BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਿੱਟਾਂ ਹਾਥੀ ਸਾਬਿਤ ਹੋ ਰਿਹਾ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਨਵਾਂ ਹਸਪਤਾਲ

  • ਐਮਰਜੈਂਸੀ ਹਲਾਤਾਂ ਵਿੱਚ ਨਹੀਂ ਮਿਲਦੀਆਂ ਮੁੱਢਲੀਆਂ ਸੁਵਿਧਾਵਾਂ
  • ਜਲਾਲਾਬਾਦ ਦਾ ਨਵਾਂ ਹਸਪਤਾਲ ਅਜੇ ਵੀ 24 ਬੈਡ ਦਾ ਹੈ ਅਤੇ ਸਟਾਫ ਦੀ ਕਮੀ ਵੀ ਹੈ-ਐਸਐਮਓ
ਜਲਾਲਾਬਾਦ, 17 ਮਾਰਚ (ਬਬਲੂ ਨਾਗਪਾਲ)-ਹਲਕਾ ਵਿਧਾਇਕ ਸ. ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਸਮੇਂ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਨਵਾਂ ਸਰਕਾਰੀ ਹਸਪਤਾਲ ਐਮਰਜੈਂਸੀ ਹਲਾਤਾਂ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਣ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ ਜਦਕਿ ਦੂਜੇ ਪਾਸੇ ਸੰਬੰਧਤ ਹਸਪਤਾਲ ਸਟਾਫ ਅਤੇ ਐਸਐਮਓ ਵੀ ਸਟਾਫ ਦੀ ਕਮੀ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜ ਰਹੇ ਹਨ। ਜਾਨਕਾਰੀ ਅਨੁਸਾਰ ਬੀਤੀ ਰਾਤ ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਕੁੱਝ ਲੁਟੇਰਿਆਂ ਨੇ ਪ੍ਰਦੀਪ ਕੁਮਾਰ ਨਾਮਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਜਿਸਨੂੰ ਇਲਾਜ ਲਈ ਨਵੇਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਮੌਕੇ ਤੇ ਜੋ ਹਲਾਤ ਸਾਮਣੇ ਆਏ ਉਨਾਂ ਨੂੰ ਦੇਖ ਕੇ ਇੰਝ ਜਾਪ ਰਿਹਾ ਸੀ ਜਿਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹਸਪਤਾਲ ਸਹੂਲਤਾਂ ਤੋਂ ਬਿਲਕੁਲ ਵਾਂਝਾ ਹੋਵੇ। ਐਂਮਰਜੈਂਸੀ ਸਮੇਂ ਪ੍ਰਦੀਪ ਕੁਮਾਰ ਦਾ ਐਕਸਰਾ ਕਰਨਾ ਜਰੂਰੀ ਸੀ ਪਰ ਜਦੋਂ ਉਥੇ ਮੌਜੂਦ ਹਸਪਤਾਲ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਜਵਾਬ ਦਿੱਤਾ ਕਿ ਇਸ ਸਮੇਂ ਮਰੀਜ ਦਾ ਐਕਸਰਾ ਨਹੀਂ ਹੋ ਸਕਦਾ ਕਿਉਂਕਿ ਸਟਾਫ ਮੈਂਬਰ ਮੌਜੂਦ ਨਹੀਂ ਹੈ।
ਇਸ ਸੰਬੰਧੀ ਜਦੇੋਂ ਐਕਸਰਾ ਵਿਭਾਗ ਦੇ ਇੰਚਾਰਜ ਡਾ. ਪ੍ਰਕਾਸ਼ ਦੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਰਾਤ ਸਮੇਂ ਉਹ ਹਸਪਤਾਲ ਨਹੀਂ ਆ ਸਕਦੇ ਹਨ ਅਤੇ ਉਹ ਮਰੀਜ ਨੂੰ ਬਾਹਰ ਰੈਫਰ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਹਸਪਤਾਲ ਵਿੱਚ ਉਨਾਂ ਤੋਂ ਇਲਾਵਾ ਹੋਰ ਕੋਈ ਸਟਾਫ ਨਹੀਂ ਹੈ।
ਉਧਰ ਜਦੋਂ ਇਸ ਸੰਬੰਧੀ ਐਸਐਮਓ ਡਾ. ਇੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਤੁਸੀਂ ਹਸਪਤਾਲ ਦੀ ਨਵੀਂ ਬਿਲਡਿੰਗ ਨਾ ਦੇਖੋ ਕਿਉਂਕਿ ਸਰਕਾਰ ਵਲੋਂ ਅਜੇ ਤੱਕ ਇਹ ਹਸਪਤਾਲ 24 ਬੈਡ ਦਾ ਹੀ ਹੈ ਅਤੇ ਸਟਾਫ ਦੀ ਵੀ ਕਮੀ ਹੈ। ਉਨਾਂ ਦੱਸਿਆ ਕਿ ਐਕਸਰਾ ਵਿਭਾਗ ਵਿੱਚ ਇੱਕ ਹੀ ਡਾਕਟਰ ਹੈ ਜਿਸਨੇ ਮਰੀਜ ਦਾ ਐਕਸਰਾ ਕਰਨਾ ਹੁੰਦਾ ਹੈ। ਪਰ ਜੇਕਰ ਸਾਨੂੰ ਐਮਰਜੈਂਸੀ ਵਾਲੇ ਕਾਲ ਕਰਨਗੇ ਤਾਂ ਅਸੀਂ ਐਕਸਰਾ ਕਰ ਦਿਆਂਗੇ। ਜਦੋਂ ਉਨਾਂ ਤੋਂ ਪੁੱਛਿਆ ਗਿਆ ਕਿ ਲੁਟੇਰਿਆਂ ਦੇ ਕਾਰਣ ਜਖਮੀ ਹੋਏ ਇੱਕ ਵਿਅਕਤੀ ਨੂੰ ਮੈਡੀਕਲ ਸੇਵਾਵਾਂ ਦੇਣ ਲਈ ਜੇਕਰ ਪ੍ਰੈਸ ਵਾਲੇ ਤੁਹਾਨੂੰ ਮਰੀਜ ਦਾ ਐਕਸਰਾ ਕਰਨ ਲਈ  ਬੁਲਾ ਰਹੇ ਹਨ ਤਾਂ ਤੁਸੀਂ ਉਨਾਂ ਨੰ ਜਵਾਬ ਦੇ ਰਹੋ ਤਾਂ ਇਥੇ ਆਮ ਲੋਕਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ ਤਾਂ ਉਨਾਂ ਕੋਲ ਕੋਈ ਸੰਤੁਸ਼ਟ ਜਵਾਬ ਨਹੀਂ ਸੀ।
ਇਸ ਸੰਬੰਧੀ ਜਦੋਂ ਸੰਬੰਧਤ ਵਿਭਾਗ ਦੇ ਇੱਕ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਤਾਂ ਪਹਿਲਾਂ ਹੀ ਕਮੀ ਚੱਲ ਰਹੀ ਹੈ ਕਿਉਂਕਿ ਪਿਛਲੀ ਸਰਕਾਰ ਸਮੇਂ ਖੁੱਦ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਇਸੇ ਜਿਲੇ ਦੇ ਸਨ ਪਰ ਉਦੋਂ ਕੋਈ ਡਾਕਟਰ ਇਥੇ ਆਉਣ ਨੂੰ ਤਿਆਰ ਨਹੀਂ ਸਨ ਅਤੇ ਕਾਂਗਰਸ ਦੀ ਸਰਕਾਰ ਹੁਣ ਬਣੀ ਹੈ ਅਤੇ ਵੇਖਣਾ ਹੋਵੇਗਾ ਕਿ ਸਿਹਤ ਸੇਵਾਵਾਂ ਨੂੰ ਲੈ ਕੇ ਉਹ ਕੀ ਕਰਦੇ ਹਨ ਅਤੇ ਜਿਹੜੇ ਡਾਕਟਰ ਡਿਊਟੀ ਕਰ ਰਹੇ ਹਨ ਉਨਾਂ ਨੂੰ ਆਪਣਾ ਕੰਮ ਤਨਦੇਹੀ ਨਾਲ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿੱਚ ਜਦੋਂ ਸਿਵਿਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਭਾਵੇਂ ਜਲਾਲਾਬਾਦ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੁਖਬੀਰ ਬਾਦਲ ਦੇ ਯਤਨਾ ਸਦਕਾ ਹਸਪਤਾਲ ਦੀ ਨਵੀਂ ਬਿਲਡਿੰਗ ਬਣੀ ਹੈ ਪਰ ਸਿਹਤ ਸੇਵਾਂਵਾਂ ਲੈ ਕੇ ਜਿੰਨੀ ਦੇਰ ਤੱਕ ਸੁਧਾਰ ਨਹੀਂ ਹੁੰਦੇ ਉਨੀਂ ਦੇਰ ਤੱਕ ਸਰਕਾਰ ਦੀਆਂ ਇਹ ਕੋਸ਼ਿਸ਼ਾਂ ਵਿਅਰਥ ਕਿਉਂਕਿ ਬਿਲਡਿੰਗ ਦੇ ਨਾਲ-ਨਾਲ ਹਸਪਤਾਲ ਵਿੱਚ ਸਭ ਤੋਂ ਜਰੂਰੀ ਹੈ ਸਟਾਫ ਦੀ ਨਿਯੁਕਤੀ ਕਰਨਾ।

No comments: