BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਸੀ. ਵਲੋਂ ਆਟੋਮੈਟਿਡ ਡਰਾਈਵਿੰਗ ਟਰੈਕ ਦੇ ਸਟਾਫ ਦੇ ਕੰਮ ਵਿਚ ਵੱਡੀ ਰੱਦੋਬਦਲ

  • 2 ਘੰਟੇ ਤੋਂ ਵੱਧ ਸਮਾਂ ਕੀਤਾ ਲਾਇਸੈਂਸ ਬਣਾਉਣ ਪ੍ਰਕ੍ਰਿਆ ਦਾ ਨਿਰੀਖਣ
  • ਇਲੈਕਟ੍ਰਾਨਿਕ ਟੋਕਨ ਵਿਵਸਥਾ ਸ਼ੁਰੂ ਕਰਨ ਦੇ ਹੁਕਮ
  • ਸਮਾਰਟ ਚਿਪ ਕੰਪਨੀ ਦੇ ਮੁਲਾਜ਼ਮਾਂ ਨੂੰ ਸਖਤ ਤਾੜਨਾ
  • ਲੋਕਾਂ ਦੀ ਸਹੂਲਤ ਲਈ ਬੈਠਣ, ਪੀਣ ਵਾਲੇ ਪਾਣੀ ਦਾ ਤੁਰੰਤ ਪ੍ਰਬੰਧ ਕਰਨ ਦੇ ਨਿਰਦੇਸ਼
  • ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਟਰੈਕ ਦੇ ਕੰਮਕਾਜ ਸਬੰਧੀ ਹਫਤਾਵਾਰੀ ਰਿਪੋਰਟ ਦੇਣ ਲਈ ਕਿਹਾ
  • ਸਹਾਇਕ ਜਿਲ੍ਹਾ ਟਰਾਂਸਪੋਰਟ ਅਫਸਰ ਨੂੰ ਰੋਜ਼ਾਨਾ 4 ਘੰਟੇ ਟਰੈਕ ਵਿਖੇ ਲੋਕਾਂ ਦੀਆਂ ਸਮਸਿਆਵਾਂ ਦਾ ਹੱਲ ਕਰਨ ਦੇ ਹੁਕਮ

ਜਲੰਧਰ 5 ਮਈ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਲੰਧਰ ਬੱਸ ਸਟੈਂਡ ਨਜ਼ਦੀਕ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਦਾ ਸਾਰੇ ਸਟਾਫ ਦੇ ਕੰਮ ਦੀ ਨਵੇਂ ਸਿਰੇ ਤੋਂ ਵੰਡ ਕੀਤੀ ਗਈ ਹੈ। ਇਸ ਸਬੰਧੀ ਉਨਾਂ ਵਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ । ਇਸ ਤੋਂ ਇਲਾਵਾ ਟਰੈਕ ਵਿਖੇ ਤਾਇਨਾਤ ਸਟਾਫ ਨੂੰ  ਹਰ 3 ਮਹੀਨੇ ਬਾਅਦ ਰੋਟੇਸ਼ਨ ਦੇ ਆਧਾਰ 'ਤੇ ਤਾਇਨਾਤ ਕਰਨ ਦੇ ਹੁਕਮ ਵੀ  ਦਿੱਤੇ ਹਨ। ਟਰੈਕ ਵਿਖੇ ਲਾਇਸੈਂਸ ਬਣਵਾਉਣ, ਰਿਨਿਊ ਕਰਵਾਉਣ ਲਈ ਆ ਰਹੇ ਲੋਕਾਂ ਨੂੰ ਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਗੁਰਮੀਤ ਸਿੰਘ, ਟਰਾਂਸਪੋਰਟ ਵਿਭਾਗ , ਰੋਡਵੇਜ਼ ਦੇ ਅਧਿਕਾਰੀਆਂ ਨਾਲ ਟਰੈਕ ਦਾ ਦੌਰਾ ਕਰਕੇ 2 ਘੰਟੇ ਤੋਂ ਵੀ ਜਿਆਦਾ ਸਮਾਂ ਲਾਇਸੈਂਸ ਬਣਵਾਉਣ ਤੇ ਨਵਿਆਉਣ ਦੀ ਪ੍ਰਕ੍ਰਿਆ ਦਾ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਸਹਾਇਕ ਜਿਲ੍ਹਾ ਟਰਾਂਸਪੋਰਟ ਅਫਸਰ ਨੂੰ ਰੋਜ਼ਾਨਾ ਕੰਮ ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਟਰੈਕ ਵਿਖੇ ਬੈਠਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੀਆਂ ਸਮਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ  ਜਾ ਸਕੇ।
ਡਿਪਟੀ ਕਮਿਸ਼ਨਰ ਵਲੋਂ ਟਰੈਕ ਦੇ ਸੰਚਾਲਨ ਵਿਚ ਸਹਿਯੋਗੀ ਕੰਪਨੀ 'ਸਮਾਰਟ ਚਿਪ' ਦੇ ਮੁਲਾਜ਼ਮਾਂ ਨੂੰ ਵਿਵਸਥਾ ਸੁਧਾਰਨ ਲਈ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ। ਉਨਾਂ ਕਿਹਾ ਕਿ ਸੇਵਾ ਪ੍ਰਾਪਤ ਕਰਨ ਆਏ ਲੋਕਾਂ ਦੀ ਸਹੂਲਤ ਲਈ ਬੈਂਕਾਂ ਦੀ ਤਰਜ਼ 'ਤੇ ਇਲੈਕਟ੍ਰਾਨਿਕ ਟੋਕਨ ਵਿਵਸਥਾ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। ਕੰਪਨੀ ਦੇ ਮੁਲਾਜ਼ਮਾਂ ਵਲੋਂ ਕੇਵਲ ਕੱਚੀ ਪਰਚੀ ਨਾਲ ਟੋਕਨ ਜਾਰੀ ਕਰਨ ਦੀ ਪ੍ਰਕ੍ਰਿਆ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਆਗਾਮੀ ਸੋਮਵਾਰ ਤੱਕ ਨਵੀਂ ਟੋਕਨ ਵਿਵਸਥਾ ਸ਼ੁਰੂ ਕੀਤੀ ਜਾਵੇ ਅਤੇ ਹਰ ਟੋਕਨ , ਉਸ ਉੱਪਰ ਦਿੱਤੀ ਗਈ ਸੇਵਾ ਆਦਿ ਨੂੰ ਵੀ ਰਜਿਸਟਰਡ ਕੀਤਾ ਜਾਵੇ। ਵਿਸ਼ੇਸ਼ ਸ਼੍ਰੇਣੀ ਅਧੀਨ ਲਾਇਸੈਂਸ ਬਣਵਾਉਣ ਆਏ ਰਾਸਤਾ ਮੁਹੱਲਾ , ਜਲੰਧਰ ਦੇ ਅਸ਼ੋਕ ਕੁਮਾਰ ਜੋ ਕਿ ਅੰਗਹੀਣ ਸਨ, ਵਲੋਂ ਉਨ੍ਹਾਂ ਨੂੰ ਮੈਡੀਕਲ ਲਈ ਖੱਜਲ ਖੁਆਰ ਕੀਤੇ ਜਾਣ 'ਤੇ ਸਖਤ ਕਾਰਵਾਈ ਕਰਦਿਆਂ ਸ੍ਰੀ ਸ਼ਰਮਾ ਵਲੋਂ  ਟਰੈਕ ਵਿਖੇ ਇਕ ਹੋਰ ਡਾਕਟਰ ਦੀ ਤਾਇਨਾਤੀ ਕਰਨ ਦੇ ਹੁਕਮ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਲੋਕ ਲਾਇਸ਼ੈਂਸ ਲੈਣ ਲਈ ਵਿਸ਼ੇਸ਼ ਕੇਸ ਜਿਸ ਵਿਚ ਮੈਡੀਕਲ ਲੋਂੜੀਂਦਾ ਹੋਵੇ ਉਹ ਸਿਵਲ ਹਸਪਤਾਲ ਤੋਂ ਵੀ ਕਰਵਾ  ਸਕਣਗੇ। ਲਾਇਸੈਂਸ ਜਾਰੀ ਕਰਨ ਵੇਲੇ ਲੋਕਾਂ ਦੀ ਸਹੂਲਤ ਲਈ ਇਕ ਡਿਸਪਲੇ ਬੋਰਡ ਵੀ ਸਥਾਪਿਤ ਕਰਨ ਦੇ ਹੁਕਮ ਦਿੱਤੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਲਾਇਸੈਂਸ ਦੀ ਅਸਲੀ ਸਥਿਤੀ ਬਾਰੇ ਪਤਾ ਲੱਗ ਸਕੇ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਟਰੈਕ  ਵਿਖੇ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੁਰੰਤ ਕਰਨ ਦੇ ਹੁਕਮ ਦਿੱਤੇ ਗਏ। ਲੋਕਾਂ ਨੂੰ ਟਰੈਕ ਵਿਖੇ ਪਾਰਕਿੰਗ ਲਈ ਆ ਰਹੀ ਦਿੱਕਤ ਦੇ ਮਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਟਰੈਕ ਨੇੜੇ ਰੋਡਵੇਜ਼ ਦੀ ਜਗ੍ਹਾ ਨੂੰ ਪਾਰਕਿੰਗ ਹਿੱਤ ਵਰਤਣ ਲਈ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜ਼ਰ ਨੂੰ ਤੁਰੰਤ ਪ੍ਰਸ਼ਾਸ਼ਕੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਸ੍ਰੀ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਗੁਰਮੀਤ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਟਰੈਕ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਹਫਤਾਵਾਰੀ ਰਿਪੋਰਟ ਸੌਂਪਣ ਅਤੇ ਨਿੱਜੀ ਕੰਪਨੀ ਦੇ ਕੰਮ ਕਾਜ ਦਾ ਲਗਾਤਾਰ ਮੁਲਾਂਕਣ ਕੀਤਾ ਜਾਵੇ। ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ ਨੇ ਕਿਹਾ ਕਿ ਟਰੈਕ ਨੂੰ ਸ਼ੈਡ ਰਾਹੀਂ ਕਵਰ ਕਰਨ ਸਬੰਧੀ ਐਸਟੀਮੈਟ ਲਈ ਕਾਰਜਕਾਰੀ ਇੰਜੀਨੀਅਰ , ਲੋਕ ਨਿਰਮਾਣ ਵਿਭਾਗ ਜਲੰਧਰ ਨੂੰ ਹਦਾਇਤ ਕੀਤੀ ਗਈ ਹੈ।

No comments: