BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ

ਜੋੜੀਆਂ ਅਸਮਾਨਾਂ ਤੇ ਬਣਦੀਆਂ ਹਨ ਜਾਂ ਸੰਯੋਗ ਧੁਰ ਦਰਗਾਹੋਂ ਲਿਖੇ ਹੁੰਦੇ ਹਨ।  ਤਾਂ ਸੰਯੋਗ ਲਿਖਣ ਵਾਲਾ ਜਾਂ ਜੋੜੀਆਂ ਬਣਾਉਣ ਵਾਲਾ ਇਹ ਗਲਤੀ ਕਿਵੇਂ ਕਰ ਸਕਦਾ ਹੈ ਕਿ ਸਾਨੂੰ ਕਹਿਣਾ ਪਵੇ ''ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ''। ਪਰਮਾਤਮਾ ਇਹ ਅਸਮਾਨਤਾ ਕਿਉਂ ਬਣਾਉਂਦਾ ਹੈ - ਵਿਚਾਰਾਂ ਵਿੱਚ ਅਸਮਾਨਤਾ ਰੁਚੀਆਂ ਵਿੱਚ ਅਸਮਾਨਤਾ ਤੇ ਫਿਰ ਆਰਥਿਕ ਅਸਮਾਨਤਾ, ਇਹ ਨਾ ਬਰਾਬਰੀ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਕਰ ਦਿੰਦੀ ਹੈ।  ਪਤੀ ਪਤਨੀ ਦੇ ਰਿਸ਼ਤੇ ਵਿੱਚ ਇੰਨੇ ਬਖੇੜੇ ਹੋ ਜਾਂਦੇ ਹਨ ਕਿ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ, ਪਰਿਵਾਰਕ ਜੀਵਨ ਬਿਖਰ ਜਾਂਦਾ ਹੈ।  ਮਾਂ-ਬਾਪ ਦੁੱਖੀ, ਬੱਚੇ ਪਰੇਸ਼ਾਨ ਤੇ ਜਿਨਾਂ ਨਾਲ ਵਿਆਹ ਤੋਂ ਬਾਅਦ ਰਿਸ਼ਤੇ ਬਣਦੇ ਹਨ ਉਨਾਂ ਵਿੱਚ ਦੂਰੀਆਂ ਪੈਦਾ ਹੋ ਜਾਂਦੀਆਂ ਹਨ।  ਇਸ ਤਰਾਂ ਲੋਕਾਂ ਵਿੱਚ ਜ਼ਿੰਦਗੀ ਹਾਸੋਹੀਣੀ ਬਣ ਕੇ ਰਹਿ ਜਾਂਦੀ ਹੈ।  ਅਸੀਂ ਰੱਬ ਨੂੰ ਕੋਸਣ ਲੱਗ ਪੈਂਦੇ ਹਾਂ ਕਿ ਇਹ ਸੰਬੰਧ ਪ੍ਰਮਾਤਮਾ ਨੇ ਕਿਉਂ ਜੋੜੇ? ਸੰਯੋਗ ਲਿਖਣ ਲੱਗਿਆਂ ਕਿਉਂ ਨਹੀਂ ਸੋਚਿਆ? ਇਹੋ ਜਿਹੇ ਪ੍ਰਸ਼ਨ ਉਸ ਸ਼੍ਰਿਸ਼ਟੀ ਬਣਾਉਣ ਵਾਲੇ ਤੇ ਉਠਾਏ ਜਾਂਦੇ ਹਨ।
ਮੇਰਾ ਖਿਆਲ ਹੈ ਕਿ ਗਲਤੀ ਉਸ ਬਣਾਉਣ ਵਾਲੇ ਦੀ ਨਹੀਂ ਗਲਤੀ ਸਾਡੀ ਆਪਣੀ ਹੈ।  ਉਹ ਗਲਤੀ ਨਹੀਂ ਕਰ ਸਕਦਾ।  ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਸੂਝਬੂਝ ਦਿੱਤੀ ਹੈ।  ਮਾੜੇ ਚੰਗੇ ਦੀ ਪਛਾਣ ਲਈ ਯੋਗਿਤਾ ਦਿੱਤੀ ਹੈ।  ਇਨਸਾਨ ਕਿਉਂ ਨਹੀਂ ਉਸ ਦਾ ਇਸਤੇਮਾਲ ਕਰਦਾ।  ਫਰਜ਼ ਕਰੋ ਤੁਹਾਡਾ ਸੰਬੰਧ ਜੁੜਦਾ ਹੈ ਤੇ ਤੁਹਾਡੇ ਵਿਚਾਰਾਂ ਵਿੱਚ ਸਮਾਨਤਾ ਨਹੀਂ ਤਾਂ ਤੁਸੀਂ ਬਜਾਏ ਇੱਕ ਦੂਸਰੇ ਦੀਆਂ ਖਾਮੀਆਂ ਤੇ ਬਹਿਸ ਕਰੋ।  ਤੁਸੀਂ ਉਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਦੂਸਰੇ ਦੇ ਪੂਰਕ ਬਣੋ।  ਖਾਮੀਆਂ ਬਾਰੇ ਤਾਹਨੇ ਮਿਹਣੇ ਦੇਣ ਦੀ ਬਜਾਏ ਜੋ ਉਸ ਵਿਚ ਖੂਬੀਆਂ ਹਨ ਉਹਨਾਂ ਦਾ ਸਤਿਕਾਰ ਕਰੋ ਤਾਂ ਕਿ ਘਰੇਲੂ ਜ਼ਿੰਦਗੀ ਖੁਸ਼ਗਵਾਰ ਬਣ ਸਕੇ।  ਸਕੂਨ ਨਾਲ ਜੀਵੀ ਜਾ ਸਕੇ।  ਪਰ ਨਹੀਂ ਸਾਡੇ ਵਿਚ ਹਉਮੈ ਦੀ ਭਾਵਨਾ ਇੰਨੀ ਵੱਧ ਜਾਂਦੀ ਹੈ ਕਿ ਸਾਥੀ ਦੀਆਂ ਖਾਮੀਆਂ ਬਰਦਾਸ਼ਤ ਨਹੀਂ ਹੁੰਦੀਆਂ।  ਹਾਲਾਂਕਿ ਸਾਨੂੰ ਪਤਾ ਹੈ ਕਿ ਇਹ ਰਿਸ਼ਤਾ ਸਾਡੇ ਲਈ ਕਿੰਨਾ ਅਹਿਮ ਹੈ।  ਸਾਡੀ ਜ਼ਿੰਦਗੀ, ਸਾਡੇ ਬੱਚਿਆਂ ਦੀ ਜ਼ਿੰਦਗੀ, ਸਾਡੇ ਬੱਚਿਆਂ ਦਾ ਭਵਿੱਖ ਇਸ ਰਿਸ਼ਤੇ ਤੇ ਨਿਰਭਰ ਹੈ।  ਸਮਾਜ ਨਾਲ ਸਾਡੀ ਸਾਂਝ ਸਾਡੇ ਇਸ ਰਿਸ਼ਤੇ ਦੇ ਸੁਖਾਵੇਂ ਹੋਣ ਨਾਲ ਹੀ ਵੱਧ ਸਕਦੀ ਹੈ।
ਮਰਦ ਤੇ ਇਸਤਰੀ ਨੂੰ ਪਰਮਾਤਮਾ ਨੇ ਵੱਖ ਵੱਖ ਗੁਣਾਂ ਨਾਲ ਨਿਵਾਜਿਆ ਹੈ।  ਜੇ ਮਰਦ ਸਰੀਰਕ ਤੌਰ ਤੇ ਇਸਤਰੀ ਨਾਲੋਂ ਵੱਧ ਤਾਕਤ ਦਾ ਮਾਲਕ ਹੈ।  ਇਸਤਰੀ ਦਿਮਾਗੀ ਤੌਰ ਤੇ ਉਹਦੇ ਨਾਲੋਂ ਵੱਧ ਗੁਣ ਰੱਖਦੀ ਹੈ।  ਕਈ ਵਾਰੀ ਤਾਂ ਮਰਦ ਨੂੰ ਇਹੋ ਜਿਹੀਆਂ ਉਲਝਣਾ ਤੋਂ ਬਚਾ ਲੈਂਦੀ ਹੈ।  ਜਿਸ ਬਾਰੇ ਆਦਮੀ ਸੋਚ ਵੀ ਨਹੀਂ ਸਕਦਾ।  ਉਸ ਵਿਚ ਸਹਿਨਸ਼ੀਲਤਾ, ਮਿਲਵਰਤਨ ਦੂਸਰਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਦੀ ਕੁਰਬਾਨੀ, ਸੇਵਾ ਭਾਵ, ਹਮਦਰਦੀ ਤੇ ਸਭ ਤੋਂ ਵੱਧ ਘਰ-ਬਾਹਰ ਚਲਾਉਣ ਦੀ ਯੋਗਿਤਾ ਕੇਵਲ ਇੱਕ ਪਤਨੀ ਵਿਚ ਹੀ ਹੁੰਦੀ ਹੈ।  ਫਰਕ ਸਿਰਫ਼ ਇੰਨਾ ਹੈ ਕਿ ਅਸੀਂ ਇੱਕ ਦੂਸਰੇ ਦੀ ਯੋਗਿਤਾ ਦੀ ਕਦਰ ਹੀ ਨਹੀਂ ਕਰਦੇ।  ਇਸ ਰਿਸ਼ਤੇ ਵਿਚ ਲੋੜ ਹੈ ਪਿਆਰ ਦੀ ਵਿਸ਼ਵਾਸ਼ ਦੀ ਤੇ ਇਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ।  ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਦਿਮਾਗ ਤੋਂ, ਆਪਣੀ ਸੂਝ ਤੋਂ ਕੰਮ ਲਈਏ।  ਇਹ ਦਿਮਾਗ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਉਸ ਨਾਲ ਅਸੀਂ ਚੰਗਾ ਸੋਚੀਏ, ਚੰਗਾ ਕਰੀਏ ਤਾਂ ਕਿ ਸਾਡਾ ਪਰਿਵਾਰ ਟੁੱਟਣ ਤੋਂ ਬਚਿਆ ਰਹੇ।  ਘਰ ਪਰਿਵਾਰ ਵਿਚ ਸਕੂਨ ਪੈਦਾ ਹੋ ਸਕੇ।  ਬੱਚਿਆਂ ਲਈ ਚੰਗੀ ਉਦਾਹਰਣ ਬਣ ਸਕੀਏ ਤੇ ਪਰਮਾਤਮਾ ਵਲੋਂ ਪਾਏ ਇਮਤਿਹਾਨ ਵਿਚੋਂ ਸਫ਼ਲ ਹੋ ਸਕੀਏ, ਤਾਂ ਕੋਈ ਇਹ ਨਾ ਕਹੇ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ।
-ਬਲਵੰਤ ਕੌਰ ਛਾਬੜਾ, ਕੈਲੀਫੋਰਨੀਆ

No comments: