BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ, ਪ੍ਰਸ਼ਾਸ਼ਨ ਬੇਖਬਰ ਜਾਂ ਫਿਰ ਲਾਪਰਵਾਹੀ

ਹਾਦਸਾ ਵਾਪਰਣ 'ਤੇ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਣ ਦੇ ਬਰਾਬਰ ਹੀ ਹੁੰਦੀ ਹੈ ਕਾਰਵਾਈ
ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)-
ਹਲਕਾ ਜਲਾਲਾਬਾਦ ਅੰਦਰ ਜਿਸ ਪਾਸੇ ਨਜ਼ਰ ਮਾਰੀ ਜਾਵੇ, ਹਰ ਕੋਈ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਦੇਖਿਆ ਜਾ ਸਕਦਾ ਹੈ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਜਦੋਂ ਵੀ ਸਥਾਨਕ ਇਲਾਕੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰਦਾ ਹੈ ਤਾਂ ਪ੍ਰਸ਼ਾਸ਼ਨ ਵੱਲੋਂ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਣ ਦੇ ਬਰਾਬਰ ਹੀ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜਦੋਂ ਹਾਦਸਾ ਵਾਪਰੇ ਨੂੰ ਕੁਝ ਦਿਨ ਹੋ ਜਾਂਦੇ ਹਨ ਤਾਂ ਮਾਹੌਲ ਮੁੜ ਵਾਪਸ ਉਸੇ ਤਰਾਂ ਹੋ ਜਾਂਦਾ ਹੈ ਅਤੇ ਕਾਨੂੰਨ ਦੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ  ਧੱਜੀਆਂ ਉਡਾਈਆਂ ਜਾਂਦੀਆਂ ਹਨ।
ਜਲਾਲਾਬਾਦ ਇਲਾਕੇ ਅੰਦਰ ਚਿੱਟੇ ਦਿਨੀਂ ਹੀ ਲੋਕ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਸਭ ਨੂੰ ਦੇਖ ਕੇ ਲੱਗਦਾ ਹੈ ਕਿ ਜਾਂ ਤਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਹ ਸਭ ਕੁਝ ਦਿਖਾਈ ਨਹੀਂ ਦੇ ਰਿਹਾ ਜਾਂ ਫਿਰ ਇਸਨੂੰ ਪ੍ਰਸ਼ਾਸ਼ਨ ਦੀ ਲਾਪਰਵਾਹੀ ਕਿਹਾ ਜਾ ਸਕਦਾ ਹੈ। ਜੇਕਰ ਗੱਲ ਕੀਤੀ ਜਾਵੇ ਟਰੈਕਟਰ ਟ੍ਰਾਲੀ ਵਾਲਿਆਂ ਦੀ ਤਾਂ ਟਰੈਕਟਰ ਟ੍ਰਾਲੀ 'ਤੇ ਕਮਰਸ਼ੀਅਲ ਮਾਲ ਦੀ ਢੋਆ ਢੁਆਈ ਨਹੀਂ ਕੀਤੀ ਜਾਣੀ ਚਾਹੀਦੀ। ਟਰੈਕਟਰ ਟ੍ਰਾਲੀ ਸਿਰਫ ਖੇਤੀਬਾੜੀ ਨਾਲ ਸੰਬੰਧਤ ਕੰਮਾਂ ਜਿਵੇਂ ਕਿ ਕਿਸਾਨ ਆਪਣੀ ਫ਼ਸਲ ਆਪਣੇ ਖੇਤਾਂ ਤੋਂ ਮੰਡੀ ਤੱਕ ਲਿਆਉਣ ਤੇ ਜਾਣ ਲਈ ਵਰਤੋਂ ਕੀਤੇ ਜਾਣ ਦੇ ਹੁਕਮ ਹਨ। ਜੇਕਰ ਇਸ ਤੋਂ ਇਲਾਵਾ ਕੋਈ ਵੀ ਟਰੈਕਟਰ ਟ੍ਰਾਲੀ 'ਤੇ ਕਮਰਸ਼ੀਅਲ ਮਾਲ ਦੀ ਢੋਆ ਢੁਆਈ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਹਨ। ਲੇਕਿਨ ਟਰੈਕਟਰ ਟ੍ਰਾਲੀ ਵਾਲੇ ਕਾਨੂੰਨ ਦੇ ਇਨਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਚਿੱਟੇ ਦਿਨੀਂ ਸ਼ਰੇਆਮ ਟਰੈਕਟਰ ਟ੍ਰਾਲੀਆਂ 'ਤੇ ਰੇਤਾ, ਬਜ਼ਰੀ, ਮਿੱਟੀ, ਇੱਟਾਂ ਅਤੇ ਕਈ ਹੋਰ ਪ੍ਰਕਾਰ ਦੇ ਸਾਮਾਨ ਦੀ ਢੋਆ ਢੁਆਈ ਕਰਦੇ ਨਜ਼ਰ ਆਉਂਦੇ ਹਨ। ਇਹ ਟਰੈਕਟਰ ਟ੍ਰਾਲੀ ਕਮਰਸ਼ੀਅਲ ਮਾਲ ਦੀ ਢੋਆ ਢੁਆਈ ਤਾਂ ਕਰਦੇ ਹਨ। ਲੇਕਿਨ ਉਹ ਵੀ ਕਾਨੂੰਨ ਦੇ ਸਾਰੇ ਨਿਯਮਾਂ ਨੂੰ ਪੂਰੀ ਤਰਾਂ ਛਿੱਕੇ 'ਤੇ ਟੰਗ ਕੇ, ਇਨਾਂ ਟਰੈਕਟਰ ਟ੍ਰਾਲੀਆਂ ਵਾਲਿਆਂ ਵੱਲੋਂ ਟ੍ਰਾਲੀ ਵਿੱਚ ਜਾ ਤਾਂ ਉਵਰਲੋਡ ਕਮਰਸ਼ੀਅਲ ਮਟੀਰੀਅਲ ਜਿਵੇਂ ਕਿ ਮਿੱਟੀ, ਰੇਤਾਂ, ਬਜ਼ਰੀ, ਕਾਲੀ ਸੁਆਹ ਆਦਿ ਲੱਦ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਟ੍ਰਾਲੀ ਵਿੱਚ ਲੱਦੇ ਕਮਰਸ਼ੀਅਲ ਮਟੀਰੀਅਲ ਨੂੰ ਕਿਸੇ ਤਿਰਪਾਲ ਨਾਲ ਢੱਕਿਆ ਵੀ ਨਹੀਂ ਜਾਂਦਾ ਅਤੇ ਸ਼ਰੇਆਮ ਅਣਢੱਕੇ ਹੀ ਸੜਕ 'ਤੇ ਤੇਜ਼ੀ ਨਾਲ ਦੌੜਾਇਆ ਜਾਂਦਾ ਹੈ ਅਤੇ ਜਦੋਂ ਇਹ ਟਰੈਕਟਰ ਟ੍ਰਾਲੀ ਕਮਰਸ਼ੀਅਲ ਮਟੀਰੀਅਲ ਲੈ ਕੇ ਸੜਕਾਂ 'ਤੇ ਦੌੜਦੀਆਂ ਹਨ ਤਾਂ ਇਨਾਂ ਦੇ ਪਿੱਛੇ ਦੋ ਪਹੀਆ ਵਾਹਨਾਂ 'ਤੇ ਆ ਰਹੇ ਵਾਹਨ ਚਾਲਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਇਸ ਤਰਾਂ ਦੀਆਂ ਟਰੈਕਟਰ ਟ੍ਰਾਲੀ ਦੇ ਪਿੱਛੇ ਆ ਰਹੇ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਮਿੱਟੀ, ਰੇਤਾ, ਕਾਲੀ ਸੁਆਹ ਆਦਿ ਹਵਾ ਨਾਲ ਉਡ ਕੇ ਪੈ ਜਾਂਦਾ ਹੈ। ਜਿਸ ਨਾਲ ਵਾਹਨ ਚਾਲਕ ਨੂੰ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਅਤੇ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਇੱਟਾਂ ਦੀ ਢੋਆ ਢੁਆਈ ਵਾਲੇ ਟਰੈਕਟਰ ਟ੍ਰਾਲੀਆਂ ਦੀ ਤਾਂ ਇਹ ਤਾਂ ਕਾਨੂੰਨ ਦੇ ਨਿਯਮਾਂ ਦੀ ਹੱਦ ਤੋਂ ਅੱਗੇ ਟੱਪ ਗਈਆਂ ਹਨ। ਕਿਉਂਕਿ ਜਿਹੜੀਆਂ ਇੱਟਾਂ ਦੀ ਢੋਆ ਢੁਆਈ ਵਾਲੇ ਟਰੈਕਟਰ ਟ੍ਰਾਲੀ ਹਨ, ਇਨਾਂ ਟ੍ਰਾਲੀ ਦੇ ਤਿੰਨ ਪਾਸੇ ਕੋਈ ਡਾਲਾ ਨਹੀਂ ਹੁੰਦਾ ਅਤੇ ਇਨਾਂ ਟ੍ਰਾਲੀ 'ਤੇ ਇੱਟਾਂ ਬਿਨਾਂ ਕਿਸੇ ਸਹਾਰੇ ਤੋਂ ਰੱਖੀਆਂ ਹੁੰਦੀਆਂ ਹਨ। ਜਦੋਂ ਇਹ ਇੱਟਾਂ ਨਾਲ ਭਰੀਆਂ ਟ੍ਰਾਲੀਆਂ ਸੜਕਾਂ 'ਤੇ ਦੌੜਦੀਆਂ ਹਨ ਤਾਂ ਹਮੇਸ਼ਾ ਹੀ ਕਿਸੇ ਪ੍ਰਕਾਰ ਦਾ ਕੋਈ ਵੱਡਾ ਹਾਦਸਾ ਵਾਪਰਣ ਦਾ ਡਰ ਬਣਿਆ ਰਹਿੰਦਾ ਹੈ। ਕਿਉਂਕਿ ਟ੍ਰਾਲੀ ਵਿੱਚ ਬਿਨਾਂ ਸਹਾਰੇ ਜੋੜੀਆਂ ਗਈਆਂ ਇੱਟਾਂ ਜਦੋਂ ਵੀ ਸੜਕ 'ਤੇ ਕੋਈ ਟੋਇਆਂ ਜਾਂ ਫਿਰ ਉਚੀ ਨੀਵੀਂ ਜਗਾਂ ਆਉਂਦੀ ਹੈ ਤਾਂ ਇਹ ਇੱਟਾਂ ਡਿੰਗੂ ਡਿੰਗੂ ਕਰਦੀਆਂ ਹਨ ਅਤੇ ਇਸ ਟ੍ਰਾਲੀ ਦੇ ਪਿੱਛੇ ਆ ਰਹੇ ਵਾਹਨ ਚਾਲਕ ਵੀ ਡਰ ਡਰ ਕੇ ਅੱਗੇ ਲੱਗਦੇ ਹਨ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਇਲਾਕੇ ਅੰਦਰ ਵੀ ਟਰੈਕਟਰ ਟ੍ਰਾਲੀ ਵਿੱਚੋਂ ਇੱਟਾਂ ਡਿੱਗਣ ਨਾਲ ਖੇਡ ਰਹੇ ਬੱਚਿਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕੁਝ ਸਮੇਂ ਲਈ ਪ੍ਰਸ਼ਾਸ਼ਨ ਵੱਲੋਂ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੁਹਿੰਮ ਆਰੰਭੀ ਗਈ ਸੀ। ਲੇਕਿਨ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਮਾਹੌਲ ਪਹਿਲਾਂ ਦੀ ਤਰਾਂ ਹੋ ਗਿਆ ਅਤੇ ਉਕਤ ਟਰੈਕਟਰ ਟ੍ਰਾਲੀ ਵਾਲੇ ਮੁੜ ਉਸੇ ਤਰਾਂ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਕਮਰਸ਼ੀਅਲ ਮਾਲ ਦੀ ਢੋਆ ਢੁਆਈ ਕਰਨ ਲੱਗੇ ਹੋਏ ਹਨ। ਇਸ ਸਭ ਨੂੰ ਦੇਖ ਕੇ ਲੱਗਦਾ ਹੈ ਕਿ ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ?

No comments: