BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਕਲੀ ਅਧਿਕਾਰੀ ਬਣ ਕੇ ਬਾਸਮਤੀ ਨਾਲ ਲੱਦਿਆ ਟਰੱਕ ਖੋਹਿਆ

ਜੰਡਿਆਲਾ ਗੁਰੂ 16 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨਜ਼ਦੀਕੀ ਮਾਨਾਂਵਾਲਾ ਵਿੱਚ ਜੀਟੀ ਰੋਡ ਤੋਂ ਰਾਜੇਵਾਲਾ ਮੋੜ ਨਜ਼ਦੀਕ ਬੀਤੀ ਰਾਤ ਨਕਲੀ ਸੇਲ ਟੈਕਸ ਅਧਿਕਾਰੀ ਬਣਕੇ ਬਾਸਮਤੀ ਦਾ ਭਰਿਆ ਟਰੱਕ ਲੁੱਟ ਲਿਆ ਗਿਆ। ਇਸ ਤੋਂ ਕੁਝ ਦਿਨ ਪਹਿਲਾਂ ਹੀ ਇਥੋਂ ਇਸੇ ਤਰੀਕੇ ਨਾਲ ਨਕਲੀ ਸੇਲ ਟੈਕਸ ਅਧਿਕਾਰੀ ਬਣਕੇ ਇਕ ਟਰੱਕ ਖੋਹਿਆ ਜਾ ਚੁੱਕਾ ਹੈ। ਜਿਸਦਾ ਅਜੇ ਤੱਕ ਕੋਈ ਥੌਹ ਪਤਾ ਨਹੀਂ ਲੱਗਾ। ਮਿਲੀ ਜਾਣਕਾਰੀ ਅਨੂਸਾਰ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਭੂਤਨਾ ਥਾਣਾ ਸੰਦੌੜ ਜਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਹ ਟਰੱਕ ਨੰਬਰ ਪੀਬੀ 03 ਆਰ 9492 ਵਿੱਚ 787 ਤੋੜੇ ਬਾਸਮਤੀ ਫਤਹਿਗੜ੍ਹ ਚੂੜੀਆਂ ਦੀ ਅਨਾਜ ਮੰਡੀ ਤੋਂ ਲੱਦ ਕੇ ਭਗਵਤੀ ਰਾਈਸ ਮਿੱਲ ਫਿਰੋਜ਼ਪੁਰ ਲਿਜਾ ਰਿਹਾ ਸੀ। ਜਿਵੇਂ ਹੀ ਉਹ ਆਪਣਾ ਟਰੱਕ ਲੈ ਕੇ ਰਾਜੇਵਾਲਾ ਮੋੜ 'ਤੇ ਪਹੁੰਚਿਆ ਤਾਂ ਸੜਕ ਦੇ ਕਿਨਾਰੇ ਇੱਕ ਨੀਲੇ ਰੰਗ ਦੀ ਲੱਗੀ ਬੱਤੀ ਪ੍ਰਾਈਵੇਟ ਗੱਡੀ ਖੜੀ ਸੀ, ਜਿਸ ਵਿੱਚ ਕੁੱਝ ਵਿਅਕਤੀ ਸਵਾਰ ਸਨ। ਇਸ ਗੱਡੀ ਵਾਲਿਆਂ ਨੇ ਉਸਨੂੰ ਰੁੱਕਣ ਦਾ ਇਸ਼ਾਰਾ ਕੀਤਾ। ਇਸ਼ਾਰਾ ਦੇਖ ਕੇ ਡਰਾਈਵਰ ਨੇ ਗੱਡੀ ਰੋਕ ਲਈ ਅਤੇ ਆਪਣੀ ਗੱਡੀ ਵਿਚੋਂ ਉਤਰ ਕੇ ਉਨ੍ਹਾਂ ਵਿਅਕਤੀਆਂ ਕੋਲ ਗਿਆ। ਗੱਡੀ ਰੋਕਣ ਵਾਲਿਆਂ ਨੇ ਆਪਣੇ ਆਪ ਨੂੰ ਸੇਲ ਟੈਕਸ ਅਧਿਕਾਰੀ ਦੱਸ ਕੇ ਉਸ ਤੋਂ ਗੱਡੀ ਦੀ ਬਿਲਟੀ ਮੰਗੀ। ਜਦੋਂ ਉਹ ਬਿਲਟੀ ਦਿਖਾਉਣ ਲੱਗਾ ਤਾਂ ਉਨ੍ਹਾਂ ਨੇ ਉਸਨੂੰ ਆਪਣੀ ਗੱਡੀ ਵਿੱਚ ਸੁੱਟ ਲਿਆ ਅਤੇ ਬਾਅਦ ਵਿੱਚ ਪਿੰਡ ਬੰਡਾਲਾ ਨਜ਼ਦੀਕ ਖੇਤਾਂ ਵਿੱਚ ਰੱਸੀ ਨਾਲ ਬੰਨ ਕੇ ਛੱਡ ਗਏ। ਉਨ੍ਹਾਂ ਦੇ ਜਾਣਚ ਤੋਂ ਬਾਅਦ ਟਰੱਕ ਡਰਾਈਵਰ ਨੇ ਰੌਲ਼ਾ ਪਾਇਆ, ਜਿਸਨੂੰ ਸੁਣ ਕੇ ਨਜ਼ਦੀਕੀ ਬਹਿਕਾਂ ਤੇ ਰਹਿਣ ਵਾਲੇ ਲੋਕਾਂ ਨੇ ਉਸ ਦੀਆਂ ਰੱਸੀਆਂ ਖੋਲ ਕੇ ਛਡਵਾਇਆ। ਫਿਰ ਉਸਨੇ ਪੁਲੀਸ ਕੋਲ ਜਾ ਕੇ ਆਪਣੀ ਹੱਡਬੀਤੀ ਦੱਸੀ। ਪੁਲੀਸ ਨੇ ਇਸ ਮਾਮਲੇ ਸੰਬੰਧੀ ਥਾਣਾ ਚਾਟੀਵਿੰਡ ਵਿੱਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments: