BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਬੇਟੀ ਬਚਾਓ, ਬੇਟੀ ਪੜਾਓ' ਸਕੀਮ ਤਹਿਤ ਫਾਰਮ ਭਰਨ ਦੇ ਨਾਂ 'ਤੇ ਭੋਲੇ-ਭਾਲੇ ਲੋਕਾਂ ਤੋਂ ਠੱਗੇ ਜਾ ਰਹੇ ਨੇ ਵੱਡੀ ਪੱਧਰ 'ਤੇ ਪੈਸੇ

ਵਿਭਾਗ ਵੱਲੋਂ ਅਜਿਹੀ ਕੋਈ ਵੀ ਸਕੀਮ ਨਹੀਂ ਹੈ- ਡੀ ਸੀ ਪੀ ਓ ਬਠਿੰਡਾ
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 
ਦੇਸ਼ ਅੰਦਰ ਲੜਕੇ ਅਤੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਬਰਾਬਰ ਦੇ ਅਧਿਕਾਰ ਦੇਣ ਦੇ ਮਕਸਦ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਚਲਾਈ ਜਾ ਰਹੀ 'ਬੇਟੀ ਬਚਾਓ, ਬੇਟੀ ਪੜਾਓ' ਨਾਮੀ ਸਕੀਮ ਦਾ ਹੁਣ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਫਾਇਦਾ ਉਠਾ ਕੇ ਭੋਲੇਭਾਲੇ ਤੇ ਖਾਸ ਕਰਕੇ ਆਰਥਿਕ ਤੌਰ 'ਤੇ ਪੱਛੜੇ ਲੋਕਾਂ ਨੂੰ ਦੋ ਦੋ ਲੱਖ ਰੁਪਏ ਮਿਲਣ ਦਾ ਝਾਂਸਾ ਦੇ ਕੇ ਉਨਾਂ ਦੇ ਇਸ ਫਰਜੀ ਸਕੀਮ ਤਹਿਤ ਫਾਰਮ ਭਰ ਕੇ ਵੱਡੀ ਪੱਧਰ 'ਤੇ ਪੈਸੇ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਪ੍ਰਸ਼ਾਸਨ ਵੱਲੋਂ ਕੋਈ ਜਾਗਰੂਕਤਾ ਨਾ ਦਿਖਾਉਣ ਦੇ ਚਲਦਿਆਂ ਵੱਡੀ ਪੱਧਰ 'ਤੇ ਲੋਕ ਇਸ ਸਕੀਮ ਦੇ ਫਾਰਮ ਭਰ ਕੇ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਜਿਕਰਯੋਗ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ 'ਬੇਟੀ ਬਚਾਓ, ਬੇਟੀ ਪੜਾਓ' ਸਕੀਮ ਸਿਰਫ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਅਧਿਕਾਰ ਦੇਣ ਅਤੇ ਸਮਾਨ ਵਿੱਦਿਆ ਦੇਣ ਸਬੰਧੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਸੀ ਪਰ ਹੁਣ ਕੁਝ ਲੋਕਾਂ ਨੇ ਘੱਟ ਪੜੇ ਲਿਖੇ ਤੇ ਆਰਥਿਕ ਤੌਰ 'ਤੇ ਕਮਜੋਰ ਲੋਕਾਂ ਨੂੰ ਇਹ ਕਹਿਕੇ ਕਿ ਇਸ ਸਕੀਮ ਤਹਿਤ 8 ਤੋਂ 32 ਸਾਲ ਤੱਕ ਦੀਆਂ ਲੜਕੀਆਂ ਨੂੰ ਸਰਕਾਰ ਦੋ ਦੋ ਲੱਖ ਰੁਪਏ ਦੇਵੇਗੀ ਉਨਾਂ ਦੇ ਫਾਰਮ ਭਰਵਾਉਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਸਰਕਾਰੀ ਸੂਤਰਾਂ ਮੁਤਾਬਿਕ ਸਰਕਾਰ ਵੱਲੋਂ ਅਜਿਹਾ ਕੋਈ ਫਾਰਮ ਬਣਾਇਆ ਹੀ ਨਹੀਂ ਗਿਆ। ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਕੁਝ ਟਾਈਪਿਸਟ ਕਿਸਮ ਦੇ ਲੋਕ ਆਮ ਲੋਕਾਂ ਤੋਂ ਇਸ ਸਕੀਮ ਤਹਿਤ ਬਣਾਏ ਕਥਿਤ ਫਾਰਮਾਂ ਦੇ 100 ਤੋਂ 200 ਰੁਪਏ ਤੱਕ ਵਸੂਲ ਰਹੇ ਹਨ। ਫਾਰਮ ਭਰਨ ਤੋਂ ਬਾਅਦ ਲੋਕਾਂ ਨੂੰ ਇਨਾਂ ਫਾਰਮਾਂ 'ਤੇ ਸਰਪੰਚਾਂ ਜਾਂ ਕੌਂਸਲਰਾਂ ਤੋਂ ਮੋਹਰ ਲਵਾ ਕੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨਵੀਂ ਦਿੱਲੀ ਨੂੰ ਡਾਕ ਰਾਹੀਂ ਭੇਜਣ ਦੀ ਗੱਲ ਕਹੀ ਜਾਂਦੀ ਹੈ ਤੇ ਇਸੇ ਦੇ ਚਲਦਿਆਂ ਹੁਣ ਇਹ ਕਥਿਤ ਫਾਰਮ ਸਰਪੰਚਾਂ ਤੇ ਕੌਂਸਲਰਾਂ ਲਈ ਵੀ ਸਿਰਦਰਦੀ ਬਣੇ ਹੋਏ ਹਨ।
ਨਗਰ ਪੰਚਾਇਤ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਤੇ ਪਿੰਡ ਸ਼ੇਖਪੁਰਾ ਦੇ ਸਰਪੰਚ ਰਾਮ ਕੁਮਾਰ ਅਨੁਸਾਰ ਉਨਾਂ ਨੂੰ ਪ੍ਰਸ਼ਾਸਨ ਤੋਂ ਇਹ ਪਤਾ ਲੱਗਾ ਹੈ ਕਿ ਅਜਿਹੀ ਕੋਈ ਵੀ ਸਕੀਮ ਨਹੀਂ ਹੈ ਪ੍ਰੰਤੂ ਫਿਰ ਵੀ ਵੱਡੀ ਗਿਣਤੀ ਲੋਕ ਉਨਾਂ ਤੋਂ ਮੋਹਰਾਂ ਲਵਾਉਣ ਆਉਂਦੇ ਹਨ ਤੇ ਜੇ ਉਹ ਮੋਹਰਾਂ ਲਾਉਂਦੇ ਹਨ ਤਾਂ ਅਜਿਹੀ ਗਲਤ ਸਕੀਮ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਹੋਵੇਗੀ ਤੇ ਜੇ ਨਹੀਂ ਲਾਉਂਦੇ ਤਾਂ ਲੋਕ ਗੁੱਸੇ ਹੁੰਦੇ ਹਨ। ਉਕਤ ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਫਰਜੀ ਸਕੀਮ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਸ਼ਹਿਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਾਵੇ। ਡਾਕ ਮਹਿਕਮੇ ਦੇ ਇੱਕ ਮੁਲਾਜਮ ਨੇ ਦੱਸਿਆ ਕਿ ਹਰ ਰੋਜ ਵੱਡੀ ਗਿਣਤੀ ਲੋਕ ਮਹਿਲਾ ਬਾਲ ਵਿਕਾਸ ਮੰਤਰਾਲੇ ਨੂੰ ਰਜਿਸਟਰੀਆਂ ਕਰਵਾ ਰਹੇ ਹਨ ਜਦੋਂ ਕਿ ਉਹ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ ਵੀ ਕਰਦੇ ਹਨ ਕਿ ਅਜਿਹੀ ਕੋਈ ਸਕੀਮ ਨਹੀਂ ਹੈ ਪਰ ਲੋਕ ਫਿਰ ਵੀ ਧੜਾ-ਧੜ ਰਜਿਸਟਰੀਆਂ ਇਸ ਆਸ ਨਾਲ ਕਰਵਾ ਰਹੇ ਹਨ ਕਿ ਉਨਾਂ ਨੂੰ ਦੋ ਦੋ ਲੱਖ ਰੁਪਏ ਮਿਲਣਗੇ। ਦੂਜੇ ਪਾਸੇ ਕੁਝ ਸਮਾਜ ਸੇਵੀ ਨੌਜਵਾਨ ਅਵਤਾਰ ਸਿੰਘ ਮਿਰਜ਼ੇਆਣਾ, ਬਿੱਕਰ ਸਿੰਘ ਖਾਲਸਾ ਅਤੇ ਦਲਜੀਤ ਸਿੰਘ ਲਹਿਰੀ ਨੇ ਵੀ ਮੰਗ ਕੀਤੀ ਹੈ ਕਿ ਫਰਜੀ ਸਕੀਮ ਦੇ ਨਾਂ 'ਤੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਪ੍ਰਸ਼ਾਸਨ ਤੁਰੰਤ ਰੁਕਾਵੇ ਤੇ ਅਜਿਹੇ ਫਾਰਮ ਛਾਪਣ ਵਾਲਿਆਂ ਅਤੇ ਭਰਨ ਵਾਲਿਆਂ 'ਤੇ ਕਾਰਵਾਈ ਕਰੇ ਤਾਂ ਕਿ ਗਰੀਬ ਆਪਣਾ ਪੈਸਾ ਅਤੇ ਸਮਾਂ ਅਜਾਈਂ ਨਾ ਗਵਾਉਣ।
ਜਦੋਂ ਇਸ ਮਾਮਲੇ ਸਬੰਧੀ ਡੀ ਸੀ ਪੀ ਓ ਬਠਿੰਡਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਵਿਭਾਗ ਵੱਲੋਂ ਕੋਈ ਵੀ ਅਜਿਹੀ ਸਕੀਮ ਨਹੀਂ ਹੈ, ਜੋ ਵੀ ਲੋਕਾਂ ਅੰਦਰ ਸਕੀਮ ਨੂੰ ਲੈ ਕੇ ਭੰਬਲਭੂਸਾ ਹੈ ਉਹ ਜਾਅਲੀ ਹੈ ਅਤੇ ਇਸ ਬਾਰੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਅਜਿਹੀਆਂ ਗਲਤ ਸਕੀਮਾਂ ਸਮਾਜ ਵਿੱਚ ਫੈਲਾਉਣ ਵਾਲੇ ਅਨਸਰਾਂ ਨੂੰ ਰੋਕਿਆ ਜਾ ਸਕੇ।

No comments: