BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੁੱਢਾ ਦਲ ਵੱਲੋਂ ਤਖਤ ਸਾਹਿਬ ਦੇ ਆਲੇ ਦੁਆਲੇ ਯਾਦਗਾਰੀ ਗੇਟਾਂ ਦਾ ਕਰਵਾਇਆ ਜਾ ਰਿਹਾ ਨਿਰਮਾਣ ਲਗਭਗ ਮੁਕੰਮਲ

ਪਾਵਨ ਸਰੋਵਰਾਂ ਦੀ ਸਾਂਭ ਸੰਭਾਲ ਵੱਲ ਵੀ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ-ਬਾਬਾ ਬਲਵੀਰ ਸਿੰਘ ਜੀ
ਤਲਵੰਡੀ ਸਾਬੋ, 13 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਜੋ ਕਿ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਹੈ, ਵੱਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸਾਹਿਬ ਦੇ ਬਿਲਕੁਲ ਨਾਲ ਸਥਿਤ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਨੂੰ ਆਉਂਦੇ ਰਸਤਿਆਂ 'ਤੇ ਬੀਤੇ ਸਮੇਂ ਤੋਂ ਯਾਦਗਾਰੀ ਗੇਟਾਂ ਦੇ ਨਿਰਮਾਣ ਦਾ ਕਾਰਜ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਅਤੇ ਹੁਣ ਵੱਡੀ ਗਿਣਤੀ ਸੰਗਤਾਂ ਇਨਾਂ ਗੇਟਾਂ ਦੀ ਚੱਲ ਰਹੀ ਕਾਰ ਸੇਵਾ ਨੂੰ ਦੇਖਣ ਲਈ ਪੁੱਜ ਰਹੀਆਂ ਹਨ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਨੇ ਦੱਸਿਆ ਕਿ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਬੁੱਢਾ ਦਲ ਹੈੱਡਕੁਆਟਰ ਅਤੇ ਤਖਤ ਸਾਹਿਬ ਵੱਲ ਆਉਂਦੇ ਰਸਤੇ 'ਤੇ ਯਾਦਗਾਰੀ ਸੁੰਦਰ ਗੇਟ ਅਤੇ ਚਾਰਦਿਵਾਰੀ ਦਾ ਕੰਮ ਆਰੰਭਿਆ ਗਿਆ ਸੀ। ਸਮੁੱਚੀ ਚਾਰਦਿਵਾਰੀ ਅਤੇ ਗੇਟਾਂ ਦੇ ਨਿਰਮਾਣ ਤੇ ਕਰੋੜਾਂ ਰੁਪਏ ਖਰਚ ਕਰਕੇ ਤਖਤ ਸਾਹਿਬ ਤੇ ਬੁੱਢਾ ਦਲ ਮੁੱਖ ਅਸਥਾਨ ਵੱਲ ਆਉਂਦੇ ਰਸਤੇ ਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਕਿ ਦਮਦਮਾ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਦੇ ਮਨਾਂ 'ਤੇ ਅਲੌਕਿਕ ਪ੍ਰਭਾਵ ਪਵੇ। ਉੱਧਰ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਯਾਦਗਾਰੀ ਗੇਟਾਂ ਅਤੇ ਚਾਰਦਿਵਾਰੀ ਦੇ ਨਿਰਮਾਣ ਦੇ ਨਾਲ ਨਾਲ ਬੁੱਢਾ ਦਲ ਦੇ ਗੁਰਦੁਆਰਾ ਸਾਹਿਬਾਨ ਦੇ ਪਾਵਨ ਸਰੋਵਰਾਂ ਦਾ ਨਵ ਨਿਰਮਾਣ ਕਾਰ ਸੇਵਾ ਰਾਹੀਂ ਕੀਤਾ ਜਾ ਰਿਹਾ ਹੈ ਤੇ ਉਨਾਂ ਦੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਦੇ ਯਤਨ ਆਰੰਭ ਦਿੱਤੇ ਗਏ ਹਨ। ਉਨਾਂ ਕਿਹਾ ਕਿ ਬੁੱਢਾ ਦਲ ਹੈੱਡਕੁਆਟਰ ਪੁੱਜਣ ਵਾਲੀਆਂ ਸੰਗਤਾਂ ਨੂੰ ਬੁੱਢਾ ਦਲ ਦੇ ਸਮੁੱਚੇ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਵੀ ਵਿਸ਼ੇਸ ਪ੍ਰਬੰਧ ਕਰਨ ਦੀ ਯੋਜਨਾ ਵਿਚਾਰ ਅਧੀਨ ਹੈ।
ਬੁੱਢਾ ਦਲ ਮੁਖੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੁੱਢਾ ਦਲ ਮੁੱਖ ਅਸਥਾਨ ਨੂੰ ਇੱਕ ਦਰਸ਼ਨੀ ਦਿੱਖ ਪ੍ਰਦਾਨ ਕੀਤੀ ਜਾਵੇਗੀ ਤੇ ਯਾਦਗਾਰੀ ਗੇਟਾਂ ਦੇ ਨਾਮ ਬੁੱਢਾ ਦਲ ਦੇ ਰਹਿ ਚੁੱਕੇ ਜਥੇਦਾਰ ਸਾਹਿਬਾਨ ਦੇ ਨਾਮ 'ਤੇ ਰੱਖੇ ਜਾਣਗੇ। ਉਨਾਂ ਕਿਹਾ ਕਿ ਸਮੇਂ ਸਮੇਂ 'ਤੇ ਬੁੱਢਾ ਦਲ ਮੁੱਖ ਅਸਥਾਨ 'ਤੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਗੁਰੂੁ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸ਼ਮੂਲੀਅਤ ਕਰਦੀਆਂ ਹਨ ਤੇ ਉਨਾਂ ਦੇ ਇੱਥੇ ਪੜਾਅ ਸਮੇਂ ਉਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਵੱਲ ਵੀ ਵਿਸ਼ੇਸ ਧਿਆਨ ਦੇ ਕੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਦਾ ਹੈੱਡਕੁਆਟਰ ਦਮਦਮਾ ਸਾਹਿਬ ਹੋਣ ਕਾਰਨ ਉਹ ਗੁਰੂੁ ਸਾਹਿਬਾਨ ਵੱਲੋਂ ਇਸ ਧਰਤੀ ਨੂੰ 'ਗੁਰੂੁ ਕੀ ਕਾਸ਼ੀ' ਦੇ ਦਿੱਤੇ ਵਰਦਾਨ ਨੂੰ ਸਾਕਾਰ ਹੁੰਦਾ ਦੇਖਣ ਲਈ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਵਿੱਦਿਅਕ ਕੇਂਦਰ ਬਣਾਉਣ ਲਈ ਵੀ ਯਤਨਸ਼ੀਲ ਹਨ ਤੇ ਉਮੀਦ ਹੈ ਕਿ ਉਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ।

No comments: