BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੇ ਬਾਜ਼ਾਰਾਂ ਦੀ ਹਾਲਤ ਤਰਸਯੋਗ

ਸ਼ਹਿਰ ਦੇ ਬਾਜ਼ਾਰ ਵਿਚ ਰੇਹੜੀਆਂ ਤੇ ਦੁਕਾਨਦਾਰਾਂ ਵੱਲੋਂ ਵਧਾਏ ਗਏ ਸਮਾਨ ਕਾਰਨ ਪੈਦਾ ਹੋਈ ਟੂੈਫਿਕ ਸਮੱਸਿਆ।
ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)-ਸ਼ਹਿਰ 'ਚ ਟ੍ਰੈਫਿਕ ਸਮੱਸਿਆਵਾਂ ਤੇ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਪੁਖ਼ਤਾ ਪ੍ਰਬੰਧ ਕਰਨਾ ਸਥਾਨਕ ਪ੍ਰਸ਼ਾਸਨ ਦੀ ਪੂਰੀ ਜਿੰਮੇਵਾਰੀ ਬਣਦੀ ਹੈ। ਉਥੇ ਪ੍ਰਸ਼ਾਸਨ ਇਸ ਜਿੰਮੇਵਾਰੀ ਨੂੰ ਪੂਰੀ ਤਰਾਂ ਨਿਭਾਉਣ 'ਚ ਸਫਲ ਨਹੀਂ ਹੋ ਸਕਿਆ ਹੈ। ਆਲਮ ਇਹ ਹੈ ਕਿ ਸ਼ਹਿਰ ਅੰਦਰ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਨਿਰਧਾਰਿਤ ਜਗਾ ਤੋਂ ਵੱਧ ਬਾਹਰ ਰੱਖੇ ਗਏ ਸਾਮਾਨ ਕਾਰਨ ਸੜਕਾਂ ਕਾਫੀ ਤੰਗ ਹੋ ਜਾਂਦੀਆਂ ਹਨ ਤੇ ਨਾਲ ਹੀ ਰੇਹੜੀਆਂ ਵਾਲੇ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੇ ਹਨ। ਅਜਿਹੀ ਹਾਲਤ 'ਚ ਬਾਜ਼ਾਰਾਂ 'ਚ ਚਾਰ ਪਹੀਆ ਵਾਹਨਾਂ ਲਈ ਲੰਘਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਪਰ ਦੂਜੇ ਪਾਸੇ ਉਕਤ ਸਮੱਸਿਆ ਦੇ ਹੱਲ ਲਈ ਸਮੇਂ ਸਮੇਂ 'ਤੇ ਪ੍ਰਸ਼ਾਸਨ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੇ ਬਾਵਜੂਦ ਬਾਜਾਰਾਂ ਦੀ ਹਾਲਤ 'ਚ ਕੋਈ ਵੀ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਸਥਾਨਕ ਬੱਘਾ ਬਾਜ਼ਾਰ, ਰੇਲਵੇ ਬਾਜ਼ਾਰ, ਬਾਹਮਣੀ ਬਾਜ਼ਾਰ, ਇੰਦਰਾ ਮਾਰਕੀਟ ਆਦਿ ਬਾਜ਼ਾਰਾਂ 'ਚ ਵਰਤਮਾਨ ਸਮੇਂ ਅੰਦਰ ਆਵਾਜਾਈ ਦੇ ਪ੍ਰਬੰਧਾਂ ਦਾ ਬੁਰਾ ਹਾਲ ਹੈ। ਦੁਕਾਨਦਾਰਾਂ ਵਲੋਂ ਕਈ ਕਈ ਫੁੱਟ ਤੱਕ ਬਾਹਰ ਸਮਾਨ ਟੰਗਿਆ ਹੋਇਆ ਹੈ ਅਤੇ ਕੁੱਝ ਦੁਕਾਨਦਾਰਾਂ ਨੇ ਆਪਣੇ ਥੜਿਆਂ ਨੂੰ ਕਾਫੀ ਅੱਗੇ ਵਧਾਇਆ ਹੋਇਆ ਹੈ। ਇਹ ਸਮੱਸਿਆ ਲਗਾਤਾਰ ਵਿਕਰਾਲ ਹੁੰਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਪ੍ਰਸ਼ਾਸਨ ਇਸ ਸਮੱਸਿਆ ਦੇ ਹੱਲ ਲਈ ਬੇਬਸ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਤੰਗ ਬਜਾਰਾਂ 'ਚ ਵਹੀਕਲ ਫ਼ਰੀ ਜੋਨ ਬਣਾਏ ਗਏ ਹਨ ਜਿੱਥੇ ਰਾਤ 8 ਵਜੇ ਤੋਂ ਬਾਅਦ ਹੀ ਵਹੀਕਲ ਜਾ ਸਕਦੇ ਹਨ ਪਰ ਇਸ ਦੇ ਬਾਵਜੂਦ ਇਥੇ ਚਾਰ ਪਹੀਆਂ ਵਾਹਨ ਢੋਆ-ਢੁਆਈ ਲਈ ਖੜ ਹੁੰਦੇ ਹਨ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਲੋਂ ਮੁੱਖ ਚਾਕਾਂ 'ਤੇ ਕਰਮਚਾਰੀ ਵੀ ਨਹੀਂ ਲਗਾਏ ਜਾਂਦੇ ਜੋ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਨ ਵਾਲਿਆਂ 'ਤੇ ਨੱਥ ਪਾ ਸਕਣ। ਇਸ ਸਬੰਧੀ ਜਦੋਂ ਨਗਰ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕਮੇਟੀ ਵਲੋਂ ਕਈ ਵਾਰ ਦੁਕਾਨਦਾਰਾਂ ਨੂੰ ਇਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣਾ ਸਾਮਾਨ ਨਿਰਧਾਰਿਤ ਜਗਾ 'ਤੇ ਰੱਖਣ ਪਰ ਫਿਰ ਵੀ ਦੁਕਾਨਦਾਰ ਇਸ ਨੂੰ ਜਿੰਮੇਵਾਰੀ ਨਾਲ ਨਹੀਂ ਸਮਝਦੇ ਹਨ। ਉਨਾਂ ਕਿਹਾ ਕਿ ਜਲਦ ਹੀ ਨਗਰ ਕਾਸਲ ਵਲੋਂ ਇਸ ਸਮੱਸਿਆ ਦੇ ਹੱਲ ਲਈ ਅਭਿਆਨ ਚਲਾਇਆ ਜਾਵੇਗਾ ਤੇ ਤੰਗ ਬਾਜ਼ਾਰਾਂ ਨੂੰ ਖੁੱਲਾ ਕਰਵਾਇਆ ਜਾਵੇਗਾ।
ਇਸ ਸਬੰਧੀ ਜਦੋਂ ਡੀ.ਐਸ.ਪੀ. ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਮਾਮਲਾ ਨਗਰ ਕਾਸਲ ਦਾ ਹੈ ਅਤੇ ਜੇਕਰ ਨਗਰ ਕਾਸਲ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੁਲਿਸ ਪ੍ਰਸ਼ਾਸਨ ਪਾਸੋਂ ਸਹਾਇਤਾ ਮੰਗੇਗਾ ਤਾਂ ਉਹ ਇਸ ਅਭਿਆਨ 'ਚ ਸਹਿਯੋਗ ਦੇਣਗੇ।
ਇਸ ਸਬੰਧੀ ਯੂਥ ਅਕਾਲੀ ਆਗੂ ਕਰਨ ਸੇਠੀ ਦਾ ਕਹਿਣਾ ਹੈ ਕਿ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਨੂੰ ਦੇਖਦਿਆਂ ਦੁਕਾਨਦਾਰਾਂ ਨੂੰ ਖੁਦ ਆਪਣੀ ਜਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਜੇਕਰ ਦੁਕਾਨਦਾਰ ਖੁਦ ਆਪਣੀ ਜਿੰਮੇਵਾਰੀ ਨਾਲ ਸਮਾਨ ਨੂੰ ਨਿਰਧਾਰਿਤ ਜਗਾ 'ਤੇ ਰੱਖਣਗੇ ਤਾਂ ਟ੍ਰੈਫਿਕ ਸਮੱਸਿਆ ਹੱਲ ਹੋਵੇਗੀ।
ਇਸ ਸਬੰਧੀ ਸਮਾਜ ਸੇਵੀ ਅਮਨ ਹਾਂਡਾ ਦਾ ਕਹਿਣਾ ਹੈ ਕਿ ਟ੍ਰੈਫਿਕ ਸਮੱਸਿਆ ਦਾ ਹੱਲ ਤਦ ਹੀ ਸੰਭਵ ਹੋ ਸਕਦਾ ਹੈ ਜਦ ਨਗਰ ਪ੍ਰਸ਼ਾਸਨ ਰਾਜਨੀਤੀ ਤੋਂ ਉੱਪਰ ਉੱਠ ਕੇ ਕਾਰਵਾਈ ਲਈ ਤਿਆਰ ਹੋਵੇਗਾ। ਉਨਾਂ ਕਿਹਾ ਕਿ ਰਾਜਨੀਤਕ ਕਾਰਨਾਂ ਕਰਕੇ ਹੀ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ, ਜੇਕਰ ਨਗਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦੇਵੇ ਤਾਂ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਨਿਰਧਾਰਿਤ ਜਗਾ ਤੋਂ ਵੱਧ ਰੱਖੇ ਸਾਮਾਨ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

No comments: