BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਵਣ (ਕਹਾਣੀ)

ਰਮੇਸ਼ ਦੀਆਂ ਅੱਖਾਂ ਵਿੱਚ ਕਿਸੇ ਅਪਾਰ ਖੁਸੀ ਤੇ ਜਿੱਤ ਦੀ ਲੋਅ ਚਮਕਾਂ ਮਾਰ ਰਹੀ ਸੀ, ਚੇਹਰਾ ਦਗ ਦਗ ਕਰ ਰਿਹਾ ਸੀ, ਸਾਇਦ ਕਿਸੇ ਦੁਸ਼ਮਨ ਨੂੰ ਚਿੱਤ ਕਰਨ ਦੀ, ਸਾਇਦ ਲੰਕਾਂ ਜਿਹੀ ਜਿੱਤ ਵਰਗਾ ਕੋਈ ਕੰਮ ਕਢਵਾਉਣ ਦੀ, ਸਾਇਦ ਸੱਚੇ ਹਮਾਇਤੀ ਭਗਤ ਜਿਹੀ, ਪਰ ਸੀ ਜਰੂਰ ਕੋਈ ਚੀਜ ਅਪਾਰ ਖੁਸੀ ਵਾਲੀ।  ਤਹਿਸੀਲ ਦੇ ਸਰਕਾਰੀ ਦਫਤਰ ਵਿੱਚ ਹੈਡ ਕਲਰਕ ਦਾ ਕੰਮ ਕਰਦਾ ਹੋਣ ਕਰਕੇ ਇਲਾਕੇ ਵਿੱਚ ਉਸਦੀ ਕਾਫੀ ਪੁਛ ਪੜਤਾਲ ਹੈ, ਮੇਰਾ ਬੈਂਕ ਉਸ ਦੇ ਦਫਤਰ ਦੇ ਨੇੜੇ ਹੋਣ ਕਾਰਨ ਅਤੇ ਘਰ ਵੀ ਇੱਕ ਹੀ ਮੁਹੱਲੇ ਹੋਣ ਕਾਰਨ ਕਾਫੀ ਬੋਲ ਚਾਲ ਸੀ ਉਸਦੇ ਨਾਲ। ਦਫਤਰ ਆਉਣ ਆਲੇ ਲੋਕਾਂ ਨੂੰ ਛੋਟੇ-ਵੱਡੇ ਕੰਮ ਕਰਾਉਣ ਦੇ ਭੰਬਲਭੂਸੇ ਵਿਚ ਪਾਕੇ, , ਮਜਬੂਰ ਲੋਕਾਂ ਦੇ ਕੰਮ ਕੱਢਵਾਉਣ ਦੇ ਮਨ ਵਿਚ ਕਈ ਪਲੈਨ ਤਰੀਕੇ, ਉਸ ਦੇ ਮਨ ਵਿਚ ਰੋਜ ਗੇੜੀਆਂ ਮਾਰਦੇ ਸਨ ਤਾਂ ਕਿ ਜਿਸ ਨਾਲ ਪਰਿਵਾਰ ਦੀਆਂ ਰੀਝਾਂ ਤੇ ਆਪਣੀਆਂ ਲਾਲਚ ਦੇ ਖੀਸੇ ਨੂੰ ਪੂਰ ਸਕੇ।
ਖੌਰੇ ਦੁਸਿਹਰੇ ਦਾ ਆਉਦੇ ਤਿਉਹਾਰ ਕਰਕੇ, ਕੇਹੜੇ ਵੱਡੇ ਪਲੈਨ ਦੀ ਤਿਆਰੀ ਕਰੀਂ ਬੈਠਾ ਸੀ, ਨਹੀ ਤਾਂ ਪਹਿਲਾਂ ਤਾਂ ਸੰਗਰਾਂਦ ਦੀ ਉਗਰਾਹੀ ਵੀ ਟੁੱਟੇ ਜਿਹੇ ਮਨ ਨਾਲ ਹੀ ਦਿੰਦਾ ਸੀ ਪਰ ਅੱਜ ਤਾਂ  ਉਸ ਦੇ ਸਬ਼ਦਾਂ ਵਿਚ ਪੂਰਾ ਜੋਸ਼ ਸੀ, ਪੁਖਤਗੀ ਸੀ,  ਚੇਹਰੇ ਤੇ ਚਮਕ ਤੇ ਜਜਬਾ ਸੀ, ਮੇਰਾ ਧਿਆਨ ਚੰਗੀ ਤਰਾਂ ਖਿੱਚ ਕੇ ਕਹਿੰਦਾ**ਅਖੇ, ਯਾਰ ਐਂਤਕੀ ਤਾਂ ਰਾਵਣ ਦਾ ਵੱਡਾ ਬੁੱਤ ਬਣਾਵਾਂਗੇ ਤੇ ਜੋਸ਼ ਖਰੋਸ਼ ਨਾਲ ਸਾੜਾਂਗੇ, ਰਾਮ ਜੀ ਦੀ ਪਤਨੀ ਸੀਤਾ ਹਰਨ ਦਾ ਪਾਪ ਕੀਤਾ ਸੂ ਇਸਨੇ, ਬਹੁਤ ਵੱਡਾ ਪਾਪੀ ਸੀ, ਮੈਂ ਤਾਂ ਐਤਕੀਂ ਵੱਡੀ ੳਗਰਾਈ ਦੇਣੀ ਵਾ !ਤੂੰ ਵੇਖ ਲਈਂ** 
ਦੁਸਿਹਰੇ ਤੋਂ ਇੱਕ ਦਿਨ ਪਹਿਲਾਂ ਹੀ ਮੈਂਨੂੰ ਰਮੇਸ਼ ਦੇ ਦਫਤਰ ਜਾਣਾ ਪਿਆ ਆਪਣੇ ਬੇਟੇ ਦੇ ਸਰਟਿਫਿਕੇਟ ਬਣਾਵਣ ਬਾਰੇ। ਪੁਰਾਣੀ ਸਰਕਾਰੀ ਬਾਊਆਂ ਵਾਲੀ ਟੌਹਰ ਅੱਗੇ ਆ ਗਈ, ਪਾਜੀ ਕੀ ਹਾਲ ਨੇ? ਤੁਸੀਂ ਬੈਠੋ ਮੈਂ ਜਰਾ ਆਇਆ ਸਾਹਬ ਦੇ ਦਫਤਰੋਂ ਹੋ ਕੇ, ਬਰਾਂਚ ਚੋਂ ਫਾਇਲਾਂ ਚੁੱਕ ਤੇ ਸਾਹਬ ਦੇ ਦਫਤਰ ਗਿਆ। ਉਸਦੀ ਬਰਾਂਚ ਵਿਚ ਇੱਕ ੬੫-੭੦ ਸਾਲ ਦੀ ਲਾਚਾਰ ਹੱਡੀਆਂ ਦੀ ਮੁੱਠ ਮਾਤਾ ਡੰਗੋਰੀ ਲਈ ਤੇ ਛੋਟੇ ਬੱਚੇ ਨਾਲ, ਨਾਲਦੀ ਕੁਰਸੀ ਤੇ ਬੈਠੀ ਮੈਂਥੋਂ ਵੀ ਪਹਿਲਾਂ ਦੀ ਬੈਠੀ ਕਿਸੇ ਕੰਮ ਹੋਣ ਦੀ ਉਡੀਕ ਵਿੱਚ ਬੈਠੀ ਸੀ। ਸਾਇਦ ਇਹ ਉਸਦਾ ਪੋਤਰਾ ਸੀ, ਸੋ ਸਾਹਬ ਦੇ ਦਫਤਰ ਤੋਂ ਫਾਇਲਾਂ ਚੁੱਕੀ ਵਾਪਸ ਆ ਕੇ ਮੈਨੂੰ ਦੋ ਦਿਨ ਬਾਦ ਆਵਣ ਦਾ ਕਹਿ ਕੇ ਫਾਰਗ ਕਰ ਦਿੱਤ ਤੇ ਮੈਂ ਘਰ ਆ ਗਿਆ।
ਦੋ ਦਿਨਾਂ ਬਾਦ ਮੈਂ ਫਿਰ ਰਮੇਸ਼ ਦੇ ਦਫਤਰ ਪੁੱਜਾ ਤੇ ਵੇਖਿਆ ਕਿ ਉਹੀ ਮਾਤਾ ਫੇਰ ਉਸਦੇ ਦਫਤਰ ਬੈਠੀ ਸੀ। ਮੈਂਥੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਬੈਠਾ **ਮਾਤਾ ਜੀ, ਤਸੀਂ ਕਿਸ ਕੰਮ ਤੋਂ ਦਫਤਰ ਆਏ ਹੋ, ਉਸ ਕਿਹਾ, ਪੁੱਤ ਮੇਰਾ ਪਤੀ ਸੇਵਾਦਾਰ ਰਟੈਰ ਹੋਇਆ ਸੀ ਸਰਕਾਰੀ ਮੈਕਮੇ ਵਿਚੋਂ, ਫੇਰ ਉਹ ਬਿਮਾਰ ਹੋ ਕੇ ਮਰ ਗਿਆ ਸੀ, ਆਹ ਕੋਈ ੨ ਲੱਖ ਦਾ ਉਸ ਦੇ ਬਿਮਾਰੀ ਦੇ ਮਾਡੀਕਲ ਬਿੱਲ ਪਾਸ ਹੋ ਕੇ ਆਇਆ ਹੈ। ਬਾਊ ਜੀ ਕਿਹੰਦੇ ਨੇ ਪੈਸੇ ਤੁਹਾਨੂੰ ਹੀ ਦਿੱਤੇ ਜਾਣੇ ਨੇ,। ਫੇਰ ਮੈਂ ਆਪਣੇ ਬੇਟੇ ਦਾ ਸਰਟਿਫਿਕੇਟ ਲੈ ਕੇ ਵਾਪਸ ਆਪਣੇ ਦਫਤਰ ਆ ਗਿਆ।
ਦੁਸਿਹਰੇ ਦਾ ਦਿਨ ਸੀ, ਬੇਟੇ ਨੂੰ ਬਾਜਾਰ ਜਾਣ ਦੀ ਜਿੱਦ ਕਰਨ ਤੇ ਘਰੋਂ ਨਿਕਲਿਆ ਤਾਂ ਦੇਖਿਆ ਉਹੀ ਬਜੁਰਗ ਮਾਤਾ ਇਕ ਹੱਥ ਬੱਚੇ ਦੀ ਉਂਗਲ ਤੇ ਇੱਕ ਹੱਥ ਡੰਗੋਰੀ ਫੜ ਕੁੱਬੇ ਲੱਕ ਰਮੇਸ਼ ਦੀ ਗਲੀ ਵਲੋਂ ਆ ਰਹੀ ਸੀ। ਮੈਂ ਕਿਹਾ ਚਲੋ ਪੁੱਛਦੇ ਹਾਂ ਕਿ ਪੈਸੇ ਮਿਲ ਗਏ ਨੇ ਜਾਂ ਨਹੀ। ਮਾਤਾ ਨੇ ਹੱਥ ਵਿਚ ਘੁੱਟਿਆ ਚ ਇਕ ਲੱਖ ਸੱਠ ਹਜਾਰ ਦਾ ਚੈਕ ਮੇਰੇ ਵੱਲ ਕਰ ਦਿੱਤਾ। ਮੈਨੂੰ ਸਮਝਣ ਲੱਗੇ ਦੇਰ ਨਾ ਲੱਗੀ। ਮੈਂ ਝੱਟ ਕਿਹਾ, **ਪਰ ਮਾਤਾ ਇਹਨਾਂ ਵਿਚੋਂ ਚਾਲੀ ਹਜਾਰ ਰੁਪਏ ਘੱਟ ਨੇ** ਮਾਤਾ ਨੇ ਫੇਰ ਕਿਹਾ ਕੋਈ ਨੀ, ਪੁੱਤ ਕੋਈ ਨੀ,, ਉਹਦਾ ਬੱਚਾ ਜੀਵੇ, ਰਾਜੀ ਰਵੇ,, ਉਹ ਕਹਿੰਦਾ ਸੀ ਮਾਤਾ ਅਕਸਰ ਉਪਰੋਂ ਸਰਕਾਰੀ ਪੈਸੇ ਆਉਂਦੇ ਆਉਂਦੇ ਘੱਟ ਜਾਂਦੇ ਨੇ, ਕੋਈ ਸਰਕਾਰੀ ਫੀਸ ਵੀ ਕੱਟੀ ਜਾਂਦੀ ਹੈ, ਨਾਲੇ ਪੁੱਤ,, ਮੈਥੋਂ ਕਿਹੜੇ ਮਹੀਨਾ ਮਹੀਨਾ ਗੇੜੇ ਵੱਜਦੇ ਨੇ। ਏਨਾ ਈ ਬਹੁਤ ਆ, ਉਸ ਮੈਨੂੰ ਪੈਸੇ ਦੁਆ ਦਿੱਤੇ।  ਮੈਂ ਫੇਰ ਕਿਹਾ **ਪਰ ਮਾਤਾ ਕਿਸੇ ਪੜੇ ਲਿਖੇ ਧੀ ਪੁੱਤ ਨੂੰ ਨਾਲ ਲਿਆਣਾ ਸੀ??** ਉਸ ਨੇ ਇਕੋ ਸਾਹ ਸੌ ਦੁੱਖ ਸੁਣਾ ਦਿੱਤੇ **ਪੁੱਤ ਕੋਈ ਨੀ ਘਰ ਮੇਰੇ,,, ਪੁੱਤ ਮੇਰਾ ਮੰਜੀ ਮੱਲੀ ਬੈਠਾ,,ਉਸ ਨੂੰ ਸੜਕ ਤੇ ਰੇੜੀ ਸਮੇਤ ਕੋਈ ਮੋਟਰ ਕਾਰ ਟੱਕਰ ਮਾਰ ਗਈ ਸੀ , ਚੂਲਾ ਟੁੱਟ ਗਿਆ, ਡਾਕਟਰ ਫੀਸ ਖੁਣੋ ਇਲਾਜ ਨਹੀ ਕਰਦੇ,,ਘਰ ਦਾ ਕਿਰਾਇਆ ਅਸਮਾਨੇ ਪੁੱਜਾ,,ਬੱਚੇ ਫੀਸ ਤੋਂ ਆਤੁਰ ਨੇ, ਸਕੂਲ ਨਹੀ ਜਾ ਸਕਦੇ,, ਘਰ ਦਾ ਰਾਸ਼ਨ ਮੁੱਕਾ ਹੈ,,ਨੂੰਹ ਕਿਸੇ ਘਰ ਕੰਮ ਕਰਦੀ ਏ,,ਉਸ ਦੀ ਨਿਗੁਣੀ ਕਮਾਈ ਨਾਲ ਹੀ ਥੋੜਾ ਬਹੁਤ ਗੁਜਾਰਾ ਚਲਦਾਹੈ,,ਕੁੱਝ ਚਿਰ ਰੁੱਕ ਉਹ ਫੇਰ ਬੋਲੀ,,ਕੋਈ ਨਾ ਪੁੱਤ,,ਏਨੇ ਹੀ ਸਹੀ,ਏਨੇ ਪੈਸਿਆਂ ਨਾਲ ਮੇਰੇ ਬਹੁਤ ਦੁੱਖ ਕੱਟੇ ਜਾਣੇ ਨੇ,,ਰੱਬ ਭਲਾ ਕਰੇ ਤੇਰਾ ,ਕਹਿ ਅੱਗੇ ਵੱਧ ਗਈ।
ਮੈਂਨੂੰ ਏਨੀਆਂ ਦੁੱਖ ਤਕਲੀਫਾਂ ਵਿੱਚ ਵੀ ਮਾਤਾ ਦੀ ਹਿੰਮਤ ਤੇ ਦਿਲ ,ਵਗਦਿਆਂ ਤੁਫਾਨਾਂ ਵਿੱਚ ਦੀਵੇ ਦੀ ਤਰਾਂ ਚਮਕਦਾ ਲੱਗਾ, ਦੁੱਖਾਂ ਤੇ ਉਮਰ ਦੀ ਸਫਰ ਨੇ ਉਸਦਾ ਲੱਕ ਭਾਵੇਂ ਕੁੱਬਾ ਕਰ ਦਿੱਤਾ ਸੀ ਪਰ ਦਿਲ ਤੇ ਜੇਰਾ ਬਹੁਤ ਵੱਡਾ ਸੀ।
ਸਾਮ ਨੂੰ ਦੁਸਹਿਰਾ ਗਰਾਊਂਡ ਵਿਚ ਰਾਵਣ ਦਾ ਦੇਓ ਕੱਦ ਵਿਸਾਲ ਬੁੱਤ ਬਣਾਇਆ ਗਿਆ, ਸਾਰੇ ਪਾਸੇ ਗਹਿਮਾ ਗਹਿਮੀ ਸੀ, ਲੋਕਾਂ ਦਾ ਅਪਾਰ ਇਕੱਠ ਸੀ, ਰੌਲਾ ਰੱਪਾ ਬਹੁਤ ਸੀ, ਫੇਰ ਰਾਵਣ ਨੂੰ ਸਾੜਣ ਦੀ ਵਾਰੀ ਆਈ, ਵੱਡੀਆਂ ਵੱਡੀਆਂ ਲਾਟਾਂ ਨਾਲ ਰਾਵਣ ਜਲ ਉੱਠਿਆ। ਦੇਖ ਰਿਹਾ ਸੀ ਪਤਾ ਨਹੀਂ ਰਮੇਸ਼ ਜਿਹੇ ਸੈਕੜੇ ਲੋਕਾਂ ਦੇ ਹਿੱਸੇ ਤੇ ਜਮੀਰਾਂ ਵੀ ਦਗ ਦਗ ਕਰ ਸੜ ਰਹੀਆਂ ਹੋਣਗੀਆਂ ਜਿਨਾਂ ਨੂੰ ਗਰੀਬ ਮਜਲੂਮਾਂ ਦੇ ਹੋਕੇ, ਹੰਝੂਆਂ ਦੇ ਸਾਗਰ ਵੀ ਨਹੀ ਬੁਝਾ ਸਕਦੇ ਸਨ।
ਰਾਵਣ ਨੂੰ ਸਾੜ ਕੇ ਲੋਕ ਵਾਪਸ ਆ ਰਹੇ ਸਨ, ਰਮੇਸ਼ ਵੀ ਅਚਾਨਕ ਮਿਲ ਪਿਆ ਤੇ ਉਤਸਾਹ ਨਾ ਕਹਿੰਦਾ** ਯਾਰ ਤੈਨੂੰ ਪਤਾ ਰਾਵਣ ਵੱਡੀ ਬੁਰਾਈ ਦਾ ਪ੍ਰਤੀਕ ਹੈ ਏਸੇ ਲਈ ਹੀ ਤੇਰੇ ਵੀਰ ਨੇ ਵੀ ਸਭ ਤੋਂ ਵੱਧ ਉਗਰਾਹੀ ਦਿੱਤੀ ਸੀ ਤੇ ਮੁੰਡਿਆਂ ਨੂੰ ਕਿਹਾ ਸੀ ਬਈ ਏਸ ਵਾਰ ਰਾਵਣ ਪਿਛਲੀ ਵਾਰ ਤੋਂ ਵੱਡਾ ਬਣਾਇਓ, ਰਾਵਣ ਦਾ ਕੱਦ ਤਾਂ ਬਹੁਤ ਵੱਡਾ ਸੀ ਤੂੰ ਵੇਖਿਆ ਸੀ, ਤੇ ਉਸਦੇ ਸੜਨ ਤੇ ਕਿੰਨੀਆਂ ਲਾਟਾਂ ਨਿਕਲੀਆਂ ਸੀ, ਮਜਾ ਆ ਗਿਆ ਸੀ**।
ਮੈਥੋਂ ਰਿਹਾ ਨਾ ਗਿਆ ਤੇ ਮੈਂ ਉਸ ਦੀ ਗੱਲ ਵਿਚਾਲੇ ਰੋਕ ਕੇ ਕਹਿ ਹੀ ਦਿੱਤਾ,**ਹਾਂ, ਯਾਰ ਬੁਰਾਈ ਦਾ ਪ੍ਰਤੀਕ?? ਤੂੰ ਠੀਕ ਕਿਹਾ, ਪਰ ਕੀ ਤੈਨੂੰ ਪਤਾ ਵਾ?? ਅੱਜ ਵੀ ਸਾਡੇ ਸਮਾਜ ਵਿੱਚ ਅਜਿਹੇ ਕਿੰਨੇ ਰਾਵਣ ਨੇ ਜੋ ਰੋਜ ਕਿਸੇ ਨਾ ਕਿਸੇ ਮਜਲੂਮ-ਮਜਬੂਰ ਗਰੀਬ ਦੀ ਹੱਕ ਦੀ ਕਮਾਈ ਦਾ, ਆਸਾਂ ਦਾ, ਸੱਧਰਾਂ ਦਾ, ਵਿਸ਼ਵਾਸ਼ ਦਾ ਹਰਨ ਕਰਦੇ ਨੇ, ਪਹਿਲਾਂ ਸਾਨੂੰ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਲੋੜ ਹੈ ?? ਨਾਲੇ ਇੱਕ ਗੱਲ ਹੋਰ ਮੈਨੂੰ ਏਸ ਰਾਵਣ ਦਾ ਕੱਦ ਤੇਰੇ ਤੋਂ ਬਹੁਤ ਛੋਟਾ ਲੱਗਾ, ਅਤੇ ਏਸ ਦੇ ਜਲਣ ਤੇ ਜੋ ਲਾਟਾਂ ਨਿਕਲੀਆਂ ਸਨ, ਉਹ ਬਜੁਰਗ ਮਾਤਾ ਦੀਆਂ ਮਜਬੂਰੀਆਂ, ਦੁੱਖਾਂ-ਤਕਲੀਫਾਂ ਤੋਂ ਬਹੁਤ ਘੱਟ ਪ੍ਰਚੰਡ ਸਨ**।
ਮੇਰੀਆਂ ਗੱਲਾਂ ਦਾ ਹੁਣ ਉਸ ਕੋਲ ਕੋਈ ਜੁਆਬ ਨਹੀ ਸੀ, ਉਸਦੀ ਬੇਈਮਾਨੀ ਤੇ ਧੋਖਾ ਬੇਪਰਦ ਹੋ ਚੁੱਕੇ ਸਨ। ਉਹ ਪਛਤਾਵੇ ਤੇ ਸ਼ਰਮਿੰਦਗੀ ਦੇ ਵਾਵਰੋਲਿਆਂ ਵਿੱਚ ਖੜਾ ਸੈਲ ਪੱਥਰ ਬਣ ਗਿਆ ਸੀ ਤੇ  ਮੇਰੇ ਨਾਲੋਂ ਹੁਣ ਉਸਦੀ ਦੂਰੀ ਬਹੁਤ ਵੱਧ ਚੁੱਕੀ ਸੀ।
-ਗੁਰਬਾਜ ਸਿੰਘ

No comments: