BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਸਰਹੱਦੀ ਪਿੰਡਾਂ 'ਚ ਨਹੀਂ ਪਹੁੰਚਦੀ ਸਰਕਾਰੀ ਬੱਸ ਸੇਵਾ ਪੇਂਡੂ ਵਿਦਿਆਰਥੀ ਤੇ ਮਰੀਜ਼ਾਂ ਨੂੰ ਹੁੰਦੀ ਹੈ ਭਾਰੀ ਪ੍ਰੇਸ਼ਾਨੀ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਕਈ ਦਸ਼ਕ ਬੀਤ ਚੁੱਕੇ ਹਨ, ਪਰ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਵਸੇ ਪਿੰਡਾਂ ਦੇ ਲੋਕ ਲੋਕ ਅੱਜ ਵੀ ਆਵਾਜਾਈ ਦੇ ਸਾਧਨਾਂ ਤੋਂ ਵਾਂਝੇ ਹਨ। ਹਾਲਾਂਕਿ ਪੰਜਾਬ 'ਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀ ਦਿੱਤਾ, ਪਰ ਲੱਖਾਂ ਰੁਪਏ ਖ਼ਰਚ ਕਰਕੇ ਇਨਾਂ ਪੇਂਡੂਆਂ ਨੂੰ ਦਿਲਾਸਾ ਦੇਣ ਲਈ ਕਈ ਪਿੰਡਾਂ 'ਚ ਬੱਸ ਅੱਡੇ ਤਾਂ ਜ਼ਰੂਰ ਬਣਾ ਦਿੱਤੇ ਗਏ ਹਨ, ਜੋ ਪਿੰਡ ਵਾਸੀਆਂ ਦੇ ਕਿਸੇ ਕੰਮ ਨਹੀਂ ਆਏ ਤੇ ਲੱਖਾਂ ਰੁਪਏ ਮਿੱਟੀ ਹੋਏ ਹਨ। ਇਨਾਂ ਸਰਹੱਦੀ ਪਿੰਡਾਂ ਨੂੰ ਮਜਬੂਰੀ ਵੱਸ ਜਾਂ ਤਾਂ ਪੈਦਲ, ਆਪਣੇ ਸਾਧਨਾਂ ਜਾ ਫ਼ਿਰ ਨਿੱਜੀ ਟੈਂਪੂਆਂ ਦਾ ਸਹਾਰਾ ਲੈ ਕੇ ਸ਼ਹਿਰ ਆਉਣਾ ਜਾਣਾ ਪੈਂਦਾ ਹੈ। ਸਰਕਾਰ ਦੀ ਸਰਹੱਦੀ ਇਲਾਕੇ ਪ੍ਰਤੀ ਬੇਰੁਖ਼ੀ ਸਰਹੱਦੀ ਪਿੰਡਾਂ 'ਤੇ ਭਾਰੂ ਪੈ ਰਹੀ ਹੈ। ਜੇਕਰ ਸਰਕਾਰ ਚਾਹੁੰਦੀ ਤਾਂ ਪੰਜਾਬ ਦੇ ਇਨਾਂ ਸਰਹੱਦੀ ਪਿੰਡਾਂ 'ਚ ਸਰਕਾਰੀ ਬੱਸਾਂ ਨੂੰ ਮਨਜ਼ੂਰੀ ਦੇ ਕੇ ਪੰਜਾਬ ਦੇ ਖ਼ਜ਼ਾਨੇ ਭਰ ਸਕਦੀ ਹੈ। ਪਰ ਸਰਕਾਰ ਨੇ ਅਜਿਹਾ ਕੋਈ ਕਦਮ ਨਹੀ ਚੁੱਕਿਆ। ਜਿਸ ਦਾ ਫ਼ਾਇਦਾ ਲੋਕ ਆਪਣੇ ਨਿੱਜੀ ਵਾਹਨਾਂ ਦੇ ਜਰੀਏ ਚੁੱਕ ਰਹੇ ਹਨ। ਸਰਹੱਦੀ ਇਲਾਕਿਆਂ 'ਚ ਆਵਾਜਾਈ ਦੇ ਸਾਧਨ ਨਾ ਹੋਣ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਭ ਤੋਂ ਜਿਆਦਾ ਰੋਜਾਨਾਂ ਪਰੇਸ਼ਾਨੀ ਚੁੱਕਣੀ ਪੈ ਰਹੀ ਹੈ। ਕਿਉਂਕਿ ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਉਨਾਂ ਨੂੰ ਸ਼ਹਿਰ ਉੱਚ ਸਿੱਖਿਆ ਲਈ ਆਉਣਾ ਪੈਂਦਾ ਹੈ। ਇਹ ਸਮੱਸਿਆ ਉਸ ਵੇਲੇ ਹੋਰ ਵੀ ਵੱਧ ਜਾਂਦੀ ਹੇ ਜਦੋਂ ਕੋਈ ਵਿਅਕਤੀ ਇਨਾਂ ਸਰਹੱਦੀ ਪਿੰਡਾਂ 'ਚ ਬਿਮਾਰ ਹੋ ਜਾਵੇ ਤਾਂ ਉਨਾਂ ਨੂੰ ਐਬੂਲੈਂਸ ਜਾਂ ਫ਼ਿਰ ਆਪਣੇ ਨਿੱਜੀ ਵਾਹਨਾਂ 'ਤੇ ਮਰੀਜਾਂ ਨੂੰ ਸ਼ਹਿਰ ਲਿਜਾਉਣ ਪੈਂਦਾ ਹੈ। ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਪੰਜਾਬ 'ਚ ਤਿੰਨ ਥਾਵਾਂ ਅਜਿਹੀਆਂ ਹਨ, ਜਿੱਥੇ ਰੀਟ੍ਰੀਟ ਸੈਰਾਮਨੀ ਹੁੰਦੀ ਹੈ। ਜਿੱਥੇ ਦੇਸ਼ ਦੇ ਹੋਰਨਾਂ ਰਾਜਾਂ ਤੋਂ ਵੀ ਸੈਕੜੇ ਲੋਕ ਆਉਂਦੇ ਹਨ। ਫ਼ਾਜ਼ਿਲਕਾ 'ਚ ਸਾਦਕੀ ਬਾਰਡਰ 'ਤੇ ਰੀਟ੍ਰੀਟ ਸੈਰਾਮਨੀ ਹੁੰਦੀ ਹੈ, ਪਰ ਆਵਾਜਾਈ ਸਾਧਨਾਂ ਦੀ ਕੰਮੀ ਦੇ ਚੱਲਦੇ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਪਰੇਸ਼ਾਨੀ ਤੋਂ ਇਲਾਵਾ ਆਰਥਿਕ ਬੋਝ ਵੀ ਸਹਿਣਾ ਪੈਂਦਾ ਹੈ।
ਕੀ ਕਹਿੰਦੇ ਹਨ ਸਰਹੱਦੀ ਪਿੰਡਾਂ ਦੇ ਵਿਦਿਆਰਥੀ-ਫ਼ਾਜ਼ਿਲਕਾ ਦੇ ਨਵਾਂ ਹਸਤਾ, ਸੈਦੋ ਕੇ ਹਿਠਾੜ, ਨੂਰ ਸ਼ਾਹ ਦੇ ਵਿਦਿਆਰਥੀ ਰਾਕੇਸ਼ ਸਿੰਘ, ਬਲਜਿੰਦਰ ਸਿੰਘ, ਮਲਕੀਤ ਸਿੰਘ, ਨਿਰਮਲਾ ਰਾਣੀ, ਸਰੋਜ ਰਾਣੀ, ਕਿਰਨਾ ਰਾਣੀ ਦਾ ਕਹਿਣਾ ਹੈ ਕਿ ਪੜਾਈ ਲਈ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਫ਼ਾਜ਼ਿਲਕਾ ਸ਼ਹਿਰ 'ਚ ਆਉਣਾ ਪੈਂਦਾ ਹੈ। ਆਵਾਜਾਈ ਸਾਧਨਾਂ ਦੀ ਕੰਮੀ ਦੇ ਚੱਲਦਿਆਂ ਉਨਾਂ ਨੂੰ ਟੈਂਪੂਆਂ ਦੇ ਜਰੀਏ ਸਕੂਲਾਂ ਤੇ ਕਾਲਜਾਂ 'ਚ ਆਉਣਾ ਪੈਂਦਾ ਹੈ। ਉਨਾਂ ਕਿਹਾ ਕਿ ਟੈਂਪੂ ਵੀ ਸਹੀ ਸਮੇਂ ਉਨਾਂ ਨੂੰ ਨਹੀਂ ਪਹੁੰਚਾਉਂਦੇ। ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਹੱਦੀ ਪਿੰਡਾਂ 'ਚ ਸਰਕਾਰੀ ਬੱਸਾਂ ਚਲਾਈਆਂ ਜਾਣ।
ਆਉਂਦੀ ਹੈ ਮਰੀਜਾਂ ਨੂੰ ਪਰੇਸ਼ਾਨੀ-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਕਰਨੀ ਖੇੜਾ ਦੀ ਢਾਣੀ ਜੋਸਨਾਂ ਵਾਲੀ ਤੋਂ ਫ਼ਾਜ਼ਿਲਕਾ ਵਿਖੇ ਇਕ ਹਸਪਤਾਲ 'ਚ ਇਲਾਜ ਕਰਵਾ ਕੇ ਟੈਂਪੂ ਰਾਹੀ ਘਰ ਜਾ ਰਹੀ ਕੁਲਵਿੰਦਰ ਕੌਰ ਦੇ ਰਿਸ਼ਤੇਦਾਰਾਂ ਅਮਰੀਕ ਕੌਰ ਨੇ ਦੱਸਿਆ ਕਿ ਉਨਾਂ ਦੀ ਢਾਣੀ ਤੱਕ ਕੋਈ ਸਾਧਨ ਨਹੀ ਪੁੱਜਦਾ ਜਿਸ ਕਾਰਨ ਉਨਾਂ ਨੂੰ ਵਾਧੂ ਪੈਸੇ ਖ਼ਰਚ ਕੇ ਨਿੱਜੀ ਟੈਂਪੂਆਂ ਦੇ ਸਹਾਰੇ ਜਾਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਜੇਕਰ ਸਰਹੱਦੀ ਇਲਾਕਿਆਂ 'ਚ ਸਰਕਾਰੀ ਬੱਸ ਸੇਵਾ ਸ਼ੁਰੂ ਕਰੇ ਤਾਂ ਸਰਕਾਰ ਨੂੰ ਆਰਥਿਕ ਲਾਭ ਤਾਂ ਹੋਵੇਗਾ ਹੀ ਸਗੋਂ ਲੋਕਾਂ ਨੂੰ ਵੀ ਪਰੇਸ਼ਾਨੀ ਤੋਂ ਨਿਜਾਤ ਮਿਲੇਗੀ।

No comments: