BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਪਟਨ ਅਮਰਿੰਦਰ ਨੇ ਹੋਮ ਗਾਰਡਸ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ

ਪਟਿਆਲਾ, 23 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੋਮ ਗਾਰਡਸ ਨੂੰ ਭਰੋਸਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਜ਼ਲਦੀ ਹੀ ਉਨਾਂ ਦੀਆਂ ਪੱਕਾ ਕਰਨ ਤੇ ਬਕਾਇਆਂ ਦੀਆਂ ਅਦਾਇਗੀਆਂ ਕਰਨ ਸਬੰਧੀ ਮੰਗਾਂ 'ਤੇ ਕੰਮ ਕਰੇਗੀ ਅਤੇ ਉਨਾਂ ਦਾ ਹੱਲ ਕੀਤਾ ਜਾਵੇਗਾ। ਉਨਾਂ ਨੇ ਇਹ ਭਰੋਸਾ, ਹੋਮ ਗਾਰਡਸ ਦੇ ਇਕ ਸਮੂਹ ਵੱਲੋਂ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਨਾਲ ਮਿੱਲ ਕੇ ਉਨਾਂ ਨੂੰ ਬਾਦਲ ਸ਼ਾਸਨ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ 'ਤੇ ਧਿਆਨ ਦਿਲਾਉਣ ਤੋਂ ਬਾਅਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰੀਬ 12,000 ਹੋਮ ਗਾਰਡਸ ਸੂਬੇ ਵਿੱਚ ਵੱਖ ਵੱਖ ਡਿਊਟੀਆਂ 'ਤੇ ਪੰਜਾਬ ਪੁਲਿਸ ਦੀ ਸਹਾਇਤਾ ਕਰ ਰਹੇ ਹਨ। ਇਸ ਲੜੀ ਹੇਠ ਹੋਮ ਗਾਰਡਸ ਦੀਆਂ ਡਿਊਟੀਆਂ ਪੁਲਿਸ ਮੁਲਾਜ਼ਮਾਂ ਤੋਂ ਘੱਟ ਸਖ਼ਤ ਨਾ ਹੋਣ ਦੇ ਬਾਵਜੂਦ, ਸਾਲਾਂ ਤੋਂ ਕਿਸੇ ਵਿੱਤੀ ਤੇ ਸੇਵਾ ਸਬੰਧੀ ਫਾਇਦੇ ਬਗੈਰ ਡਿਪਟੀ ਕਮਿਸ਼ਨਰਾਂ ਵੱਲੋਂ ਉਨਾਂ ਨੂੰ ਤੈਅ ਰੇਟਾਂ (ਡੀ.ਸੀ. ਰੇਟ) 'ਤੇ ਦਿਹਾੜੀ ਦਿੱਤੀ ਜਾਂਦੀ ਹੈ। ਉਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ 'ਤੇ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਹੋਮ ਗਾਰਡਸ ਨੂੰ ਇਕ ਪੁਲਿਸ ਕਾਂਸਟੇਬਲ ਦੀ 30 ਦਿਨ ਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।
ਉਨਾਂ ਨੇ ਪਰਨੀਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਆਏ ਨੂੰ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਬਾਦਲ ਸਰਕਾਰ ਨੇ ਤਨਖਾਹ ਵਿੱਚ ਵਾਧੇ ਦੇ ਫਾਇਦਿਆਂ, ਮਹਿੰਗਾਈ ਭੱਤੇ ਤੇ ਹੋਰ ਸੇਵਾ ਸਬੰਧੀ ਫਾਇਦਿਆਂ ਤੋਂ ਬਗੈਰ ਸਿਰਫ ਇਕ ਪੁਲਿਸ ਕਾਂਸਟੇਬਲ ਦੀ ਬੇਸਿਕ ਸੈਲਰੀ ਹੀ ਦਿੱਤੀ ਹੈ। ਉਨਾਂ ਨੇ ਅੱਗੇ ਦੱਸਿਆ ਕਿ ਵੱਖ ਵੱਖ ਜ਼ਿਲਿਆਂ ਅੰਦਰ ਵੱਧ ਚੁੱਕੀ ਤਨਖਾਹ ਤੱਕ ਅਦਾ ਨਹੀਂ ਕੀਤੀ ਗਈ ਹੈ। ਹੋਮ ਗਾਰਡਸ ਨੇ ਬਾਦਲ ਸਰਕਾਰ ਵੱਲੋਂ ਉਨਾਂ ਪ੍ਰਤੀ ਅਪਣਾਏ ਪੱਖਪਾਤੀ ਰਵੱਈਏ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਕਾਲੀ ਭਾਜਪਾ ਗਠਜੋੜ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ। ਉਨਾਂ ਨੇ ਕਿਹਾ ਕਿ ਇਸ ਸਰਕਾਰ ਦੇ ਕੰਮਕਾਜੀ ਵਰਗ ਪ੍ਰਤੀ ਰਵੱਈਏ ਦੇ ਮੱਦੇਨਜ਼ਰ ਇਨਾਂ ਤੋਂ ਕੋਈ ਵੀ ਕਰਮਚਾਰੀ ਵਰਗ ਖੁਸ਼ ਨਹੀਂ ਹੈ। ਇਥੋਂ ਤੱਕ ਕਿ ਉਨਾਂ ਨੂੰ ਫ੍ਰੀ ਯਾਤਰਾ ਦੀ ਸੁਵਿਧਾ ਦੇਣ ਵਾਸਤੇ ਸਟੇਟ ਟਰਾਂਸਪੋਰਟ ਵਿਭਾਗ ਦੇ ਖਾਤੇ ਵਿੱਚ 3.84 ਕਰੋੜ ਰੁਪਏ ਜਮਾ ਕੀਤੇ ਜਾਣ ਦੇ ਬਾਵਜੂਦ ਉਨਾਂ ਨੂੰ ਇਹ ਫਾਇਦਾ ਨਹੀਂ ਦਿੱਤਾ ਗਿਆ ਹੈ। ਉਨਾਂ ਨੇ ਪਰਨੀਤ ਰਾਹੀਂ ਕੈਪਟਨ ਅਮਰਿੰਦਰ ਨੂੰ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲ ਦੇ ਅਧਾਰ 'ਤੇ ਉਨਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਅਪੀਲ ਕੀਤੀ ਹੈ।

No comments: