁ-ਗਿਣਤੀ ਦੇ ਵਿਚ ਸੰਗਤਾਂ ਸ਼ਾਮਿਲ ਹੋਈਆਂ। ਇਕ ਅੰਦਾਜ਼ੇ ਅਨੁਸਾਰ 13 ਤੋਂ 15 ਸੌ ਤੱਕ ਸੰਗਤ ਨੇ ਢਾਈ ਕਿਲੋਮੀਟਰ ਦੇ ਇਸ ਵਿਸ਼ਾਲ ਨਗਰ ਕੀਰਤਨ ਦੇ ਵਿਚ ਹਾਜ਼ਰੀ ਲਗਵਾਈ। ਨਗਰ ਕੀਰਤਨ ਦੌਰਾਨ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਬਾਬਾ ਬਕਾਲਾ ਵਾਲੇ ਸ਼ਬਦ ਗਾਇਨ ਕਰਦੇ ਰਹੇ ਅਤੇ ਬੀਬੀਆਂ ਨੇ ਗੁਰੂ ਉਪਮਾ ਉਚਾਰੀ। ਰਸਤੇ ਵਿਚ ਜਲ ਦੀ ਸੇਵਾ ਨੌਜਵਾਨਾਂ ਅਤੇ ਸੰਨੀ ਰਾਠੌਰ ਦੇ ਪਰਿਵਾਰ ਵੱਲੋਂ ਕੀਤੀ ਗਈ। ਗੁਰੂ ਕਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਸ. ਹਰਬੰਸ ਸਿੰਘ ਸ਼ਾਹ ਦੇ ਪਰਿਵਾਰ ਵੱਲੋਂ ਚਲਾਇਆ ਗਿਆ।
ਇਸ ਨਗਰ ਕੀਰਤਨ ਦੇ ਵਿਚ ਜਿੱਥੇ ਸਥਾਨਕ ਕੌਂਸਿਲ ਮੇਅਰ ਅਤੇ ਹੋਰ ਕੌਂਸਿਲਰ ਸ਼ਾਮਿਲ ਹੋਏ ਉਥੇ ਸਥਾਨਕ ਗੋਰੇ ਤੇ ਹੋਰ ਲੋਕ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਬਹੁਤੇ ਲੋਕ ਆਪਣੇ ਘਰਾਂ ਦੇ ਬਾਹਰ ਨਿਕਲ ਕੇ ਇਹ ਨਜ਼ਾਰਾ ਵੇਖ ਰਹੇ ਸਨ ਅਤੇ ਫੋਟੋਆਂ ਅਤੇ ਵੀਡੀਓਜ਼ ਬਣਾ ਰਹੇ ਸਨ। ਸੰਗਤ ਦੇ ਵਿਚ ਬਹੁਤ ਸਾਰੇ ਸਰੀਰ ਕੇਸਰੀ ਦੁੱਪਟੇ ਅਤੇ ਦਸਤਾਰਾਂ ਸਜਾ ਕੇ ਪਹੁੰਚੇ ਸਨ। ਟੌਰੰਗਾ ਸ਼ਹਿਰ ਤੋਂ ਲਗਪਗ 100 ਸੰਗਤਾਂ ਰਲ-ਮਿਲ ਕੇ ਗੁਰਦੁਆਰਾ ਸਿੱਖ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਦੇ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਈਆਂ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਹੈਵਲੋਕ ਨਾਰਥ ਵੱਲੋਂ ਵੀ ਵੱਡੀ ਗਿਣਤੀ ਵਿਚ ਸੰਗਤ ਆਈ ਅਤੇ ਪੂਰਨ ਸਹਿਯੋਗ ਦਿੱਤਾ। ਹੇਸਟਿੰਗਜ਼ ਵਿਖੇ ਪੜਦੇ ਭਾਰਤੀ ਵਿਦਿਆਰਥੀਆਂ ਦਾ ਸਹਿਯੋਗ ਵੀ ਸਲਾਹੁਣਯੋਗ ਰਿਹਾ।
ਸੰਗਤ ਦਾ ਧੰਨਵਾਦ: ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਲੋਕਲ ਸੰਗਤ, ਨਗਰ ਕੀਰਤਨ ਦੇ ਵਿਚ ਸ਼ਾਮਿਲ ਦੂਜੇ ਸ਼ਹਿਰਾਂ ਤੋਂ ਪਹੁੰਚੀ ਸੰਗਤ, ਬੀਬੀਆਂ, ਵਿਦਿਆਰਥੀਆਂ, ਸਜਾਵਟ, ਜਲ ਪਾਣੀ ਅਤੇ ਗੁਰੂ ਕੇ ਲੰਗਰਾਂ ਵਿਚ ਸਹਿਯੋਗ ਕਰਨ ਲਈ ਬਹੁਤ-ਬਹੁਤ ਧੰਨਵਾਦ ਕੀਤਾ ਹੈ। ਸਥਾਨਕ ਇੰਗਲਿਸ਼ ਮੀਡੀਆ 'ਹਾਕਸਬੇਅ ਟੂਡੇ' ਅਤੇ ਸਮੁੱਚੇ ਪੰਜਾਬੀ ਮੀਡੀਆ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ, ਜਿਨਾਂ ਨੇ ਕਵਰੇਜ਼ ਕੀਤੀ। ਬਹੁਤ ਸਾਰੀ ਸੰਗਤ ਅਤੇ ਸ. ਜਰਨੈਲ ਸਿੰਘ ਜੇ.ਪੀ. ਹੋਰਾਂ ਇਸ ਨਗਰ ਕੀਰਤਨ ਨੂੰ ਫੇਸਬੁੱਕ ਉਤੇ ਲਾਈਵ ਵੀ ਵਿਖਾਇਆ।

No comments: