BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿੱਜੀ ਖੇਤਰ ਦੇ ਪ੍ਰਾਈਵੇਟ ਤੇ ਅੰਗਰੇਜ਼ੀ ਸਕੂਲਾਂ 'ਚ ਰੁਲ ਗਈ ਪੰਜਾਬੀ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)-ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਤਹਿਤ ਭਾਵੇਂ ਹਰ ਨਿੱਜੀ ਅਤੇ ਪ੍ਰਾਈਵੇਟ ਖੇਤਰ ਦੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਲਈ ਪੰਜਾਬੀ ਭਾਸ਼ਾ ਪੜਾਉਣੀ ਲਾਜ਼ਮੀ ਕੀਤੀ ਗਈ ਹੈ, ਇਸ ਹੁਕਮ ਨੂੰ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਸਕੂਲਾਂ ਨੇ ਮੰਨ ਵੀ ਲਿਆ ਹੈ, ਪਰ ਬਹੁਤੇ ਅੰਗਰੇਜ਼ੀ ਸਕੂਲ ਇਸ ਨੂੰ ਇਕ ਵਾਧੂ ਜਿਹਾ ਵਿਸ਼ਾ ਸਮਝਦੇ ਹਨ। ਬਾਕੀ ਵਿਸ਼ਿਆਂ ਵਾਂਗ ਪੰਜਾਬੀ ਦੀ ਪੜਾਈ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਬਹੁਤ ਸਾਰੇ ਸਕੂਲਾਂ ਕੋਲ ਅਧਿਆਪਕ ਵੀ ਅਨ-ਟਰੇਂਡ ਹਨ। ਹਰ ਵੇਲੇ ਵਿਦਿਆਰਥੀਆਂ ਦੇ ਮਨਾਂ 'ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬੀ ਪੜਨ ਨਾਲ ਨਾ ਤਾਂ ਕੋਈ ਉੱਚ ਯੋਗਤਾ ਲਈ ਪ੍ਰੀਖਿਆ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਕੋਈ ਵੱਡੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੰਗਰੇਜ਼ੀ ਦੇ ਦਬਾਅ ਹੇਠ ਪੰਜਾਬੀ ਅਜਿਹੀ ਦਬਾਈ ਗਈ ਹੈ ਕਿ ਪੇਂਡੂ ਅਤੇ ਸ਼ਹਿਰੀ ਮੱਧ ਵਰਗੀ ਲੋਕ ਆਪਣੇ ਬੱਚਿਆਂ ਨੂੰ ਟਿਊਸ਼ਨਾਂ 'ਤੇ ਤੋਰਨ ਲਈ ਮਜ਼ਬੂਰ ਹੋ ਗਏ ਹਨ। ਹੁਣ ਪ੍ਰਾਈਵੇਟ ਸਕੂਲ 'ਚ ਦੋ ਦੂਣੀ ਤੇ ਦੋ ਦੂਣੀ ਚਾਰ ਨਹੀਂ ਬਲਕਿ ਵਲਾਵੇਂ ਮਾਰ ਕੇ ਟੂ ਟੂਜ਼ ਆਰ ਫ਼ਾਰ ਅਤੇ ਟੂ ਥ੍ਰੀਜ਼ ਆਰ ਸਿਕਸ ਪੜਾਇਆ ਜਾ ਰਿਹਾ ਹੈ। ਅੰਗਰੇਜ਼ੀ ਮਾਧਿਅਮ ਸਕੂਲਾਂ ਦੇ 10ਵੀਂ-12ਵੀਂ ਦੇ ਅੰਗਰੇਜ਼ੀ ਪੜੇ ਵਿਦਿਆਰਥੀ ਟਵੰਟੀ ਏਟ ਅਤੇ ਫੋਰਟੀ ਸੈਵਨ ਦੇ ਝਮੇਲਿਆਂ ਵਿਚ 28 ਅਤੇ 47 ਬਾਰੇ ਨਹੀਂ ਜਾਣਦੇ, ਆਖ਼ਰ ਇਹ ਕਿਹੋ ਜਿਹੀ ਪੜਾਈ ਹੈ, ਜਿਸ ਨੇ ਸਾਡੇ ਸਿੱਧੇ-ਸਾਧੇ ਘਰਾਂ ਦੇ ਬੱਚਿਆਂ ਨੂੰ ਮਾਨਸਿਕ ਉਲਝਣਾਂ ਵਿਚ ਫਸਾ ਕੇ ਰੱਖ ਦਿੱਤਾ ਹੈ। ਸਮਾਜ ਵਿਚ ਇਕ ਅਜਿਹਾ ਭਰਮ ਬੜੀ ਤੇਜ਼ੀ ਨਾਲ ਫੈਲਿਆ ਕਿ ਪੰਜਾਬੀ ਮਾਧਿਅਮ ਅਤੇ ਸਰਕਾਰੀ ਸਕੂਲ ਕਿਸੇ ਕਤਾਰ ਅਤੇ ਸਟੈਂਡਰਡ ਵਿਚ ਨਹੀਂ ਖੜਦੇ। ਵੇਖੋ-ਵੇਖੀ ਇਹ ਦੌੜ ਪੰਜਾਬੀ ਦੀ ਤਬਾਹੀ ਵਿਚ ਭੂਮਿਕਾ ਨਿਭਾ ਰਹੀ ਹੈ। ਜੇਕਰ ਅੱਜ ਤੋਂ 25-30 ਸਾਲ ਪਹਿਲਾਂ ਪਿਛੇ ਝਾਤ ਮਾਰੀਏ, ਜਦੋਂ ਅਜੇ ਅੰਗਰੇਜ਼ੀ ਸਕੂਲ ਸਿਰ ਕੱਢ ਰਹੇ ਸਨ ਤਾਂ ਇਸ ਸਮੇਂ ਦੇ ਪੜੇ ਵਿਦਿਆਰਥੀਆਂ ਦੀ ਅੰਗਰੇਜ਼ੀ ਪੰਜਾਬੀ ਅਤੇ ਹਿੰਦੀ ਤਿੰਨਾਂ ਭਾਸ਼ਾਵਾਂ 'ਤੇ ਪਕੜ ਸੀ। ਭਾਸ਼ਾ ਦੇ ਨਾਲ-ਨਾਲ ਬਾਕੀ ਵਿਸ਼ਿਆਂ 'ਤੇ ਵੀ ਵੱਧ ਪਕੜ ਸੀ, ਜਿਸ ਸਦਕਾ, ਪੀ.ਸੀ.ਐਸ., ਆਈ.ਪੀ.ਐਸ., ਆਈ. ਏ.ਐਸ. ਅਤੇ ਹੋਰ ਚੋਟੀ ਦੀਆਂ ਸਿਵਲ ਅਤੇ ਪੁਲਿਸ ਵਿਭਾਗ ਦੀਆਂ ਪੋਸਟਾਂ 'ਤੇ ਸਰਦਾਰੀ ਰਹੀ ਹੈ। ਪਰ ਪਿਛਲੇ 20 ਸਾਲਾਂ ਤੋਂ ਚੋਟੀ ਦੇ ਇਮਤਿਹਾਨਾਂ 'ਤੇ ਪੰਜਾਬੀਆਂ ਦੀ ਪਕੜ ਢਿੱਲੀ ਪਈ ਹੋਈ ਹੈ। ਉੱਚ ਅਹੁਦਿਆਂ 'ਤੇ ਤਾਇਨਾਤ ਕੁੱਝ ਪੰਜਾਬੀ ਆਈ.ਏ.ਐਸ. ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਦੀ ਵਿਸ਼ਿਆਂ 'ਤੇ ਪਕੜ ਕਾਫ਼ੀ ਹੈ, ਪਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ 'ਤੇ ਪਕੜ ਨਾ ਹੋਣ ਕਾਰਨ ਸੈਂਕੜੇ ਨਹੀਂ ਹਜ਼ਾਰਾਂ ਵਿਦਿਆਰਥੀ ਇਹ ਇਮਤਿਹਾਨ ਪਾਸ ਨਹੀਂ ਕਰ ਸਕਦੇ। ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਵਿਚ ਲੱਗੇ ਕੁੱਝ ਨੌਜਵਾਨਾਂ ਨੇ ਦੱਸਿਆ ਕਿ ਉਹ ਪੀ.ਸੀ.ਐਸ. ਕਰਦੇ-ਕਰਦੇ ਰਹਿ ਗਏ। ਕਿਉਂਕਿ ਉਨਾਂ ਦੀ ਭਾਸ਼ਾਈ ਸਮਝ ਅਤੇ ਭਾਸ਼ਾ 'ਤੇ ਪਕੜ ਕਮਜ਼ੋਰ ਸੀ। ਚੰਗਾ ਹੁੰਦਾ ਕਿ ਉਹ ਸਰਕਾਰੀ ਸਕੂਲ ਪੜੇ ਹੁੰਦੇ ਸਾਡਾ ਅੰਗਰੇਜ਼ੀ ਮਾਧਿਅਮ ਸਕੂਲਾਂ ਨਾਲ ਕੋਈ ਗਿੱਲਾ ਨਹੀਂ, ਸਾਡਾ ਅੰਗਰੇਜ਼ੀ ਭਾਸ਼ਾ ਨਾਲ ਵੀ ਕੋਈ ਵਿਵਾਦ ਨਹੀਂ ਪਰ ਲੋੜ ਇਸ ਗੱਲ ਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਸਿਰਫ ਇਕ ਗੈਰ ਜ਼ਰੂਰੀ, ਵਿਚਾਰ ਜਿਹਾ ਵਿਸ਼ਾ ਬਣਾ ਕੇ ਇਸ ਵੱਲ ਪੂਰਾ ਧਿਆਨ ਨਾ ਦੇਣਾ ਸਾਡੀ ਰਾਜ ਭਾਸ਼ਾ ਦੀਆਂ ਜੜਾਂ ਕਮਜ਼ੋਰ ਜ਼ਰੂਰ ਕਰ ਰਿਹਾ ਹੈ। ਹਰ ਸਰਕਾਰ ਨਿੱਜੀ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੰਜਾਬੀ ਵਿਸ਼ੇ ਦੀ ਪੜਾਈ ਲਈ ਧਮਕੀਆਂ ਭਰੇ ਪੱਤਰ ਜ਼ਰੂਰ ਜਾਰੀ ਕਰਦੀ ਹੈ। ਪਰ ਅੱਜ ਤੱਕ ਕਿਸੇ ਅਜਿਹੀ ਕਮੇਟੀ ਦਾ ਗਠਨ ਨਹੀਂ ਹੋਇਆ, ਜੋ ਸਕੂਲਾਂ ਵਿਚ ਜਾ ਕੇ ਪੰਜਾਬੀ ਦੇ ਸਹੀ ਪੱਧਰ ਦੀ ਤਸਵੀਰ ਪੇਸ਼ ਕਰ ਸਕੇ ਅਤੇ ਉਲੰਘਣਾ ਕਰਨ ਵਾਲੇ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

No comments: