BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲਾਲਾਬਾਦ ਨਵੀਂ ਦਾਣਾ ਮੰਡੀ ਵਿੱਚ ਕਣਕ ਦੇ ਸੀਜ਼ਨ ਨੂੰ ਲੈ ਕੇ ਨਹੀਂ ਹਨ ਪ੍ਰਬੰਧ ਮੁਕੰਮਲ

  • ਥਾਂ ਥਾਂ 'ਤੇ ਦਿਖਾਏ ਦੇ ਰਹੀ ਹੈ ਗੰਦਗੀ ਅਤੇ ਆਵਾਰਾ ਘੁੰਮ ਰਹੇ ਪਸ਼ੂ
ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)-ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਕੱਲ ਬੀਤੀ 1 ਅਪੈ੍ਰਲ ਤੋਂ ਸ਼ੁਰੂ ਕਰ ਦਿੱੱਤੀ ਗਈ ਹੈ। ਲੇਕਿਨ ਕਿਸਾਨਾਂ ਦੀ ਕਣਕਾਂ ਹਰੀਆਂ ਹੋਣ ਕਰਕੇ ਅੱਜ ਦੂਸਰੇ ਦਿਨ ਵੀ ਸਥਾਨਕ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿੱਚ ਕੋਈ ਵੀ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਹਾਲੇ ਤੱਕ ਨਹੀਂ ਪੁੱਜਿਆ ਹੈ। ਕਿਸਾਨ ਖਰੈਤ ਲਾਲ ਨੇ ਦੱਸਿਆ ਕਿ ਕਣਕਾਂ ਹਰੀਆਂ ਹਨ ਅਤੇ ਜਿਹੜੀ ਕਣਕ ਨੇ ਰੰਗ ਵਟਾ ਲਿਆ ਹੈ, ਉਸਦਾ ਨਾੜ ਹਰਾ ਹੈ, ਜੇਕਰ ਮੌਸਮ ਇਸੇ ਤਰਾਂ ਜਾਰੀ ਰਿਹਾ ਤਾਂ ਕਣਕ ਦੀ ਫਸਲ ਵਾਢੀ ਦਾ ਕੰਮ 5 ਅਪ੍ਰੈਲ ਤੱਕ ਸ਼ੁਰੂ ਹੋ ਜਾਏਗਾ। ਇਸ ਹਿਸਾਬ ਨਾਲ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ 5 ਅਪੈ੍ਰਲ ਤੋਂ ਬਾਅਦ ਹੀ ਜ਼ੋਰ ਫੜੇਗੀ। ਜੇਕਰ ਕੋਈ ਵੀ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਜਲਾਲਾਬਾਦ ਦੀ ਨਵੀਂ ਦਾਣਾ ਮੰਡੀ ਵਿੱਚ ਪੁੱਜਦਾ ਹੈ ਤਾਂ ਉਕਤ ਕਿਸਾਨ ਨੂੰ ਆਪਣੀ ਫਸਲ ਲਿਆਉਣ ਕੇ ਰੱਖਣ ਤੋਂ ਲੈ ਕੇ ਵੇਚਣ ਤੱਕ ਅਨੇਕਾਂ ਪ੍ਰਕਾਰ ਦੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਜਲਾਲਾਬਾਦ ਦੀ ਨਵੀਂ ਦਾਣਾ ਮੰਡੀ ਦਾ ਹਾਲ ਬੂਰਾ ਹੋਇਆ ਪਿਆ ਹੈ।
  • ਥਾਂ ਥਾਂ 'ਤੇ ਦਿਖਾਈ ਦੇ ਰਹੀ ਹੈ ਗੰਦਗੀ
ਜਲਾਲਾਬਾਦ ਦੀ ਨਵੀਂ ਦਾਣਾ ਮੰਡੀ ਵਿੱਚ ਆਲਮ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ 1 ਅਪੈ੍ਰਲ ਤੋਂ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਲੇਕਿਨ ਮੰਡੀ ਵਿੱਚ ਜਿਸ ਪਾਸੇ ਮਰਜ਼ੀ ਵੇਖਿਆ ਜਾਵੇ, ਹਰ ਪਾਸੇ ਗੰਦਗੀ ਦਿਖਾਈ ਦੇ ਰਹੀ ਹੈ। ਇਸ ਗੰਦਗੀ 'ਤੇ ਪਣਪ ਰਹੇ ਮੱਛਰਾਂ ਦੇ ਢੇਰ ਕਿਸਾਨਾਂ ਨੂੰ ਰਾਤ ਸਮੇਂ ਮੰਡੀ ਵਿੱਚ ਬੈਠਣ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਵਧਾ ਸਕਦੇ ਹਨ।
  • ਦਾਣਾ ਮੰਡੀ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ
ਅੱਜ ਸਵੇਰੇ ਜਦੋਂ ਟੀਮ ਨੇ ਜਲਾਲਾਬਾਦ ਦੀ ਨਵੀਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਦਾਣਾ ਮੰਡੀ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ। ਆਵਾਰਾ ਪਸ਼ੂਆਂ ਦੇ ਝੁੰਡਾਂ ਦੇ ਝੁੰਡ ਖੁੱਲੇ ਆਮ ਦਾਣਾ ਮੰਡੀ ਵਿੱਚ ਘੁੰਮ ਰਹੇ ਹਨ। ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਲਿਆ ਕੇ ਰੱਖਣ ਤੋਂ ਲੈ ਕੇ ਵੇਚਣ ਤੱਕ ਇਨਾਂ ਆਵਾਰਾ ਪਸ਼ੂਆਂ ਦੇ ਕਾਰਨ ਵੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  • ਸੜਕਾਂ 'ਤੇ ਫੈਲਿਆ ਹੋਇਆ ਹੈ ਸੀਵਰੇਜ ਦਾ ਗੰਦਾ ਪਾਣੀ
ਜਲਾਲਾਬਾਦ ਦੀ ਨਵੀਂ ਦਾਣਾ ਮੰਡੀ ਵਿੱਚ ਗੰਦਗੀ ਤੇ ਆਵਾਰਾ ਪਸ਼ੂਆਂ ਤੋਂ ਇਲਾਵਾ ਮੰਡੀ ਵਿੱਚ ਕਈ ਥਾਵਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਵਿੱਚੋਂ ਲੀਕ ਹੋ ਕੇ ਬਾਹਰ ਸੜਕਾਂ 'ਤੇ ਜਮਾਂ ਹੋਇਆ ਪਿਆ ਹੈ ਅਤੇ ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਭਿਆਨਕ ਬਦਬੂ ਆ ਰਹੀ ਹੈ ਅਤੇ ਇਸ ਗੰਦੇ ਪਾਣੀ 'ਤੇ ਵੀ ਹਜ਼ਾਰਾਂ ਮੱਛਰਾਂ ਦਾ ਝੁੰਡ ਮੰਡਰਾ ਰਿਹਾ ਹੈ। ਇਸ ਸਭ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਮੰਡੀ ਵਿੱਚ ਰਹਿੰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
  • ਕੀ ਕਹਿੰਦੇ ਹਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰਾਜਸਥਾਨੀ
ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰਾਜਸਥਾਨੀ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਮੇਂ ਕਿਸੇ ਪ੍ਰਕਾਰ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਆਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਲੇਕਿਨ ਹੁੰਦਾ ਹਰ ਵਾਰ ਇਸ ਦੇ ਉਲਟ ਹੀ ਹੈ। ਕਿਸਾਨਾਂ ਨੂੰ ਆਪਣੀ ਫਸਲ ਵੱਢ ਕੇ ਲਿਆਉਣ ਤੋਂ ਲੈ ਕੇ ਵੇਚਣ ਤੱਕ ਅਥਾਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜ਼ਿਲਾ ਫਾਜ਼ਿਲਕਾ ਦੇ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਦੇ ਪ੍ਰਬੰਧ ਜਿਵੇਂ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ, ਲਾਈਟ ਦਾ ਪ੍ਰਬੰਧ, ਸਫਾਈ ਦਾ ਪ੍ਰਬੰਧ, ਆਵਾਰਾ ਪਸ਼ੂਆਂ ਨੂੰ ਮੰਡੀ ਵਿੱਚੋਂ ਬਾਹਰ ਕੱਢਣ ਦੇ ਨਾਲ ਨਾਲ ਕਈ ਹੋਰ ਤਰਾਂ ਦੇ ਪ੍ਰਬੰਧ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਰਹਿੰਦੇ ਸਮੇਂ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

No comments: