BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਾਨਣ-ਮੁਨਾਰੇ

ਅਜੋਕੇ ਯੁੱਗ ਵਿੱਚ ਨਿਤ ਬਦਲਦੀ ਤਕਨਾਲੋਜੀ ਕਾਰਨ ਸੰਸਾਰ ਵਿੱਚ ਹਰ ਪੱਧਰ ਤੇ ਮੁਕਾਬਲੇ ਦੇ ਦੌਰ ਨੇ ਵਿਦਿਆਰਥੀਆਂ ਦੇ ਜੀਵਨ ਨੂੰ ਦਿਸ਼ਾਹੀਣ ਅਤੇ ਉਦੇਸ਼ਹੀਣ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਮੁਕਾਬਲੇ ਵਿੱਚ ਪੂਰੇ ਉਤਰਨ ਲਈ ਲੋੜ ਹੈ, ਅਜਿਹੇ ਸੁਹਿਰਦ ਅਤੇ ਅਨੁਭਵੀ ਅਧਿਆਪਕ ਦੀ ਜੋ ਵਿਸ਼ਾਲ ਅਤੇ ਡੂੰਘੀ ਦ੍ਰਿਸ਼ਟੀ ਨਾਲ ਵਿਚਾਰਾਂ ਦੀ ਵਿਸ਼ਾਲਤਾ ਨੂੰ ਵਿਹਾਰ ਅਤੇ ਲਚਕ ਦੇ ਸੁਮੇਲ  ਨਾਲ ਵਿਦਿਆਰਥੀਆਂ ਦੇ ਅੰਦਰ ਹਨੇਰੇ ਰਾਹਾਂ ਦੀ ਭਟਕਣ ਨੂੰ ਕੱਢ ਕੇ ਸਵੈ-ਭਰੋਸਾ, ਆਪਣੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਦਲੇਰੀ  ਅਤੇ ਨਿੱੱਜ ਤੋਂ ਉੱਪਰ ਉੱਠਕੇ ਦੂਰ-ਦੁਮੇਲਾਂ ਵੱਲ ਵੇਖਣ ਦਾ ਹੁਨਰ ਸਿਖਾਵੇ।ਅਕਸਰ ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਵਿਦਿਆਰਥੀਆਂ ਲਈ ਜਿਉਂਦਾ ਹੈ ਅਤੇ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਲਿਆਉਣ ਲਈ ਸ਼ਬਦ ਨੂੰ ਅਰਥ, ਅਰਥ ਨੂੰ ਰਸ ਅਤੇ ਰਸ ਨੂੰ ਸੁਹਜ ਤੱਕ ਪਹੁੰਚਾਉਣ ਲਈ ਨੀਵੇਂ ਨੂੰ ਉੱਚੇ ਨਾਲ, ਅਤੀਤ ਨੂੰ ਭਵਿੱਖ ਨਾਲ ਮਿਲਾਉਣ ਦਾ ਪ੍ਰਸੰਸਾਯੋਗ ਕਾਰਜ ਨਿਰੰਤਰ ਕਰਦਾ ਆ ਰਿਹਾ ਹੈ।ਅਧਿਆਪਕ ਜਾਣਦਾ ਹੈ ਕਿ ਵਿਦਿਆ ਅਤੇ ਵਿਗਿਆਨ ਨੇ ਸਮਾਜ ਨੂੰ ਗਿਆਨ ਤਾਂ ਦਿੱਤਾ ਹੈ, ਪਰ ਮਨ ਦੀ ਸ਼ਾਂਤੀ ਭੰਗ ਕਰਦੇ ਹੋਏ ਪ੍ਰਸੰਨ ਹੋਣ ਦੀ ਸੰਭਾਵਨਾ ਨੂੰ ਤਾਂ ਕਿਸੇ ਹੱਦ ਤੱਕ ਖਤਮ ਹੀ ਕਰ ਦਿੱਤਾ ਹੈ। ਮਨ ਨੂੰ ਦੁਚਿੱਤੀਆਂ ਦਾ ਅਖਾੜਾ ਬਣਾ ਕੇ ਜਿਉਂਦੇ-ਜਾਗਦੇ, ਮਘਦੇ ਹੌਂਸਲਿਆਂ ਦੇ ਰੋਸ਼ਨ ਮੀਨਾਰ ਵੀ ਢਾਹ-ਢੇਰੀ ਕਰ ਦਿੱਤੇ ਹਨ।ਅੱਜ ਦੇ ਅਧਿਆਪਕ ਨੂੰ ਅਜਿਹਾ ਵਾਤਾਵਰਣ ਸਿਰਜਣਾ ਪਵੇਗਾ ਕਿ ਵਿਦਿਆਰਥੀ ਨਵੇਂ ਯੁੱਗ ਦੀ ਦਹਿਲੀਜ਼ ਤੇ ਖੜਾ ਹੋਕੇ ਦਿਮਾਗ ਦੇ ਬੂਹੇਬਾਰੀਆਂ ਖੁੱਲੇ ਰੱਖ ਕੇ, ਸਿਕੰਦਰ ਵਰਗੀ ਇਤਿਹਾਸਕ ਦ੍ਰਿਸ਼ਟੀ ਨਾਲ ਇਤਿਹਾਸ ਰਚਦਾ ਹੋਇਆ ਧਰਤੀਆਂ ਦੀ ਜਿੱਤ ਨੂੰ ਜਿੱਤ ਨਾ ਸਮਝੇ ਸਗੋਂ ਗਿਆਨ ਦਾ ਸੰਸਾਰ ਜਿੱਤਦਾ ਹੋਇਆ ਆਪਣੇ ਆਪ ਨੂੰ ਜਿੱਤ ਲਵੇ।
ਸਪਸ਼ਟ ਰੂਪ ਵਿੱਚ ਅਧਿਆਪਕ ਨੂੰ ਜੇਕਰ ਆਸ-ਉਮੀਦ ਦੇ ਚਾਨਣ-ਮੁਨਾਰੇ ਦੇ ਸੰੰਦਰਭ ਵਿੱਚ ਵੇਖਿਆ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ, ਅਧਿਆਪਕ ਦੀ ਸ਼ਖਸ਼ੀਅਤ ਸੂਰਜੀ ਗੁਣਾਂ ਨਾਲ ਲਬਰੇਜ਼, ਦਿਲਚਸਪ, ਵਚਿੱਤਰ, ਵਿਲੱਖਣ ਵਿਹਾਰ ਦਾ ਪ੍ਰਮਾਣ ਦਿੰਦੀ ਹੋਈ ਵਿਦਿਆਰਥੀਆਂ ਨਾਲ ਇੱਕ ਸੁਰ ਹੋ ਜਾਣ ਦੀ ਤਾਂਘ ਰੱਖਦੀ ਹੈ।ਇਤਿਹਾਸ ਗਵਾਹ ਹੈ ਕਿ ਸਵਾਮੀ ਵਿਵੇਕਾਨੰਦ ਜੀ ਦੇ ਅਧਿਆਪਕ ਸਵਾਮੀ ਰਾਮ ਤੀਰਥ ਜੀ ਅਤੇ ਪਲੈਟੋ ਦੇ ਅਧਿਆਪਕ ਸੁਕਰਾਤ ਜੋ ਆਪਣੇ ਵਿਦਿਆਰਥੀਆਂ ਨੂੰ ਇਹ ਸਿਖਾ ਗਏ ਕਿ ਮਿਹਨਤ, ਤਿਆਗ ਅਤੇ ਉਦਮ ਤੋਂ ਬਿਨਾਂ ਕੋਈ ਮਹਾਨ ਨਹੀਂ ਬਣ ਸਕਦਾ। ਮਹਾਨ ਬਣਨ ਲਈ ਮੌਕੇ ਉਪਜਾਉਣੇ ਪੈਂਦੇ ਹਨ ਅਤੇ ਓਹੀ ਮੌਕੇ ਸਫ਼ਲਤਾ ਦੇ ਬੂਹੇ ਖੋਲਦੇ ਹੋਏ ਇਹ ਦੱਸਦੇ ਹਨ ਕਿ ਮਹਾਨ ਨਤੀਜੇ ਤਤਕਾਲ ਨਹੀਂ ਉਪਜਦੇ।
ਅੱਜ ਅਧਿਆਪਕ ਦਿਵਸ ਤੇ ਇੱਕ ਜਿੰਮੇਵਾਰ ਅਧਿਆਪਕ ਹੋਣ ਦੇ ਨਾਤੇ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੰਦੀ ਹੋਈ ਸੁਚੇਤ ਕਰਦੀ ਹਾਂ ਕਿ ਅੱਖਾਂ ਵਿੱਚ ਗਿਆਨ ਦੇ ਸੂਰਮੇ ਦੀ ਚਮਕ ਨਾਲ ਵਿਦਿਆਰਥੀਆਂ ਨੂੰ ਧਰਤੀ ਤੇ ਅਮੁੱਕ ਵਿਸ਼ਵਾਸ਼ ਨਾਲ ਟੁਰ ਸਕਣ ਦਾ ਸਲੀਕਾ ਸਿਖਾਉਣ ਵਾਲਿਓ! ਅੱਜ ਲੋੜ ਗਿਆਨ ਇੱਕਠਾ ਕਰਨ ਦੀ ਨਹੀਂ, ਪ੍ਰਾਪਤ ਗਿਆਨ ਨੂੰ ਅਮਲ ਵਿੱਚ ਲਿਆਉਣ ਦੀ ਹੈ।
-ਡਾ.ਬਲਜੀਤ ਕੌਰ, (ਸਟੇਟ ਐਵਾਰਡੀ), 9876252594

No comments: