BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੂਬੇ ਵਿੱਚ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ ਕੇਂਦਰ ਤੇ ਸੂਬਾ ਸਰਕਾਰ-ਸਰਬੱਤ ਖਾਲਸਾ ਜਥੇਦਾਰ

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰੁੂ ਸਾਹਿਬਾਨ ਦੀ ਬਖਸ਼ਿਸ ਗੁਰਮੁਖੀ ਭਾਸ਼ਾ ਨਾਲ ਕੇਂਦਰ ਦੀ ਮੋਦੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਇਸ ਮਾਮਲੇ ਵਿੱਚ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਜੋ ਕਿ ਬਰਦਾਸ਼ਤਯੋਗ ਨਹੀਂ। ਦੋਵਾਂ ਸਰਕਾਰਾਂ ਨੂੰ ਸੂਬੇ ਦੀ ਮਾਂ ਭਾਸ਼ਾ ਪੰਜਾਬੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਮਸ਼ਵਰੇ ਉਪਰੰਤ ਸਰਬੱਤ ਖਾਲਸਾ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਕੀਤਾ।
ਪ੍ਰੈੱਸ ਬਿਆਨ ਰਾਹੀਂ ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਨੇ ਦੋਵਾਂ ਸਰਕਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ ਗੁਜਰਾਤੀ, ਕਰਨਾਟਕ ਵਿੱਚ ਕੰਨੜ, ਮਹਾਂਰਾਸ਼ਟਰ ਵਿੱਚ ਮਰਾਠੀ ਬੋਲੀ ਅਤੇ ਇਸੇ ਤਰ੍ਹਾਂ ਹੋਰ ਰਾਜਾਂ ਵਿੱਚ ਖੇਤਰੀ ਭਾਸ਼ਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਫਿਰ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿੱਖਾਂ ਤੋਂ ਇਲਾਵਾ ਵੀ ਪੰਜਾਬ ਵਿੱਚ ਰਹਿਣ ਵਾਲਾ ਹਰ ਧਰਮ ਦਾ ਬਾਸ਼ਿੰਦਾ ਪੰਜਾਬੀ ਭਾਸ਼ਾ ਬੋਲਦਾ ਹੈ ਇਸ ਲਈ ਸਾਰੇ ਦਫਤਰੀ ਕੰਮਕਾਜ ਵੀ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਲੱਗੇ ਮੀਲ ਪੱਥਰਾਂ ਅਤੇ ਸੜਕਾਂ ਤੇ ਲੱਗੇ ਦੂਰੀ ਦੱਸਣ ਵਾਲੇ ਬੋਰਡਾਂ 'ਤੇ ਵੀ ਪਹਿਲਾਂ ਪੰਜਾਬੀ ਭਾਸ਼ਾ, ਫਿਰ ਕੌਮੀ ਭਾਸ਼ਾ ਹਿੰਦੀ ਤੇ ਫਿਰ ਕੌਮਾਂਤਰੀ ਭਾਸ਼ਾ ਅੰਗਰੇਜੀ ਉੱਕਰੀ ਹੋਣੀ ਚਾਹੀਦੀ ਹੈ। ਉਨਾਂ ਦਾਅਵਾ ਕੀਤਾ ਕਿ ਹਰ ਸੂਬੇ ਦੇ ਦਿਸ਼ਾ ਨਿਰਦੇਸ਼ਾਂ ਵਾਲੇ ਬੋਰਡ ਇਸੇ ਤਰ੍ਹਾਂ ਲਿਖ ਕੇ ਲਾਏ ਗਏ ਹਨ ਪ੍ਰੰਤੂ ਪੰਜਾਬ ਵਿੱਚ ਇਸਦੇ ਉਲਟ ਹੈ ਤੇ ਪੰਜਾਬੀ ਭਾਸ਼ਾ ਨੂੰ ਹੇਠਲਾ ਦਰਜਾ ਦਿੱਤਾ ਗਿਆ ਹੈ ਤੇ ਬਹੁਤੇ ਸੂਚਨਾ ਬੋਰਡਾਂ 'ਤੇ ਪੰਜਾਬੀ ਗਲਤ ਲਿਖ ਕੇ ਮਾਂ ਬੋਲੀ ਨਾਲ ਖਿਲਵਾੜ ਹੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਦੋਂ ਸਰਕਾਰਾਂ ਇਸ ਪ੍ਰਤੀ ਸੁਚੇਤ ਨਾ ਹੋਣ ਤਾਂ ਫਿਰ ਲੋਕਾਂ ਨੂੰ ਹੰਭਲਾ ਮਾਰਨਾ ਪੈਂਦਾ ਹੈ ਤੇ ਜਿੰਨਾ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਸਾਈਨ ਬੋਰਡਾਂ 'ਤੇ ਕਾਲਖ ਮਲੀ ਹੈ ਉਹ ਵਧਾਈ ਦੇ ਪਾਤਰ ਹਨ ਅਤੇ ਅਸੀਂ ਉਨਾਂ ਦੇ ਨਾਲ ਖੜੇ ਹਾਂ। ਉਨਾਂ ਕਿਹਾ ਕਿ ਉਕਤ ਨੌਜਵਾਨਾਂ 'ਤੇ ਦਰਜ ਕੇਸ ਕੈਪਟਨ ਸਰਕਾਰ ਨੂੰ ਤੁਰੰਤ ਵਾਪਸ ਲੈ ਕੇ ਸੂਬੇ ਅੰਦਰ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਬਹਾਲ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।

No comments: