BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰ ਵਰਗ ਉਮਰ ਵਿਅਕਤੀ ਦਾ ਬਸ ਇੱਕੋ ਸਵਾਲ, ਕਿ 'ਇਸ ਵਾਰ ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ'?

  • ਚੋਣਾਂ ਤੋਂ ਬਾਅਦ ਦੀ ਹਾਟ ਟਾਕ
  • ਵਿਧਾਨ ਸਭਾ ਚੌਣਾ ਵਿੱਚ ਤਿਕੋਣੇ ਮੁਕਾਬਲਿਆਂ ਨੇ ਨਤੀਜਿਆਂ ਨੂੰ ਬਣਾਇਆ ਹੋਰ ਵੀ ਦਿਲਚਸਪ
  • 11 ਮਾਰਚ ਦੀ ਸਵੇਰ ਨੂੰ ਉਮੀਦਵਾਰਾਂ ਦੀਆਂ ਕਿਸਮਤ ਦੇ ਹੋਣਗੇ ਫੈਸਲੇ
ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)-ਬੀਤੀ 4 ਫਰਵਰੀ ਨੂੰ ਪੰਜਾਬ ਅੰਦਰ ਸ਼ਾਂਤੀਪੂਰਵਕ ਢੰਗ ਦੇ ਨਾਲ ਸੰਪੰਨ ਹੋਈਆਂ ਵਿਧਾਨ ਸਭਾ ਚੌਣਾਂ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਸਸਪੈਂਸ ਦਾ ਮਾਹੌਲ ਜਿਹਾ ਬਣਿਆ ਹੋਇਆ ਹੈ। ਨੌਜਵਾਨ ਵਰਗ ਤੋਂ ਲੈ ਕੇ ਬਜ਼ੁਰਗ ਵਰਗ ਤੱਕ ਦੇ ਹਰ ਇੱਕ ਵਿਅਕਤੀ ਦੇ ਮੂੰਹ 'ਤੇ ਬਸ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ 'ਆਖਿਰਕਾਰ ਕਿਸ ਪਾਰਟੀ ਦੀ ਪੰਜਾਬ ਵਿੱਚ ਬਣੇਗੀ ਸਰਕਾਰ'?। 4 ਫਰਵਰੀ ਦਿਨ ਸ਼ਨੀਵਾਰ ਨੂੰ ਪੰਜਾਬ ਦੇ 117 ਹਲਕਿਆਂ ਵਿੱਚੋਂ ਵੱਖ ਵੱਖ ਪਾਰਟੀਆਂ ਤੋਂ ਚੌਣਾਂ ਲੜ ਰਹੇ ਉਮੀਦਵਾਰਾਂ ਦਾ ਭਵਿੱਖ ਏ.ਵੀ.ਐਮਜ਼ ਮਸ਼ੀਨਾਂ ਵਿੱਚ ਬੰਦ ਹੋ ਚੁੱਕਾ ਹੈ ਅਤੇ ਉਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 11 ਮਾਰਚ ਦੀ ਸਵੇਰ ਨੂੰ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਪਾਰਟੀ ਨੂੰ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਦਾ ਮੋਕਾ ਮਿਲਦਾ ਹੈ।
ਜੇਕਰ ਗੱਲ ਕੀਤੀ ਜਾਵੇ ਹਲਕਾ ਜਲਾਲਾਬਾਦ ਦੀ ਤਾਂ ਵਿਧਾਨ ਸਭਾ ਚੌਣਾ ਵਿੱਚ ਜਲਾਲਾਬਾਦ ਦੀ ਸੀਟ ਸਭ ਤੋਂ ਹੋਟ ਮੰਨੀ ਜਾ ਰਹੀ ਹੈ। ਕਿਉਂਕਿ ਇੱਥੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਉਮੀਦਵਾਰ ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਚੋਣ ਮੈਦਾਨ ਵਿੱਚ ਉਤਰੇ ਸਨ। ਪੰਜਾਬ ਅੰਦਰ ਚੋਣਾਂ ਦੇ ਐਲਾਣ ਤੋਂ ਪਹਿਲਾਂ ਅਤੇ ਚੋਣਾ ਸੰਪੰਨ ਹੋਣ ਤੋਂ ਬਾਅਦ ਵੀ ਪੂਰੇ ਪੰਜਾਬ ਦੀ ਨਜ਼ਰ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੀ ਨਜ਼ਰ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਹਲਕੇ ਜਲਾਲਾਬਾਦ 'ਤੇ ਹੈ, ਕਿ ਹਲਕਾ ਜਲਾਲਾਬਾਦ ਦੇ ਲੋਕ ਇਸ ਵਾਰ ਆਪਣਾ ਹਲਕਾ ਵਿਧਾਇਕ ਕਿਸ ਉਮੀਦਵਾਰ ਨੂੰ ਚੁਣਦੇ ਹਨ।
ਪੰਜਾਬ ਵਿੱਚ ਵਿਧਾਨ ਸਭਾ ਚੌਣਾਂ ਹੋਣ ਤੋਂ ਪਹਿਲਾਂ ਜਿੱਥੇ ਲੋਕ ਸਵੇਰ ਦੀ ਸੈਰ ਸਮੇਂ ਜਾਂ ਫਿਰ ਸ਼ਾਮ ਨੂੰ ਵਿਹਲੇ ਸਮੇਂ ਇੱਕਠੇ ਹੋ ਕੇ ਸਿਆਸੀ ਵਿਚਾਰਾਂ ਕਰਦੇ ਨਜ਼ਰ ਆਉਂਦੇ ਸਨ, ਉਥੇ ਹੀ ਹੁਣ ਲੋਕ ਸਵੇਰੇ ਸੈਰ ਸਮੇਂ ਅਤੇ ਸ਼ਾਮ ਨੂੰ ਵਿਹਲੇ ਸਮੇਂ ਬਸ ਇਹੋ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ, ਕਿ ਪੰਜਾਬ ਵਿੱਚ ਅਗਲੇ ਪੰਜ ਸਾਲ ਲਈ ਕਿਸ ਪਾਰਟੀ ਦੀ ਬਣੇਗੀ। ਕਿਉਂਕਿ ਕੁਝ ਸਾਲ ਪਹਿਲਾਂ ਚੋਣਾਂ ਵਿੱਚ ਮੁਕਾਬਲਾ ਖਾਸ ਤੌਰ 'ਤੇ ਸ਼ੋ੍ਰਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਹੁੰਦਾ ਸੀ, ਲੇਕਿਨ ਇਸ ਵਾਰ ਦੀਆਂ ਵਿਧਾਨ ਸਭਾ ਚੌਣਾਂ ਵਿੱਚ ਮੁਕਾਬਲਾ ਤਿਕੌਣਾ ਸੀ। ਇਸ ਵਾਰ ਮੁਕਾਬਲਾ ਤਿੰਨ ਪਾਰਟੀਆਂ ਜਿਸ ਵਿੱਚ ਸ਼ੋ੍ਰਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਸਨ, ਉਨਾਂ ਦਾ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਤਿਕੋਣੀ ਟੱਕਰ ਤੋਂ ਬਾਅਦ ਵੋਟਰਾਂ ਦੀ ਖਾਮੋਸ਼ੀ ਨੇ ਵੀ ਚੋਣ ਨਤੀਜਿਆਂ ਦੇ ਇੰਤਜ਼ਾਰ ਨੂੰ ਹੋਰ ਦਿਲਚਸਮ ਬਣਾ ਦਿੱਤਾ ਹੈ। ਅਜਿਹੇ ਮਾਹੋਲ ਵਿੱਚ ਸਵੇਰ ਦੀ ਸੈਰ ਅਤੇ ਸ਼ਾਮ ਨੂੰ ਵਿਹਲੇ ਸਮੇਂ ਬੈਠ ਕੇ ਪੰਜਾਬ ਅੰਦਰ ਸਰਕਾਰ ਸੰਬੰਧੀ ਗੱਲਬਾਤ ਕਰ ਰਹੇ ਵੋਟਰਾਂ ਨੂੰ ਟਟੋਲਿਆਂ ਗਿਆ ਤਾਂ ਉਨਾਂ ਨੇ ਆਪਣੇ ਵਿਚਾਰ ਕੁਝ ਇਸ ਤਰਾਂ ਪੇਸ਼ ਕੀਤੇ।
ਇੱਕ ਪਾਰਟੀ ਦੀ ਬਹੁਮਤ ਨਾਲ ਆਵੇ ਪੰਜਾਬ ਵਿੱਚ ਸਰਕਾਰ-ਵਿਕਾਸ ਕੁੱਕੜ
ਜਨਤਾ ਮੈਡੀਕਲ ਹਾਲ ਦੇ ਸੰਚਾਲਕ ਵਿਕਾਸ ਕੁੱਕੜ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਤਿਕੌਣਾ ਦਿਲਚਸਪ ਲੱਗਣ ਵਾਲੇ ਮੁਕਾਬਲੇ ਤੋਂ ਬਾਅਦ ਨਤੀਜੇ ਦੀ ਆਸ ਇਹ ਹੈ ਕਿ ਪੰਜਾਬ ਵਿੱਚ ਜੋ ਵੀ ਸਰਕਾਰ ਆਏ, ਇੱਕ ਪਾਰਟੀ ਨੂੰ ਬਹੁਮਤ ਨਾਲ ਆਉਣੀ ਚਾਹੀਦੀ ਹੈ ਤਾਂ ਜੋ ਉਕਤ ਸਰਕਾਰ ਸਭ ਵਰਗਾਂ ਦਾ ਵਿਕਾਸ ਬਿਨਾਂ ਕਿਸੇ ਦਬਾਅ ਅਤੇ ਬਿਨਾਂ ਅੜਚਨ ਦੇ ਕਰ ਸਕੇ। ਕਿਉਂਕਿ ਇੱਕ ਪਾਰਟੀ ਦੀ ਸਰਕਾਰ ਆਪਣੇ ਫੈਸਲੇ ਲੈਣ ਲਈ ਆਜ਼ਾਦ ਹੁੰਦੀ ਹੈ। ਉਨਾਂ ਕਿਹਾ ਕਿ ਬਹੁਮਤ ਨਾਲ ਸਰਕਾਰ ਨਾਂ ਆਣ ਦੀ ਸਥਿਤੀ ਵਿੱਚ ਮੁੜ ਤੋਂ ਚੋਣਾਂ ਦੀ ਸਥਿਤੀ ਬਣੇਗੀ, ਜਿਸ ਨਾਲ ਸਰਕਾਰੀ ਖਰਚ ਜੋ ਕਿ ਕਰੋੜਾਂ ਰੁਪਏ ਹੈ, ਦਾ ਭਾਰ ਆਮ ਜਨਤਾ ਨੂੰ ਟੈਕਸਟਰ ਦੇ ਰੂਪ ਵਿੱਚ ਚੁਕਾਣਾ ਪੈਂਦਾ ਹੈ ਅਤੇ ਸਰਕਾਰੀ ਸਟਾਫ ਦਾ ਸਮਾਂ ਵੀ ਖਰਾਬ ਹੋਵੇਗਾ। ਜਿਸ ਨਾਲ ਸਰਕਾਰੀ ਕੰਮਾਂ ਵਿੱਚ ਰੁਕਾਵਟ ਪੈਂਦਾ ਹੋਵੇਗੀ ਅਤੇ ਵੋਟਰਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।  
ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਕੇ ਬੇਰੁਜ਼ਗਾਰੀ ਨੂੰ ਦੂਰ ਕਰੇ ਸਰਕਾਰ-ਹਰਿੰਦਰ ਸਿੰਘ ਕਮਰਾ (ਡਿੰਪਲ)
ਸਮਾਜਸੇਵੀ ਹਰਿੰਦਰ ਸਿੰਘ ਡਿੰਪਲ ਕਮਰਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਆਵੇਂ ਉਸ ਦਾ ਪਹਿਲਾਂ ਮਕਸਦ ਹੋਵੇ ਕਿ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਕੇ ਬੇਰੁਜ਼ਗਾਰੀ ਨੂੰ ਦੂਰ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਲਈ ਰੋਜਗਾਰ ਪੈਦਾ ਕਰੇ ਤਾਂ ਜੋ ਪੰਜਾਬ ਲਈ ਰੀਡ ਦੀ ਹੱਡੀ ਨੌਜਵਾਨ ਪੀੜੀ ਜੋ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਦਿਨ ਬ ਦਿਨ ਹਨੇਰੇ ਵੱਲ ਨੂੰ ਧੱਸਦੀ ਜਾ ਰਹੀ ਹੈ, ਉਸਨੂੰ ਬਚਾਇਆ ਜਾ ਸਕੇ। ਕਿਉਂਕਿ ਨੌਜਵਾਨ ਪੰਜਾਬ ਦਾ ਭਵਿੱਖ ਹਨ, ਜੇਕਰ ਪੰਜਾਬ ਦੇ ਨੌਜਵਾਨ ਤੰਦਰੁਸਤ ਅਤੇ ਨਸ਼ਾ ਰਹਿਤ ਹੋਣਗੇ ਤਾਂ ਹੀ ਇੱਕ ਚੰਗੇ ਪੰਜਾਬ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਪੰਜਾਬ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਰਾਹ ਵੱਲ ਲੈ ਜਾਣ ਵੱਲ ਹੋਵੇ ਸਰਕਾਰ ਦਾ ਧਿਆਨ-ਅਰੁਣ ਸਚਦੇਵਾ
ਅਰੁਣ ਸਚਦੇਵਾ ਨੇ ਕਿਹਾ ਕਿ ਪੰਜਾਬ ਅੰਦਰ ਭਾਵੇਂ ਜਿਹੜੀ ਪਾਰਟੀ ਦੀ ਸਰਕਾਰ ਵੀ ਆਵੇ, ਲੇਕਿਨ ਉਕਤ ਸਰਕਾਰ ਦੇ ਮੰਤਰੀ ਅਤੇ ਲੀਡਰ ਆਪਣੇ ਸਵਾਰਥ ਨੂੰ ਇੱਕ ਪਾਸੇ ਰੱਖ ਕੇ ਪੰਜਾਬ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਰਾਹ 'ਤੇ ਲੈ ਕੇ ਜਾਵੇ। ਉਨਾਂ ਕਿਹਾ ਕਿ ਸਿਆਸੀ ਦਾਅਵਿਆਂ ਤੋ 11 ਮਾਰਚ ਨੂੰ ਪਰਦਾ ਉਠੇਗਾ। ਪਰ ਇਨਾਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਦਾਅਵਿਆਂ 'ਤੇ ਜ਼ਮੀਨੀ ਹਕੀਕਤ ਵਿੱਚ ਬੜਾ ਫ਼ਰਕ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਮੁਕਾਬਲਾ ਬੜਾ ਹੀ ਦਿਲਚਸਪ ਹੋ ਗਿਆ ਹੈ। ਅਰੁਣ ਸਚਦੇਵਾ ਨੇ ਕਿ ਪੰਜਾਬ ਦਾ ਨੌਜਵਾਨ ਵਰਕ ਇਹ ਹੀ ਚਾਹੁੰਦਾ ਹੈ ਕਿ ਉਸ ਨੂੰ ਨਵੀਂ ਸਰਕਾਰ ਪੰਜਾਬ ਵਿੱਚ ਇਹੋ ਜਿਹੇ ਰੋਜਗਾਰ ਪ੍ਰਾਪਤ ਕਰਵਾਏ ਕਿ ਉਹ ਦੂਜੇ ਸੂਬਿਆਂ ਵਿੱਚ ਜਾਣ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ।
ਚੋਣਾਂ ਦੌਰਾਨ ਜਾਰੀ ਕੀਤੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਸਰਕਾਰ-ਗੁਰਪ੍ਰੀਤ ਸਿੰਘ ਬਜਾਜ
ਨੌਜਵਾਨ ਗੁਰਪ੍ਰੀਤ ਸਿੰਘ ਬਜਾਜ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆਵੇ ਪਰ ਉਹ ਆਪਣੇ ਦੁਆਰਾ ਜਾਰੀ ਕੀਤੇ ਮੈਨੀਫੈਸਟੋ (ਚੋਣ ਮਨੋਰਥ ਪੱਤਰ) ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਤਾਂ ਜੋ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਨਾ ਉਠੇ। ਕਿਉਕਿ ਅਕਸਰ ਚੋਣ ਵਾਅਦੇ ਤਾਂ ਹਰ ਪਾਰਟੀ ਹਰ ਚੋਣਾਂ ਸਮੇਂ ਕਰਦੀ ਹੈ, ਪਰ ਚੋਣ ਜਿੱਤਣ ਉਪਰੰਤ ਸਰਕਾਰ ਬਣਾਉਣ ਵਾਲੀ ਪਾਰਟੀ ਆਪਣੇ ਵੱਲੋੋਂ ਕੀਤੇ ਵਾਅਦਿਆਂ ਨੂੰ ਪੁੂਰਾ ਨਹੀ ਕਰਦੀ।
ਸਰਕਾਰ ਬਣਨ ਤੋਂ ਬਾਅਦ ਪਾਰਟੀਆਂ ਦੇ ਨੁਮਾਇੰਦਿਆਂ ਵਿੱਚੋਂ ਤਕਰਾਰ ਖ਼ਤਮ ਕਰੇੇ ਸਰਕਾਰ-ਸਤਨਾਮ ਸਿੰਘ ਫਲੀਆ ਵਾਲਾ, ਪੰਚਾਇਤ ਮੈਂਬਰ
ਇਸ ਸੰਬੰਧੀ ਜਦੋਂ ਸਤਨਾਮ ਸਿੰਘ ਫ਼ਲੀਆ ਵਾਲਾ ਮੈਂਬਰ ਪੰਚਾਇਤ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਚੋਣਾਂ ਦੋਰਾਨ ਪਿੰਡਾਂ ਵਿੱਚ ਬਣੀ ਧੜੇਬੰਦੀ ਖਤਮ ਹੋਣੀ ਚਾਹੀਦੀ ਹੈ। ਕਿਉਕਿ ਅਲੱਗ-ਅਲੱਗ ਪਾਰਟੀਆਂ ਨਾਲ ਸਬੰਧ ਰੱਖਣ ਕਾਰਨ ਇਕੋਂ ਪਿੰਡ, ਸ਼ਹਿਰ ਤੇ ਗਲੀ-ਮੁਹੱਲੇ ਦੇ ਲੋਕਾਂ ਵਿੱਚ ਵੋਟਾਂ ਕਾਰਨ ਤਕਰਾਰ ਵੱਧ ਜਾਂਦੀ ਹੈ। ਪਰ ਵੋਟਾਂ ਤੋਂ ਬਾਅਦ ਲੋਕਾਂ ਨੂੰ ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ। ਜਿੱਤ-ਹਾਰ ਰਾਜਨੀਤੀ ਦਾ ਹਿੱਸਾ ਹੈ ਤੇ ਜਿੱਤ ਮਗਰੋਂ ਜਿਆਦਾ ਹੁੱਲੜਬਾਜੀ ਜਾਂ ਫਿਰ ਹਾਰ ਮਗਰੋਂ ਕਿਸੇ ਨਾਲ ਵੋਟਾਂ ਨੂੰ ਲੈ ਕੇ ਝਗੜਾ ਨਹੀ ਕਰਨਾ ਚਾਹੀਦਾ।
ਸਰਕਾਰ ਬਣਨ ਉਪਰੰਤ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਕਾਨੂੰਨ ਹੋਣਾ ਚਾਹੀਦਾ ਹੈ -ਸੰਦੀਪ ਸਿੰਘ ਪੰਨੂੰ
ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦੇ ਲੀਡਰ ਵੋਟਰਾਂ ਨੂੰ ਲਭਾਉਣ ਲਈ ਚੋਣ ਮੈਨੀਫੈਸਟੋ ਰਾਹੀ ਵੱਡੇ-ਵੱਡੇ ਵਾਅਦੇ ਕਰਦੇ ਹਨ। ਪਰ ਵੋਟਾਂ ਤੋਂ ਬਾਅਦ ਚੋਣ ਮੈਨੀਫੈਸਟ ਵਿੱਚ ਕੀਤੇ ਵਾਅਦੇ ਜਿਆਦਾਤਰ ਪੂਰੇ ਨਹੀ ਹੁੰਦੇ। ਜਿਸ ਕਾਰਨ ਲੋਕ ਖੁਦ ਨੂੰ ਠੱਗੇ ਹੋਏ ਮਹਿਸੂਸ ਕਰਦੇ ਹਨ। ਅਜਿਹੇ ਵਿੱਚ ਮੈਨੀਫੈਸਟੋ ਰਾਹੀ ਵਾਅਦੇ ਕਰਕੇ ਸਰਕਾਰ ਬਣਨ ਉਪਰੰਤ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪਾਰਟੀ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਉਣ ਦਾ ਰਾਹ ਨਾ ਅਪਣਾ ਸਕੇ।
ਪੰਜਾਬ ਸਰਕਾਰ ਯੋਗ ਨੇਤਾਵਾਂ ਨੂੰ ਹੀ ਕੈਬਨਿਟ ਵਿੱਚ ਸਥਾਨ ਦੇਣਾ ਚਾਹੀਦਾ ਹੈ -ਹਰਦੇਵ ਸੰਧੂ
ਹਰਦੇਵ ਸੰਧੂ ਦਾ ਕਹਿਣਾ ਹੈ ਕਿ ਜਦੋਂ ਕਿਸੇ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਨੂੰ ਚਲਾਉਣ ਲਈ ਕੈਬਨਿਟ ਦਾ ਗਠਨ ਹੁੰਦਾ ਹੈ ਤੇ ਵੱਖ-ਵੱਖ ਵਿਭਾਗਾਂ ਲਈ ਮੰਤਰੀਆਂ ਦੀ ਚੋਣ ਹੁੰਦੀ ਹੈ। ਇਸ ਦੌਰਾਨ ਯੋਗ ਨੇਤਾਵਾਂ ਨੂੰ ਹੀ ਕੈਬਨਿਟ ਵਿੱਚ ਸਥਾਨ ਦੇਣਾ ਚਾਹੀਦਾ ਹੈ ਤੇ ਕਿਸੇ ਨੇਤਾ ਨੂੰ ਉਸ ਦੀ ਯੋਗਤਾ ਤੇ ਸਮਝਦਾਰੀ ਮੁਤਾਬਕ ਹੀ ਸਬੰਧਤ ਵਿਭਾਗ ਦਿੱਤਾ ਜਾਵੇ ਤਾਂ ਉਹ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਅ ਸਕੇ।
ਵਿਰੋਧੀ ਪਾਰਟੀਆਂ ਸੂਬੇ ਦੀ ਤਰੱਕੀ ਲਈ ਨਵੀਂ ਬਣਨ ਵਾਲੀ ਸਰਕਾਰ ਨੂੰ ਸਹਿਯੋਗ ਦੇਣ ਨਾ ਕਿ ਉਸ ਸਰਕਾਰ ਨੂੰ ਗਿਰਾਉਣ ਦੀਆਂ ਵਿਉਂਤਾ ਬਣਾਉਣ-ਸੁਖਦੇਵ ਸਿੰਘ
ਸੁਖਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੌਣਾਂ ਵਿੱਚ ਪੰਜਾਬ ਅੰਦਰ ਇਸ ਵਾਰ ਤਿੰਨ ਪ੍ਰਮੁੱਖ ਪਾਰਟੀਆਂ ਵਿੱਚ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲਿਆ। ਹੁਣ 11 ਮਾਰਚ ਨੂੰ ਪੰਜਾਬ ਅੰਦਰ ਜਿਸ ਪਾਰਟੀ ਦੀ ਵੀ ਸਰਕਾਰ ਬਣਦੀ ਹੈ, ਵਿਰੋਧੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਦੀ ਤਰੱਕੀ ਲਈ ਨਵੀਂ ਬਣਨ ਵਾਲੀ ਸਰਕਾਰ ਨੂੰ ਸਹਿਯੋਗ ਦੇਣ ਨਾ ਕਿ ਉਸ ਸਰਕਾਰ ਨੂੰ ਗਿਰਾਉਣ ਦੀਆਂ ਵਿਉਂਤਾ ਬਣਾਉਣ। ਜੇਕਰ ਵਿਰੋਧੀ ਪਾਰਟੀਆਂ ਦੇ ਆਗੂ ਸਰਕਾਰ ਚਲਾਉਣ ਵਿੱਚ ਆਪਣਾ ਬਣਦਾ ਸਹਿਯੋਗ ਦਿੰਦੇ ਹਨ ਤਾਂ ਸੂਬੇ ਦੀ ਤਰੱਕੀ ਤੇ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਘੱਟ ਹੋਣਗੀਆ।

No comments: