BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉੱਘੇ ਸਿੱਖ ਪ੍ਰਚਾਰਕ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਪੁੱਜੇ ਬੁੰਗਾ ਮਸਤੂਆਣਾ, ਸ੍ਰੀ ਗੁਰੂੁ ਗ੍ਰੰਥ ਸਾਹਿਬ ਦੇ ਸਟੀਕ ਕੀਤੇ ਭੇਂਟ

ਤਲਵੰਡੀ ਸਾਬੋ, 21 ਨਵੰਬਰ (ਗੁਰਜੰਟ ਸਿੰਘ ਨਥੇਹਾ)- ਉੱਘੇ ਸਿੱਖ ਪ੍ਰਚਾਰਕ ਤੇ ਕੌਮ ਦੇ ਮਹਾਨ ਵਿਦਵਾਨ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਧਾਰਮਿਕ ਵਿਦਿਆਲਾ ਪੁੱਜੇ। ਉਨਾਂ ਜਿੱਥੇ ਗੁਰਬਾਣੀ ਅਰਥ ਭੰਡਾਰ (ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ) ਦੀਆਂ ਪੋਥੀਆਂ ਮਸਤੂਆਣਾ ਪ੍ਰਬੰਧਕਾਂ ਸਮੇਤ ਪ੍ਰਚਾਰਕਾਂ ਨੂੰ ਭੇਟਾ ਰਹਿਤ ਭੇਂਟ ਕੀਤੀਆਂ ਉੱਥੇ ਬੁੰਗਾ ਮਸਤੂਆਣਾ ਪ੍ਰਬੰਧਕਾਂ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ।
ਬਾਬਾ ਹਰੀ ਸਿੰਘ ਰੰਧਾਵੇ ਵਾਲੇ ਬੁੰਗਾ ਮਸਤੂਆਣਾ ਸਾਹਿਬ ਧਾਰਮਿਕ ਵਿਦਿਆਲਾ ਪੁੱਜੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਨਾਂ ਆਪਣੇ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਤਿਆਰ ਕੀਤੇ ਸੰਪੂਰਨ ਟੀਕੇ ਦੀਆਂ ਪੋਥੀਆਂ ਦਾ ਇੱਕ ਸੈੱਟ ਤਖਤ ਸਾਹਿਬ ਦੇ ਪ੍ਰਬੰਧਕ ਨੂੰ ਭੇਂਟ ਕੀਤਾ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਉਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਉਨਾਂ ਬੁੰਗਾ ਮਸਤੂਆਣਾ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ)  ਵਿਖੇ ਵੀ ਮੱਥਾ ਟੇਕਿਆ ਜਿੱਥੇ ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਹਿੰਦਰ ਸਿੰਘ ਨੇ ਉਨਾਂ ਦਾ ਸਨਮਾਨ ਕੀਤਾ। ਬਾਬਾ ਰੰਧਾਵੇ ਵਾਲਿਆਂ ਨੇ ਬੀਤੇ ਸਮੇਂ ਵਿੱਚ ਮੁਕੰਮਲ ਹੋਈ ਨੌਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦੁਰ ਸਾਹਿਬਨ ਜੀ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਦੀ ਵੀ ਜਾਣਕਾਰੀ ਹਾਸਿਲ ਕੀਤੀ। ਬੁੰਗਾ ਮਸਤੂਆਣਾ ਧਾਰਮਿਕ ਵਿਦਿਆਲਾ ਵਿਖੇ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਗੁਰਬਾਣੀ ਅਰਥ ਭੰਡਾਰ ਦੇ ਸਟੀਕ ਬੁੰਗਾ ਮਸਤੂਆਣਾ ਪ੍ਰਬੰਧਕਾਂ ਦੇ ਨਾਲ ਨਾਲ ਪ੍ਰਚਾਰਕਾਂ ਨੂੰ ਭੇਟਾ ਰਹਿਤ ਭੇਂਟ ਕੀਤੇ। ਬਾਬਾ ਜੀ ਨੇ ਇਸ ਮੌਕੇ ਦੱਸਿਆ ਕਿ ਖਾਲਸਾ ਚੈਰੀਟੇਬਲ ਟਰੱਸਟ ਜਥਾ ਰੰਧਾਵਾ ਵੱਲੋਂ ਗੁਰਬਾਣੀ ਅਰਥ ਭੰਡਾਰ ਦੀਆਂ 12 ਹਜਾਰ ਪੋਥੀਆਂ ਜਿਨਾਂ ਵਿੱਚ ਇੱਕ ਸਟੀਕ ਵਿੱਚ ਕੁੱਲ 12 ਪੋਥੀਆਂ ਦਰਜ ਹਨ ਦੀ ਭੇਟਾ ਰਹਿਤ ਸੇਵਾ ਸਿੱਖ ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾਂ ਨੂੰ ਕੀਤੀ ਜਾ ਰਹੀ ਹੈ ਤਾਂਕਿ ਗੁਰਬਾਣੀ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਤੇ ਕੌਮ ਵਿੱਚ ਹੋਰ ਪ੍ਰਚਾਰਕ ਪੈਦਾ ਕੀਤੇ ਜਾ ਸਕਣ।
ਉਨਾਂ ਕਿਹਾ ਕਿ ਮੌਜੂਦਾ ਸਮੇਂ ਸਭ ਤੋਂ ਵੱਡੀ ਲੋੜ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਨਾਲ ਨਾਲ ਗੁੁਰਬਾਣੀ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣਾ ਹੈ। ਉਨਾਂ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਲਈ ਸਾਰੀਆਂ ਹੀ ਸਿੱਖ ਸੰਸਥਾਵਾਂ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਬਾਬਾ ਕਾਕਾ ਸਿੰਘ ਤੇ ਹੈੱਡ ਗ੍ਰੰਥੀ ਬਾਬਾ ਤੇਜਾ ਸਿੰਘ, ਬਾਬਾ ਜੈਵਿੰਦਰ ਸਿੰਘ ਚੀਮਾ ਸਾਹਿਬ ਵਾਲੇ, ਪ੍ਰਚਾਰਕ ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲੇ, ਭਾਈ ਮਹਿੰਦਰ ਸਿੰਘ ਹੈੱਡ ਗ੍ਰੰਥੀ ਗੁ: ਮੰਜੀ ਸਾਹਿਬ, ਭਾਈ ਜਗਤਾਰ ਸਿੰਘ, ਭਾਈ ਗੁਰਸੇਵਕ ਸਿੰਘ ਕਿੰਗਰਾ ਅਤੇ ਜਥਾ ਰੰਧਾਵਾ ਵੱਲੋਂ ਭਾਈ ਸੁਖਵਿੰਦਰ ਸਿੰਘ ਹਾਜਿਰ ਸਨ।

No comments: