BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾੜੇ ਨੂੰ ਲੈ ਕੇ ਟਰੱਕ ਯੂਨੀਅਨ ਦੀਆਂ ਮਨਮਾਨੀਆਂ ਤੋਂ ਵਪਾਰੀ ਵਰਗ ਪਰੇਸ਼ਾਨ

  • ਭਵਿੱਖ ਵਿੱਚ ਰਾਈਸ ਮਿੱਲਰਾਂ ਅਤੇ ਟਰੱਕ ਯੂਨੀਅਨ ਵਿਚਕਾਰ ਵੱਧ ਸਕਦੇ ਟਕਰਾਅ
  • ਟਰੱਕ ਯੂਨੀਅਨ ਅਤੇ ਕੈਂਟਰ ਯੂਨੀਅਨ ਦੀਆਂ ਮਨਮਾਨੀਆਂ ਖਿਲਾਫ ਮਾਨਯੋਗ ਅਦਾਲਤ ਵਿੱਚ ਜਾਵੇਗਾ ਵਪਾਰੀ ਵਰਗ-ਰਾਈਸ ਮਿੱਲਰ
ਜਲਾਲਾਬਾਦ, 14 ਫਰਵਰੀ (ਬੱਬਲੂ ਨਾਗਪਾਲ)- ਸਮੇਂ ਸਮੇਂ ਦੀਆਂ ਸਰਕਾਰਾਂ ਵਿੱਚ ਅਕਸਰ ਹੀ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਚਹੇਤੇ ਲੋਕਾਂ ਨੂੰ ਟਰਾਂਸਪੋਰਟ ਸਿਸਟਮ ਹਵਾਲੇ ਕਰ ਦਿੱਤੇ ਹਨ ਤਾਂਕਿ ਉਹ ਇਸ ਸਿਸਟਮ ਵਿੱਚ ਕਮਾਈ ਕਰਨ ਸਕਣ। ਪਰ ਜਲਾਲਾਬਾਦ ਵਿੱਚ 4 ਫਰਵਰੀ ਨੂੰ ਸੰਪੰਨ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਜੇ ਨਤੀਜੇ ਆਉਣੇ ਬਾਕੀ ਹਨ ਪਰ ਇਸ ਤੋਂ ਪਹਿਲਾਂ ਕੁੱਝ ਲੋਕਾਂ ਨੇ ਟਰੱਕ ਯੂਨੀਅਨ ਅਤੇ ਕੈਂਟਰ ਯੂਨੀਅਨ ਨੂੰ ਇਕੱਠਾ ਕਰਕੇ ਆਪਣੀਆਂ ਮਨਮਾਨੀਆਂ ਰਾਹੀਂ ਵਪਾਰੀ ਵਰਗ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸਦੀ ਮਿਸਾਲ ਇਹ ਹੈ ਕਿ ਰਾਈਸ ਮਿੱਲਰਾਂ ਨੂੰ ਵੱਧ ਭਾੜੇ ਤੇ ਲੋਕਲ ਪੱਧਰ ਤੇ ਗੱਡੀਆਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦਕਿ ਇਸ ਦੇ ਮੁਕਾਬਲੇ ਹੋਰਨਾਂ ਟਰਾਂਸਪੋਰਟਰਾਂ ਕੋਲੋਂ ਕਰੀਬ 15 ਤੋਂ 30 ਪ੍ਰਤੀਸ਼ਤ ਤੱਕ ਘੱਟ ਭਾੜੇ ਵਿੱਚ ਗੱਡੀਆਂ ਮਿਲ ਰਹੀਆਂ ਹਨ। ਅਜਿਹੀ ਸਥਿੱਤੀ ਵਿੱਚ ਜੇਕਰ ਜਿਲਾ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਕੋਈ ਕਦਮ ਨੂੰ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਰਾਈਸ ਮਿੱਲਰਾਂ ਅਤੇ ਯੂਨੀਅਨ ਵਿਚਕਾਰ ਟਕਰਾਅ ਦੀ ਸਥਿੱਤੀ ਵਧਣ ਦੇ ਆਸਾਰ ਬਣ ਜਾਣਗੇ। ਜਾਨਕਾਰੀ ਦਿੰਦਿਆਂ ਰਾਈਸ ਮਿੱਲਰਾਂ ਨੇ ਦੱਸਿਆ ਕਿ ਜੇਕਰ ਅਸੀਂ ਦਿੱਲੀ ਮਾਲ ਭੇਜਣਾ ਹੈ ਤਾਂ ਸਾਨੂੰ ਟਰਾਂਸਪੋਟਰ ਕੋਲੋਂ 85 ਤੋਂ ਲੈ ਕੇ 90 ਰੁਪਏ ਵਿੱਚ ਗੱਡੀ ਮਿਲ ਜਾਂਦੀ ਹੈ ਪਰ ਉਕਤ ਯੂਨੀਅਨ ਵਾਲੇ ਉਸੇ ਮਾਲ ਦਾ ਭਾੜਾ 130 ਰੁਪਏ ਤੱਕ ਮੰਗ ਰਹੇ ਹਨ ਅਤੇ ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਹੜੀ ਗੱਡੀਆਂ ਤੇ ਮਾਲ ਲੋਡ ਕਰਦੇ ਹਾਂ ਉਸ ਗੱਡੀ ਦੇ ਡਰਾਇਵਰ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਗਾਲੀਗਲੋਚ ਕੀਤਾ ਜਾਂਦਾ ਹੈ ਇਥੋਂ ਤੱਕ ਸਾਡੇ ਸ਼ੈਲਰਾਂ ਦੇ ਅੰਦਰ ਆ ਕੇ ਧਮਕਾਇਆ ਜਾ ਰਿਹਾ ਹੈ। ਰਾਈਸ ਮਿੱਲਰਾਂ ਨੇ ਦੱਸਿਆ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਕਿਸੇ ਵੀ ਟਰਾਂਸਪੋਰਟ ਨਾਲ ਸੰਬੰਧਤ ਯੂਨੀਅਨ ਬਨਾਉਣ ਤਜਵੀਜ ਨਹੀਂ ਹੈ ਪਰ ਅਜੇ ਸੂਬੇ ਵਿੱਚ ਕੋਈ ਸਰਕਾਰ ਵੀ ਨਹੀਂ ਬਣੀ ਹੈ ਅਤੇ ਯੂਨੀਅਨ ਵਿੱਚ ਬੈਠੇ ਕਈ ਹੁਣੇ ਤੋਂ ਹੀ ਗੁੰਡਾਗਰਦੀ ਉਤਰ ਆਏ ਹਨ। ਰਾਈਸ ਮਿੱਲਰਾਂ ਨੇ ਦੱਸਿਆ ਕਿ ਜੇਕਰ ਅਸੀਂ ਇਨਾਂ ਕੋਲੋਂ ਗੱਡੀਆਂ ਲੈ ਵੀ ਲੈਂਦੇ ਹਾਂ ਤਾਂ ਉਨਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਕਈ ਵਾਰ 8-8 ਦਿਨ ਮਾਲ ਦਿੱਲੀ ਨਹੀਂ ਪਹੁੰਚਦਾ ਹੈ ਅਤੇ ਮਾਲ ਦੀ ਸ਼ੋਰਟੇਜ ਵੀ ਰਾਈਸ ਮਿੱਲਰਾਂ ਨੂੰ ਪੈਂਦੀ ਹੈ। ਰਾਈਸ ਮਿੱਲਰਾਂ ਨੇ ਦੱਸਿਆ ਕਿ ਇਸ ਦੇ ਵਿਰੋਧ ਵਜੋਂ ਮਾਨਯੋਗ ਹਾਈਕੋਰਟ ਵਿੱਚ ਟਰੱਕ ਯੂਨੀਅਨ ਦੇ ਖਿਲਾਫ ਸਟੇ ਲੈ ਰਹੇ ਹਾਂ ਤਾਂਕਿ ਕਿਸੇ ਵੀ ਟਰੱਕ ਡਰਾਇਵਰ ਜਾਂ ਰਾਈਸ ਮਿੱਲਰ ਨਾਲ ਧੱਕੇਸ਼ਾਹੀ ਨਾ ਹੋ ਸਕੇ। ਇਸ ਸੰਬੰਧੀ ਉਨਾਂ ਨੇ ਜਿਲਾ ਪੁਲਸ ਮੁਖੀ ਨੂੰ ਵੀ ਸ਼ਿਕਾਇਤ ਪੱਤਰ ਦਿੱਤਾ ਸੀ ਅਤੇ ਉਨਾਂ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਭਵਿੱਖ ਵਿੱਚ ਕਾਨੂੰਨ ਪ੍ਰਬੰਧਾਂ ਨੂੰ ਬਣਾ ਕੇ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਧੱਕੇਸ਼ਾਹੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧੀ ਜਦੋਂ ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਰਾਈਸ ਮਿੱਲਰ ਆਪਣਾ ਨਿੱਜੀ ਮਾਲ ਕਿਧਰੋਂ ਵੀ ਟਰਾਂਸਪੋਰਟ ਤੋਂ ਗੱਡੀ ਲੈ ਕੇ ਭਿਜਵਾ ਸਕਦੇ ਹਨ ਅਤੇ ਯੂਨੀਅਨ ਇਸ ਮਾਮਲੇ ਵਿੱਚ ਮਰਜੀ ਦੇ ਭਾੜੇ ਦਾ ਧੱਕਾ ਨਹੀਂ ਕਰ ਸਕਦੀ ਹੈ ਅਤੇ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਦੋਂ ਜਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਪਾਟਿਲ ਬਲੀ ਰਾਮ ਨਾਲ ਇਸ ਮਾਮਲੇ ਵਿੱਚ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਭਾਵੇਂ ਸਰਕਾਰ ਦੀ ਛਤਰਛਾਇਆ ਹੇਠ ਕੰਮ ਕਰਨ ਵਾਲੀਆਂ ਯੂਨੀਅਨਾਂ ਆਪਣੇ ਨਿੱਜੀ ਫਾਇਦੇ ਲਈ ਵਪਾਰੀਆਂ ਤੇ ਮਨਮਾਨੀਆਂ ਦਾ ਬੋਝ ਪਾਉਂਦੀਆਂ ਰਹਿੰਦੀਆਂ ਹਨ ਪਰ ਜਲਾਲਾਬਾਦ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਯੂਨੀਅਨ ਵਿੱਚ ਕੁੱਝ ਲੋਕ ਇਸ ਤਰਾਂ ਵਪਾਰੀਆਂ ਤੇ ਭਾਰ ਪਾਉਣ ਦੀਆਂ ਯੋਜਨਾਵਾਂ ਬਣਾ ਚੁੱਕੇ ਹਨ ਜਿੰਨਾਂ ਲਈ ਵਪਾਰੀ ਵਰਗ ਨੂੰ ਸਹਿਣਾ ਹੁਣੇ ਤੋਂ ਔਖਾ ਹੋ ਰਿਹਾ ਹੈ ਕਿਉਂਕਿ ਜਿਹੜਾ ਭਾਰ ਉਨਾਂ ਤੇ ਲੱਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨਾਲ ਭਵਿੱਖ ਵਿੱਚ ਯੂਨੀਅਨ ਅਤੇ ਵਪਾਰੀ ਵਰਗ ਦੇ ਵਿਚਕਾਰ ਟਕਰਾਅ ਦੀ ਸਥਿੱਤੀ ਬਣਨੀ ਲਾਜਮੀ ਹੈ।

No comments: