BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਵਿੱਚ 21 ਅਪ੍ਰੈਲ ਤੋਂ ਸ਼ੁਰੂ ਇਨਾਂ ਖੇਡਾਂ ਵਿਚ ਭਾਗ ਲੈਣਗੇ ਭਾਰਤ ਦੇ 185 ਖਿਡਾਰੀ

  • ਵਰਲਡ ਮਾਸਟਰਜ਼ ਗੇਮਜ਼-2017
  • 101 ਸਾਲਾ ਬੇਬੇ ਮਨ ਕੌਰ ਅਥਲੈਟਿਕਸ ਦੌੜਾਂ ਵਿਚ ਖਿੱਚੇਗੀ ਮੀਡੀਆ ਦਾ ਧਿਆਨ

101 ਸਾਲਾ ਬੇਬੇ ਮਨ ਕੌਰ ਨਿਊਜ਼ੀਲੈਂਡ ਵਿਖੇ 'ਮਾਸਟਰ ਗੇਮਜ਼ 2017' ਵਿਚ ਭਾਗ ਲੈਣ ਪਹੁੰਚੇਗੀ
ਆਕਲੈਂਡ-14 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-'ਇੰਟਰਨੈਸ਼ਨਲ ਮਾਸਟਰਜ਼ ਗੇਮਜ਼ ਐਸੋਸੀਏਸ਼ਨ' ਵੱਲੋਂ 1985 ਵਿੱਚ ਟੋਰਾਂਟੋ ਤੋਂ ਸ਼ੁਰੂ ਕੀਤੀਆਂ ਮਾਸਟਰਜ਼ ਖੇਡਾਂ ਹਰ ਚਾਰ ਸਾਲ ਬਾਅਦ ਕਿਸੇ ਮੇਜ਼ਬਾਨ ਮੁਲਕ ਦੇ ਵਿਚ ਕਰਵਾਈਆਂ ਜਾਂਦੀਆਂ ਹਨ। ਇਸ ਵਾਰ 9ਵੀਂਆਂ ਮਾਸਟਰ ਖੇਡਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਅਤੇ ਵਾਇਕਾਟੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨਾਂ ਦੀ ਸ਼ੁਰੂਆਤ 21 ਅਪ੍ਰੈਲ ਨੂੰ ਸ਼ਾਮ 5.30 ਵਜੇ ਈਡਨ ਪਾਰਕ ਆਕਲੈਂਡ ਵਿਖੇ ਇਕ ਵੱਡੇ ਉਦਘਾਟਨੀ ਸਮਾਰੋਹ ਦੇ ਵਿਚ ਕੀਤੀ ਜਾ ਰਹੀ ਹੈ ਤੇ ਸਮਾਪਤੀ ਕੁਈਨਜ਼ ਰਾਫ ਆਕਲੈਂਡ ਵਿਖੇ 30 ਅਪ੍ਰੈਲ ਨੂੰ ਹੋਵੇਗੀ। ਇਨਾਂ ਮਾਸਟਰ ਖੇਡਾਂ ਦੇ ਵਿਚ ਕੁੱਲ 28 ਖੇਡਾਂ ਅਤੇ 45 ਡਿਸਿਪਲਨਜ਼ ਸ਼ਾਮਿਲ ਹਨ ਅਤੇ ਲਗਪਗ 100 ਦੇਸ਼ਾਂ ਦੇ ਹਜ਼ਾਰਾਂ ਲੋਕ ਭਾਗ ਲੈਣ ਪਹੁੰਚ ਰਹੇ ਹਨ। 28,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਜਿਨਾਂ ਵਿਚ 24,905 ਅਥਲੀਟ ਹਨ। ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ 185 ਭਾਰਤੀ ਖਿਡਾਰੀ ਵੀ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨ ਪਹੁੰਚ ਰਹੇ ਹਨ। ਖੇਡਾਂ ਵਿਚ ਸ਼ਾਮਿਲ ਹਨ ਤੀਰ ਕਮਾਨ, ਦੌੜਾਂ, ਬਡਮਿੰਟਨ, ਬੇਸਬਾਲ, ਬਾਸਕਟਬਾਲ, ਕਿਸ਼ਤੀ, ਸਾਈਕਲਿੰਗ, ਫੁੱਟਬਾਲ, ਗੌਲਫ, ਹਾਕੀ, ਲਾਅਨ ਬਾਉਲ, ਨੈਟਬਾਲ, ਰਗਬੀ, ਸੈਲਿੰਗ, ਸ਼ੂਟਿੰਗ, ਸਾਫਟਬਾਲ, ਸੁਕੈਸ਼, ਸਰਫ ਲਾਈਫ ਸੇਵਿੰਗ, ਤੈਰਾਕੀ, ਟੇਬਲ ਟੈਨਿਸ, ਟੈਨਿਸ, ਟੱਚ, ਵਾਲੀਵਾਲ, ਵਾਟਰ ਪੋਲੋ ਵੇਟ ਲਿਫਟਿੰਗ ਅਤੇ ਹੋਰ ਕਈ।
101 ਸਾਲਾ ਬੇਬੇ ਮਨ ਕੌਰ ਲਵੇਗੀ ਭਾਗ: ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸੁੰਦਰ ਸ਼ਹਿਰ ਚੰਡੀਗੜ ਤੋਂ 101 ਸਾਲਾ ਭਾਰਤੀ ਬੇਬੇ ਮਨ ਕੌਰ ਵੀ ਇਨਾਂ ਖੇਡਾਂ ਦੇ ਵਿਚ ਭਾਗ ਲੈਣ ਪਹੁੰਚ ਰਹੀ ਹੈ। ਬੇਬੇ 100 ਤੇ 200 ਮੀਟਰ ਦੌੜ, ਜੈਵਲਿਨ ਥ੍ਰੇਅ ਅਤੇ ਸ਼ਾਟਪੁੱਟ ਦੇ ਵਿਚ ਹਿੱਸਾ ਲਵੇਗੀ। ਬੇਬੇ ਦੇ ਨਾਲ ਉਨਾਂ ਦਾ ਪੁੱਤਰ ਸ. ਗੁਰਦੇਵ ਸਿੰਘ (79) ਵੀ ਆ ਰਹੇ ਹਨ ਤੇ ਇਨਾਂ ਖੇਡਾਂ ਵਿਚ ਹਿੱਸਾ ਲੈਣਗੇ। ਬੇਬੇ ਜੀ ਅੰਮ੍ਰਿਤਧਾਰੀ ਹਨ ਤੇ 93 ਸਾਲ ਦੀ ਉਮਰ ਤੋਂ ਦੌੜਾਂ ਦੇ ਵਿਚ ਪ੍ਰੈਕਟਿਸ ਕਰਦੇ ਹਨ। ਵਰਨਣਯੋਗ ਹੈ ਕਿ ਬੇਬੇ ਜੀ ਨੇ 100 ਮੀਟਰ ਦੌੜ 91 ਸੈਕਿੰਡ ਦੇ ਵਿਚ ਪੂਰੀ ਕਰਕੇ ਵੈਨਕੂਵਰ ਵਿੱਚ ਅਗਸਤ 2016 ਵਿੱਚ ਹੋਈਆਂ 'ਅਮਰੀਕਨ ਮਾਸਟਰ ਗੇਮਜ਼' ਦੇ ਵਿਚ ਸੋਨੇ ਦਾ ਤਮਗਾ ਜਿਤਿਆ ਸੀ। ਉਨਾਂ ਦੇ ਉਮਰ ਵਰਗ ਵਿਚ ਕੋਈ ਹੋਰ ਮਹਿਲਾ ਮੁਕਾਬਲੇ ਲਈ ਨਹੀਂ ਸੀ ਅਤੇ ਬੇਬੇ ਜੀ ਇਕੱਲੇ ਹੀ ਦੌੜੇ ਸਨ। ਸ਼ਾਟਪੁੱਟ ਅਤੇ ਜੈਵਲਿਨ ਥ੍ਰੋਅ ਦੇ ਵਿਚ ਵੀ ਬੇਬੇ ਨੇ ਮੈਡਲ ਜਿੱਤੇ ਹੋਏ ਹਨ। ਕੈਨੇਡਾ, ਸੈਕਰਾਮੈਂਟੋ, ਤਾਇਵਾਨ ਅਤੇ ਹੋਰ ਕਈ ਥਾਂਵਾਂ ਉਤੇ ਉਨਾਂ ਨੇ ਤਮਗੇ ਜਿੱਤ ਕੇ ਪੂਰੇ ਭਾਰਤ ਵਿਚ ਮਹਿਲਾਵਾਂ ਲਈ ਤੰਦਰੁਸਤੀ ਦਾ ਇਕ ਸੁਨੇਹਾ ਛੱਡਿਆ ਹੈ। ਉਹ ਸ਼ਾਕਾਹਾਰੀ ਹਨ ਅਤੇ ਘਰ ਦਾ ਬਣਿਆ ਭੋਜਨ ਹੀ ਛਕਦੇ ਹਨ। ਹੁਣ ਤੱਕ ਉਹ 20 ਤੋਂ ਜਿਆਦਾ ਤਮਗੇ ਜਿੱਤ ਚੁੱਕੀ ਹੈ। ਬੇਬੇ ਮਨ ਕੌਰ ਅਗਲੇ ਹਫਤੇ ਨਿਊਜ਼ੀਲੈਂਡ ਪਹੁੰਚ ਰਹੇ ਹਨ।
ਸੰਸਦ ਮੈਂਬਰ ਕਰਨਗੇ ਸਵਾਗਤ: ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਬੇਬੇ ਮਨ ਕੌਰ ਦਾ ਨਿੱਘਾ ਸਵਾਗਤ ਕਰਨਗੇ ਅਤੇ ਉਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

No comments: