BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਨੂੰ ਅਗਵਾਹ ਕਰਕੇ ਉਸਦੀਆਂ ਕਿਡਨੀਆਂ ਕੱਢਣ ਦੀ ਕੀਤੀ ਗਈ ਯੋਜਨਾ ਅਸਫਲ

ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ, ਲੋਕ ਆਪਣੇ ਆਪ ਨੂੰ ਕਰ ਰਹੇ ਹਨ ਅਸੁਰੱਖਿਅਤ ਮਹਿਸੂਸ
ਜਲਾਲਾਬਾਦ, 1 ਅਪ੍ਰੈਲ (ਬਬਲੂ ਨਾਗਪਾਲ):
ਬੀਤੇਂ ਕੱਲ ਨੂੰ ਫਿਰੋਜ਼ਪੁਰ-ਜਲਾਲਾਬਾਦ ਮੁੱਖ ਮਾਰਗ 'ਤੇ ਸਥਿਤ ਟੂਲ ਟੈਕਸ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਲੜਕੇ ਨੂੰ ਅਗਵਾਹ ਕਰਕੇ ਉਸਦੀਆਂ ਕਿਡਨੀਆਂ ਕੱਢਣ ਦੀ ਯੋਜਨਾ ਬਣਾਉਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਲੇਕਿਨ ਉਕਤ ਨੌਜਵਾਨ ਦੀ ਕਿਸਮਤ ਚੰਗੀ ਹੋਣ ਕਰਕੇ ਉਹ ਉਕਤ ਅਣਪਛਾਤੇ ਵਿਅਕਤੀਆਂ ਦੀ ਮਾੜੀ ਯੋਜਨਾ ਸਫਲ ਹੋਣ ਤੋਂ ਬਚ ਗਿਆ। ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਸੰਬੰਧੀ ਸੂਚਨਾ ਇਲਾਕੇ ਦੇ ਥਾਣਾ ਅਮੀਰ ਖਾਸ ਚੌਂਕੀ ਵਿੱਚ ਦੇ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਏ ਵਰਿੰਦਰ ਕੁਮਾਰ ਪੁੱਤਰ ਜੰਗੀਰ ਸਿੰਘ (25) ਵਾਸੀ ਪਿੰਡ ਮਹਿਮੂਦ ਖਾਣੇ ਕੇ ਤਹਿਸੀਲ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਨੇ ਦੱਸਿਆ ਕਿ ਬੀਤੇਂ ਕੱਲ ਦੀ ਸਵੇਰੇ 10 ਦੇ ਕਰੀਬ ਉਹ ਆਪਣੀ ਕਾਰ ਦਾ ਪਾਸ ਬਣਵਾਉਣ ਦੇ ਲਈ ਫਿਰੋਜ਼ਪੁਰ-ਜਲਾਲਾਬਾਦ ਮੁੱਖ ਮਾਰਗ 'ਤੇ ਸਥਿਤ ਟੂਲ ਟੈਕਸ 'ਤੇ ਗਿਆ ਸੀ। ਇਸ ਦੌਰਾਨ ਪਹਿਲਾਂ ਤੋਂ ਉਥੇ ਖੜੀ ਇੱਕ ਐਂਬੂਲੈਂਸ ਵੈਨ ਜਿਸ 'ਤੇ ਨੀਲੇ ਰੰਗ ਦੀ ਬੱਤੀ ਲੱਗੀ ਹੋਈ ਸੀ। ਉਸ ਵਿੱਚੋਂ ਇੱਕ ਵਿਅਕਤੀ ਥੱਲੇ ਆਇਆ ਅਤੇ ਮੈਂਨੂੰ ਕਹਿਣ ਲੱੱਗਾ ਕਿ ਦੇਖੀ ਕਾਕਾ ਗੱਡੀ ਵਿੱਚ ਬੰਦੇ ਤੇਰੇ ਪਿੰਡ ਦੇ ਹਨ। ਵਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਮੈਂ ਐਂਬੂਲੈਂਸ ਵਿੱਚ ਬੈਠੇ ਵਿਅਕਤੀਆਂ ਨੂੰ ਦੇਖਣ ਲਈ ਨਜ਼ਦੀਕ ਗਿਆ ਤਾਂ ਇੱਕ ਵਿਅਕਤੀ ਨੇ ਮੈਨੂੰ ਧੱਕਾ ਮਾਰ ਕੇ ਉਕਤ ਐਂਬੂਲੈਂਸ ਵਿੱਚ ਬਿਠਾ ਦਿੱਤਾ। ਜਿਸ ਤੋਂ ਬਾਅਦ ਉਕਤ ਐਂਬੂਲੈਂਸ ਵਿੱਚ ਬੈਠੇ ਵਿਅਕਤੀਆਂ ਨੇ ਮੈਨੂੰ ਕੋਈ ਨਸ਼ੀਲੀ ਚੀਜ਼ ਸੁੰਗਾ ਕੇ ਬੇਹੋਸ਼ ਕਰ ਦਿੱਤਾ ਅਤੇ ਬਾਅਦ ਵਿੱਚ ਫਰੀਦਕੋਟ ਵਾਲੀ ਸਾਈਡ ਲੈ ਗਏ। ਇਸ ਦੌਰਾਨ ਰਸਤੇ ਵਿੱਚ ਮੈਨੂੰ ਥੋੜਾ ਥੋੜਾ ਹੋਸ਼ ਆਇਆ ਤਾਂ ਉਕਤ ਵਿਅਕਤੀ ਮੇਰੀਆਂ ਕਿਡਨੀਆਂ ਕੱਢਣ ਸੰਬੰਧੀ ਗੱਲਬਾਤ ਕਰ ਰਹੇ ਸਨ। ਨੌਜਵਾਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਐਂਬੂਲੈਂਸ ਵਿੱਚ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਕੁੱਟ ਕੁੱਟ ਕੇ ਬੂਰਾ ਹਾਲ ਕਰ ਦਿੱਤਾ। ਇਸ ਦੌਰਾਨ ਜਦੋਂ ਫਰੀਦਕੋਟ ਦੇ ਨਜ਼ਦੀਕ ਪੁੱਜੇ ਤਾਂ ਫਰੀਦਕੋਟ ਤੋਂ 5 ਤੋਂ 6 ਕਿਲੋਮੀਟਰ ਪਹਿਲਾਂ ਪੁਲਿਸ ਨਾਕਾ ਲੱਗਿਆ ਹੋਇਆ ਸੀ ਤਾਂ ਉਕਤ ਵਿਅਕਤੀਆਂ ਨੇ ਮੈਨੂੰ ਉਥੇ ਹੀ ਸੁੱਟ ਦਿੱਤਾ ਅਤੇ ਉਥੋਂ ਚੱਲੇ ਗਏ। ਜਦੋਂ ਕੁਝ ਸਮਾਂ ਬਾਅਦ ਮੈਨੂੰ ਹੋਸ਼ ਆਇਆ ਤਾਂ ਮੈਂ ਕਿਸੇ ਰਾਹਗੀਰ ਕੋਲੋਂ ਮਦਦ ਲਈ ਅਤੇ ਆਪਣੇ ਘਰ ਫੋਨ 'ਤੇ ਸੰਪਰਕ ਕੀਤਾ ਅਤੇ ਵਾਪਰੀ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੇਰੇ ਪਰਿਵਾਰਕ ਮੈਂਬਰ ਮੇਰੇ ਵੱਲੋਂ ਦੱਸੇ ਗਏ ਪਤੇ 'ਤੇ ਪੁੱਜੇ ਅਤੇ ਮੈਨੂੰ ਘਰ ਲੈ ਕੇ ਆਏ। ਨੌਜਵਾਨ ਵਰਿੰਦਰ ਕੁਮਾਰ ਦੇ ਪਿਤਾ ਜੰਗੀਰ ਸਿੰਘ ਨੇ ਦੱਸਿਆ ਕਿ ਵਰਿੰਦਰ ਕੁਮਾਰ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਹੈ ਅਤੇ ਅਣਪਛਾਤੇ ਵਿਅਕਤੀਆਂ ਨੇ ਵਰਿੰਦਰ ਕੁਮਾਰ ਨੂੰ ਅਗਵਾਹ ਕਰਨ ਦੇ ਦੌਰਾਨ ਉਸ ਨਾਲ ਹੱਦ ਤੋਂ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ, ਜਿਸ ਕਰਕੇ ਵਰਿੰਦਰ ਕੁਮਾਰ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਉਹ ਬੂਰੀ ਤਰਾਂ ਸਹਿਮਿਆਂ ਹੋਇਆ ਹੈ। ਨੌਜਵਾਨ ਵਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਫਸਰਾਂ ਪਾਸੋਂ ਮੰਗ ਕੀਤੀ ਹੈ ਕਿ ਇਸ ਘਟਨਾ ਨਾਲ ਸੰਬੰਧਤ ਦੋਸ਼ੀਆਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਅਤੇ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਵਰਿੰਦਰ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ। ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੇ ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ।

No comments: