BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਸਵੱਛ ਭਾਰਤ' ਦੀ ਲਹਿਰ ਨੂੰ ਦਿਲੋਂ ਨਹੀਂ ਅਪਣਾਇਆ ਲੋਕਾਂ ਨੇ

  • ਮੁਹਿੰਮ ਦੇ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਹਿਰ ਦੀਆਂ ਸੜਕਾਂ 'ਤੇ ਦੇਖੇ ਜਾ ਸਕਦੇ ਹਨ ਗੰਦਗੀ ਦੇ ਢੇਰ
ਜਲਾਲਾਬਾਦ, 9 ਮਾਰਚ (ਬਬਲੂ ਨਾਗਪਾਲ)- ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ 'ਸਵੱਛ' ਬਣਾਉਣ ਦੇ ਲਈ 2 ਅਕਤੂਬਰ 2015 ਨੂੰ ਦੇਸ਼ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਮੋਕੇ 'ਤੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦਾ ਨਾਮ ਪ੍ਰਧਾਨ ਮੰਤਰੀ ਵੱਲੋਂ 'ਸਵੱਛ ਭਾਰਤ ਸਮੱਰਥ ਭਾਰਤ' ਰੱਖਿਆ ਗਿਆ ਸੀ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਮੋਕੇ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਹੱਥ ਨਾਲ ਝਾੜੂ ਲਗਾ ਕੇ ਦੇਸ਼ ਨੂੰ 'ਸਵੱਛ' ਬਣਾਉਣ ਦਾ ਪ੍ਰਣ ਕੀਤਾ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਵੀ ਇਸ 'ਸਵੱਛ ਭਾਰਤ' ਮੁਹਿੰਮ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਦੇ ਲਈ ਕਿਹਾ ਸੀ ਅਤੇ ਇਸ ਦੇ ਨਾਲ ਹੀ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਲਗਾ ਕੇ ਪੜਦੇ ਵਿਦਿਆਰਥੀਆਂ ਨੂੰ 'ਸਵੱਛ ਭਾਰਤ ਸਮਰੱਥ ਭਾਰਤ' ਮੁਹਿੰਮ ਸੰਬੰਧੀ ਪੇ੍ਰਰਿਤ ਕੀਤਾ ਗਿਆ ਤਾਂ ਜੋ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ ਦੇ ਨਾਲ ਨਾਲ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਸੰਬੰਧੀ ਜਾਗਰੂਕ ਕਰਨ। ਲੇਕਿਨ ਲੱਗਦਾ ਹੈ ਕਿ 'ਸਵੱਛ ਭਾਰਤ' ਦੀ ਲਹਿਰ ਨੂੰ ਲੋਕਾਂ ਨੇ ਦਿਲੋਂ ਨਹੀਂ ਅਪਣਾਇਆ ਹੈ। ਜਿਸ ਕਰਕੇ ਭਾਰਤ ਨੂੰ 'ਸਵੱਛ' ਬਣਾਉਣ ਦੇ ਲਈ ਚਲਾਈ ਗਈ ਮੁਹਿੰਮ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਅੱਜ ਵੀ ਹਾਲਾਤ ਹਾਲੇ ਤੱਕ ਵੀ ਪਹਿਲਾਂ ਦੀ ਤਰਾਂ ਹੀ ਹਨ। ਲੋਕ ਅੱਜ ਵੀ ਸੜਕਾਂ 'ਤੇ ਰੁੱਲ ਰਹੀ ਗੰਦਗੀ ਅਤੇ ਉਸ ਗੰਦਗੀ ਵਿੱਚੋਂ ਆ ਰਹੀ ਭਿਆਨਕ ਬਦਬੂ ਤੋਂ ਪੇ੍ਰਸ਼ਾਨ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰਕਾਰ ਭਾਰਤ ਨੂੰ 'ਸਵੱਛ' ਬਣਾਉਣ ਦੀ ਮੁਹਿੰਮ ਆਪਣਾ ਰੰਗ ਕਦੋਂ ਦਿਖਾਏਗੀ। ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਹਲਕੇ ਜਲਾਲਾਬਾਦ ਵਿੱਚ ਆਲਮ ਇਹ ਹੈ ਕਿ ਇਸ 'ਸਵੱਛ ਭਾਰਤ' ਮੁਹਿੰਮ ਨੂੰ ਪੂਰੀ ਤਰਾਂ ਗ੍ਰਹਿਣ ਲੱਗ ਚੁੱਕਾ ਹੈ। ਕਿਉਂਕਿ ਜਲਾਲਾਬਾਦ ਸ਼ਹਿਰ ਦੇ ਲੋਕ ਹਾਲੇ ਵੀ ਆਪਣੇ ਘਰਾਂ ਦਾ ਕੂੜਾ ਕਰਕਟ ਜਨਤਕ ਥਾਵਾਂ 'ਤੇ ਸੁੱਟਦੇ ਹੋਏ ਦੇਖੇ ਜਾ ਸਕਦੇ ਹਨ ਅਤੇ ਸ਼ਹਿਰ ਦੀਆਂ ਮੇਨ ਸੜਕਾਂ ਅਤੇ ਗਲੀ-ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਆਮ ਹੀ ਦੇਖੇ ਜਾ ਸਕਦੇ ਹਨ। ਗਲੀਆਂ-ਮੁਹੱਲਿਆਂ ਵਿੱਚ ਪਏ ਗੰਦਗੀ ਦੇ ਢੇਰਾਂ ਵਿੱਚੋਂ ਨਿਕਲ ਰਹੀ ਗੰਦੀ ਬਦਬੂ ਦੇ ਕਾਰਨ ਉਥੋਂ ਲੰਘਣਾ ਔਖਾ ਹੋਇਆ ਪਿਆ ਹੈ। ਇਸ ਦੇ ਨਾਲ ਹੀ ਇਨਾਂ ਗੰਦਗੀ ਦੇ ਢੇਰਾਂ 'ਤੇ ਸਾਰਾ ਸਾਰਾ ਦਿਨ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਜਿਸ ਕਰਕੇ ਮੁਹੱਲੇ ਵਿੱਚੋਂ ਲੰਘਣ ਸਮੇਂ ਵੀ ਖ਼ਤਰਾ ਬਣਿਆ ਰਹਿੰਦਾ ਹੈ। ਕਿਉਂਕਿ ਜਦੋਂ ਵੀ ਆਵਾਰਾ ਪਸ਼ੂ ਇਨਾਂ ਗੰਦਗੀ ਦੇ ਢੇਰਾਂ ਵਿੱਚ ਮੂੰਹ ਮਾਰਦੇ ਹਨ ਤਾਂ ਉਨਾਂ ਦੇ ਖਾਣਯੋਗ ਵਸਤੂ ਮਿਲਣ 'ਤੇ ਅਕਸਰ ਹੀ ਲੜ ਪੈਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਲੋੜ ਹੈ। 'ਸਵੱਛ ਭਾਰਤ' ਮੁਹਿੰਮ ਸੰਬੰਧੀ ਜਦੋਂ ਸਥਾਨਕ ਸ਼ਹਿਰ ਨਿਵਾਸੀਆਂ ਕੋਲੋਂ ਪੁੱਛਿਆ ਗਿਆ ਤਾਂ ਸ਼ਹਿਰ ਨਿਵਾਸੀਆਂ ਨੇ ਹੇਠਾਂ ਲਿਖੇ ਬਿਆਨ ਪ੍ਰਗਟ ਕੀਤੇ।
ਇਸ ਸਾਰੇ ਮਾਮਲੇ ਦੀ ਜੜ ਦਰਅਸਲ ਸਾਡੇ ਲੋਕਾਂ ਅੰਦਰ ਪਾਈ ਜਾ ਰਹੀ ਚੇਤਨਤਾ ਦੀ ਘਾਟ ਹੀ ਹੈ। ਲੋਕ ਆਪਣੇ ਘਰਾਂ ਨੂੰ ਤਾਂ ਸਾਫ ਕਰ ਰਹੇ ਹਨ, ਪ੍ਰੰਤੂ ਕੂੜਾ ਸਹੀ ਥਾਂ 'ਤੇ ਸੁੱਟਣ ਦੀ ਥਾਂ 'ਤੇ ਜਿੱਥੇ ਠੀਕ ਲੱਗਦਾ ਹੈ ਸੁੱਟ ਦਿੰਦੇ ਹਨ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਬਾਹਰਵਾਰ ਗੰਦਗੀ ਸੁੱਟਣ ਲਈ ਢੁਕਵੇ ਸਥਾਨ 'ਤੇ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੇ ਲੋਕ ਘਰਾਂ ਦੀ ਗੰਦਗੀ ਨਿਸ਼ਾਨਦੇਹੀ ਵਾਲੀ ਸਥਾਨਾਂ 'ਤੇ ਸੱੁੱਟ ਕੇ ਆਉਣ ਅਤੇ ਗੰਦਗੀ ਸੜਕਾਂ 'ਤੇ ਨਾ ਰੁਲੇ।
-ਅਰੁਣ ਸਚਦੇਵਾ
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦਾ ਕੂੜਾ ਕਰਕਟ ਖੁੱਲੇਆਮ ਸੜਕਾਂ 'ਤੇ ਨਾ ਸੁੱਟਣ, ਬਲਕਿ ਆਪਣੇ ਘਰਾਂ ਵਿੱਚ ਡਸਟੀਬਨ ਲਗਾ ਕੇ ਉਸ ਡਸਟਬੀਨ ਵਿੱਚ ਕੂੜਾ ਇੱਕਠਾ ਕਰਨ ਅਤੇ ਜਦੋਂ ਕੋਈ ਵੀ ਕੂੜਾ ਚੁੱਕਣ ਵਾਲਾ ਕਰਮਚਾਰੀ ਆਉਂਦਾ ਹੈ ਤਾਂ ਉਸਨੂੰ ਆਪਣੇ ਘਰਾਂ ਦਾ ਕੂੜਾ-ਕਰਕਟ ਦੇਣ ਅਤੇ ਭਾਰਤ ਨੂੰ 'ਸਵੱਛ' ਬਣਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ।
-ਅਸ਼ੋਕ ਕੁਮਾਰ ਭੰਡਾਰੀ
ਜਦੋਂ ਅਸੀਂ ਭਾਰਤ ਨੂੰ 'ਸਵੱਛ' ਬਣਾਉਣ ਦੀ ਮੁਹਿੰਮ ਸੰਬੰਧੀ ਲਗਾਏ ਗਏ ਸੈਮੀਨਾਰ ਜਾਂ ਫਿਰ ਕਿਸੇ ਵੀ ਹੋਰ ਪੋ੍ਰਗਰਾਮ ਵਿੱਚ ਜਾਂਦੇ ਹਾਂ, ਅਸੀਂ ਉਸ ਸੈਮੀਨਾਰ ਜਾਂ ਫਿਰ ਪੋ੍ਰਗਰਾਮ ਵਿੱਚ ਦੇਸ਼ ਨੂੰ 'ਸਵੱਛ' ਬਣਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰਣ ਕਰਦੇ ਹਾਂ। ਲੇਕਿਨ ਜਦੋਂ ਅਸੀਂ ਘਰ ਆ ਜਾਂਦੇ ਹਾਂ ਤਾਂ ਸਾਨੂੰ ਸਭ ਕੁਝ ਭੁੱਲ ਜਾਂਦਾ ਹੈ ਅਤੇ ਅਸੀਂ ਮੁੜ ਤੋਂ ਉਸੇ ਤਰਾਂ ਹੀ ਕੂੜਾ ਕਰਕਟ ਸੜਕਾਂ 'ਤੇ ਜਾਂ ਫਿਰ ਖੁੱਲੇ ਮੈਦਾਨਾਂ ਵਿੱਚ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ। ਉਨਾਂ ਕਿਹਾ ਕਿ ਇਨਸਾਨ ਨੂੰ ਕਦੇ ਵੀ ਆਪਣੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਨਹੀਂ ਰੱਖਣਾ ਚਾਹੀਦਾ।
-ਗੁਰਬਚਨ ਸਿੰਘ ਮਦਾਨ
ਦਿਨ ਬ ਦਿਨ ਵੱਧ ਰਹੀ ਆਬਾਦੀ ਕਾਰਨ ਗੰਦਗੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ। ਜੇਕਰ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਵੱਡੀ ਅਤੇ ਸਾਂਝੀ ਸਮੱਸਿਆ ਵੱਲ ਤੁਰੰਤ ਤਵੱਜੋ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਅੰਦਰ ਵੱਖ ਵੱਖ ਥਾਵਾਂ 'ਤੇ ਸੁੱਟੀ ਜਾਣ ਵਾਲੀ ਗੰਦਗੀ ਤੇ ਵੱਖ ਵੱਖ ਪ੍ਰਕਾਰ ਦੇ ਕੀੜੇ ਮਕੌੜੇ ਵੀ ਪਨਪ ਰਹੇ ਹੁੰਦੇ ਹਨ ਅਤੇ ਕੀੜੇ ਮਕੌੜੇ ਵਾਹਨ ਚਾਲਕਾਂ ਦੀਆਂ ਅੱੱਖਾਂ ਵਿੱਚ ਪੈ ਜਾਂਦੇ ਹਨ। ਜਿਸ ਕਰਕੇ ਹਾਦਸਾ ਵਾਪਰ ਜਾਂਦਾ ਹੈ। ਲੋੜ ਹੈ ਸਮਾਂ ਰਹਿੰਦੇ ਇਸ ਗੰਦਗੀ ਨੂੰ ਸਹੀ ਠਿਕਾਣੇ 'ਤੇ ਲਗਾਉਣ ਸੰਬੰਧੀ ਪ੍ਰਬੰਧ ਕਰਨ ਦੀ ਤਾਂ ਜੋ ਕਿਸੇ ਪ੍ਰਕਾਰ ਦੀ ਭਿਆਨਕ ਬਿਮਾਰੀ ਫੈਲਣ ਤੋਂ ਬਚਾਅ ਕੀਤਾ ਜਾ ਸਕੇ।
-ਸਤਨਾਮ ਸਿੰਘ ਫ਼ਲੀਆਂਵਾਲਾ

No comments: