BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖਿਆ, ਬੱਸ ਤੇ ਰੇਲ ਸੁਵਿਧਾਵਾਂ ਪੱਖੋਂ ਬੁਰੀ ਤਰਾਂ ਪਛੜ ਚੁਕਿਐ ਫਾਜ਼ਿਲਕਾ ਇਲਾਕਾ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਦੇਸ਼ ਦੀ ਵੰਡ ਤੋਂ ਬਾਅਦ 15 ਵਾਰ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ, ਹਰ ਵਾਰ ਹੀ ਲੋਕ ਨਵੀਂ ਬਣਨ ਵਾਲੀ ਸਰਕਾਰ ਤੋਂ ਢੇਰ ਸਾਰੀਆਂ ਆਸਾਂ ਲਗਾ ਬੈਠਦੇ ਹਨ। ਫ਼ਾਜ਼ਿਲਕਾ ਜੋ ਕਿ ਹਿੰਦ ਪਾਕਿਸਤਾਨ ਸਰਹੱਦ ਨੇੜੇ ਵਸਿਆ ਹੋਣ ਕਾਰਨ ਪਛੜਿਆ ਇਲਾਕਾ ਹੈ। ਇੱਥੇ ਹੁਣ ਤੱਕ ਜਿਤਨੀਆਂ ਵੀ ਸਰਕਾਰਾਂ ਆਈਆਂ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਿੱਖਿਆ ਅਤੇ ਆਵਾਜਾਈ ਦੇ ਸਾਧਨਾਂ ਨੂੰ ਮੁਹੱਈਆ ਕਰਵਾਉਣ ਲਈ ਕੁੱਝ ਨਹੀਂ ਕੀਤਾ। ਸਿੱਖਿਆ ਪੱਖੋਂ ਤਾਂ ਫ਼ਾਜ਼ਿਲਕਾ ਦਾ ਬਹੁਤ ਹੀ ਮਾੜਾ ਹਾਲ ਹੋ ਚੁੱਕਿਆ ਹੈ। ਸਿਰਫ ਸੈਕੰਡਰੀ ਤੱਕ ਹੀ ਸਿੱਖਿਆ ਦਾ ਪੱਧਰ ਫ਼ਾਜ਼ਿਲਕਾ ਇਲਾਕੇ ਅੰਦਰ ਰਹਿ ਗਿਆ ਹੈ। 8ਵੀਂ ਅਤੇ 9ਵੀਂ ਜਮਾਤ ਤੋਂ ਬਾਅਦ ਮਾਪਿਆਂ ਨੂੰ ਇਹ ਫ਼ਿਕਰ ਸਤਾਉਣ ਲੱਗ ਪੈਂਦਾ ਹੈ ਕਿ ਬੱਚਿਆਂ ਨੂੰ ਕਿਸ ਟਰੇਡ ਅਤੇ ਕਿਸ ਖੇਤਰ ਵਿਚ ਕਿਥੇ ਭੇਜਿਆ ਜਾਵੇ। ਦਸਵੀਂ ਤੋਂ ਬਾਅਦ ਆਰਟਸ ਦੀਆਂ ਕਲਾਸਾਂ ਤੋਂ ਬਿਨਾਂ ਫ਼ਾਜ਼ਿਲਕਾ ਇਲਾਕੇ ਵਿਚ ਕੋਈ ਵੀ ਉੱਚ ਸਿੱਖਿਆ ਸੰਸਥਾਂ ਨਹੀ ਹੈ, ਜਿਸ ਕਰਕੇ ਮਾਪੇ ਦਸਵੀਂ ਤੋਂ ਬਾਅਦ ਆਪਣੇ ਬੱਚਿਆਂ ਨੂੰ ਦੂਰ ਦੁਰਾਡੇ ਥਾਵਾਂ 'ਤੇ ਭੇਜਣ ਲਈ ਮਜ਼ਬੂਰ ਹੋ ਗਏ ਹਨ। ਨਿੱਤ ਰਾਤ ਨੂੰ ਨਿੱਜੀ ਚੱਲਦੀਆਂ ਬੱਸਾਂ ਅਤੇ ਸਵੇਰ ਸਮੇਂ ਵੀ ਨਿੱਜੀ ਚੱਲਦੀਆਂ ਬੱਸਾਂ ਸਿਰਫ ਵਿਦਿਆਰਥੀਆਂ ਦੇ ਆਸਰੇ ਹੀ ਚਲ ਰਹੀਆਂ ਹਨ। ਹਜ਼ਾਰਾਂ ਕਿੱਲੋਮੀਟਰ ਦੂਰ ਰਾਜਸਥਾਨ ਦੇ ਸ਼ਹਿਰ ਕੋਟਾ ਤੋਂ ਇਲਾਵਾ ਚੰਡੀਗੜ, ਪਟਿਆਲਾ, ਦਿੱਲੀ ਆਦਿ ਥਾਵਾਂ 'ਤੇ ਬੇਵੱਸ ਹੋਏ ਮਾਪੇ ਆਪਣੇ ਬੱਚਿਆਂ ਨੂੰ ਪੜਾਉਣ ਲਈ ਮਜ਼ਬੂਰ ਹਨ। ਲੋਕਾਂ ਦੀ ਆਵਾਜ਼ ਤੋਂ ਬਾਅਦ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਉੱਚ ਸਿੱਖਿਆ ਦਾ ਕੋਈ ਕਦਮ ਨਹੀਂ ਚੁੱਕਿਆ। ਇਹੀ ਹਾਲ ਫ਼ਾਜ਼ਿਲਕਾ ਤੋਂ ਦੂਰ ਦੁਰਾਡੇ ਥਾਵਾਂ 'ਤੇ ਜਾਣ ਲਈ ਆਵਾਜਾਈ ਸਾਧਨਾਂ ਦਾ ਹੈ ? ਸ਼ਾਮ 5 ਵਜੇ ਤੋ ਬਾਅਦ ਫਾਜ਼ਿਲਕਾ ਦੇ ਮੁੱਖ ਬੱਸ ਅੱਡੇ 'ਤੇ ਉੱਲੂ ਬੋਲਣ ਲਗਦੇ ਹਨ। ਕੋਈ ਸਮਾਂ ਸੀ ਜਦੋਂ ਤੜਕਸਾਰ ਸਵੇਰੇ ਸਾਢੇ 3 ਵਜੇ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਸਨ, ਜੋ ਲੁਧਿਆਣਾ ਚੰਡੀਗੜ ਜਾਂਦੀਆਂ ਸਨ। ਹੁਣ ਉਨਾਂ ਦੀ ਥਾਂ 'ਤੇ ਇਕ ਨਿੱਜੀ ਘਰਾਣੇ ਨੇ ਆਪਣੀਆਂ ਮਹਿੰਗੇ ਭਾਅ ਵਾਲੀਆਂ ਬੱਸਾਂ ਪਾ ਦਿੱਤੀਆਂ ਹਨ, ਜੋ ਹਰੇਕ ਵਰਗ ਦੇ ਵੱਸ ਵਿਚ ਨਹੀ ਹੈ। ਸ਼ਾਮ 5 ਵਜੇ ਤੋਂ ਬਾਅਦ ਫ਼ਾਜ਼ਿਲਕਾ ਤੋਂ ਕਿਸੇ ਦੂਰ ਦੁਰਾਡੇ ਸ਼ਹਿਰ ਲਈ ਜਾਣਾ ਹੋਵੇ ਟੈਕਸੀ ਜਾ ਆਪਣਾ ਵਾਹਨ ਹੀ ਵਾਰਾ ਖਾਦਾਂ ਹੈ। ਲੋਕ ਕਈ ਵਾਰ ਹੜਤਾਲਾਂ ਅਤੇ ਮੁਜਾਹਿਰੇ ਕਰ ਚੁੱਕੇ ਹਨ ਕਿ ਫ਼ਾਜ਼ਿਲਕਾ ਤੋਂ ਸ਼ਾਮ ਵੇਲੇ ਲੰਮੇ ਰੂਟ ਦੀਆਂ ਬੱਸਾਂ ਚਲਾਈਆਂ ਜਾਣ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਟਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਹਨ। ਹੋਰ ਤਾਂ ਹੋਰ ਫ਼ਾਜ਼ਿਲਕਾ ਨੂੰ ਸਬ ਡਿਪੂ ਤੋਂ ਪੂਰਾ ਰੋਡਵੇਜ਼ ਡਿਪੂ ਦਾ ਦਰਜਾ ਵੀ ਅੱਜ ਤੱਕ ਨਹੀਂ ਮਿਲ ਸਕਿਆ। ਰੇਲਵੇ ਵਿਭਾਗ ਦਾ ਤਾਂ ਰੱਬ ਹੀ ਰਾਖਾ ਹੈ। ਰੋਡਵੇਜ਼ ਅਤੇ ਰੇਲ ਵਿਭਾਗ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਫ਼ਾਜ਼ਿਲਕਾ ਜਿਵੇਂ ਪੰਜਾਬ ਅਤੇ ਭਾਰਤ ਦਾ ਹਿੱਸਾ ਨਾ ਰਹਿ ਗਿਆ ਹੋਵੇ। ਅਰਬਾਂ ਰੁਪਏ ਖ਼ਰਚ ਕੇ ਬਣੇ ਨਵੇਂ ਫ਼ਾਜ਼ਿਲਕਾ ਅਬੋਹਰ ਰੇਲਵੇ ਟਰੈਕ 'ਤੇ ਇਕ ਅੱਧੀ ਗੱਡੀ ਚਲਾ ਕੇ ਹੀ ਸਰਕਾਰ ਆਪਣੇ ਫ਼ਰਜ਼ ਤੋਂ ਫ਼ਾਰਗ ਹੋ ਗਈ ਲਗਦੀ ਹੈ। ਫ਼ਾਜ਼ਿਲਕਾ ਤੋਂ ਇਕ ਅੱਧਾ ਸਮਾਂ ਬਠਿੰਡਾ ਤੋਂ ਬਿਨਾਂ ਕੋਈ ਵੀ ਠੀਕ ਸਮਾਂ ਗੱਡੀਆਂ ਦਾ ਨਹੀਂ ਹੈ। ਇੱਥੇ ਵੀ ਸ਼ਾਮ 5 ਵਜੇ ਤੋਂ ਬਾਅਦ ਰੇਲ ਸੁਵਿਧਾਵਾਂ ਦਮ ਤੋੜ ਜਾਂਦੀਆਂ ਹਨ। ਜਿੱਥੇ ਰੇਲਵੇ ਸਬੰਧੀ ਬਣੀਆਂ ਸੰਸਥਾਵਾਂ ਸੰਘਰਸ਼ ਦੇ ਰਾਹ ਤੁਰ ਪਈਆਂ ਹਨ, ਅਗਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕ ਸਭਾ ਜਾ ਵਿਧਾਨ ਸਭਾ ਵਿਚ ਆਪਣੀ ਜ਼ੁਬਾਨ ਨਹੀਂ ਖੋਲਦੇ ਤਾਂ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਦਾ ਹੱਲ ਨਹੀਂ ਹੋ ਸਕੇਗਾ। ਹੁਣ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨੂੰ 11 ਮਾਰਚ ਨੂੰ ਬਣਨ ਵਾਲੀ ਸਰਕਾਰ 'ਤੇ ਆਸਾਂ ਹਨ ਕਿ ਸ਼ਾਇਦ ਫ਼ਾਜ਼ਿਲਕਾ ਦੇ ਸੁੱਤੇ ਭਾਗ ਜਾਗ ਸਕਣ।

No comments: